ਸ਼ੇਖ਼ ਫ਼ਰੀਦ ਸ਼ਕਰਗੰਜ - ਚਿਰਾਗ਼ ਏ ਚਿਸ਼ਤੀਆ
ਖ਼ੁਦਾ ਖ਼ੈਰ ਬਖ਼ਸ਼ੇ... ਤਸੱਵੁਫ਼ ਫ਼ੈਜ਼ ਹੋਵੇ
ਤਸੱਵੁਫ਼
ਦੀ ਇਬਾਰਤ ਨੂੰ ਸਮਝਣਾ ਬਹੁਤ ਵਡੇਰਾ ਦਰਸ ਹੈ, ਯਕੀਨਨ ਮੈਂ ਇਸ ਨੂੰ ਆਪਣੇ ਕਲਾਵੇ ਵਿੱਚ ਨਹੀਂ
ਲੈਣਾ ਚਾਹੁੰਦਾ... ਇੱਕ ਰਵਾਨਗੀ ਨੂੰ ਅੱਗੇ ਵਧਾਉਣ ਦਾ ਜ਼ੋਰ ਹੈ, ਜਿਸਨੂੰ ਸੰਭਾਲ਼ ਨਹੀਂ ਸਕਦੇ,
ਵਹਿੰਦੇ ਜਾਣਾ ਪਏਗਾ। ਕੁਝ ਤਕਨੀਕੀ ਗੱਲਾਂ ਨੂੰ ਸਭ ਤੋਂ ਪਹਿਲਾਂ ਹੀ ਲਿਖ ਦਈਏ ਤਾਂ ਜੋ ਪੜ੍ਹਣ
ਵਾਲਿਆਂ ਨੂੰ ਸਮਝਣ ਵਿੱਚ ਕੋਈ ਪਰੇਸ਼ਾਨੀ ਨਾ ਆਵੇ, ਗੱਲ ਸੂਫ਼ੀਅਤ ਦੀ ਹੋਵੇ ਤਾਂ ਗੱਲ ਕੁਰਾਨ ਦੀ
ਹੋਏਗੀ, ਕੁਰਾਨ-ਏ-ਪਾਕ ਦੀ ਤਸ਼ਬੀਹ ਅੰਦਰ ਮੁਕੱਦਸ ਤਸੱਵੁਫ਼ ਨੂੰ ਤਸਦੀਕ ਕਰਨਾ ਬਹੁਤ ਔਖਾ ਕੰਮ ਤਾਂ
ਹੈ ਹੀ, ਪਰ ਕਿਉਂਕਿ ਬਾਬਾ ਫ਼ਰੀਦ ਦਾ ਥਾਂਉਂ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਸ ਮੁਤਾਬਿਕ ਇਹ
ਗੰਭੀਰਤਾ ਹੋਰ ਵੀ ਵੱਧ ਜਾਂਦੀ ਹੈ ਕਿ ਇਸਲਾਮਿਕ ਥਾਂਉਂ ਤੋਂ ਨਿਕਲੀ ਧਾਰਾ ਨੂੰ ਜੇ ਗੁਰਬਾਣੀ ਦੇ
ਦਰ ਪ੍ਰਵਾਣ ਕੀਤਾ ਤਾਂ ‘ਲੋਕਾਚਾਰ’ ਦੀ ਕੋਈ ਤਾਂ ਅਹਿਮੀਅਤ ਹੈ ਨਾ ਰੂਹਾਨੀਅਤ ਅੰਦਰ? ਇਹ ਗੱਲ ਖ਼ਾਸ
ਧਿਆਨ ਰਹੇ ਕਿ ਸਿੱਖੀ ਉਸ ਅਧਿਆਤਮ ਨੂੰ ਇਸਲਾਮਿਕ ਦਰਸ਼ਨ ਵਾਂਗ ਨਹੀਂ ਵੇਖਦੀ ਤੇ ਸਾਡੇ ਲਈ ਦਰਸ਼ਨ ਦੀ
ਵਿਆਖਿਆ ਬਹੁਤ ਵੱਡਾ ਸਵਾਲੀਆ ਚਿੰਨ੍ਹ ਬਣਿਆ ਹੋਇਆ ਹੈ ਜਿਸ ਵਿਚੋਂ ਵਿਲੱਖਣਤਾ ਦੀ ਹੋਂਦ ਤੇ
ਸਾਂਝੀਵਾਲਤਾ ਦੀ ਤੰਦ ਦੋਵੇਂ ਪ੍ਰਤੱਖ ਹੋਣੀਆਂ ਹਨ। ਚਿਸ਼ਤੀ ਸਿਲਸਿਲੇ ਦੀ ਤਸਲੀਮ ਨੂੰ ਬਹੁਤ
ਤਰਤੀਬਵਾਰ ਸਮਝਣਾ ਹੈ ਤਾਂ ਇਸ ਪਿਛੋਕੜ ਨੂੰ ਜ਼ਰੂਰ ਜਾਣਿਆ ਜਾਵੇ:
|
1.
ਹਜ਼ਰਤ ਮੁਹੰਮਦ ਸਾਹਿਬ |
2.
ਹਜ਼ਰਤ ਅਲੀ |
3.
ਇਮਾਮ ਹਸਨ ਬਸਰੀ |
|
4.
ਖ਼ਵਾਜਾ ਅਬਦੁਲ ਵਾਹਿਦ |
5.
ਖ਼ਵਾਜਾ ਫ਼ੁਜ਼ੈਲ-ਬਿਨ-ਅਜ਼ਾਜ |
6.
ਇਬਰਾਹਿਮ ਬਿਨ ਆਦਮ |
|
7.
ਖ਼ਵਾਜਾ ਹਜ਼ੀਫ਼ ਅਲ-ਮਰਸ਼ੀ |
8.
ਖ਼ਵਾਜਾ ਹੁਬੇਰ-ਅਲ-ਬਸਰੀ |
9.
ਖ਼ਵਾਜਾ ਅਲੁਬ ਮਮਸ਼ਾਦ |
|
10. ਖ਼ਵਾਜਾ ਅਬੂ-ਅਲ ਇਸਹਾਕ ਸਾਮੀ |
11. ਖ਼ਵਾਜਾ ਅਬੂ ਅਹਮਦ ਅਬਦਲ (ਪਹਿਲਾ ਚਿਸ਼ਤੀ) |
12. ਖ਼ਵਾਜਾ ਮੁਹੰਮਦ ਜ਼ਾਹਿਦ ਮਕਬੂਲ ਚਿਸ਼ਤੀ |
|
13. ਖ਼ਵਾਜਾ ਕੁਤਬਦੀਨ ਮੌਦੂਦ ਚਿਸ਼ਤੀ |
14. ਖ਼ਵਾਜਾ ਹਾਜ ਸ਼ਰੀਫ਼ ਜ਼ਿੰਦਨੀ |
15. ਖ਼ਵਾਜਾ ਉਸਮਾਨ ਹਰਵਾਨੀ |
|
16. ਖ਼ਵਾਜਾ ਮੁਈਨੁੱਦੀਨ ਚਿਸ਼ਤੀ |
17.
ਖ਼ਵਾਜਾ ਕੁਤਬਦੀਨ ਬਖ਼ਤਿਆਰ ਕਾਕੀ |
18. ਸ਼ੇਖ਼ ਫ਼ਰੀਦ ਸ਼ਕਰਗੰਜ (ਪਾਕਪਟਨ) |
|
ੳ) ਹਜ਼ਰਤ ਮਖ਼ਦੂਮ ਅਲਾਉਦੀਨ ਅਲੀ ਅਹਿਮਦ ਸਾਬਰ (ਇਹ
ਪੀਰਾ ਏ ਕਲੇਰ ਅਤੇ ਸਾਬਰੀ ਚਿਸ਼ਤੀ ਉਪ-ਸੰਪਰਦਾ ਦੇ ਆਗੂ ਸਨ) |
ਅ) ਨਿਜ਼ਾਮੂਦੀਨ ਔਲੀਆ (ਮਹਿਬੂਬ-ਏ-ਇਲਾਹੀ)
(ਨਿਜ਼ਾਮੀ ਸੰਪਰਦਾ ਦੇ ਆਗੂ) |
|
ਇਸ ਸਿਜ਼ਰੇ ਨੂੰ ਬਹੁਤ ਗ਼ੌਰ ਨਾਲ ਸਮਝ ਕੇ ਲੜੀਵਾਰ
ਤੁਰਨਾ ਏ, ਕੁਝ ਗੱਲਾਂ ਵੈਸੇ ਵੀ ਧਰਤੁ ਤੋਂ ਬੈਰੂਨ ਹੋਏ ਲਹਿਜ਼ੇ ਨੂੰ ਸਮਝਣ ਲਈ ਬਹੁਤ ਜ਼ਮੀਨੀ ਪੱਧਰ
ਤੇ ਜ਼ਰੂਰੀ ਹੁੰਦੀਆਂ ਹਨ, ਜਿੱਥੋਂ ਅਜੋਕਾ ਮਨੁੱਖ ਬੜੀ ਬੇਸ਼ਰਮੀ ਨਾਲ ਟੁੱਟਦਾ ਹੀ ਜਾ ਰਿਹਾ ਹੈ
ਜਿਸਦਾ ਖ਼ਮਿਆਜ਼ਾ ਪੰਜਾਬੀ ਸਰਜ਼ਮੀਂ ਨੂੰ ਆਪਣੇ ਉਸ ਮੁਕੱਦਸ ਏਹਤਰਾਮ ਤੋਂ ਬੇਮੁੱਖ ਹੋ ਕੇ ਭੁਗਤਣਾ ਪੈ
ਰਿਹਾ ਜੋ ਏਹਤਰਾਮ ਕਦੇ ਇਸ ਧਰਤੀ ਨੂੰ ਨਿਰੰਤਰ ਨਸੀਬ ਹੁੰਦਾ ਆਇਆ ਹੈ... ਇਲਮ ਤਬੀਅਤ, ਅਦਬ ਤੇ
ਅਦਾਵਤ, ਸੁਖ਼ਨ ਤੇ ਸਿਜਦੇ ਅਤੇ ਨਾਲ-ਨਾਲ ਮੁਕੰਮਲ ਰੂਹਾਨੀ ਲਹਿਜ਼ੇ ਇਸਦੀ ਤਸਦੀਕ ਕਰਦੇ ਰਹੇ ਹਨ।
ਫ਼ੱਕਰਾਂ ਨੂੰ ਢੋਲ ਦੇ ਡੱਗੇ ਤੇ ਧਮਾਲ ਪਾਉਂਦੇ ਵੇਖਿਐ? ਖ਼ਾਸਕਰ ਲਹੌਰ ਦੇ ਬਾਜ਼ਾਰਾਂ ਵਿੱਚ? ਜੇ
ਨਹੀਂ ਤਾਂ ਕਿਸੇ ਅਜਿਹੇ ਪਲ ਦਾ ਨਸੀਬ ਖ਼ੁਦਾ ਕੋਲ਼ੋਂ ਉਧਾਰ ਮੰਗਿਓ, ਤੇ ਕਿਸੇ ਕੱਵਾਲ ਦੀ ਗ਼ੁਰਬਤ
ਵਿਚਲੀ ਸ਼ਿੱਦਤ ਤੇ ਰੱਬੀ ਇਸ਼ਕ ਦੀ ਸ਼ੁਦਾਈ ਅੱਖ ਵੇਖੀ? ਜੇਕਰ ਨਹੀਂ ਤਾਂ ਆਪਣੀ ਬਦਨਸੀਬੀ ਉੱਪਰ ਕਦੇ
ਦੋ ਤਿੱਪ ਹੰਝੂ ਜ਼ਰੂਰ ਵਹਾਇਓ... ਕਿਉਂਕਿ ਇਤਿਹਾਸ ਮਸ਼ੀਨੀ ਸਾਹਿਤ ਦੇ ਇਨ੍ਹਾਂ ਅੱਖਰਾਂ ਵਰਗਾ ਨਹੀਂ
ਜਿਸ ਵਿੱਚ ਕੋਈ ਰੂਹ ਹੀ ਨਾ ਹੋਵੇ, ਸਗੋਂ ਅਜ਼ਮਤ ਖ਼ੁਦਾ ਦੀ ਓਦੋਂ ਬਰਕਤ ਪਾਉਂਦੀ ਏ ਜਦੋਂ ਦਰ ਹਲੀਮੀ
ਰੱਬ ਤੋਂ ਖ਼ੈਰ ਮੰਗੇ... ਬਾਬਾ ਨਾਨਕ ਤਿਲੰਗ ਰਾਗੁ ਅੰਦਰ ਜਦੋਂ ਇਸ ਬੈਰਾਗੁ ਦੀ ਵਿਆਖਿਆ ਸੁਣਾਵੇ
ਤਾਂ ਤੁਹਾਡਾ ਦਿਲ ਉਸ ਸੂਖ਼ਮਤਾ ਦੇ ਨਾਲ-ਨਾਲ ਤੁਰਨਾ ਚਾਹੀਦਾ ਹੈ-
ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ॥ ਮੈ ਦੇਵਾਨਾ ਭਇਆ ਅਤੀਤੁ॥ ਕਰ ਕਾਸਾ
ਦਰਸਨ ਕੀ ਭੂਖ॥ ਮੈ ਦਰਿ ਮਾਗਉ ਨੀਤਾ ਨੀਤ॥ ਤਉ ਦਰਸਨ ਕੀ ਕਰਉ ਸਮਾਇ॥ ਮੈ ਦਰਿ ਮਾਗਤੁ ਭੀਖਿਆ ਪਾਇ॥
ਕੇਸਰਿ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚੜਣਾ॥ ਚੰਦਨ ਭਗਤਾ ਜੋਤਿ ਇਨੇਹੀ ਸਰਬੇ ਪਰਮਲੁ ਕਰਣਾ॥
ਘਿਅ ਪਟ ਭਾਂਡਾ ਕਹੈ ਨ ਕੋਇ॥ ਐਸਾ ਭਗਤੁ ਵਰਨ ਮਹਿ ਹੋਇ॥ ਤੇਰੈ ਨਾਮਿ ਨਿਵੇ ਰਹੇ ਲਿਵ ਲਾਇ॥ ਨਾਨਕ
ਤਿਨ ਦਰਿ ਭੀਖਿਆ ਪਾਇ॥
(ਅੰਗ- 721)
ਇਸ
ਵਿਸਤਾਰ ਨੂੰ ਸ਼ਬਦ ਦੀ ਪਰਿਸੀਮਾ ਵਿੱਚ ਰਹਿ ਕੇ ਸਮਝੀਏ ਜਾਂ ਇਸਤੋਂ ਪਾਰ, ਤਸੱਵੁਫ਼ ਤੋਂ ਪਹਿਲੋਂ
ਤੁਹਾਡੀ ਰੂਹਾਨੀ ਸੋਝੀ ਨੂੰ ਜਾਗਣਾ ਹੀ ਪਏਗਾ, ਜਿੰਨੀ ਜਲਦੀ ਇੰਦ੍ਰੀਆਂ ਕਿਸੇ ਸਵਾਦ ਪ੍ਰਤੀ
ਸੰਵੇਦਨਸ਼ੀਲ ਹੁੰਦੀਆਂ ਹਨ ਓਨੀ ਜਲਦ ਗਿਆਨ ਇੰਦ੍ਰੀਆਂ ਨੂੰ ਸਾਰੇ ਬਿਰਤਾਂਤ ਵਿਚ ਪਸਰਨਾ ਆਉਣਾ ਪਏਗਾ,
ਵਰਨਾ ਕਿਸੇ ਵੀ ਵਿਆਖਿਆਕਾਰ ਦੀ ਬਿਆਨੀ ਬਿਲਕੁਲ ਬੇਅਰਥ ਹੋ ਨਿੱਬੜਦੀ ਹੈ ਤੇ ਕਿਸੇ ਵੀ ਲਿਖਾਰੀ ਦੇ
ਲਫ਼ਜ਼ ਲਿਖਣ ਨੂੰ ਲੱਗੀ ਇਕਾਗਰਤਾ ਮਨਫ਼ੀ ਹੁੰਦੀ ਹੈ। ਅਸਾਂ ਤੁਸਾਂ ਨਾਲੋਂ ਫ਼ਕੀਰਾਂ ਦੀ ਚੇ ਤਨਾ ਅਪਾਰ ਹੈ ਇਹ ਸਭਨੂੰ ਪਤਾ ਹੈ, ਪਰ ਇਸਨੂੰ
ਅਵੇਸਲੇਪਣ ਦਾ ਬਹਾਨਾ ਨਾ ਬਣਨ ਦਈਏ, ਕਿਉਂਕਿ ਇਹ ਯੁੱਗ ਉਸ ਮੋੜ ਉੱਤੇ ਆਣ ਖੜ੍ਹਿਆ ਹੈ ਜਿੱਥੇ ਹੁਣ
ਸਵਾਲ ਉਭਰ ਰਹੇ ਹਨ ਕਿ ਇਲਮ ਨੂੰ ਕਿਵੇਂ ਵੰਡਿਆ ਜਾਵੇ ਅਤੇ ਕਿਹੜਾ ਇਲਮ ਮਨੁੱਖੀ ਭਵਿੱਖ ਦੀ
ਖ਼ੁਸ਼ਹਾਲੀ ਨੂੰ ਬਰਕਰਾਰ ਰੱਖੇਗਾ? ਤਿਲੰਗ ਰਾਗੁ ਦੇ ਉਪਰੋਕਤ ਸੰਵੇਦਨਸ਼ੀਲ ਤਖ਼ੱਈਅਲ ਅੰਦਰ ਇਹੀ
ਫ਼ੁਰਮਾਨ ਆਇਆ ਕਿ ਉਸ ਮੁਕੱਦਸ ਦਰਸ਼ਨ ਨੂੰ ਆਪਣੀ ਸੋਝੀ ਸਨਮੁੱਖ ਲਿਆਉਣ ਦੀ ਤੜਫ ਨੂੰ ਆਪਣਾ ਸਭ ਕੁਝ
ਦਾਅ ਤੇ ਲਗਾਇਆ ਜਾ ਰਿਹਾ ਹੈ।
ਹਜ਼ਰਤ
ਮੁਹੰਮਦ ਸਾਹਿਬ ਦੇ ਜ਼ਿਕਰ ਦੇ ਨਾਲ ਜਿਵੇਂ ਕਾਅਬੇ ਦੀ ਜ਼ਿਆਰਤ-ਮੱਕੇ ਸ਼ਹਿਰ ਅਤੇ ਮਦੀਨੇ ਦੀ ਇਬਾਰਤ
ਨੂੰ ਧਿਆਨ ਵਿਚ ਰੱਖਿਆ ਹੀ ਜਾਂਦਾ ਹੈ, ਠੀਕ ਓਵੇਂ ਬਾਬਾ ਨਾਨਕ ਜੀ ਦੇ ਦਰਸੁ ਨੂੰ ਧਿਆਨ ਧਰਦਿਆਂ
ਤੁਹਾਨੂੰ ਰਾਏ ਬੁਲਾਰ ਦੀ ਤਲਵੰਡੀ ਤੋਂ ਕਰਤਾਰਪੁਰ ਸਾਹਿਬ ਆਉਂਦੇ ਹੋਏ ਬਾਬੇ ਦੀ ਉਦਾਸੀਆਂ ਨੂੰ ਪੈਰਾਂ
ਹੇਠ ਹੰਢਾਉਣਾ ਹੀ ਪਏਗਾ, ਸੁਰਤ ਜਿੰਨੀ ਵੱਧ ਭਿੱਜੇਗੀ ਓਨਾ ਵੱਧ ਲੋਕਾਚਾਰ ਸਮਝ ਆਏਗਾ ਜਿਸਨੂੰ
ਓਦੋਂ ਤੋਂ ਹੁਣ ਤੱਕ ਇੱਕ ਮਾਨਸਿਕ ਦਮਨਚੱਕ੍ਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬਚਾਉਣ ਵਾਲੀ
ਬੇੜੀਆਂ ਨੂੰ ਅਜੋਕਾ ਮਨੁੱਖ ਆਪਣੀ ਸੌੜੀ ਸਿਆਸਤ ਦੀ ਬੇੜੀਆਂ ਵਿੱਚ ਬੰਨ੍ਹ ਰਿਹਾ ਹੈ। ਗੁਰਬਾਣੀ
ਅੰਦਰ ਬਾਬਾ ਫ਼ਰੀਦ ਇੱਕ ਪੰਜਾਬੀ ਜ਼ੁਬਾਨ ਦੇ ਤਰਜੁਮਾਨ ਅਜਿਹੇ ਬਜ਼ੁਰਗ ਹਨ ਜਿਨ੍ਹਾਂ ਨੂੰ ਜਿੰਨਾ ਘੱਟ
ਤਵੱਜੋਂ ਦਾਰਸ਼ਨਿਕ ਪੱਖੋਂ ਮਿਲਦੀ ਹੈ ਓਨੀ ਡੂੰਘੀ ਹਸਤੀ ਇਸਲਾਮ ਦੇ ਸੂਫ਼ੀਅਤ ਨਿਜ਼ਾਮ ਅੰਦਰ ਬਾਬਾ
ਫ਼ਰੀਦ, ਭਾਵ ਸ਼ੇਖ਼ ਫ਼ਰੀਦ ਸ਼ਕਰਗੰਜ ਦੀ ਸਾਹਮਣੇ ਆਉਂਦੀ ਹੈ। ਚਿਸ਼ਤੀਆ ਸਿਲਸਿਲੇ ਦੀ ਇਬਾਰਤ ਅੰਦਰ ਅਸੀਂ
ਕਈ ਸਾਰੀਆਂ ਗੱਲਾਂ ਕਰਕੇ ਵੀ ਬਹੁਤ ਕੁਝ ਛੁੱਟਿਆ ਵੇਖ ਲਵਾਂਗੇ ਪਰ ਬਾਬਾ ਫ਼ਰੀਦ ਜੀ ਦਾ ਪੰਜਾਬੀ
ਸਾਹਿਤ ਅੰਦਰ ਨਾਂ ਹੋਣਾ ਜਿੰਨਾ ਸੁਹਜਕਾਰੀ ਅਤੇ ਲਾਹੇਵੰਦ ਹੋ ਸਕਦਾ ਸੀ ਉਸਦੇ ਮਰਮ ਨੂੰ ਮਾਰ ਕੇ
ਪੰਜਾਬੀਅਤ ਦਾ ਆਪਣਾ ਅਸਲ ਤੱਤ ਵੀ ਮਰਿਆ ਹੈ। ਬੀਤੀ ਦੋ ਸਦੀਆਂ ਨੂੰ ਸ਼ਾਇਦ ਇਹ ਕੋਈ ਸ਼ਰਾਪ ਹੀ
ਡੱਸਿਆ ਹੋਇਆ ਹੈ ਕਿ ਕਲਾ-ਸਾਹਿਤ-ਸੰਗੀਤ ਜਾਂ ਕਹਿ ਲਵਾਂ ਕਿ ਇਲਮ-ਅਦਬ-ਮੌਸੀਕੀ ਨੂੰ ਇੱਕ ਆਡੰਬਰ
ਨੇ ਅਜਿਹਾ ਲਕਵਾ ਮਾਰਿਆ ਕਿ ਰੂਹ ਵਿਲਕ ਰਹੀ ਹੈ ਸਮਾਜ ਖਿੰਡ ਰਿਹਾ ਤੇ ਸਮਾਜ ਅੰਦਰ ਜੁਝਾਰੂ ਰਵਾਇਤ
ਖ਼ਤਮ ਹੁੰਦੀ ਜਾ ਰਹੀ ਹੈ। ਪੰਜਾਬੀ ਸਾਹਿਤ ਦੀ ਪਰਿਭਾਸ਼ਾ ਅਤੇ ਮੌਜੂਦਾ ਸਮਾਜ ਦਾ ਲੋਕਾਚਾਰ ਸਾਧਕ ਦੀ
ਬਿਰਤੀ ਨੂੰ ਇੰਨੀ ਨਿਗੂਣੀ ਦੱਸਦਾ ਹੈ ਕਿ ਉਹਦਾ ਨਾਮ ਸਿਮਰਨ ਕਿਸੇ ਅੰਨੀ ਨੀਮ ਬੇਹੋਸ਼ੀ ਦਾ ਦੂਜਾ
ਅਧਿਆਏ ਬਣਾ ਦਿੰਦੇ ਹਨ। ਪਰ ਇੱਥੇ ਬਾਬਾ ਫ਼ਰੀਦ... ਇਕੱਲੇ ਸਾਧਕ ਨਹੀਂ ਸਗੋਂ ਕਵੀ ਹਨ, ਤੇ ਇਸਦੀ
ਪੁਖ਼ਤਗੀ ਹਸਨਾਤੁਲ-ਆਰਿਫ਼ੀਨ ਵਿੱਚ ਦਾਰਾ ਸ਼ਿਕੋਹ ਨੇ ਕਰਦਿਆਂ ਲਿਖਿਆ ਹੈ-
ਜੋ ਖ਼ੁਦਾ ਨੇ ਬਰਸੋਂ ਸੇ ਕਹਾ ਫ਼ਰੀਦ ਨੇ ਕੀਆ,
ਔਰ ਜੋ ਫ਼ਰੀਦ ਕਹਿਤਾ ਹੈ, ਖ਼ੁਦਾ ਕਰਤਾ ਹੈ।
ਜ਼ਿਲ੍ਹਾ ਮੁਲਤਾਨ ਦੇ ਖੋਤਵਾਲ ਵਿੱਚ 1173 ਈਸਵੀ ਨੂੰ ਕਾਜ਼ੀ ਜਮਾਲੁਦੀਨ
ਸੁਲੇਮਾਨ ਦੇ ਘਰ ਬਾਬਾ ਫ਼ਰੀਦ ਦਾ ਜਨਮ ਹੋਇਆ,
ਜਿਨ੍ਹਾਂ ਦਾ ਉਸ ਵਕ਼ਤ ਨਾਂ ਮਸਊਦ ਰੱਖਿਆ ਗਿਆ ਸੀ। ਇਸ ਸ਼ਖਸੀਅਤ ਦੇ ਜੀਵਨ ਵਿਚ ਇਲਮ ਹੈ,
ਤਾਲੀਮ ਵੀ, ਰੂਹਾਨੀਅਤ ਦੇ ਫ਼ਨਕਾਰਾਂ ਦਾ ਮੌਜ਼ੂ, ਉਨ੍ਹਾਂ ਦੀ ਰਹਿਨੁਮਾਈ ਅਤੇ ਹਠਯੋਗੀ ਤਬੀਅਤ ਵੀ,
ਜਲਾਲੁਦੀਨ ਤਬਰੇਜ਼ੀ ਤੋਂ ਸ਼ੁਰੂ ਹੋਈ ਸੰਗਤ ਮੌਲਾਨਾ ਮਿਹਨਾਜ਼ਦੀਨ-ਤਿਰਮਿਜ਼ੀ ਦੀ ਤਾਲੀਮ ਤੇ ਖ਼ਵਾਜਾ
ਕੁਤਬਦੀਨ (ਬਖ਼ਤਯਾਰ ਕਾਕੀ) ਦੀ ਰਹਿਮਤ ਭਰੀ ਨਿਗਾਹ ਨਾਲ ਸੁਭਾਗੀ ਰਹੀ। ਜਿੱਥੇ ਵਾਲਿਦ (ਪਿਤਾ)
ਕਾਜ਼ੀ ਜਮਾਲੁਦੀਨ ਸੁਲੇਮਾਨ ਦਾ ਪਿਛੋਕੜ ਇਸਲਾਮ ਦੇ ਦੂਜੇ ਖ਼ਲੀਫ਼ੇ ਉਮਰ ਦੇ ਨਾਲ ਸੰਬੰਧਤ ਸੀ, ਤਾਂ
ਬਾਬਾ ਫ਼ਰੀਦ ਦਾ ਭਵਿੱਖ ਵੀ ਉਲੇਖਯੋਗ ਹੀ ਰਿਹਾ। ਸ਼ਾਹਜ਼ਾਦੀ ਬਲਬਨ ਨਾਲ ਨਿਕਾਹ ਅਤੇ ਅੱਠ ਔਲਾਦਾਂ ਦੇ
ਗ੍ਰਹਿਸਥ ਜੀਵਨ ਤੋਂ ਬਾਅਦ ਬਾਬਾ ਫ਼ਰੀਦ ਨੇ ਪੂਰਨ ਤਿਆਗ ਵੀ ਹਾਸਲ ਕੀਤਾ। ਬਾਬਾ ਫ਼ਰੀਦ ਦੇ ਪੰਜਾਬੀ
ਵਿੱਚ ਰਚੇ ਕਾਵਿ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਕੀਤਾ ਗਿਆ, ਇਸਤੋਂ ਇਲਾਵਾ ਬਾਬਾ ਫ਼ਰੀਦ
ਜੀ ਦੀ ਰਚਨਾਵਾਂ ਅਰਬੀ, ਫ਼ਾਰਸੀ ਅਤੇ ਉਰਦੂ ਅੰਦਰ ਵੀ ਮਿਲਦੀਆਂ ਹਨ। ਇਸਤੋਂ ਬਾਅਦ ਜਾਂ ਇਸਤੋਂ
ਇਲਾਵਾ ਸਾਹਿਤ ਤੇ ਲੋਕਾਚਾਰ ਨੂੰ ਅਸੀਂ ਸਾਹਿਤਕ ਬਿਓਰਿਆਂ ਤੋਂ ਪਾਰ ਵੇਖਣ ਦੀ ਜੁਗਤ ਸਿੱਖ ਲਈਏ
ਤਾਂ ਬਹੁਤ ਕੁਝ ਨਵਾਂ ਸਾਡੀ ਦ੍ਰਿਸ਼ਟ ਹੇਠ ਆਉਣਾ ਸ਼ੁਰੂ ਹੋ ਜਾਏਗਾ, ਜਿਵੇਂ ਕਿ ਕਿਹਾ ਜਾਂਦਾ ਹੈ ਕਿ
ਲੰਗਰ ਦੀ ਤਰਤੀਬ ਬਾਬਾ ਫ਼ਰੀਦ ਦੀ ਖ਼ਾਨਗਾਹ ਤੋਂ ਵੀ ਮਿਲਦੀ ਹੈ, ਜਾਂ ਇਸ ਖਿੱਤੇ ਵਿਚ ਗੁਰੂ ਗੋਰਖਨਾਥ ਦੇ ਹੁੰਦਿਆਂ ਜਿਵੇਂ
ਸੂਫ਼ੀਅਤ ਵੀ ਆਪਣਾ ਪ੍ਰਭਾਵ ਛੱਡਦੀ ਰਹੀ ਉਸ ਸਭ ਵਿਚ ਸਾਹਿਤਕ ਖਿੱਚੋਤਾਣ ਆਲੋਚਨਾ-
ਉੱਤਰ-ਪ੍ਰਤੀਉੱਤਰ ਦਾ ਜਨਮ ਹੁੰਦਾ ਹੈ। ਚਿਸ਼ਤੀਆ ਦਰਬਾਰ ਦਾ ਸੁਤੰਤਰ ਰਹਿਣਾ ਤੇ ਇਸਲਾਮੀ ਸੰਸਾਰ ਦਾ
ਵਿਆਪਕ ਰਹਿਣਾ ਇਸ ਵਿਚ ਪੰਜਾਬ ਦਾ ਭਵਿੱਖ ਅਧਿਆਤਮਕ ਅਧਿਐਨ ਤੇ ਉਸਦੀ ਜੜ੍ਹਾਂ ਤੋਂ ਭਵਿੱਖ ਦੀ
ਸੰਭਾਵਨਾਵਾਂ ਓਹਲੇ ਲੁਕਿਆ ਹੈ।
ਗੱਲ
ਇਤਿਹਾਸ ਪੜ੍ਹਣ ਦੀ ਨਹੀਂ ਅਤੇ ਨਾ ਹੀ ਸਾਖੀ ਸੁਣਾ ਕੇ ਘਰ ਪੂਰਾ ਹੋਣਾ ਹੈ, ਅਤੇ ਜਿਹੜਾ ਖਲਾਅ ਹੈ
ਉਹ ਤੁਹਾਨੂੰ ਮੁਫ਼ਲਿਸੀ ਮਾਰਿਆਂ ਮੁਰੀਦਾਂ ਦੀ ਹਾਲ ਤੋਂ ਲੈ ਕੇ ਉਨ੍ਹਾਂ ਦੇ ਚਸ਼ਮ ਏ ਚਿਰਾਗ਼ਾਂ ਤੋਂ
ਨਜ਼ਰੀਂ ਆ ਹੀ ਜਾਂਦਾ ਹੈ, ਖ਼ਾਸਕਰ ਭਾਰਤੀ ਸਮਾਜ ਜਿੱਥੇ ਪਹਿਲੀ ਗੱਲ, ਸਿੱਖਿਆ ਖੇਤਰ ਵਿਚ ਇਨ੍ਹਾਂ
ਮੁਕੱਦਸ ਸ਼ਖ਼ਸੀਅਤਾਂ ਦੀ ਬਣਤਰ ਅਤੇ ਵਿਆਖਿਆ ਇੰਨੀ ਬੌਣੀ ਕੀਤੀ ਗਈ ਹੈ ਕਿ ਸਾਨੂੰ ਇਹ ਗੱਲ ਕਰਦਿਆਂ
ਅਜੀਬ ਮਹਿਸੂਸ ਹੋ ਰਿਹਾ ਹੈ ਕਿ ਭਾਈਵਾਲਤਾ ਦੀ ਕਿਹੜੀ ਮੱਦ ਵਿੱਚ ਇਹ ਲਿਖਿਆ ਹੈ ਕਿ ਅਤੀਤ ਦੀ
ਅਹਿਮੀਅਤ ਮਿਟਾਉਣੀ ਹੈ? ਜੇ ਗੱਲ ਅਜ਼ਮਤ ਦੀ ਵੀ ਕਰਨੀ ਹੋਵੇ ਤਾਂ ਉਸ ਅਜ਼ੀਮ ਦੀ ਘਾਲਣਾ ਨੂੰ ਵੀ
ਸਮਝਣਾ ਪਏਗਾ ਜਿਸਦੇ ਵਾਸਤੇ ਉਸਨੂੰ ਖ਼ੁਦਾਈ ਦੇ ਪਰਵਰਦਿਗ਼ਾਰ ਨੇ ਅਜ਼ਮਤ ਬਖ਼ਸ਼ਿਸ਼ ਕੀਤੀ ਸੀ। ਕੱਵਾਲ ਮੁਫ਼ਲਿਸ
ਨੇ, ਸਾਹਿਤ ਵਿਚ ਇਸ਼ਕ਼ ਦੀ ਗਹਿਰਾਈ ਮਾਰ ਮੁਕਾਈ, ਦੇਹਾਂ ਦੇ ਮੰਜ਼ਰ ਵਿੱਚ ਲਾਸ਼ਾਂ ਦੀ ਤੁਰਦੀ ਭੀੜ
ਤੋਂ ਕਿਸੇ ਨੂੰ ਖ਼ੌਫ਼ ਨਹੀਂ ਆ ਰਿਹਾ, ਪਰ ਅੰਦਰੋਂ ਸਭੋ ਹੀ ਕਿਸੇ ਗ਼ੈਬ ਦੇ ਖ਼ੌਫ਼ ਸਤਾਏ ਖ਼ਤਾ ਖਾ ਰਹੇ
ਹਨ, ਕੀ ਤੁਸੀਂ ਅਣਜਾਣ ਹੋ? ਇੱਕ ਬੰਦਗੀ ਦੀ ਗ਼ੈਰ ਹਾਜ਼ਰੀ ਵਿਚ ਅੱਜ ਬੰਦਗੀ ਇੱਕ ਟੈਲੀਵਿਜ਼ਨ ਦਾ
ਧੰਦਾ ਬਣ ਗਈ, ਡੇਰੇ, ਸਮੂਹ ਤੇ ਹੁਣ ਹਕੂਮਤਾਂ ਤੱਕ ਪਾਖੰਡ ਤੇ ਉਤਰੀਆਂ ਹੋਈਆਂ ਹਨ, ਭਲਾ ਮਾਨਸਿਕ
ਅਸ਼ਾਂਤੀ ਦੇ ਇਸ ਦੌਰ ਨੂੰ ‘ਸ਼ੇਖ਼ ਫ਼ਰੀਦੈ ਖ਼ੈਰ ਦੀਜੈ ਬੰਦਗੀ’ ਦੇ ਭਾਵ ਸਮਝਾ ਪਾਓਗੇ? ਬੰਦਗੀ
ਤੋਂ ਬਾਝ ਬਗ਼ਾਵਤ ਨਹੀਂ ਉਭਰ ਸਕਦੀ ਇਸ ਹਕੀਕ਼ਤ ਤੋਂ ਮੁਨਕਰ ਨਾ ਕਦੇ ਕੱਲ੍ਹ ਜੀਏ ਨਾ ਅਗਾਂਹ ਸਲਾਮਤ
ਰਹਿਣੇ, ਪਰ ਜਿਸ ਚੀਜ਼ ਦੀ ਲੋੜ ਨੂੰ ਮਨੁੱਖੀ ਅਵਚੇਤਨ ਤੜਫਦਾ ਹੈ ਉਹ ਇਹੀ ਬੰਦਗੀ ਹੈ। ਇਹ ਮੁੱਢਲੀ
ਲੋੜਾਂ ਨੇ, ਤੁਹਾਡਾ ਦਿਮਾਗ਼ ਇਸ ਧਰਾਤਲ ਤੇ ਉੱਤਰ ਆਵੇ ਤਾਂ ‘ਦਅ ਅਨਮਿਊਟ’ ਉੱਪਰ ਪੇਸ਼ ਹੋਈ ਇਸ
ਦਸਤਾਵੇਜ਼ੀ ਪੇਸ਼ਕਸ਼ ਨੂੰ ਸਮਝਣ ਲਈ ਤੁਹਾਨੂੰ ਮਦਦ ਮਹਿਸੂਸ ਹੋਏਗੀ। ਜਦੋਂ ਮਨ ਆਸਤਿਕਤਾ-ਨਾਸਤਿਕਤਾ ਦੀ
ਬਹਿਸ ਵਿਚ ਖੱਜਲ ਹੋਵੇ ਓਦੋਂ ਅਜਿਹੀਆਂ ਗੱਲਾਂ ਅਕਸਰ ਪੱਥਰ ਤੇ ਪਾਣੀ ਡੋਲ੍ਹਣ ਵਰਗਾ ਹੁੰਦਾ ਹੈ ਪਰ
ਜਦੋਂ ਇਸ ਜੋੜੀ ਨੂੰ ਤਿੜਕਾ ਦਿਓ ਫੇਰ ਕਿਵੇਂ ਥਾਂ ਬਣਨੀ ਦਿਲੋ ਦਿਮਾਗ਼ ਨੂੰ ਉਸ ਤਸੱਵੁਫ਼ ਦੇ
ਅਹਿਸਾਸ ਕਰਵਾਉਣ ਲਈ ਜਿਸਦਾ ਉਲੇਖ ਗੁਰਬਾਣੀ ਅੰਦਰ ਵੀ ਆਣ ਮਿਲਦਾ ਹੈ। ਤਸੱਵੁਫ਼ ਦੀ ਸਭ ਤੋਂ ਅਹਿਮ
ਖ਼ੂਬਸੂਰਤੀ ਉਸਦੇ ਸਿਧਾਂਤ ‘ਵਾਹਦਤੁਲ-ਵਜੂਦ’ ਦੇ ਅੰਦਰ ਹੈ ਜਿਸਨੂੰ ਗੁਰਬਾਣੀ ਨੇ ਵੀ ਪੂਰਾ ਸਤਿਕਾਰ
ਦਿੱਤਾ ਤੇ ਪੰਜਾਬ ਅੰਦਰ ਸਿੱਖੀ ਦਾ ਖੇੜਾ ਰਾਜਨੀਤਕ, ਸਮਾਜਿਕ ਧਰਾਤਲ ਉੱਤੇ ਸਭ ਤੋਂ ਸਹਿਣਸ਼ੀਲ ਅਤੇ
ਚੇਤੰਨ ਪ੍ਰਗਤੀਵਾਦ ਅੰਦਰ ਸਥਾਪਿਤ ਹੋਇਆ। ਅੱਜ ਬਿਨ੍ਹਾਂ ਸ਼ੱਕ ਸਾਡੀ ਇਹ ਕਮਜ਼ੋਰੀ ਹੈ ਕਿ ਅਸੀਂ
ਆਪਣੇ ਹੀ ਅਦਾਰਿਆਂ ਅੰਦਰ ਅਜਿਹੀ ਗਹਿਰ ਗੰਭੀਰ ਚਿੰਤਨ ਦੀ ਇਬਾਰਤਾਂ ਨੂੰ ਅੱਖਰ ਘਸਾਈ ਦਾ ਵਿਸ਼ਾ
ਬਣਾਉਣ ਤੱਕ ਮਹਿਦੂਦ ਹਾਂ, ਅਮਲਾਂ ਵਿਚ ਸਾਡੀ ਬਹੁਤਾਤ ਕਹਾਣੀ ਵਿਗੜ ਚੁੱਕੀ ਹੈ। ਕੀ ਇਹ ਸਿਲਸਿਲਾ
ਇਉਂ ਹੀ ਚੱਲਦਾ ਰਹੇਗਾ?
...ਸਵਾਲ ਬਕਾਇਆ ਹੈ, ਅਜ਼ਮਤ ਦੇ ਅਜ਼ੀਮ ਫ਼ੱਕਰ, ਬਾਬਾ
ਫ਼ਰੀਦ ਜੀ ਦੇ 850ਵੇਂ ਜਨਮ ਵਰ੍ਹੇਗੰਢ ਦੇ ਮੌਕੇ ਇਨ੍ਹਾਂ ਗੱਲਾਂ ਨਾਲ ਮੁਖਾਤਿਬ ਹੋਣਾ
ਹੀ ਸਾਡੀ ਅਸਲ ਪ੍ਰਾਪਤੀ ਹੋਏਗੀ... ਜਵਾਬਾਂ ਤੇ ਅਮਲਾਂ ਵਿਚ ਬਰਕਤ ਦੀ ਦੁਆ ਦੇ ਅਰਦਾਸੀਏ...
ਕੋਸ਼ਿਸ਼ਾਂ ਜਾਰੀ ਰਹਿਣਗੀਆਂ, 'ਦਅ ਅਨਮਿਊਟ ਸਪੈਸ਼ਲ' ਤੇ ਚੱਲਣ ਵਾਲ਼ੀ ਇਸ ਦਸਤਾਵੇਜ਼ੀ ਲੜੀ ਨੂੰ ਵੇਖਣ ਲਈ The Sufi Tales ਵੇਖਦੇ ਰਹਿਓ... ਜਾਣਕਾਰੀਆਂ ਅਤੇ ਰਹਿਮਤਾਂ ਦੀ ਬਰਕਤ ਹਮੇਸ਼ਾ ਬਣੀ ਰਹੇ... ਆਮੀਨ।
ਸਿਫ਼ਰਨਵੀਸ
Comments
Post a Comment