ਗੁਰਦਰਸ਼ਨ ਦੇ ਅਧਿਐਨ ਤੋਂ ਪਹਿਲੋਂ ਆਤਮ-ਮੰਥਨ
ਨਿੱਜ ਦਾ ਪਰਿਪੇਖ
ਕੱਚੀ
ਜਿਹੀ ਮੱਤ ਜਦੋਂ ਅੱਲ੍ਹੜ ਉਮਰ ਤੋਂ ਕਿਸੇ ਸਿੱਖਿਅਤ ਸਮਾਜ ਦਾ ਬਿੰਬ ਵੇਖਦੀ ਹੈ ਤਾਂ ਓਸਦੇ ਅੰਦਰ
ਆਤਮਗਿਆਨ ਦੇ ਕਈ ਪੜਾਅ ਉੱਗਦੇ ਨੇ, ਜਿਹਨਾਂ ਨੂੰ ਸਮਝਣ ਬੁੱਝਣ ਖ਼ਾਤਿਰ ਉਹ ਬਹੁਪੱਖੀ ਰਵਾਇਤਾਂ ਅਤੇ
ਆਲੇ ਦੁਆਲੇ ਦੇ ਪ੍ਰਚਲਨ ਵਿੱਚੋਂ ਬਹੁਤ ਕੁਝ ਸਿੱਖਦਾ ਹੈ ਜਿਸਨੂੰ ਆਪਣੇ ਅੰਦਰ ਸਮਾਹਿਤ ਕਰਨ ਨਾਲ
ਸੰਸਕਾਰ ਬਣ ਜਾਂਦੇ ਨੇ | ਕਈ ਵਾਰ ਮੌਸਮਾਂ ਦੇ ਰੰਗ ਭਾਵ ਉਸਨੂੰ ਬਾਹਰੀ ਤੌਰ ਤੇ ਆਕਰਸ਼ਿਤ ਅਤੇ
ਪ੍ਰਭਾਵਿਤ ਕਰਦੇ ਹਨ ਪਰ ਸਮੇਂ ਦੀ ਪ੍ਰਪੱਕਤਾ ਆਉਣ ਨਾਲ ਓਸਨੂੰ ਆਪੇ ਹੀ ਅਹਿਸਾਸ ਹੋਣ ਲੱਗ ਜਾਂਦਾ
ਹੈ ਕਿ ਜੋ ਕੁਝ ਉਹ ਕਰ ਰਿਹੈ, ਜੋ ਵੇਖ ਰਿਹੈ ਜੋ ਸਮਝ ਰਿਹੈ ਇਹ ਸਭ ਆਖ਼ਰੀ ਨਹੀਂ | ਫੇਰ ਆਖ਼ਰੀ ਹੈ
ਕੀ ? ਆਖਿਰ ਵਿਅੰਗ ਕਿਸ ਗੱਲ ਦਾ ਹੈ ਅਤੇ ਵਿਸਮਾਦ ਕਿਸ ਚੀਜ਼ ਦਾ ? ਦਰਸ਼ਨ ਕੀ ਹੈ ਅਤੇ ਅਲੋਪ ਕੀ
ਸ਼ੈਅ ? ਇਹਨਾਂ ਸਵਾਲਾਂ ਦੇ ਜਵਾਬਾਂ ਤੋਂ ਪਹਿਲੋਂ ਆਤਮ-ਦ੍ਵੰਦ ਦਾ ਇੱਕ ਪੜਾਅ ਅਜਿਹਾ ਅਹਿਮ ਆਉਂਦਾ
ਹੈ ਜਿਸਦਾ ਨਾਮ “ਵਿੱਦਿਆ-ਕਾਲ” ਹੈ ! ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਵਿੱਦਿਆ ਇੱਕ
ਵਿਚਾਰ-ਵਿਧਾਨ ਸੰਗ੍ਰਹਿ ਹੈ ਮਨੁੱਖੀ ਚੇਤਨਾ ਦੇ ਤਮਾਮ ਦੁਆਰ ਖੋਲ੍ਹਣ ਲਈ ਅਤੇ ਇਸਨੂੰ ਆਪਣੇ ਅੰਦਰ
ਸਮਾਉਣਾ ਆਮ ਵਿਅਕਤੀ ਦੇ ਵੱਸ ਦਾ ਰੋਗ ਨਹੀਂ ਹੈ | ਰੋਗ ਵੀ ਇੱਕ ਸੰਭਾਵੀ ਰੂਪ ਵਿੱਚ ਟਿਕਵਾਂ ਭਾਵ
ਹੈ ਜਿਹੜਾ ਇਸ ਗੱਲ ਦਾ ਸੂਚਕ ਹੈ ਕਿ ਗ੍ਰਸਿਤ ਪਾਤਰ ਸੰਪੂਰਣ ਰੂਪ ਵਿੱਚ ਆਪਣੇ ਅਸਲੋਂ ਬਦਲਿਆ ਹੋਇਆ
ਹੈ ! ਜਿਹੜੇ ਇਸ ਗੱਲ ਨੂੰ ਮੁੱਖ ਰੱਖਦੇ ਹਨ ਕਿ ਮਨੁੱਖ ਮੌਲਿਕ ਰੂਪ ਵਿੱਚ ਗਿਆਨਵਾਨ ਜਨਮਿਆ ਪਰ
ਉਸਦੀ ਅਵਚੇਤਨ ਬੁੱਧੀ ਦੀ ਸਰੀਰਕ ਵਿਕਾਸ ਨਾਲ ਲੜੀ ਜੋੜਨ ਲਈ ਭੁੱਲਣ ਵਾਲਾ ਆਲਸ ਭਾਵ ਸਮਾਹਿਤ ਹੋਇਆ
ਉਹ ਅਗਿਆਨਤਾ ਨੂੰ ਰੋਗ ਮੰਨਦੇ ਹਨ | ਹੁਣ ਗਿਆਨ ਦੀ ਜੰਗ ਵੱਖਰੇ ਪੱਧਰ ਹੈ, ਵਿੱਦਿਆ ਦਾ ਖੇਤਰ
ਮੌਲਿਕ ਰੂਪ ਵਿੱਚ ਅੱਖਰ ਗਿਆਨ ਤੋਂ ਸਿਧਾਂਤਕ ਵਿਆਕਰਨ ਸਿੱਖਣ ਤੱਕ ਦਾ ਸੀ ਪਰ ਮਨੁੱਖ ਦੇ ਆਲਸੀ
ਸੁਭਾਅ ਦਾ ਸਿੱਟਾ ਇਹ ਨਿਕਲਿਆ ਕਿ ਵਿੱਦਿਆ ਇੱਕ ਸੰਪੂਰਣ ਜੀਵਨ ਦਰਸ਼ਨ ਵਜੋਂ ਪੇਸ਼ ਕੀਤਾ ਜਾਣ ਲੱਗਾ
ਅਤੇ ਅਨੁਭਵ ਵਿੱਚੋਂ ਨਿਕਲਦੀ ਗਿਆਨ ਦੀ ਪ੍ਰਕਾਸ਼ਠਾ ਅਲੋਪ ਜਿਹੀ ਹੋ ਗਈ | ਵਿੱਦਿਆ ਦਿਮਾਗ ਦੀ ਖੇਡ
ਹੁੰਦੀ ਹੋਈ ਸੁਭਾਵਿਕ ਰੂਪ ਵਿੱਚ “ਕਲ-ਮਾਇਆ” (Artificial Intelligence) ਦਾ ਯੋਗ
ਨਿਰਧਾਰਿਤ ਕਰ ਗਈ ਅਤੇ ਮਨੁੱਖ ਕੋਲ ਤਰਕ ਇੱਕ ਬੈਸਾਖੀ ਬਣ ਕੇ ਰਹਿ ਗਈ, ਹੁਣ ਅਨੁਭਵ ਨੂੰ ਵੀ ਤਰਕ
ਨਾਲ ਤਰਾਸ਼ਿਆ ਨਹੀਂ ਜਾਂਦਾ ਸਗੋਂ ਤਰਕ ਨੂੰ ਅਨੁਭਵ ਵਿੱਚ ਲਿਆਉਣ ਲਈ ਕੁਤਰਕ ਦਾ ਆਉਣਾ ਸਮੇਂ ਦੀ
ਵੱਡੀ ਤਰਾਸਦੀ ਬਣ ਕੇ ਉੱਭਰਿਆ ਹੈ | ਉਦਾਹਰਨ ਵਜੋਂ ਭਾਰਤ ਦੇ ਛੇ ਦਰਸ਼ਨਾਂ ਦਾ ਉਲੇਖ ਜਦੋਂ ਆਉਂਦਾ
ਹੈ ਓਦੋਂ ਓਪਰੀ ਜਿਹੀ ਝਾਤ ਮਾਰਨ ਮਗਰੋਂ ਵਰਤਮਾਨ ਦੇ ਮਾਨਤਾ ਚੱਕਰ ਵਿੱਚ ਜਿਹੜੇ ਭਾਵ ਆਮ ਘੁੰਮਦੇ
ਫਿਰਦੇ ਹਨ ਉਹ ਬਿਲਕੁਲ ਬੇਮੇਲ ਹਨ | ਅੱਜ ਹਰ ਗੱਲ “ਹਿੰਦੂ-ਹਿੰਦੂ-ਹਿੰਦੂ” ਕਹਿ ਕੇ ਸੰਬੋਧਿਤ ਕੀਤੀ
ਜਾਂਦੀ ਹੈ ਪਰ ਗੁਰਬਾਣੀ ਦੇ ਇੱਕ ਹਵਾਲੇ ਨੂੰ ਗੌਰ ਨਾਲ ਸਮਝਣ ਦੀ ਜ਼ਰੂਰਤ ਹੈ ਜਿਸਦਾ ਸੰਬੰਧ
ਮੱਧਕਾਲੀਨ ਭਾਰਤ ਨਾਲ ਹੈ, “ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ ||” ਹਿੰਦੁਸਤਾਨ ਦੀ
ਸ਼ਬਦਾਵਲੀ ਸਪਤ-ਸਿੰਧੂ ਤੋਂ ਸਿੰਧੁ ਘਾਟੀ ਦੀ ਸੱਭਿਅਤਾ ਦੇ ਪਸਾਰੇ ਤੋਂ ਪ੍ਰੇਰਿਤ ਹੈ ਹਿੰਦੂ ਦਾ
ਸੰਬੋਧਨ ਸਥਾਨਕ ਹੈ, ਨਾ ਕਿ ਫਿਰਕੂ, ਪਰ ਸਵਾਲ ਇੱਥੇ ਦਰਸ਼ਨ ਵਿਸ਼ਲੇਸ਼ਣ ਦਾ ਹੀ ਨਹੀਂ ਅਨੁਭਵ ਦਾ ਵੀ
ਹੈ ਜਿਹੜਾ ਦ੍ਵੈਤਵਾਦ ਅਤੇ ਅਦ੍ਵੈਤਵਾਦ ਵਿੱਚਕਾਰ ਜੂਝ ਰਿਹਾ ਹੈ | ਜਿਸ ਕਿਸੇ ਨੇ ਵੀ ਵਰਤਮਾਨ
ਵਿੱਚ “ਹਿੰਦੂ” ਲਫ਼ਜ਼ ਦਾ ਸਮਰਥਨ ਕੀਤਾ
ਜਾਂ “ਹਿੰਦੂ” ਲਫ਼ਜ਼ ਦੀ ਮੁਖਾਲਫਤ ਕੀਤੀ ਓਸਨੇ ਜ਼ਿਹਨ ਵਿੱਚ ਸਨਾਤਨ ਮੱਤ ਨੂੰ ਮੰਨ ਕੇ
ਚੱਲਿਆ ਜਦੋਂ ਕਿ ਸਨਾਤਨ ਦੀ ਕਿਸੀ ਵੀ ਧਾਰਾ ਵਿੱਚ ਛੇ ਦਰਸ਼ਨ ਅਠਾਰ੍ਹਾਂ ਸ਼ਾਸਤਰ ਜਿਹਨਾਂ ਵਿੱਚ ਚਾਰ
ਵੇਦ, ਛੇ ਵੇਦਾਂਗ ਪੁਰਾਣ ਅਤੇ ਅੱਠ ਸ਼ਾਸਤਰ (ਅਸ਼ਟਦਸ) ਦੌ ਸੌ ਤੋਂ ਵੱਧ ਉਪਨਿਸ਼ਦ ਸਾਹਮਣੇ ਆਉਂਦੇ ਨੇ
ਜਿਹਨਾਂ ਦੇ ਉਲੇਖ ਅਤੇ ਵੇਰਵੇ ਬਹੁਪੱਖੀ ਵੀ ਹਨ ਅਤੇ ਵੱਡਮੁੱਲੇ ਵੀ | ਪਰ ਹੁਣ ਗੁੰਝਲ ਹੈ ਕਿੱਥੇ
?
ਸਨਾਤਨ
ਧਾਰਾ ਆਪਣੇ ਗ੍ਰੰਥਾਂ ਨੂੰ ਆਪਣੀ ਧਰੋਹਰ ਮੰਨਦੀ ਹੈ ਅਤੇ ਓਸਦੇ ਮੁਤਾਬਿਕ ਭਰਤ ਰਾਜਾ ਇੱਕ ਤਾਕਤਵਰ
ਅਤੇ ਯੋਗ ਧਰਮਹਿਤ ਪ੍ਰਜਾਪਤੀ ਸੀ ! ਇਹ ਕਥਾਨਕ ਦੀ ਗਹਿਰਾਈ ਵਿੱਚ ਜਾਣ ਤੋਂ ਪਹਿਲੇ ਇਹ ਵੇਖਣਾ ਅੱਤ
ਸੂਖਮ ਤੌਰ ਤੇ ਜ਼ਰੂਰੀ ਹੈ ਕਿ ਰਾਜਾ ਦੁਸ਼੍ਯੰਤ ਅਤੇ ਸ਼ਕੁੰਤਲਾ ਦੀ ਪ੍ਰੇਮ ਕਥਾ ਦਾ ਲਿਖਾਰੀ ਹੋਇਆ ਹੈ
ਕਾਲੀਦਾਸ ਜਿਸਨੂੰ ਉੱਚ-ਕੋਟੀ ਦਾ ਕਵੀ ਮੰਨਿਆ ਗਿਆ ਹੈ ਅਤੇ ਉਸ ਪ੍ਰੇਮ ਕਥਾ ਦੇ ਪਾਤਰਾਂ ਦੀ ਸੰਤਾਨ
ਭਰਤ ਹੋਇਆ ਹੈ ਜਿਸਨੂੰ ਕਿ ਅੱਗੇ ਚੱਲ ਕੇ ਭਾਰਤ ਕਿਹਾ ਜਾਣ ਲੱਗਿਆ ਅਤੇ ਚੰਦ੍ਰਵੰਸ਼ੀ ਰਾਜ ਦਾ ਸਿਖਰ
ਉਸ “ਮਹਾਂਭਾਰਤ” ਦੇ ਰੂਪ ਵਿੱਚ ਆਉਂਦਾ ਹੈ ਜਿਸਨੂੰ ਕਿ ਰਿਸ਼ੀ ਵਿਆਸ ਵੱਲੋਂ “ਮਹਾਂਭਾਰਤ ਗ੍ਰੰਥ”
ਦੇ ਰੂਪ ਵਿੱਚ ਰਚਿਆ ਗਿਆ | ਦੋਵਾਂ ਗੱਲਾਂ ਵਿੱਚ ਜਿਹੜੀ ਗੱਲ ਧਰਤੀ ਦੇ ਟੁਕੜਿਆਂ ਦੀ ਜੰਗ ਮਗਰੋਂ
ਉਪਜੀ ਦੁਨੀਆਂ ਵਿੱਚ,ਜਿੱਥੇ ਹਰ ਖਿੱਤਾ ਛੋਟੇ ਛੋਟੇ ਟੋਟਿਆਂ ਵਾਸਤੇ ਹੁੰਦੀ ਜੰਗ ਮਗਰੋਂ ਆਪਣੇ
ਗੁਜ਼ਰਾਨ ਦੇ ਸਾਧਨ ਇਕੱਤਰ ਕਰਦਾ ਵਿਚਰਦਾ ਸੀ, ਪ੍ਰਮਾਣਿਕਤਾ ਦਾ ਪੈਮਾਨਾ ਮੰਨੀ ਗਈ ਓਸਦੇ ਠੀਕ ਉਲਟ
ਦੂਸਰੇ ਪੱਖ ਜਿਸਨੇ ਕਿ ਵਿਸ਼ਵ ਗਿਆਨ ਅਤੇ ਬੌਧਿਕ ਪੱਧਰ ਨੂੰ ਆਪਣੀ ਅਧਾਰਸ਼ਿਲਾ ਮੰਨਿਆ ਓਹਨੇ ਆਪਣੀ
ਸਥਾਪਤੀ ਵਾਸਤੇ ਜਿੰਨੇ ਵੀ ਕਰਮ-ਕਾਂਡ ਰਚੇ ਉਹਨਾਂ ਦਾ ਸਿੱਟਾ ਦਰਸ਼ਨ ਭੇਦ ਹੈ ! ਦ੍ਵੈਤਵਾਦੀ ਅਤੇ
ਅਦ੍ਵੈਤਵਾਦੀ ਪ੍ਰਸੰਗ ਅੰਦਰ ਦਾਰਸ਼ਨਿਕਾਂ ਦੇ ਮੱਤ ਹੁੰਦੇ ਸਨ ਪਰ ਕਬਜਾ ਕਰਨ ਦੀ ਨੀਤੀ ਅਤੇ ਸੁਭਾਅ
ਅਨਪੜ੍ਹ, ਜਾਹਿਲ ਯਾ ਬਾਹੂਬਲ ਨੂੰ ਸਿਰਮੌਰ ਮੰਨਣ ਵਾਲੇ ਲੋਕਾਂ ਹੱਥ ਆਇਆ ਜਿਸਦੇ ਸਿੱਟੇ ਵਜੋਂ ਦੋ
ਵਿਪਰੀਤ ਧਾਰਾਵਾਂ ਰਾਜਨੀਤੀ ਅੰਦਰ ਵੀ ਨਜ਼ਰੀਂ ਆਉਂਦੀਆਂ ਹਨ,
੧.
ਰਾਜ-ਧਰਮ, ਨਿਆਂ-ਧਰਮ, ਪਰਜਾ ਅਤੇ ਪ੍ਰਜਾਪਤੀ ਦਾ ਸੰਬੰਧ ਜੋ ਕਿ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ
ਓਸਦੇ ਧਾਰਨੀ ਕਿਹੜੇ ਰਾਜੇ ਸਨ ? ਅਰਥ, ਗਣਿਤ, ਕਲਾ ਅਤੇ ਵਪਾਰ ਦਾ ਸੂਤਰਧਾਰੀ ਕੌਣ ਸੀ ?
੨.ਧਨ
ਸੰਪਦਾ ਦੀ ਉਪਾਰਜਨਾ ਕਰਨ ਵਾਲੇ ਮਨੁੱਖ ਕੌਣ ਸਨ ? ਉਹਨਾਂ ਤੋਂ ਨਿਰਧਾਰਤ ਰੂਪ ਵਿੱਚ ਕੰਮ ਲੈਣ ਲਈ ਯੋਗ
ਵਰਗ ਕਿਹੜਾ ਸੀ ?
ਇਹਨਾਂ
ਸਵਾਲਾਂ ਦੇ ਗਰਭ ਵਿੱਚੋਂ ਹੀ ਇਹ ਗੱਲ ਨਿਕਲੇਗੀ ਕਿ ਸਾਡੇ ਅਜੋਕੇ ਗਿਆਨ ਖੇਤਰ ਵਿੱਚ ਵਿੱਦਿਆ ਹੀ
ਰੋੜਾ ਕਿਵੇਂ ਹੈ ? ਤਰਕ ਦੀ ਨੀਤੀ ਅਤੇ ਤਰਕ ਦਾ ਸੁਭਾਅ ਤੁਹਾਨੂੰ ਕਿੰਨੇ ਹਿੱਸਿਆਂ ਵਿੱਚ ਵੰਡ
ਸਕਦਾ ਹੈ, ਮਾਰਕਸਵਾਦੀ ਧਾਰਾ ਵੀ ਅਰਥਸ਼ਾਸਤਰ ਤੋਂ ਹੀ ਸ਼ੁਰੂ ਹੋਈ ਸੀ ਪਰ ਸਮੇਂ ਦੀ ਚਾਲ ਅਤੇ ਟਕਰਾਅ
ਦੇ ਹਥਿਆਰ ਆਪਸ ਵਿੱਚ ਭਿੜਨ ਕਰਕੇ ਜਿਹੜੀ ਗੁਣ ਦੋਸ਼ ਦੀ ਸੀਮਾ ਬੁੱਧ ਅਤੇ ਮਹਾਂਵੀਰ ਦੇ ਨਾਲ ਧ੍ਰੋਹ
ਕਮਾਉਂਦੀ ਆਈ ਸੀ ਜਿਸਨੇ “ਵਿਸ਼ਨੂੰ ਦੇ ਦੱਸ ਅਵਤਾਰਾਂ” ਵਿੱਚ ਮਨੁੱਖਤਾ ਸੰਬੰਧੀ
ਪ੍ਰਸ਼ਨ-ਚਿੰਨ੍ਹ ਲਗਾਇਆ ਹੈ ਕਿ “ਮਤਸਯ ਅਵਤਾਰ”, “ਕੁਰਮ ਅਵਤਾਰ” “ਵਰਾਹ ਅਵਤਾਰ” “ਵਾਮਨ ਅਵਤਾਰ” “ਨਰਸਿੰਘ
ਅਵਤਾਰ” ਦੀ ਕਤਾਰ ਵਿੱਚ ਬੁੱਧ, ਰਾਮ, ਕ੍ਰਿਸ਼ਨ, ਪਰਸ਼ੁਰਾਮ ਨੂੰ ਕਿਵੇਂ ਖੜ੍ਹਾ ਕਰ ਲਿਆ ? ਚਾਰਵਾਕ
ਨੂੰ ਸਨਾਤਨ ਵਿਰੋਧੀ ਕਹਿਣ ਅਤੇ ਚਾਣਕਿਆ ਨੂੰ ਅਛੋਪਲੇ ਰੂਪ ਵਿੱਚ ਆਪਣੇ ਵਿਰੋਧ ਵਿੱਚ ਖੜ੍ਹਾ ਕਰਨਾ
ਅਤੇ ਵਿਸ਼ਵ ਦੇ ਘੇਰੇ ਵਿੱਚ ਮੱਤ “ਧਰਮ” ਅੱਖਰ ਨੂੰ ਵਿਅਕਤੀਆਂ ਦੇ ਸਮੂਹ ਤੋਂ ਵੱਧ ਕੇ ਸਮਾਜਿਕ
ਸਮੂਹ ਬਣ ਕੇ ਵਿਚਰਨ ਵਿੱਚ ਖੁੱਲ੍ਹ ਕਿਸ ਮਕਸਦ ਨੂੰ ਦਿੱਤੀ ਗਈ ? ਧਰਮ ਦਾ ਅਰਥ ਵਿਅਕਤੀਗਤ ਨਹੀਂ
ਹੋਇਆ ਕਦੇ ਵੀ ਪਰ ਲੋਕ ਮਾਨਤਾ ਨੇ ਦੇਸ਼ ਰਾਜ ਉਸਦੀ ਵਿਵਹਾਰਿਕ ਪਛਾਣ ਦੇ ਵਾਂਗੂੰ ਮੱਤ ਤੋਂ ਧਰਮ
ਅੱਖਰ ਪਰਿਵਰਤਿਤ ਕਰਕੇ ਮੱਤਾਂ ਨੂੰ ਵੱਖੋ ਵੱਖਰੇ ਜਾਮੇ,ਲਿਬਾਸ ਪਹਿਨਾਏ ਅਤੇ ਪਛਾਣ ਚਿੰਨ੍ਹਾਂ ਦੇ
ਵਾਸਤੇ ਮਨੁੱਖਾਂ ਹੱਥੋਂ ਮਨੁੱਖਾਂ ਦਾ ਘਾਣ ਹੱਦੋਂ ਵੱਧ ਹੋਇਆ ਅਤੇ ਰਣਭੂਮੀ ਬਣੀ ਇਹ ਬਨਸਪਤੀ ਸਾਡੇ
ਉੱਤੇ ਹੱਸਦੀ ਨਾ ਹੋਏਗੀ ? ਵਿੱਦਿਆਸਾਗਰ ਅਸਗਾਹ ਨਹੀਂ ਗਿਆਨ ਅਸਗਾਹ ਹੈ, ਵਿੱਦਿਆ ਕੁੰਜੀਵ੍ਰਤ ਧਰਮ
ਹੈ ਜਿਸਦੇ ਆਸਰੇ ਅਸੀਂ ਭਾਸ਼ਾ ਵਿਗਿਆਨ ਨੂੰ ਸਮਝਦੇ ਹੋਏ ਵੱਖ ਵੱਖ ਭੂਮੀਖੰਡ ਤੋਂ ਇਕੱਤਰ ਹੋਏ ਵਿਸ਼ਵ
ਨੂੰ ਸੰਵਾਦ ਅਧੀਨ ਰੱਖਣਾ ਸਿੱਖ ਸਕਦੇ ਹਾਂ ਅਤੇ ਓਸਦੇ ਸਮਰੂਪ ਮਨੁੱਖਤਾ ਨੂੰ ਅੱਗੇ ਲਿਜਾ ਸਕਦੇ
ਹਾਂ | ਇਹ ਸਾਰਾ ਸਫ਼ਰ ਕੁਦਰਤ ਦੀ ਛੋਟੀ ਇਕਾਈ “ਮੈਨੂੰ” ਜ਼ਿੰਮੇਵਾਰੀ ਨਾਲ ਤੈਅ ਕਰਨਾ ਪਏਗਾ ਇਹੀ ਹਰ
ਇੱਕ ਦੇ ਮੁਕਤੀ ਦੇ ਰਾਹ ਖੋਲਦੀ ਹੈ |
“ਗੁਰਦਰਸਨੁ”
ਭਾਵ
ਗੁਰਦਰਸ਼ਨ ਇੱਕ ਇਸੇ ਪਰਿਪੇਖ ਵਿੱਚੋਂ ਨਿਕਲਿਆ ਸੰਪੂਰਣ ਜੀਵੰਤ ਸਰੂਪ ਹੈ ਜਿਹੜਾ ਕਿ ਧਾਂਤ ਦੀ
ਬਹੁਰੂਪਤਾ ਨੂੰ ਸਮਝਣ ਬੁੱਝਣ ਵਿੱਚ ਸਹਾਈ ਹੁੰਦਾ ਹੈ | ਇਸਦੇ ਪਠਨ ਪਾਠਨ ਮਗਰੋਂ ਅਧਿਐਨ ਦੇ ਮਾਰਗ
ਖੁੱਲ੍ਹਣ ਵਿੱਚ ਸਭ ਤੋਂ ਵੱਡੀ ਰੁਕਾਵਟ ਸਪਤ-ਸਿੰਧੂ ਨੂੰ ਪੌਰਾਣਿਕ ਮਿਥਿਹਾਸ ਦਾ ਹਿੱਸਾ ਮੰਨ ਕੇ
ਨਵਸਿੱਖਾਂ ਦੀ ਵੱਡੀ ਗਿਣਤੀ ਮੁਗਲ ਕਾਲ ਵੇਲ਼ੇ ਵਰਤੇ ਗਏ ਪੰਜਾਬ ਸ਼ਬਦ ਦੇ ਲੜ ਲੱਗ ਕੇ
ਗੁਰਦਰਸ਼ਨ ਦੀ ਵਿਸ਼ਵ ਵਿਆਪਕਤਾ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਗਈ,ਜਿਸਦੇ ਸਿੱਟੇ ਵਜੋਂ ਹੁਣ ਝਗੜਾ
ਆਮ ਜੀਵਾਂ ਵਾਂਗ ਸਿਰਫ ਰਾਜਨੀਤਕ ਕੇਂਦਰ ਸਥਾਪਤੀ ਦਾ ਕਰਨ ਵਾਲੀ ਸਮੂਹਿਕ ਸਿੱਖ ਲੀਡਰਸ਼ਿਪ ਆਪਣੀ
ਗੱਲ ਦੀ ਪ੍ਰੋੜ੍ਹਤਾ ਵਾਸਤੇ ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਢਾਲ ਵਜੋਂ ਵਰਤ ਰਹੀ ਹੈ ਜਿਸਦੇ ਕਰਕੇ
ਸਮਾਜਿਕ ਤੌਰ ਉੱਤੇ ਅਸਹਾਈ ਹਾਂ, ਆਰਥਿਕ ਤੌਰ ਤੇ ਗੁਲਾਮ ਅਤੇ ਮਾਨਸਿਕ ਤੌਰ ਉੱਤੇ ਅਗਿਆਨੀ ! “ਏਤੈ
ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ ਨਾਹਿ ||” ਜਦੋਂ ਤੁਹਾਡੇ ਕੋਲ ਮਾਇਆ ਸੱਭਿਅਤਾ ਅਧੀਨ
ਗਿਆਨ ਅਰਜਿਤ ਕਰਨ ਦੇ ਭੰਡਾਰ ਭਰੇ ਹੋਵਣ, ਵਿੱਦਿਆ ਦੀ ਬਰਸਾਤ ਹੋਣ ਦੇ ਬਾਵਜੂਦ ਅਗਿਆਨ ਦੀ ਤ੍ਰਿਖਾ
ਵਿੱਚ ਵਿਲ੍ਹਕਦੇ ਮਰ ਜਾਓ ਤਾਂ ਕਸੂਰ ਕਿਸਦਾ ? ਜੇਕਰ ਨਵਸਿੱਖਾਂ ਨੇ ਚਾਣਕਿਆ ਦੇ ਅਰਥਸ਼ਾਸਤਰ ਦਾ
ਅਧਿਐਨ ਕੀਤਾ ਹੁੰਦਾ ਤਾਂ ਤਰਕ ਦੀ ਸਹੀ ਸੀਮਾ ਅਤੇ ਓਸਦੇ ਸਹੀ ਪ੍ਰਸੰਗ ਉਲੀਕਣ ਵਿੱਚ ਸਫਲ ਹੋ ਜਾਣੇ
ਸਨ, ਜਾਤੀਵਾਦ ਦੀ ਵੰਡ ਵਿੱਚ ਸਨਾਤਨ ਧਾਰਾ ਵਾਲਿਆਂ ਦਾ ਛਦਮ ਯੁੱਧ ਨਜ਼ਰੀਂ ਆਉਂਦਾ ਹੈ ਜਿਸ ਵਿੱਚ
ਖੱਤਰੀ, ਬ੍ਰਾਹਮਣ, ਸ਼ੂਦਰ ਅਤੇ ਵੈਸ਼ ਵਰਗ ਵੰਡ ਕੇ ਉਹਨਾਂ ਨੇ ਸਮਾਜਿਕ,ਆਰਥਿਕ,ਵਿਗਿਆਨਿਕ,ਗਣਿਤ ਅਤੇ
ਭਾਸ਼ਾਈ ਵਿਰਾਸਤ ਬਹੁਮੁਖੀ ਕਰ ਲਈ ਇਸਦੇ ਬਾਰੇ ਲੰਬੀ ਵਿਚਾਰਾਂ ਵੱਖਰੇ ਤੌਰ ਤੇ ਸਾਂਝੀਆਂ ਕਰਾਂਗਾ
ਪਰ ਭਰਤਵੰਸ਼ੀ ਕਹਿ ਕੇ ਪੂਰੇ ਉਪਮਹਾਂਦੀਪ ਨੂੰ ਬੰਨ੍ਹਣਾ, ਉਸ ਵਿੱਚ ਪਰਜਾ ਨੂੰ ਉਸਦੇ ਮਾਨਸਿਕ ਪਟਲ
ਤੋਂ ਡੁਲਾਉਣਾ ਅਤੇ ਖੁਦ ਸਹਿਣਸ਼ੀਲ ਹੋ ਕੇ ਫਲਸਫੇ ਦੀ ਤਾਣੀ ਵਿੱਚ ਉਲਝਾਉਣਾ ਇਹ ਸਫਲਤਾ ਵੇਖਣਯੋਗ
ਵੀ ਹੈ ਅਤੇ ਸਿੱਖਣਯੋਗ ਵੀ |
ਹੁਣ
ਸਵਾਲ ਕੇਂਦਰੀ ਰੂਪ ਵਿੱਚ ਸਿਰਫ ਐਨਾ ਉੱਠਦਾ ਹੈ ਕਿ ਸਿੱਖਣਾ ਕਿਵੇਂ ਹੈ ? ਸਤਿਗੁਰ ਨਾਨਕ ਤੋਂ ਦਸ
ਨਾਨਕਜੋਤ ਸਤਿਗੁਰ ਨਾਨਕਗੋਬਿੰਦ ਤੱਕ ਦਰਸ ਉੱਦਮ ਹੋਏ ਦੇ ਸਿੱਟੇ ਵਜੋਂ ਵਿਰਾਸਤ ਵਿੱਚ ਮਿਲੇ ਅਸਥਾਨ
ਅਸੀਂ ਪੂਜਾ-ਅਸਥਾਨ ਗੁਰਦੁਆਰੇ ਨਾਮ ਹੇਠ ਗੰਵਾ ਚੁੱਕੇ ਹਾਂ ਅਤੇ ਬਸਤੀਵਾਦੀ ਸੰਬੋਧਨ ਦੇ ਵਿੱਚੋਂ
ਉੱਭਰੀ ਸਿੱਖਿਆ ਪ੍ਰਣਾਲੀ ਨਾਲ ਆਪਣੇ ਗ੍ਰੰਥਾਂ ਦੇ ਅਧਿਐਨ ਤੋਂ ਟੁੱਟ ਕੇ ਹੁਣ ਸੰਸਥਾਗਤ ਅਨਹੋਂਦ
ਵਿੱਚੋਂ ਲੰਘ ਰਹੇ ਹਾਂ | ਇਹ ਅਨਹੋਂਦ ਨਾ ਸਿਰਫ ਭਾਰਤੀ ਰਾਜਤੰਤਰ ਦੇ ਅਧੀਨ ਬਲਕਿ ਜੇਕਰ ਕਿਤੇ
ਵੱਖਰੇ ਮੁਲਕ ਦੀ ਪ੍ਰਾਪਤੀ ਵੀ ਹੋ ਜਾਵੇ ਤਾਂ ਸਾਡੇ ਅੰਦਰ ਉਹ ਸੇਧ ਅਤੇ ਉਹ ਮਾਰਗ ਖੁੱਸ ਚੁੱਕਾ ਹੈ
ਜਿਹੜਾ ਖੁਦ ਨੂੰ ਸਾਰਿਆਂ ਤੋਂ ਵੱਖ ਮੰਨਣ ਉੱਤੇ ਅੜੀ ਕਰਕੇ ਬੈਠਾ ਹੈ ! ਯੁੱਗ ਪਰਿਵਰਤਨ ਮਗਰੋਂ
ਬਹੁਤ ਗੱਲਾਂ ਬਦਲ ਜਾਂਦੀਆਂ ਨੇ ਅਤੇ ਇਸ ਸਮੇਂ ਦੀ ਹਕ਼ੀਕਤ ਇਹ ਹੈ ਕਿ ਦੁਨੀਆਂ ਪੱਛਮੀ ਸੱਭਿਅਤਾ
ਦੇ ਦਾਰਸ਼ਨਿਕਾਂ ਦੀ ਅਧੀਨਗੀ ਸਵੀਕਾਰ ਚੁੱਕੀ ਹੈ ਅਤੇ ਭਾਰਤੀ ਦਰਸ਼ਨ ਆਪਣੀ ਹੋਂਦ ਦੀ ਜੰਗ ਲੜ ਰਿਹਾ
ਹੈ ਜਿਸ ਵਿੱਚ ਗੁਰਦਰਸ਼ਨ ਦੇ ਅਭਿਆਸੀਆਂ ਦਾ ਰਤਾ ਭਰ ਵੀ ਕੋਤਾਹੀ ਭਰਿਆ ਕਦਮ ਗੁਰਦਰਸ਼ਨ ਨੂੰ ਖਤਮ ਕਰ
ਦਏਗਾ ਜਿਸ ਵਿੱਚੋਂ ਨਿਕਲਣ ਵਾਲੇ ਹਲੇਮੀ ਰਾਜ ਦੀ ਦੁਨੀਆਂ ਨੂੰ ਸਖਤ ਜ਼ਰੂਰਤ ਹੈ | ਸਾਡੇ ਕੋਲ ਇਸਦੀ
ਹੋਂਦ ਲਈ ਜੂਝਣ ਵਿੱਚ ਧਰਤੀ ਦੇ ਕਿਸੇ ਵੀ ਭੂਖੰਡ ਉੱਤੇ ਦਾਅਵਾ ਛੱਡਣ ਵਿੱਚ ਰਤਾ ਵੀ ਸੰਕੋਚ ਨਹੀਂ
ਹੈ ! ਜਦੋਂ ਇਹ ਗੱਲ ਕਹਾਂਗਾ ਤਾਂ ਇੰਨੀ ਗੱਲ ਧਿਆਨ ਵਿੱਚ ਹਮੇਸ਼ਾ ਰਹਿੰਦੀ ਹੈ ਕਿ ਰਾਜ ਤਖਤ ਉੱਤੇ
ਭਾਵੇਂ ਕੋਈ ਸਨਾਤਨੀ ਬੈਠਾ ਹੋਵੇ ਯਾ ਭਾਵੇਂ ਕੋਈ ਨਵਸਿੱਖ ਆਗੂ ਸਾਡੇ ਲਈ ਵਿੱਦਿਆਸਾਗਰ ਵਿੱਚ ਆਪਣੀ
ਬੇੜੀ ਚਲਾਉਣ ਦੀ ਆਗਿਆ ਕਦੇ ਵੀ ਨਹੀਂ ਮਿਲਣੀ ਜਿਸਦੇ ਲਈ ਆਪਣੀ ਆਵਾਜ਼ ਆਪਣਾ ਅਦਾਰਾ ਮੰਨ ਕੇ, ਆਪਣੇ
ਅਧਿਕਾਰ ਖੇਤਰ ਨੂੰ ਆਪਣੇ ਹੱਥਾਂ ਦੇ ਫਾਸਲੇ ਅਧੀਨ ਰੱਖ ਕੇ ਜੀਵਨ ਨੂੰ ਆਪਣੇ ਕਲਾਵੇ ਵਿੱਚ ਲੈ ਕੇ
ਜਿਉਣ ਦੀ ਆਦਤ ਪਾ ਲਈਏ ! ਭਰਤ ਰਾਜੇ ਦੇ ਅਧੀਨ ਭਾਰਤਵੰਸ਼ੀ ਅਖਵਾਉਣ ਵਿੱਚ ਅਤੇ ਹਿੰਦੂ ਅਖਵਾਉਣ
ਵਿੱਚ ਸਿੱਖੀ ਨੂੰ ਕੋਈ ਖਤਰਾ ਨਹੀਂ ਕਿਉਂਕਿ ਘਟੋ ਘੱਟ ਅਸੀਂ ਆਰਿਯਨ ਸਮਾਜ ਵਾਂਗੂੰ ਕਿਤੋਂ ਪਲਾਇਣ
ਕਰਕੇ ਨਹੀਂ ਆਏ...ਸਾਨੂੰ ਜਬਰਨ ਐਥੋਂ ਪਲਾਇਣ ਕਰਨ ਨੂੰ ਮਜਬੂਰ ਕਰਦਾ ਮਾਹੌਲ ਦੇਣਾ ਭਾਰਤੀ ਦਰਸ਼ਨ
ਦੀ ਨੀਤੀ ਦਾ ਹਿੱਸਾ ਹੈ ਜਿਹਨੂੰ ਸਮਝਣਾ ਬੇਹੱਦ ਜ਼ਰੂਰੀ ਹੈ | ਸਾਡੇ ਸਮਾਜਿਕ ਘੇਰੇ ਵਿੱਚ ਇਹ ਗੱਲ
ਬੇਹੱਦ ਵਿਵਾਦਾਸਪਦ ਹੋਏਗੀ ਕਿ “ਸਿੱਖ” ਖੁਦ ਨੂੰ “ਹਿੰਦੂ” ਐਲਾਨ ਰਿਹਾ ? ਝਗੜਾ ਭਾਰਤੀ ਰਾਜਤੰਤਰ
ਨਾਲ ਅਤੇ ਸਿੱਟਾ ਸਿਧਾਂਤਕ ਪੱਖ ਜਿਹੜਾ ਆਪਣੇ ਹੱਕ ਵਿੱਚ ਭੁਗਤਦਾ ਓਹਨੂੰ ਹੀ ਠੋਕਰ ਮਾਰਨ ਵਾਲੇ
ਅਸੀਂ ਮਹਾਨ ਲੋਕ ਹਾਂ, ਇਸ ਲਈ ਆਓ ਵਿਵਾਦਾਂ ਦੀ ਇਸ ਕਹਾਣੀ ਵਿੱਚ ਨਵਾਂ ਅਧਿਆਇ ਜੋੜਨ ਲਈ ਜੀਵਨ ਦੀ
ਸਾਧਨਾ ਨੂੰ ਸਮਰਪਿਤ ਕਰਨ ਦੀ ਤਿਆਰੀ ਰੱਖੀਏ ਜਿਸ ਵਿੱਚੋਂ ਉਪਜੇ ਜੰਗ ਦੇ ਨਾਟਕ ਨੂੰ ਹੀ ਬਚਿੱਤਰ
ਨਾਟਕ ਸੰਬੋਧਿਤ ਹੋਇਆ ਜਾਏਗਾ ! ਨਿੱਜ ਦਾ ਪਰਿਪੇਖ ਇਸੇ ਵਾਸਤੇ ਬੇਹੱਦ ਜ਼ਰੂਰੀ ਹੈ ਕਿਉਂਕਿ
ਹਵਾਲਿਆਂ ਦੀ ਗੱਲ ਓਸਦੇ ਮੌਲਿਕ ਵਿਚਾਰ ਨੂੰ ਤੋੜਦੀ ਹੈ ਅਤੇ ਅਸੀਂ ਮੌਲਿਕਤਾ ਦੇ ਹੀ ਹਾਮੀ ਹਾਂ !
ਇਸ ਮੌਲਿਕਤਾ ਨੂੰ ਸਜੀਵ ਰੱਖਣ ਲਈ ਸੱਤ ਨਦੀਆਂ ਦਾ ਖਿੱਤਾ ਸਿੰਧੁ ਘਾਟੀ ਦੀ ਸੱਭਿਅਤਾ ਦੀ ਪੁਰਾਤਨਤਾ
ਦੇ ਨਾਲ ਸਾਨੂੰ ਕਬੂਲ ਹੈ ! ਸੱਭਿਅਤਾ ਦੀ ਕਹਾਣੀ ਨੂੰ ਸੰਭਾਲਣ ਲਈ ਮਨੁੱਖਤਾ ਨੂੰ ਸੰਬੋਧਿਤ ਹੋਣਾ
ਸਾਡਾ ਮੁੱਢਲਾ ਮਨੋਰਥ ਅਤੇ ਵਿਅਕਤੀਗਤ ਸਾਧਨਾ ਦਾ ਸੰਬੰਧ ਵਿਅਕਤੀਤਵ ਨਾਲ ਹੋ ਸਕਦਾ ਹੈ ਸਮਾਜਿਕ
ਵਿਗਿਆਨ ਵਿੱਚ ਕੁਦਰਤਿ ਦੇ ਵਿਧਾਨ ਦੀ ਰਾਖੀ ਕਰਨਾ ਮਨੁੱਖ ਹੋਣ ਦਾ ਮੁੱਢਲਾ ਫਰਜ਼ ਮੰਨਦੇ ਹਾਂ ਇਸ
ਲਈ ਜੇਕਰ ਨਿੱਜੀ ਵਿਚਾਰ ਸਮੂਹਿਕ ਸਮਾਜ ਨੂੰ ਚੰਗੇ ਨਹੀਂ ਲੱਗਦੇ ਤਾਂ ਓਹਨੂੰ ਓਥੇ ਹੀ ਛੱਡ ਕੇ
ਆਪਣੇ ਪ੍ਰਵਾਣਿਤ ਉੱਚਤਮ ਵਿਚਾਰ ਨੂੰ ਸਮਾਜ ਉੱਤੇ ਲਾਗੂ ਕਰੋ ਇਹੀ ਸਮੇਂ ਦੀ ਮੰਗ ਹੈ |
੨੭ ਮਾਰਚ, ੨੦੨੦
Comments
Post a Comment