ਇਹ ਕਹਾਣੀ ਨੂੰ ਸ਼ੁਰੂ ਹੋਣਾ ਹੀ ਪੈਣਾ ਸੀ, ਗੱਲ ਮਹਿਲਾਂਵਾਲੀ ਦੀ ਹੋਵੇ, ਬੇਸ਼ੱਕ, ਭਾਵੇਂ ਅਸੀਂ ਲੇਖਕ ਨੂੰ ਜਿਹੜੇ ਮਰਜੀ ਰੂਪ ਵਿੱਚ ਮੰਨੀਏ, ਸਿਫ਼ਰ-ਸਿਫ਼ਰਨਵੀਸ-ਨੀਲ ਸਿਫ਼ਰ ਯਾ ਹੋਰ ਬਹੁਤ ਰੂਪ, ਪਰ ਇਕ ਛੋਟਾ ਜੇਹਾ ਸੰਸਾਰ ਇਸ ਕਹਾਣੀ ਨੇ ਸਮੇਟ ਲਿਆ ਹੋਇਆ, ਉਸ ਜਹਾਨ ਨੂੰ ਡੀਕੋਡ ਕਰਨ ਦੀ ਕੋਸ਼ਿਸ਼ ਬੇਹੱਦ ਨਾਜ਼ੁਕ ਸਲੀਕੇ ਨਾਲ ਕਰਨੀ ਬਣਦੀ ਹੈ | ਅਸਲ ਵਿੱਚ ਕਹਾਣੀ ਦੀ ਅਸਪਸ਼ਟਤਾ ਨੂੰ ਸਪਸ਼ਟਤਾ ਗ੍ਰਹਿਣ ਕਰਦਿਆਂ ਲੇਖਕ ਵੀ ਆਮ ਪਾਠਕ ਵਿੱਚਕਾਰ ਬੈਠਾ ਨਵੇਂ ਕਿਸਮ ਦੀ ਰੂਪਰੇਖਾ ਨੂੰ ਆਪਣੇ ਅੰਦਰ ਸਮੇਟ ਰਿਹਾ ਸੀ | ਚੰਗਾ ਤਾਂ ਇਹੀ ਹੁੰਦਾ ਕਿ ਇਸਨੂੰ ਸਲੀਕੇ ਨਾਲ ਸਮਝਣ ਵੱਲ ਵਧਿਆ ਜਾਂਦਾ | ਪਰ ਖੈਰ ਇਹੀ ਤਾਂ ਇਸ ਕਿੱਸੇ ਦੀ ਖੂਬਸੂਰਤੀ ਹੈ ਕਿ ਪਾਠਕ ਦੀ ਹੁਣ ਤੱਕ ਦੀ ਸਾਹਿਤਕ ਸਮਝ ਦੇ ਮੁਤਾਬਿਕ ਇਸ ਕਿਤਾਬ ਨੂੰ ਪੜ੍ਹਨ ਦੀ ਗਲਤੀ ਦਾ ਖਮਿਆਜਾ ਇਸ ਕਿਤਾਬ ਦੇ ਅਸਲ ਤੰਤ ਨੂੰ ਨਾ ਸਮਝ ਪਾਉਣ ਦੇ ਰੂਪ ਵਿੱਚ ਹੋਊਗਾ | ਜਿੰਨੀ ਵੀ ਅਣਗਹਿਲੀ ਇਸਨੂੰ ਪੜ੍ਹਨ ਸਮੇਂ ਹੋਏਗੀ,ਕਹਾਣੀ ਓਨੀ ਹੀ ਵਿਗੜਦੀ ਜਾਏਗੀ...ਪਰ, ਇਹ ਵਿਗੜਨ ਵਿੱਚ ਕਹਾਣੀ ਮਾੜੀ ਬਿਲਕੁਲ ਨਹੀਂ ਹੋਏਗੀ,ਸਗੋਂ ਖਾਸ ਤੋਂ ਆਮ ਹੋ ਜਾਏਗੀ ! ਇੱਕ ਪਾਸੇ ਜਿਹਨੂੰ ਇਹ ਕਹਾਣੀ ਵਿੱਚ ਦਿਲਚਸਪੀ ਬੱਝ ਗਈ, ਉਹਦੇ ਲਈ ਇਹਦੇ ਅੰਦਰ ਆਪਣੇ ਆਮ ਜੀਵਨ ਢਾਂਚੇ ਦੀ ਪੁਨਰ-ਸਮੀਖਿਆ ਦਾ ਹੌਸਲਾ ਵੀ ਹੋਏਗਾ ਅਤੇ ਸ਼ਾਇਦ ਸਰਕਾਰੀ ਅਤੇ ਗੈਰ ਸਰਕਾਰੀ ਸਾਜਿਸ਼ ਸਮਝਣ ਵੱਲ ਦਿਲਚਸਪੀ ਵੀ ਜਾਗ੍ਰਿਤ ਹੋਏਗੀ, ਪਰ ਜਿਹਨੂੰ ਇਸ ਕਹਾਣੀ ਵਿੱਚ ਕੁਝ ਨਾ ਮਿਲਿਆ ਉਹਦੇ ਲਈ ਇਹ ਨਿਰੋਲ ਆਮ ਸਧਾਰਨ ਨਾਵਲ ਇੱਕ ਕਮਜ਼ੋਰ ਕਹਾਣੀ ਵਾਂਗ ਲੱਗ ਸਕਦੀ ਹੈ |
ਇਹ ਇੱਕ ਯਾਦਗਾਰ ਦਾ ਖੰਡਹਰ ਹੈ,
ਜੀ ਇੱਕ ਨੀਰ ਤੋਂ ਵਿਹੂਣਾ ਸਮੰਦਰ ਹੈ !
ਉਹ ਮੰਜ਼ਿਲ ਵੀ ਸਿਫ਼ਰ ਤੋਂ ਸੱਖਣੀ ਏ,
ਜੋ ਬਾਹਰੋਂ ਵੱਖ ਅਤੇ ਹੋਰ ਹੀ ਅੰਦਰ ਹੈ !'
'ਸਿਫ਼ਰਨਾਮਾ' ਪੜ੍ਹਨ ਵਾਲਿਆਂ ਨੂੰ ਇਹ ਗੱਲ ਭਾਵੇਂ ਅਜੀਬ ਲੱਗੇ, ਪਰ ਗਲਪ ਦੀ ਸੰਵੇਦਨਾ ਜਦੋਂ ਪੰਜਾਬੀ ਸਾਹਿਤ ਵਿੱਚ ਪੁਨਰ ਨਿਰੀਖਣ ਅੰਦਰ ਆਏਗੀ ਓਦੋਂ ਸਿਫ਼ਰਨਾਮਾ ਇੱਕ ਵੱਖਰੀ ਮੌਲਿਕ ਅਹਿਮੀਅਤ ਰੱਖਣ ਜਾ ਰਿਹਾ ਹੈ, ਗਲਪ-ਵੇਦ ਵੱਲ ਕਦਮ ਕਿਵੇਂ ਵਧਣਗੇ, ਇਹ ਗੱਲ ਭਵਿੱਖ ਦੀ ਧੁੰਦਲੀਆਂ ਰਾਹਾਂ ਉੱਤੇ ਤੁਰਦਿਆਂ ਪਤਾ ਲੱਗੇਗਾ !"
ਕਹਾਣੀ ਸੁਣਾਈ ਜਾਣ ਲੱਗੀ, ਲੇਖਕ ਸੁਣ ਰਿਹਾ ਹੈ...ਪੰਜ ਕਿੱਲ੍ਹੇ ਜਮੀਨ ਨਾਲ ਅੰਮ੍ਰਿਤਸਰ ਵਿੱਚ ਕਿਰਸਾਣੀ ਕਰਕੇ ਘਰ ਦਾ ਨਿਰਵਾਹ ਕਰ ਰਿਹਾ ਅਤੇ ਪਿੰਡ ਵਿੱਚ ਵੱਡਾ ਜ਼ਮੀਂਦਾਰ ਸਰਪੰਚੀ ਨੂੰ ਆਪਣੇ ਘਰ ਦੀ ਜਾਇਦਾਦ ਸਮਝਣ ਵਾਲਾ ਵਿਅਕਤੀ...ਦੋ ਬਰਾਬਰ ਦੀ ਧਿਰਾਂ ਨੇ ਜਿਹਨਾਂ ਵਿੱਚ ਟਕਰਾਅ ਨਾ ਤਾਂ ਜਮੀਨਾਂ ਦੀ ਬਰਾਬਰੀ ਕਰਨ ਦਾ ਅਤੇ ਨਾ ਹੀ ਦੋਹਾਂ ਧਿਰਾਂ ਦੇ ਮੁੱਖ ਬੰਦਿਆਂ ਦੀ ਕੋਈ ਮੂੰਹ ਮੁਲਾਹਜ਼ੇਦਾਰੀ ਵੀ ਬੁਰੀ ਨਹੀਂ ਸੀ | ਚੌਧਰੀ ਨਛੱਤਰ ਸਿੰਘ ਜਿਹੜਾ ਕਿ 15 ਕਿੱਲ੍ਹੇ ਜਮੀਨ ਵਾਹੁੰਦਾ ਸੀ, ਪੰਜ ਕਿੱਲ੍ਹੇ ਖੇਤੀ ਵਿੱਚ ਪਿੰਡ ਦੇ ਬੰਦੇ ਨੂੰ ਦਿੱਤੀ ਹੋਈ ਸੀ ਜਿਸਨੂੰ ਉਹ ਓਸੇ ਤਰਜ਼ ਉੱਤੇ ਵਾਹੁੰਦਾ ਸੀ ਜਿਹੜੀ ਤਕਨੀਕ ਪੰਜ ਕਿੱਲ੍ਹੇ ਦੀ ਨਾਲ ਵਾਲੀ ਪੈਲੀ ਦੇ ਮਾਲਕ ਗੁਰਚਰਨ ਸਿੰਘ ਨੇ ਵਰਤੀ ਸੀ, ਕਹਾਣੀ ਵਿੱਚ ਇਸ ਵਿਸਤਾਰ ਅੰਦਰ ਕੋਈ ਵੇਰਵਾ ਨਹੀਂ ਕਿ ਫਸਲੀ ਚੱਕਰ ਕਿਵੇਂ ਕਿਹੜੇ ਵਰਤੇ ਗਏ, ਬੱਸ ਇਸ਼ਾਰੇ ਮਾਤਰ ਵਹਿੰਦੀ ਜਾ ਰਹੀ ਹੈ... ਵਿਸਾਖੀ ਦੇ ਮੰਜ਼ਰ ਦੀ ਤਿਆਰੀ ਸੀ, ਕਹਾਣੀ ਸ਼ੁਰੂ ਹੁੰਦੀ ਹੈ 12 ਅਪ੍ਰੈਲ ਤੋਂ, ਜਿਸਦੇ ਬਾਰੇ ਸਪਸ਼ਟ ਰੂਪ ਵਿੱਚ ਵੱਡਾ ਜ਼ਮੀਂਦਾਰ ਅਤੇ ਸਰਪੰਚ, ਚੌਧਰੀ ਆਨੰਦਪੁਰ ਸਾਹਿਬ ਦੇ ਆੜ੍ਹਤੀ ਅਤੇ ਸਿਆਸੀ ਸ਼ਖਸੀਅਤ ਸਰਦਾਰ ਹਰਨਾਮ ਸਿੰਘ ਦੇ ਮੁਨਸ਼ੀ ਤਰਸੇਮ ਸਿੰਘ ਨੂੰ ਆਪਣੀ ਕਿਰਸਾਣੀ ਦੀ ਚੌਧਰ ਵਿੱਚ ਵਪਾਰ ਦੀ ਬਿਖੜੀ ਨੀਤੀ ਨੂੰ ਵਰਤਣ ਲੱਗਿਆ ਸੀ..!? ਜੱਟ ਦੀ ਵਾਹੀਆਂ ਲੀਕਾਂ ਢਾਹੁਣ ਨੂੰ ਬੇਜ਼ਮੀਨ ਕਰਦੀ ਜ਼ਹਿਰੀ ਅੱਖਾਂ ਦੇ ਕਹਿਰ ਨੂੰ ਸੱਦੇ ਜਦੋਂ ਕਿਸੇ ਇਕੱਲੇ ਜੱਟ ਦੇ ਦੂਸਰੇ ਕਾਫਲੇ ਦੇ ਮੂਹਰੇ ਇੱਕ ਸੀਰੀ ਡੱਟ ਕੇ ਖੜ੍ਹੋਤਾ ਤਾਂ ਇੱਕ ਸੀਰੀ ਵਿੱਚੋਂ ਨਵਾਂ ਦੈਂਤ ਵਰਗਾ ਕਿਰਦਾਰ ਉਭਰਦਾ ਹੈ ਜਿਹਦਾ ਨਾਮ ਹਰਚਰਨ ਸਿੰਘ ਸਾਹਮਣੇ ਆਇਆ, ਪਿੰਡ ਵਿੱਚ ਧਰਮਾ ਸੀਰ੍ਹੀ ਵਜੋਂ ਜਾਣਿਆ ਜਾਂਦਾ ਸੀ ਪਰ ਜਿਸ ਦਿਨ ਇਹ ਗੱਲ ਉੱਠੀ ਕਿ ਚੌਧਰੀ ਨਛੱਤਰ ਸਿੰਘ ਵੱਲੋਂ ਗੁਰਚਰਨ ਸਿੰਘ ਦੀ ਪੱਕੀ ਫਸਲ ਬਰਬਾਦ ਕਰਨ ਲਈ ਅਵਾਰਾ ਗਾਵਾਂ ਬਲਦਾਂ ਦਾ ਵੱਗ ਤੋਰਿਆ ਅਤੇ ਮਗਰੋਂ ਚੱਲੀ ਗੋਲੀ ਵਿੱਚ ਚੌਧਰੀ ਦੇ ਸਾਲੇ ਦੀ ਮੌਤ ਹੋਈ ਤਾਂ ਦੱਬੇ ਵਿੱਸਰੇ ਕਿੱਸਿਆਂ ਦੀ ਇੱਕ ਪੰਡ ਖੁੱਲਦੀ ਹੈ ਜਿਸਦੀ ਵਿਆਖਿਆ ਮੁਕੰਮਲ ਸਿਫ਼ਰਨਾਮਾ ਹੈ !
ਹੁਣ ਚੱਲ ਕਿ ਰਿਹਾ ਹੈ?
ਜੱਟਾਂ ਦੀ ਲੜਾਈ ਕਦੇ ਵੀ ਇੱਕਪਾਸੜ ਨਹੀਂ ਹੋਈ, ਕਿਤੇ ਨਿੱਕੀ ਮੋਟੀ ਖਾਰ ਕੰਮ ਕਰਦੀ ਹੈ, ਕਿਧਰੇ ਪੀੜ੍ਹੀਆਂ ਬੱਧੇ ਵੈਰ ਅਤੇ ਕਿਧਰੇ ਆਂਢ ਗੁਆਂਢ਼ੇ ਝਗੜੇ,ਹੁਣ ਵੇਖਣਾ ਇਹ ਬਣਦਾ ਕਿ ਨਿਰੀਖਣ ਕਿਹੜੀ ਅੱਖ ਕਰਦੀ ਹੈ ? ਇਸ ਮਸਲੇ ਉੱਤੇ ਪਹਿਲਾ ਨਿਰੀਖਣ ਕਰਤਾਰ ਸਿੰਘ ਵੱਲੋਂ ਹੋਇਆ ਜਿਹੜਾ ਪਿੰਡ ਦਾ ਸਾਬਕਾ ਸਰਪੰਚ ਵੀ ਰਿਹਾ ਅਤੇ ਰਿਟਾਇਰ ਫੌਜੀ ਵੀ, ਆਪਣੀ ਖੇਤੀ ਠੇਕੇ ਉੱਤੇ ਜਮੀਨਾਂ ਵਾਹੁਣ ਦੇਂਦਾ ਸੀ ਅਤੇ ਜਿਹੜੀ ਪੈਲੀ ਉੱਤੇ ਚੌਧਰੀ ਨਛੱਤਰ ਸਿੰਘ ਦੀ ਅੱਖ ਸੀ ਉਹਨੂੰ ਗੁਰਚਰਨ ਸਿੰਘ ਨੂੰ ਵਾਹੁਣ ਲਈ ਦੇ ਦਿੱਤੀ, ਪੰਜ ਕਿੱਲ੍ਹੇ ਦਾ ਰਕਬਾ ਗੁਰਚਰਨ ਸਿੰਘ ਨੇ ਫਸਲਾਂ ਦੀ ਆਮਦਨ ਵਿੱਚੋਂ ਹੀ ਆਪਣੇ ਨਾਮ ਕਰਵਾ ਲਿਆ ਅਤੇ ਬਿਨ੍ਹਾਂ ਕਰਜ਼ੇਦਾਰੀ ਦੇ ਉਹਨੇ ਸੋਹਣਾ ਨਫ਼ਾ ਵੱਟਿਆ, ਚੌਧਰੀ ਗਾਹੇ ਬਗਾਹੇ ਆਪਣੀ ਖਾਨਦਾਨੀ ਚੌਧਰ ਨੂੰ ਬਰਕਰਾਰ ਰੱਖਣ ਲਈ ਵਿਆਜ ਦੇ ਨਾਲ ਪੈਸੇ ਦੇਣ ਦਾ ਕੰਮ ਚੰਗੀ ਮੋਟੀ ਕਮਾਈ ਲਈ ਕਰਦਾ ਸੀ | ਸਮਾਂ ਆਪਣੀ ਤੋਰ ਬਦਲਦਾ ਹੈ ਅਤੇ ਚੌਧਰੀ ਤੇ ਗੁਰਚਰਨ ਸਿੰਘ ਦਰਮਿਆਨ ਖਟਾਸ ਪੈਣ ਦਾ ਕਾਰਨ ਇਹੀ ਸੀ ਕਿ ਇਹਨੂੰ ਬੇਈਮਾਨ ਵਪਾਰੀ ਕਹਿ ਕੇ ਓਸਨੇ ਸਹੁੰ ਪਾਈ ਕਿ ਚੌਧਰੀ ਕੋਲੋਂ ਪੈਸਾ ਨਹੀਂ ਲੈਣਾ, ਭਾਵੇਂ ਲੱਖ ਤੰਗੀ ਆਵੇ....ਤੰਗੀ ਆਈ ਅਤੇ ਓਸਦੇ ਕਰਕੇ ਹੀ ਇਸ ਕਹਾਣੀ ਦੇ ਆਰੰਭ ਹੋਣ ਦਾ ਸਬੱਬ ਬਣਿਆ ! ਪਰ ਗੱਲ ਸਾਰੀ ਆਪਸੀ ਲੜਾਈ ਵਾਲੀ ਕਦੇ ਵੱਡੇ ਪੈਮਾਨੇ ਵਿੱਚ ਲੜਾਈ ਨਹੀਂ ਸਗੋਂ ਕਾਫੀ ਸਾਰੇ ਭੇੜ ਭਿੜਦੇ ਲੋਕਾਂ ਦੀ ਹੈ, ਇੱਥੇ ਵੀ ਚੌਧਰੀ ਨਛੱਤਰ ਸਿੰਘ, ਕਰਤਾਰ ਸਿੰਘ, ਗੁਰਚਰਨ ਸਿੰਘ ਅਤੇ ਹਰਚਰਨ ਸਿੰਘ ਸਿਰਫ ਚਾਰ ਸ਼ਖਸ ਨਹੀਂ ਹਨ ਬਲਕਿ ਇੱਕ ਵੱਡੀ ਲੜਾਈ ਦੇ ਸੂਤਰਧਾਰ ਨੇ !
ਗੁਰਚਰਨ ਸਿੰਘ - ਖਾਲਸਾ ਕਾਲਜ ਤੋਂ ਬਰਖਾਸਤ ਹੋਇਆ ਪ੍ਰੋਫੈਸਰ ਸੀ, ਜਿਹੜਾ ਕਿਸੇ ਸਮੇਂ ਵਿੱਚ ਜੇਲ੍ਹ ਕੱਟ ਕੇ ਆਪਣੀ ਨਵੀਂ ਜ਼ਿੰਦਗੀ ਅਜਮਾਉਣ ਪਤਨੀ ਅਤੇ ਬੱਚਿਆਂ ਨਾਲ ਇਸ ਮਹਿਲਾਂਵਾਲੀ ਦੇ ਦਾਨੇ ਮਿਲਖੇ ਪਿੰਡ ਵਿੱਚ ਵੇਬਾ ਆਣ ਕੀਤਾ ਸੀ, ਕਰਤਾਰ ਸਿੰਘ ਓਸ ਵੇਲੇ ਪਿੰਡ ਦਾ ਸਰਪੰਚ ਹੁੰਦਾ ਸੀ ! ਓਹਨੇ ਗੁਰਚਰਨ ਸਿੰਘ ਦੀ ਕਾਬਿਲੀਅਤ ਨੂੰ ਜਾਣਦਿਆਂ ਪਿੰਡ ਦੇ ਪੰਚਾਇਤੀ ਕੰਮਾਂ ਵਿੱਚ ਆਪਣੇ ਨਾਲ ਰੱਖਣਾ ਸ਼ੁਰੂ ਕੀਤਾ ਜਿਸਨੂੰ ਚੌਧਰੀ ਨਛੱਤਰ ਸਿੰਘ ਨੇ ਕਦੇ ਇਉਂ ਬਾਹਰੀ ਤੌਰ ਤੇ ਨਫਰਤ ਨਹੀਂ ਸੀ ਵਿਖਾਈ, ਦੂਜੇ ਪਾਸੇ ਨਛੱਤਰ ਸਿੰਘ ਦੀ ਨੇੜਤਾ ਵਿੱਚ ਸਕੂਲ ਦਾ ਪ੍ਰਿੰਸਿਪਲ ਰੇਸ਼ਮ ਸਿੰਘ ਸੀ ਜਿਸ ਨਾਲ ਚੱਲਦੇ ਵਾਰਤਾਲਾਪਾਂ ਅਤੇ ਚੌਧਰਾਣੀ ਗੁਲਨਾਜ਼ ਕੌਰ ਦੇ ਸਕੂਲ ਵਿੱਚ ਅਧਿਆਪਿਕਾ ਤੋਂ ਫ਼ਾਰਿਗ ਹੋਣ ਦੀ ਗੱਲ ਕਹਾਣੀ ਵਿੱਚ ਬਹੁਤ ਘੱਟ ਜ਼ਿਕਰ ਹੈ, ਪਰ ਇੰਨੀ ਕੁ ਕਹਾਣੀ ਨੇ ਸਾਰੀ ਕਹਾਣੀ ਦਾ ਮੁਹਾਂਦਰਾ ਤੈਅ ਕਰਨਾ ਹੈ ! ਪਹਿਲੀ ਘਟਨਾ ਵਿੱਚ ਜਦੋਂ ਹਰਚਰਨ ਸਿੰਘ ਨੂੰ ਕੈਦ ਹੋਈ ਓਦੋਂ ਗੁਰਚਰਨ ਸਿੰਘ ਦਾ ਸਫਰ ਨਵੇਂ ਮੋੜ ਵਿੱਚ ਗਿਆ ਓਦੋਂ ਧਨਾਢ ਬਦਲ ਗਿਆ, ਸੀਰੀ ਧਰਮਾ ਪੰਝੀ ਕਿੱਲ੍ਹੇ ਜਮੀਨ ਦਾ ਮਾਲਕ ਸੀ, ਉਸਦੀ ਕਹਾਣੀ ਵਿੱਚ ਹੋਂਦ ਕੀ ਅਤੇ ਕਿੱਥੋਂ ਤੱਕ ਹੈ, ਇਹਨੂੰ ਨਾਪਦੇ ਹੋਏ ਹਾਲੇ ਕਹਾਣੀ ਵਿੱਚ ਦਿਲਚਸਪੀ ਰੱਖਣਾ ਬਾਕੀ ਹੈ !
ਚੌਧਰੀ ਨਛੱਤਰ ਸਿੰਘ - ਪਿੰਡ ਦੀ ਸਰਪੰਚੀ ਤੋਂ ਉੱਭਰਿਆ ਕਿਰਦਾਰ ਇੱਕ ਖਲਨਾਇਕ ਦਿੱਖ ਵਿੱਚ ਨਜ਼ਰੀਂ ਆਉਂਦਾ ਵਿੱਚ ਵਿਚਾਲੇ ਜਿਸ ਅੰਦਾਜ਼ ਤੋਂ ਫੈਸਲੇ ਅਤੇ ਵਿਉਹਾਰ ਕਰਦਾ ਹੈ ਓਸਦੇ ਸਿੱਟੇ ਵਜੋਂ ਇਹ ਕਹਿਣਾ ਪਏਗਾ ਕਿ ਚੌਧਰੀ ਨਛੱਤਰ ਸਿੰਘ ਇੱਕ ਅਲਪਕਾਲੀ ਕਿਰਦਾਰ ਵਿੱਚ ਨਜਰ ਆਇਆ ਜਿਸਨੂੰ ਕਹਾਣੀ ਦੇ ਅਗਲੇਰੇ ਹਿੱਸੇ ਨਾਲ ਜੋੜ ਕੇ ਰੱਖਣ ਲਈ ਇਹ ਕਹਿ ਸਕਦੇ ਹਾਂ ਕਿ, ਗੁਲਨਾਜ਼ ਕੌਰ ਦਾ ਪਤੀ, ਦਮਨਜੀਤ ਸਿੰਘ ਅਤੇ ਗਗਨਦੀਪ ਸਿੰਘ ਦਾ ਬਾਪੁ ਸੀ...ਇਹੀ ਯਾਦ ਰੱਖ ਕੇ ਅੱਗੇ ਵਧੀਏ !
ਸਰਦਾਰ ਹਰਨਾਮ ਸਿੰਘ - ਆਨੰਦਪੁਰ ਸਾਹਿਬ ਵਿੱਚ ਆੜ੍ਹਤੀ, ਵੱਡਾ ਜ਼ਮੀਂਦਾਰ, ਕਿਸਾਨ ਯੂਨੀਅਨ ਦੇ ਪ੍ਰਧਾਨ, ਵਿਧਾਇਕ ਦੇ ਅਹੁਦੇ ਦਾ ਮਾਲਕ..ਅਤੇ ਸਭ ਤੋਂ ਖਾਸ ਤੇ ਅਜੀਬ ਗੱਲ, ਧਰਮੇ ਸੀਰੀ ਦਾ ਸਹੁਰਾ ਵੀ ਹੈ, ਇਸਦਾ ਸਾਰਾ ਪ੍ਰਕਰਣ ਸਿਫ਼ਰਨਾਮੇ ਦੇ ਪਹਿਲੇ ਭਾਗ ਤੱਕ ਹੀ ਰਿਹਾ, ਜਿਸ ਵਿੱਚ ਗੁਰਚਰਨ ਸਿੰਘ ਨੂੰ ਕਰਜਾ ਦੇ ਕੇ ਉਸਦੀ ਪੱਕੀ ਫਸਲ ਨੂੰ ਚੌਧਰੀ ਨਛੱਤਰ ਸਿੰਘ ਰਾਹੀਂ ਬਰਬਾਦ ਕਰਵਾਉਣ ਦੀ ਅਸਫਲ ਕੋਸ਼ਿਸ਼ ਕੀਤੀ ਜਿਸਤੋਂ ਬਾਅਦ ਘਟਨਾਕ੍ਰਮ ਅਤੇ ਅਤੀਤ ਅੱਗੇ ਵਧਣ ਦੇ ਨਾਲ ਪਿੱਛੇ ਨੂੰ ਵੀ ਫੈਲਦੇ ਜਾ ਰਹੇ ਨੇ ! ਪਿਛੋਕੜ ਤੋਂ ਵਰਤਮਾਨ ਤੱਕ ਅੱਪੜਦੇ ਹੋਏ ਹਰਨਾਮ ਸਿੰਘ ਨੂੰ ਲਾਹੌਰ ਤੱਕ ਧਿਆਨ ਦੇਣਾ ਪਿਆ...ਉਹ ਵੀ ਅਛੋਪਲੇ !?
ਸੁਰਜੀਤ ਸਿੰਘ - ਸਰਦਾਰ ਹਰਨਾਮ ਸਿੰਘ ਦਾ ਪੁੱਤਰ, ਉੱਘਾ ਵਕੀਲ ਅਤੇ ਸਿਆਸਤ ਦੀ ਬਰੂਹਾਂ ਉੱਤੇ ਭਟਕਦਾ ਹੋਇਆ ਵਜ਼ੀਰ, ਜਿਸਦੀ ਵਜ਼ਾਰਤ ਪਹਿਲੋਂ ਆਪਣੇ ਬਾਪੂ ਦੀ ਅਛੋਪਲੀ ਨੀਤੀਆਂ ਦੇ ਡੰਗ ਸਹਾਰਦਿਆਂ ਬੀਤੀ ਅਤੇ ਦੂਜੀ ਕਹਾਣੀ ਆਪਣੀ ਭੈਣ ਦੇ ਪਰਿਵਾਰ ਨੂੰ ਲੱਭਦਿਆਂ ਲੰਘੀ !ਸੁਰਜੀਤ ਸਿੰਘ ਦਾ ਜਿਵੇਂ ਕਿੱਤਾ ਦੁਵਿਧਾਗ੍ਰ੍ਸਤ ਹੈ ਪੂਰੇ ਕਿੱੱਸੇ ਵਿੱਚ, ਜਿਵੇਂ ਓਸਦਾ ਜੀਵਨ ਤੌਖਲੇ ਵਿੱਚ ਲੰਘਦਾ ਰਿਹਾ ਓਵੇਂ ਹੀ ਓਸਦਾ ਸੁਭਾਅ ਦੁਵਿਧਾ ਭਿੱਜਿਆ ਸੀ, ਉਹਨੇ ਆਪਣੀ ਕਾਬਿਲੀਅਤ ਉੱਤੇ ਭਰੋਸਾ ਕਰਦਿਆਂ ਹਮੇਸ਼ਾ ਇਹ ਗੱਲ ਮੂਹਰੇ ਰੱਖੀ ਕਿ "ਕਰਾਂ ਜਾਂ ਨਾ" !? ਇਸੇ ਦੁਵਿਧਾ ਅੰਦਰ ਕਾਫੀ ਸਾਰੇ ਨੁਕਸਾਨ ਉਸਨੇ ਆਪਣੇ ਅਤੇ ਸਮਾਜ ਦੇ ਲਈ ਬਰਦਾਸ਼ਤ ਕੀਤੇ !
ਹਰਚਰਨ ਸਿੰਘ - ਹੁਣ ਤੱਕ ਦੀ ਲਿਖੀ ਇਬਾਰਤ ਸਿਫ਼ਰਨਾਮਾ ਵਿੱਚ ਸਿਫ਼ਰ ਅੱਖਰ ਦੇ ਰਹੱਸਵਾਦ ਨੂੰ ਅੱਗੇ ਲਿਆਉਣ ਵਾਲਾ ਸੂਤਰਧਾਰ ਵਿਅਕਤੀ, ਜਿਸਦੇ ਬਹੁਤ ਸਾਰੇ ਪੱਖ ਨਜ਼ਰੀਂ ਆਉਣਗੇ, ਹਰ ਕਦਮ ਸ਼ੱਕੀ ਅਤੇ ਜਿਸਦਾ ਹਰ ਬੋਲ ਬਹੁਤ ਸਾਰੇ ਲਫਜਾਂ ਨੂੰ ਸਮੇਟਦਾ ਹੈ ! ਦਿਲਚਸਪੀ ਰੱਖਣਾ ਜਰਾ ਟਿਕ ਕੇ...ਬਹੁਤ ਕੁਝ ਨਜ਼ਰੀਂ ਆਏਗਾ ਇਸ ਹਰਚਰਨ ਸਿੰਘ ਉਰਫ ਧਰਮੇ ਸੀਰੀ ਵਿੱਚ ! ਚਾਨਣ ਰੰਗੇ ਰਾਤਾਂ ਦੇ ਪਿਛਲੇ ਪਹਿਰ ਨੂੰ ਕਿਹੜੀਆਂ ਵਿਉਂਤਾਂ ਬਣਾਉਂਦੇ ਨੇ ਇਸਦੀ ਖਬਰ ਦਿਨ ਦੇ ਦੀਵਿਆਂ ਨੂੰ ਨਹੀਂ ਹੁੰਦੀ ਅਤੇ ਦਿਨ ਦੇ ਚਾਨਣ ਵਿੱਚ ਸਿਰਫ ਅਤੇ ਸਿਰਫ ਹੱਸਿਆ ਜਾਂ ਫਿਰ ਰੋਇਆ ਹੀ ਜਾ ਸਕਦਾ!
ਇਸ ਖੇਡ ਵਿੱਚ ਹਾਰਨਾ ਜਿੱਤਣਾ ਹਾਸ਼ੀਏ ਵਿੱਚ ਵੀ ਰੱਖਣ ਦੀ ਰਤਾ ਭਰ ਵੀ ਲੋੜ ਨਹੀਂ ਕਿਉਂਕਿ ਇਹ ਧਾਰਾਪ੍ਰਵਾਹ ਧਾਰਾਵਾਹਿਕ ਹੈ ਜਿਸਨੂੰ ਸਮਝਣ ਦੇ ਪੈਮਾਨੇ ਵੱਖਰੇ ਅਤੇ ਬਿਆਨ ਕਰਨ ਦੀ ਤਰਜ਼ ਬੇਹੱਦ ਵੱਖਰੀ, ਜਿਹਨਾਂ ਵਿੱਚੋਂ ਇੱਕ ਤਰਜ਼ ਹੁਣ ਬਿਆਨ ਕਰਨ ਜਾ ਰਿਹਾਂ ਜੋਕਿ ਇਸ ਲੇਖ ਦੇ ਮੁੱਖ ਮਕਸਦ ਦਾ ਹਿੱਸਾ ਹੈ !
......ਪਰ ਇਹ ਕਹਾਣੀ ਸਿਫ਼ਰਨਾਮਾ ਭਾਗ ੧ ਵਿੱਚ ਦਫਨ ਹੀ ਹੋ ਗਈ ਸੀ, ਕਿਉਂਕਿ ਇਹ ਉਸ ਸ਼ਾਯਰ ਦਾ ਸੁਪਨਾ ਮਾਤਰ ਸੀ, ਅਛੋਪਲੇ ਭਾਵਾਂ ਦਾ ਖਵਾਬ ਜਿਹੜਾ ਪਤਾ ਨਹੀਂ ਕਿਵੇਂ ਕਿੱਥੋਂ ਉਪਜੇ ਅਤੇ ਕਿੱਥੇ ਅਲੋਪ ਹੋਏ ? ਇਸ ਸਵਾਲ ਦਾ ਜਵਾਬ ਦੇਣ ਦੀ ਪੂਰੀ ਇਬਾਰਤ ਦਾ ਨਾਮ ਹੈ ਸਿਫ਼ਰਨਾਮਾ ੨ ਭਾਵ "ਗੁਲਾਬੀ ਤਾਰੇ" !!!
'ਸਿਫ਼ਰਨਾਮਾ' ਪ੍ਰਸ਼ਾਸਨਿਕ ਇਕਾਈਆਂ ਦੇ ਬਦਲ ਨੂੰ ਮੰਗਦਾ ਦਸਤਾਵੇਜ਼ !
"ਕਿਰਸਾਣੀ ਖੇਤਰ ਅਤੇ ਆੜ੍ਹਤੀ ਖੇਤਰ" ਵਿੱਚ ਬੇਈਮਾਨੀ, ਬੇਇੰਸਾਫੀ ਅਤੇ ਭ੍ਰਿਸ਼ਟਾਚਾਰ ਨੇ ਲੱਖਾਂ ਛੋਟੇ ਕਿਰਸਾਨਾਂ ਦੀ ਜਾਨਾਂ ਦਾ ਵੱਡਾ ਘਾਣ ਕੀਤਾ ਜਿਸਦਾ ਅਧਿਕਾਰਿਤ ਰੂਪ ਵਿੱਚ ਕੋਈ ਵੀ ਉਲੇਖ ਨਹੀਂ ਹੋ ਸਕਦਾ,ਕਾਰਨ ਇਸਦਾ ਬੇਹੱਦ ਵਾਜਿਬ ਹੈ ! ਅਰਾਜਕਤਾ ਤੋਂ ਪਹਿਲਾਂ ਸਮਾਜ ਨੂੰ ਪਹਿਲੋਂ ਆਤਮ-ਕੇਂਦਰਤ ਘੇਰੇ ਵਿੱਚ ਬੰਨ੍ਹ ਕੇ ਉਹਦੇ ਸੁਭਾਵਿਕ ਜੀਵਨ-ਸ਼ੈਲੀ ਦੇ ਮਾਣਕਾਂ ਵਿੱਚ ਅਵੇਸਲਾਪਣ ਪਾ ਕੇ ਜਿਹੜੀਆਂ ਔਕੜਾਂ ਖੜ੍ਹੀਆਂ ਹੁੰਦੀਆਂ ਨੇ ਉਸਦਾ ਉਲੇਖ ਹੀ ਆਪੋ ਆਪਣੇ ਸਿਰ ਪਾ ਕੇ ਪਰਜਾ ਉਲਝਾ ਲਈ ਜਾਂਦੀ ਹੈ | ਉਸ ਉਲਝੀ ਹੋਈ ਪਰਜਾ ਦਾ ਉਲੇਖ ਹੀ ਸਿਫ਼ਰਨਾਮਾ - ੧ ਵਿੱਚ ਕੀਤਾ ਗਿਆ ਜਿਸ ਵਿੱਚ ਆੜ੍ਹਤੀ ਅਤੇ ਕਿਰਸਾਣ ਦੇ ਝਗੜੇ ਅਵਿਵਸਥਾ ਦੇ ਨਾਲ ਨਾਲ ਕਿਰਸਾਣੀ ਸਮਾਜ ਨਾਲ ਆੜ੍ਹਤੀਆਂ ਦੀ ਸਾਂਝ ਦਾ ਬਿਓਰਾ ਵੀ ਪ੍ਰਸੰਗਿਕਤਾ ਰੱਖਦਾ ਹੈ | ਇਹ ਹਾਰਿਆਂ ਦੀ ਖੇਡ ਹੈ ਜਿੱਥੇ ਜਿੱਤ ਮੱਚਦੇ ਅੰਗਿਆਰਾਂ ਵਿੱਚ ਵੀ ਹਾਰ ਦੇ ਰੂਪ ਅੰਦਰ ਮਿਲਦੀ ਹੈ...ਫਸਲੀ ਚੱਕਰ ਕਿਰਸਾਣ ਦਾ ਜਿੰਨਾ ਮਰਜ਼ੀ ਵਿਵਿਧਤਾ ਨਾਲ ਭਰਿਆ ਹੋਵੇ ਮੰਡੀ ਆਪਣੇ ਨਫੇ ਦੇ ਅਸੂਲ ਨੂੰ ਨਹੀਂ ਛੱਡ ਸਕਦੀ | ਉਸਦੀ ਕੱਚੇ ਅਸੂਲਾਂ ਦੀ ਸਿਆਸਤ ਨੂੰ ਭੰਨ੍ਹ ਕੇ ਸੁੱਟਣਾ ਹੋਵੇ ਤਾਂ ਪਹਿਲੋਂ ਨਿੱਜੀ ਲੜਾਈਆਂ ਤੋਂ ਉੱਪਰ ਉੱਠਣਾ ਪਏਗਾ ! ਪ੍ਰਸ਼ਾਸਨਿਕ ਖੇਤਰ ਵਿੱਚ ਜਦੋਂ ਨੌਕਰਸ਼ਾਹੀ ਆਪਣੇ ਅਸਲ ਵਜੂਦ ਉੱਤੇ ਰਾਸ਼ਟਰਵਾਦ ਨੂੰ ਤਰਜੀਹ ਦੇਂਦੀ ਹੈ ਇਸਦੇ ਕਰਕੇ ਹੀ ਪੰਜਾਬ ਵਿੱਚ ਲਹਿਰਾਂ ਉੱਠਣ ਵਿੱਚ ਅਤੇ ਢਹਿਣ ਵਿੱਚ ਭੋਰਾ ਦੇਰ ਨਹੀਂ ਕਰਦੀਆਂ ! ਸਿਫ਼ਰਨਾਮਾ - ੨ ਵਿੱਚ ਕਹਾਣੀ ਦੇ ਰਣਤੱਤੇ ਨੇ ਬੇਹੱਦ ਸੰਗੀਨ ਰਚਨਾ ਪੇਸ਼ ਕੀਤੀ ਹੈ ਜਿਸ ਵਿੱਚ ਸ਼ੁਰੁਆਤ ਹੀ ਖਾਲਸਾ ਕਾਲਜ ਦੇ ਸਟਾਫ਼ ਅੰਦਰ ਪ੍ਰੋਫੈਸਰ ਪਰਦੀਪ ਕੌਰ ਤੋਂ ਬਗਾਵਤ ਸ਼ੁਰੂ ਹੋ ਕੇ, ਲੇਖਕਾਂ ਅੰਦਰ ਪ੍ਰੋਫੈਸਰ ਚਰਨਪ੍ਰੀਤ ਸਿੰਘ ਦੇ ਰੂਪ ਵਿੱਚ ਬਗਾਵਤ ਅਤੇ ਵਕਾਲਤ ਵਿੱਚ ਐਡਵੋਕੇਟ ਅਮਨਪ੍ਰੀਤ ਸਿੰਘ ਦੇ ਰੂਪ ਵਿੱਚ ਤਰਥੱਲੀ ਮਚਾਉਂਦੇ ਕਿਰਦਾਰ ਦੀ ਪਹੁੰਚ ਨਿੱਤਰੀ ਜਿਸਦੇ ਨਾਲ ਹੀ ਪੰਚਾਇਤੀ ਰਾਜ ਐਕਟ ਵਿੱਚ ਫੇਰਬਦਲ ਦੇ ਦ੍ਰਿਸ਼ ਦੀ ਸੂਤਰਧਾਰ ਐਡਵੋਕੇਟ ਪਰਮਜੀਤ ਕੌਰ ਇਸ ਸਾਰੇ ਦੰਗਲ ਵਿੱਚ ਸੰੰਭਾਲ ਰਹੀ ਸੀ ਜਿਸਦੇ ਇੱਕ ਇੱਕ ਕਰਕੇ ਜਿਉਂਦੇ ਹੋਏ ਪਾਤਰ, ਪੂਰੀ ਕਹਾਣੀ ਦੇ ਮਸਲੇ ਸਾਹਮਣੇ ਆਏ ਅਤੇ ਇਸਨੂੰ ਸਾਹਮਣੇ ਲਿਆਉਣ ਵਿੱਚ ਜਿਹੜੇ ਸਰਕਾਰੀ ਢਾਂਚੇ ਦੀ ਹੋਂਦ ਨੂੰ ਖਤਰੇ ਦੀ ਤਸਦੀਕ ਜੋ ਹੋਈ ਉਹੀ ਇਸ ਨਾਵਲ ਦੀ ਵਿਲੱਖਣਤਾ ਹੈ ! ਇੱਕ ਪਾਸੇ ਤਾਂ ਉਹ ਧਿਰ ਜਿਹੜੀ ਰਾਣੀ ਗੁਲਨਾਜ਼ ਕੌਰ, ਮਹਿਲਾਂਵਾਲੀ ਤੋਂ ਵਿਧਾਇਕਾ, ਜਿਹੜੀ ਕਿ ਪੰਚਾਇਤੀ ਰਾਜ ਐਕਟ ੧੯੯੪ ਦੇ ਖਾਤਮੇ ਵਿੱਚ ਅਹਿਮ ਦਸਤਖਤ ਕਰ ਆਈ ਸੀ ਅਤੇ ਪੰਜਾਬ ਵਿੱਚ ਪੰਚਾਇਤੀ ਰਾਜ ਐਕਟ ਦੀ ਰਾਖੀ ਵਿੱਚ ਸਭ ਤੋਂ ਮੋਹਰੀ ਆਗੂ ਸੀ ਜਿਸਦੇ ਕਰਕੇ ਪੂਰੇ ਪੰਜਾਬ ਵਿੱਚ ਦੇਸ਼ ਭਰ ਦੇ ਕੁਝ ਹੋਰਨਾਂ ਅਹਿਮ ਸੂਬਿਆਂ ਬਰਾਬਰ ਤਣਾਅਪੂਰਨ ਵਿਰੋਧ ਮੁਜ਼ਾਹਰੇ ਹੋ ਰਹੇ ਸਨ | ਦੂਜੇ ਪਾਸੇ ਐਡਵੋਕੇਟ ਗੁਰਮੀਤ ਕੌਰ ਅਤੇ ਐਡਵੋਕੇਟ ਪਰਮਜੀਤ ਕੌਰ ਰੂਪੀ ਧੜਾ ਅਜਿਹਾ ਸੀ ਜਿਹੜਾ ਨਾ ਸਿਰਫ ਸੁਪ੍ਰੀਮ ਕੋਰਟ ਤੱਕ ਪੰਚਾਇਤੀ ਰਾਜ ਐਕਟ ਦੇ ਖਾਤਮੇ ਦੀ ਲੜਾਈ ਲੜ ਰਿਹਾ ਸੀ ਸਗੋਂ ਨਾਲ ਨਾਲ ਇੱਕ ਹੋਰ ਆਂਦੋਲਨ ਛੇੜਨ ਦੀ ਬਾਤ ਪਾਉਂਦਾ ਸੀ, ਉਸ ਧੜੇ ਵਿੱਚ ਵੀ ਸਿਰਫ ਇਹ ਦੋਵੇਂ ਬਚੀਆਂ ਸਨ ਅਤੇ ਅੱਗੇ ਦਾ ਸਫਰ ਵੀ ਟਕਰਾ ਅਧੀਨ ਇਹਨਾਂ ਦੋਹਾਂ ਦਾ ਸੀ, ਜਿਹਨਾਂ ਦੀ ਟਿੱਪਣੀ ਇੱਕ ਧਿਆਨ ਦੇਣ ਲਾਇਕ ਹੈ :-
"ਭੈਣੋਂ ਤੇ ਭਰਾਵੋ ਅੱਜ ਅਸੀਂ ਇਕੱਤਰ ਹੋਏ ਹਾਂ ਇੱਕ ਨਵੀਂ ਤਿਆਰੀ ਦੇ ਨਾਲ, ਇੱਕ ਅਜਿਹੀ ਜੰਗ ਜੀਹਦੇ ਵਿੱਚ ਲੜਾਈ ਹਕੂਮਤ ਨਾਲ ਨਹੀਂ...ਰਈਅਤ ਨਾਲ ਹੈ, ਅਵਾਮ ਨੂੰ ਅਵਾਮ ਨਾਲ ਸ਼ਾਂਤਮਈ ਹੋ ਕੇ ਜਿਉਣ ਦੀ ਲੜਾਈ ! ਵੈਸੇ ਇਹ ਕਿੰਨੀ ਅਜੀਬ ਗੱਲ ਨਹੀਂ...? ਕਿ ਸਾਨੂੰ ਸਾਡੇ ਹੱਕਾਂ ਦੀ ਲੜਾਈ ਵਿੱਚ ਉਲਝਦੇ ਉਲਝਦੇ ਸਦੀਆਂ ਬੀਤ ਗਈਆਂ, ਕਿੰਨੇ ਉਬਾਲ ਉੱਠੇ ਤੇ ਸਾਨੂੰ ਹੀ ਰੋੜ੍ਹ ਕੇ ਲੈ ਗਏ ? ਅੱਜ ਫੇਰ ਤੋਂ ਇੱਕ ਤੁਫਾਨ ਉੱਠਣ ਨੂੰ ਫਿਰਦਾ ਹੈ ਜਿਹੜਾ ਸਾਨੂੰ ਖਵਾਰੀਆਂ ਤੋਂ ਇਲਾਵਾ ਕੁਝ ਨਹੀਂ ਦੇਣ ਵਾਲਾ | ਕੀ ਕੋਈ ਦੱਸ ਸਕਦਾ ਹੈ ਕਿ ਆਖਿਰ ਅਸੀਂ ਹਾਂ ਕੌਣ ? ਕੁੱਤੇ, ਭਿਖਮੰਗੇ, ਤਰਸਪਾਤਰ ਯਾ ਫੇਰ ਬਿਲਕੁਲ ਲਾਚਾਰ ?? ਸਾਡੀ ਹਰ ਹਰਕਤ ਸਾਰੇ ਹੀ ਸਮਾਜ ਦੇ ਵਿਰੁੱਧ ਕਿਵੇਂ ਹੈ ? ਕਿਸਾਨ ਯੂਨੀਅਨਾਂ ਦੇ ਹੁੰਦਿਆਂ ਹੋਇਆਂ ਵੀ ਖੁਦਕੁਸ਼ੀਆਂ ਦੇ ਢੇਰ ਵਧੇ ਨੇ, ਐਗਰੀਕਲਚਰ ਯੂਨੀਵਰਸਿਟੀ ਦੇ ਹੁੰਦੇ ਹੋਇਆਂ ਵੀ ਕਿਰਸਾਣੀ ਦੀ ਗੁਣਵੱਤਾ ਤੇ ਕੁਦਰਤੀ ਸਰੋਤਾਂ ਵਿੱਚ ਜਹਿਰ ਫੈਲ ਗਿਆ ਇਹ ਗੱਲ ਕਿਹਨੂੰ ਨਹੀਂ ਪਤਾ ? ਆਖਰ ਸਾਨੂੰ ਭਾਵਨਾਤਮਕ ਗੱਲਾਂ ਤੇ ਭਾਵਨਾਤਮਕ ਅਤੀਤ ਵਿੱਚ ਲਿਜਾ ਕੇ ਕਿੱਥੇ ਸੁੱਟਣ ਨੂੰ ਤਿਆਰ ਰਹੇ ਨੇ ਸਾਰੇ ? ਪੰਚਾਇਤੀ ਰਾਜ ਅੰਦਰ ਸਾਡੇ ਅੱਧੇ ਤੋਂ ਜਿਆਦਾ ਨੌਜਵਾਨ ਅਨਪੜ੍ਹ ਨੇ, ਜਿਹੜੇ ਪੜ੍ਹਨ ਲਿਖਣ ਵਿੱਚ ਰੁੱਝੇ ਹੋਏ ਨੇ ਉਹਨਾਂ ਦੀ ਮੁਸ਼ਕਿਲਾਂ ਵਿੱਚ ਸਭ ਤੋਂ ਪਹਿਲੀ ਕੜੀ ਪੰਚਾਇਤਾਂ ਵਿਚਲਾ ਤਾਣਾ ਬਾਣਾ ਤੇ ਖੋਖਲਾ ਪ੍ਰਜਾਤੰਤਰ ਹੀ ਹੈ ! ਵੱਡੇ ਪ੍ਰ੍ਜਾਤੰਤਰ ਵਿੱਚ ਅਨਪੜ੍ਹ ਗੰਵਾਰ ਤੇ ਲਾਲਚੀ ਹੁਕਮਰਾਨ ਇਸੇ ਪੰਚਾਇਤੀ ਰਾਜ ਤੋਂ ਸ਼ੁਰੂ ਹੋ ਕੇ ਵਧਦੇ ਨੇ...ਸਾਰੇ ਸਕੂਲਾਂ ਕਾਲਜਾਂ ਵਿੱਚ ਇਸ ਛੋਟੇ ਤੇ ਮੁੱਢਲੇ ਪ੍ਰਸ਼ਾਸਨ ਦਾ ਦਬਦਬਾ ਬਣਿਆ ਹੋਇਆ ਜੀਹਦੇ ਵਿੱਚੋਂ ਨਿਕਲੀ ਹੋਈ ਮਾਨਸਿਕਤਾ ਔਹ ਸੜਕਾਂ ਉੱਤੇ ਮੁਜ਼ਾਹਰੇ ਕਰਨ ਜੋਗੀ ਦਿਸਦੀ ਹੈ | ਜਜ਼ਬਾ, ਕਾਬਿਲੀਅਤ ਅਤੇ ਜੁਨੂੰਨ ਕਿਸੇ 'ਚ ਵੀ ਘੱਟ ਨਹੀਂ ਪਰ ਸਬਰ ਅਤੇ ਸਹੀ ਦਿਸ਼ਾ ਵਿੱਚ ਇੱਕਸਾਰਤਾ ਨਹੀਂ ਆਉਣ ਦੇਂਦੇ ਸਾਡੇ ਸਮਾਜ ਦੇ ਇਹ ਕੋਹੜ੍ਹ ਭਿੱਜੇ ਪ੍ਰਸ਼ਾਸਨਿਕ ਅਦਾਰੇ...ਕੀ ਕਰਨਾ ਏ ਇਹਨਾਂ ਨੂੰ ? ਅਦਾਲਤਾਂ ਵੱਲੋਂ ਇਹ ਐਲਾਨ ਜੋ ਸਾਡੇ ਹਕੂਕਾਂ ਦੀ ਗਵਾਹੀ ਭਰਦੇ ਨੇ...ਇਹ ਸਾਡੀ ਮੰਜ਼ਿਲ ਨਹੀਂ | ਸਾਡੀ ਮੰਜਿਲ ਸਾਡੇ ਹੀ ਸਮਾਜ ਵਿੱਚ ਪਸਰੀ ਹੋਈ ਤੰਗਦਿਲੀ ਅਤੇ ਬੱਦਦਿਮਾਗ ਲੋਕਾਂ ਦੀ ਰਹਿਨੁਮਾਈ ਨੂੰ ਆਪਣੇ ਉਤੇ ਹਾਵੀ ਹੋਣੋਂ ਬਚਾਉਣਾ ਹੈ | ਮੈਂ ਇੱਕ ਵਾਰ ਫੇਰ ਤੋਂ ਯਾਦ ਦਵਾ ਰਹੀ ਹਾਂ...ਅਸੀਂ ਸਮਾਜ ਦੀ ਵਾਗਡੋਰ ਖੋਹਣ ਨਹੀਂ ਵੱਧ ਰਹੇ, ਅਸੀਂ ਸਿਰਫ ਨਾਲਾਇਕਾਂ ਦਾ ਬੋਝ ਸਿਰੋਂ ਲਾਹੁਣ ਦਾ ਬੀੜਾ ਚੁੱਕਿਆ ਹੈ ! ਅਸੀਂ ਹਾਰੀ ਹੋਈ ਮਾਨਸਿਕਤਾ ਨਹੀਂ ਮੰਨਦੇ, ਅਸੀਂ ਜੇਤੂ ਹੋ ਕੇ ਅੱਗੇ ਵਧਣ ਦੇ ਆਸਵੰਦ ਹਾਂ ! ਵੀਰੋ ਤੇ ਭੈਣੋਂ ਇਹ ਵੀ ਗੱਲ ਯਾਦ ਰੱਖੋ... ਵਿਰੋਧੀ ਕੋਲੋਂ ਸਾਡੀ ਜਿੱਤ ਬਰਦਾਸ਼ਤ ਨਹੀਂ ਹੋਣੀ, ਉਹਨਾਂ ਨੇ ਵਾਰ ਵਾਰ ਸਾਡੇ ਸਾਥੀ ਤੋੜਨੇ,ਮਾਰਨੇ ਅਤੇ ਖਵਾਰ ਕਰਨੇ ਹਨ ਤੇ ਇਹ ਗੱਲ ਵੀ ਸੱਚੀ ਹੈ ਕਿ ਸਾਡੀ ਕੋਸ਼ਿਸ਼ ਹਜੇ ਤੁਹਾਡੇ ਪ੍ਰਤੀ, ਤੁਹਾਡੇ ਪਰਿਵਾਰਾਂ ਪ੍ਰਤੀ ਸਹਾਈ ਨਹੀਂ ਹੋ ਸਕਦੀ | ਪਰ ਇਹ ਜੰਗ ਸਭ ਦੀ ਨਿੱਜੀ ਜੰਗ ਵਰਗੀ ਵੀ ਹੈ...."
(ਐਡਵੋਕੇਟ ਪਰਮਜੀਤ ਕੌਰ, ਗੁਲਾਬੀ ਤਾਰੇ, ਸਫ਼ਾ-17)
ਇਹ ਪਾਤਰ ਬੇਹੱਦ ਅਹਿਮ ਗੱਲਾਂ ਵਿੱਚੋਂ ਇੱਕ ਪੱਖ ਨੂੰ ਪੇਸ਼ ਕਰ ਰਿਹਾ ਹੈ, ਪ੍ਰਸ਼ਾਸਨਿਕ ਇਕਾਈਆਂ ਦੀ ਸਭ ਤੋਂ ਮੁੱਢਲੀ ਤੰਦ, ਨਾਗਰਿਕ ਨੂੰ ਸੰਬੋਧਨ ਹੋਣਾ ਅਤੇ ਓਸਦੇ ਗੁਣ ਦੋਸ਼ਾਂ ਵਿੱਚੋਂ ਯੋਗ ਅਗੁਆਈ ਦੀ ਸਿਰਜਣਾ ਕਰਨ ਨੂੰ ਆਮ ਹਾਲਾਤਾਂ ਵਿੱਚ ਸਰਕਾਰਪ੍ਰਸਤੀ ਦਾ ਠੱਪਾ ਕੇਵਲ ਵਿਰੋਧੀ ਜਾਂ ਸਰਕਾਰ ਤੋਂ ਬਾਗੀ ਹੀ ਲਗਾਉਣ ਇਹ ਕੋਈ ਜ਼ਰੂਰੀ ਨਹੀਂ, ਸਰਕਾਰਾਂ ਖੁਦ ਵੀ ਉਚੇਚੀ ਦਿਲਚਸਪੀ ਵਿਖਾ ਕੇ ਅਜਿਹੀਆਂ ਆਵਾਜ਼ਾਂ ਨਾਲ ਹੁੰਗਾਰਾ ਭਰਦੀਆਂ ਨੇ ਤਾਂ ਜੋ ਲੋਕ ਅਜਿਹੇ ਨਾਮਾਂ ਤੋਂ ਨਫਰਤ ਵੀ ਕਰਨ ਅਤੇ ਉਹਨਾਂ ਦੀ ਨੀਤੀਵਾਨ ਦੂਰਅੰਦੇਸ਼ੀ ਨੂੰ ਇਕੱਲਤਾ ਦੇ ਘੇਰੇ ਵਿੱਚ ਸੁੱਟ ਕੇ ਰੋਲ ਦਿੱਤਾ ਜਾਵੇ...ਅਜਿਹਾ ਹੀ ਹੋਇਆ ਅਤੇ ਇਸਦੇ ਬਾਰੇ ਹੀ ਸਿਫ਼ਰਨਾਮਾ ਸਾਰੀ ਬਾਤ ਪਾਉਂਦਾ ਹੈ | ਐਡਵੋਕੇਟ ਪਰਮਜੀਤ ਕੌਰ ਦਾ ਉਪਰੋਕਤ ਬਿਆਨ ਤਾਂ ਇਸ ਕਿਤਾਬ ਦਾ ਆਰੰਭਤਾ ਭਰਿਆ ਹੈ, ਇਸਦੇ ਸਾਰੇ ਪਾਤਰ ਭਾਵੇਂ ਉਹ ਵਕੀਲ ਹੋਵੇ ਜਾਂ ਹੋਵੇ ਜੇਲਰ, ਆਂਗਨਵਾੜੀ ਖੇਤਰ ਜਾਂ ਪੰਚਾਇਤੀ ਮੈਂਬਰ, ਆੜ੍ਹਤੀ ਹੋਣ ਜਾਂ ਕਿਰਸਾਣ, ਵਪਾਰੀ ਹੋਵੇ ਜਾਂ ਕਾਲਜ ਪ੍ਰਿੰਸਿਪਲ, ਸਭ ਤੋਂ ਦਗਦਾ ਰੂਪ ਇਸ ਵਿੱਚ 'ਲਹਿੰਦੇ ਤੇ ਚੜ੍ਹਦੇ ਪੰਜਾਬ ਦਾ ਆਪਸੀ ਸੰਵਾਦ' 'ਔਰਤਾਂ ਦਾ ਇਸ ਸਮਾਜਿਕ ਘੇਰੇ ਵਿੱਚ ਪੂਰੇ ਦਮਖਮ ਨਾਲ ਜੂਝਣਾ' ਅਤੇ 'ਵਿੱਦਿਆਰਥੀ ਸੰਗਠਨਾਂ ਵਿੱਚ ਹਲਚਲ ਦਾ ਰਾਜੀਨਿਤਕ ਉਬਾਲ' ਕੋਈ ਇਹਨਾਂ ਗੱਲਾਂ ਵਿੱਚ ਡੂੰਘਾ ਉੱਤਰਨਾ ਚਾਹੇ ਤਾਂ ੧੯੮੨ ਦੇ ਆਨੰਦਪੁਰ ਮਤੇ ਦੀ ਤਰਜ਼ ਦਾ ਉਲੇਖ ਜਿੰਨਾ ਕੁ ਲਿਹਾਜ਼ ਰੱਖਿਆ ਗਿਆ, ਵੱਡੇ ਪੱਧਰ ਉੱਤੇ ਜਿਵੇਂ ਆਨੰਦਪੁਰ ਮਤਾ "ਸਾਕੇ ਨੀਲੇ ਤਾਰੇ" ਵਿੱਚ ਵਰਤਿਆ, ਇਸ ਨਾਵਲ ਵਿੱਚ ਸੂਖਮ ਤੋਂ ਵੀ ਅੱਤ ਸੂਖਮ 'ਗੁਲਾਬੀ ਤਾਰੇ" ਨਾਂ ਹੇਠ ਬਹੁਤ ਬਾਰੀਕੀ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਖੀ ਗਈ ! ਲੋਕਤੰਤਰ ਦੇ ਭਰਮ ਵਿੱਚ ਪਲ ਰਹੇ ਭੀੜਤੰਤਰ ਨੇ ਸਾਰੇ ਪੰਜਾਬ ਨੂੰ ਆਪਣੇ ਗਲਬੇ ਵਿੱਚ ਅਨੁਵਾਦਿਤ ਕਰਨ ਦੀ ਬੇਲੋੜੀ ਅਤੇ ਬੇਅਰਥ ਕਵਾਇਦ ਛੇੜੀ ਹੈ ਜਿਸਨੂੰ ਤਦ ਤੱਕ ਸਫਲ ਨਹੀਂ ਹੋਣ ਦਿੱਤਾ ਜਾਏਗਾ ਜਦੋਂ ਤੱਕ ਖੇਤਾਂ ਦੇ ਰਾਖੇ ਕਿਰਸਾਣ ਕਾਇਮ ਦਿਲ ਰਹਿਣਗੇ |
ਇਸ ਨਾਵਲ ਵਿੱਚ ਦੁਖਦ,ਚਿੰਤਾਜਨਕ ਅਤੇ ਨਿਰੋਲ ਹਕੀਕਤ ਵਰਗਾ ਪੱਖ ਇਹੀ ਹੈ ਕਿ ਗੁਰਚਰਨ ਸਿੰਘ ਰੂਪੀ ਕਿਰਸਾਣੀ ਦੇ ਬਿੰਬ ਨੂੰ, ਇੰਦਰਪਾਲ ਸਿੰਘ ਰੂਪੀ ਕਿਰਸਾਣੀ ਦੇ ਭਵਿੱਖ ਨੂੰ ਅੱਤਵਾਦੀ ਖਿਤਾਬ ਦੇ ਕੇ, ਬਿਨ੍ਹਾਂ ਕਿਸੇ ਕਸੂਰ ਦੇ ਅਤੇ ਜਹਿਰ ਭਿੱਜੇ ਘਟਨਾਕ੍ਰਮ ਨੂੰ ਅੱਗੇ ਤੋਰ ਕੇ ਖਵਾਰ ਕਰਨ ਨਾਲ ਜੋ ਨੁਕਸਾਨ ਨਜ਼ਰੀਂ ਆਇਆ ਅਤੇ ਜਿਸ ਤਰੀਕੇ ਗੁਲਾਬੀ ਤਾਰੇ ਦੀ ਮੌਤ ਦਾ ਵੇਰਵਾ ਦੱਸਿਆ ਗਿਆ ਉਹ ਆਪਣੇ ਆਪ ਵਿੱਚ ਇੰਨਾ ਕੁ ਦਰਦ ਤਾਂ ਰੱਖਦਾ ਹੀ ਹੈ ਕਿ ਲੇਖਣੀ ਵਿੱਚ ਜੇਕਰ ਨੰਗੇ ਜਖਮਾਂ ਉੱਤੇ ਕੋਈ ਲਿਖਾਰੀ ਮੇਹਨਤ ਕਰੇਗਾ ਤਾਂ ਦਿਲ ਦਾਹਿਲਾਉਂਦੀ ਰਚਨਾਵਾਂ ਦੇ ਕਈ ਸਾਰੇ ਵੇਰਵੇ ਆਉਣਗੇ ! ਇਸ ਵਾਸਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਲੜੀਵਾਰ ਨਾਵਲ ਸਿਫ਼ਰਨਾਮਾ ਵਿੱਚ ਪ੍ਰਸ਼ਾਸਨਿਕ ਇਕਾਈ "ਜਨਤਾ' ਨੂੰ ਨਿਸ਼ਾਨੇ ਉੱਤੇ ਰੱਖ ਕੇ ਜਨਤਾ ਕੋਲੋਂ ਹੀ ਉਸਦੇ ਪੁਨਰ-ਉਥਾਨ ਦੀ ਮੰਗ ਕਰਦਿਆਂ ਹੱਲ ਸੁਝਾਉਣ ਵਾਸਤੇ ਸੰਵਾਦ ਅਤੇ ਸੁਹਿਰਦਤਾ ਦੇ ਦਰਵਾਜ਼ੇ ਖੋਲ ਕੇ ਪ੍ਰ੍ਤੱਖ ਜੀਵਨ ਦਰਸ਼ਨ ਨੂੰ ਸੱਦ ਪਾਉਣ ਦਾ ਕੰਮ ਕੀਤਾ ਗਿਆ ਹੈ ! ਅਜਿਹੀ ਹਾਲਤ ਵਿੱਚ ਅਸੀਂ ਤੁਸੀਂ ਸਾਰੇ ਬਤੌਰ ਪਾਠਕ ਇਹ ਤਹੱਈਆ ਕਰਨ ਕਿ ਪੜ੍ਹਨ ਦੇ ਨਾਲ ਖੁਦ ਨੂੰ ਉਹਨਾਂ ਹਾਲਾਤ ਦੇ ਘੇਰੇ ਵਿੱਚ ਖੁਦ ਨੂੰ ਬੈਠਾ ਮਹਿਸੂਸ ਕਰਨ ਅਤੇ ਘੋਖਣ ਕਿ ਉਹਨਾ ਦੀ ਮਾਨਸਿਕਤਾ ਕਿਸ ਪੱਖ ਵਿੱਚ ਜੀਅ ਰਹੀ ਹੈ !
ਅੰਤ ਵਿੱਚ ਸਿਫ਼ਰਨਾਮਾ ਲੜੀ ਦਾ ਅਗਲਾ ਨਿਸ਼ਾਨਾ ਸਮਝਿਆ ਜਾਵੇ !
੧.) ਲੇਖਣੀ ਵਿੱਚ ਔਰਤਾਂ ਦਾ ਹੁੰਗਾਰਾ :
ਲਫਜ਼ੋਂ ਸੇ ਫਤਹਿ ਕਰਤਾ ਹੂੰ ਮੈਂ ਲੋਗੋਂ ਕੇ ਦਿਲੋਂ ਕੋ,
ਮੈਂ ਵੋ ਬਾਦਸ਼ਾਹ ਹੂੰ ਜੋ ਲਸ਼ਕਰ ਨਹੀਂ ਰਖਤਾ !
*ਰੁਪਿੰਦਰ ਕੌਰ ਸੰਧੂ, ਗੁਲਾਬੀ ਤਾਰੇ, ਸਫ਼ਾ-੧੨੮
*ਹਾਲਾਂਕਿ ਸਾਰਾ ਨਾਵਲ ਨਿਰੋਲ ਮੌਲਿਕ ਰਚਨਾ ਹੋਣ ਦੇ ਨਾਲ ਨਾਲ ਸਿਫ਼ਰਨਵੀਸ ਦੇ ਹੱਥੋਂ ਲਿਖਿਆ ਜਾ ਰਿਹਾ ਸ਼ਾਹਬੇਗ ਹਿੱਸਾ ਗੁਲਾਬੀ ਤਾਰੇ ਕਿਸੇ ਵੀ ਪੱਖ ਤੋਂ ਅਜਿਹਾ ਨਹੀਂ ਕਿ ਉਸਨੂੰ ਕਿਸੇ ਉਲੇਖ ਵਾਸਤੇ ਬਾਹਰੋਂ ਪ੍ਰਮਾਣ ਦੀ ਲੋੜ ਪੈਂਦੀ ਅਤੇ ਨਾ ਹੀ ਕਿਸੇ ਨਾਮੀ ਲੇਖਕ ਦੀ ਅਜਿਹੀ ਕੋਈ ਖਾਸ ਅਹਿਮੀਅਤ ਮਹਿਸੂਸ ਹੋਈ ਕਿ ਇਸ ਰਚਨਾ ਵਿੱਚ ਕਿਸੇ ਥਾਂ ਦੇ ਹੱਕਦਾਰ ਹੋਵਣ, ਪਰ ਜਦੋ ਸਮਾਜ ਵਿੱਚ ਰਚਨਾਤਮਕ ਘੇਰੇ ਦਾ ਜ਼ਿਕਰ ਜਦੋਂ ਔਰਤ ਲੇਖਕਾਵਾਂ ਦੇ ਸਿਰਮੌਰ ਸਰੂਪ ਨੂੰ ਅੱਗੇ ਆਉਣ ਦੇ ਸੱਦੇ ਦੇਣ ਦੀ ਆਵਾਜ਼ ਬੇਹੱਦ ਜ਼ਰੂਰੀ ਹੈ ! ਇਸ ਸ਼ੇਅਰ ਵਿੱਚ ਸਾਰੀ ਕਿਤਾਬ ਦਾ , ਸਾਰੇ ਵੇਰਵੇ ਦਾ ਸਾਰ-ਅੰਸ਼ ਹੈ, ਸਿਰਫ ਇਸ ਵਾਸਤੇ ਹੀ ਕਿਤਾਬ ਦੇ ਸਰਵਰਕ ਉੱਤੇ ਥਾਂ ਨਹੀਂ ਦਿੱਤੀ ਗਈ, ਇਹ ਇੱਕ ਅਸੀਸ ਹੈ-ਮਾਵਾਂ ਦੀ ਅਸੀਸਾਂ ਵਜੂਦ ਦੇ ਰੂਪ ਵਿੱਚ ਰੱਜਵੀਆਂ ਮਿਲ ਹੀ ਜਾਂਦੀਆਂ, ਪਰ ਕਿਸੇ ਲਿਖਾਰੀ ਜਾਂ ਨਵੀਂ ਪੁੰਗਰਦੀ ਲੌਅ ਨੂੰ ਅਸੀਸਾਂ ਨਾਲ ਨਿਵਾਜਣਾ ਹੋਵੇ ਤੇ ਢੁੱਕਵੇਂ ਸ਼ਬਦ ਚੁਣਨ ਦੇ ਅਖਤਿਆਰ, ਇਸ ਵਿੱਚ ਇਹ ਗੱਲ ਮਾਇਨੇ ਨਹੀਂ ਰੱਖਦੇ ਕਿ ਕਿੰਨੀ ਕੁ ਗੰਭੀਰ ਗੱਲ ਹੈ...ਸਮਾਜ ਵਿੱਚ ਸਧਾਰਨ ਰਹਿਣ ਵਾਲਿਆਂ ਗਿਣਤੀ ਚੋਖੀ ਹੈ, ਉਸਨੂੰ 'ਸਧਾਰਨ' ਹੀ ਰੱਖਣਾ ਕਿਸੇ ਵੱਡੇ ਖਤਰੇ ਤੋਂ ਘੱਟ ਨਹੀਂ, ਜਿਸ ਸਮਾਜ ਵਿੱਚ ਉੱਚਾ ਅਤੇ ਨੀਵਾਂ ਦੋ ਹੀ ਪੈਮਾਨੇ ਮਸ਼ਹੂਰ ਨੇ, ਮੱਧ ਨੂੰ ਹੀਣਾ ਹੀ ਮੰਨਿਆ ਜਾਂਦਾ ਹੈ! ਇਸ ਲਈ ਇਹ ਸੂਖਮ ਅਤੇ ਅਛੋਪਲਾ ਵਿਸ਼ਾ ਹੈ ! ਪੰਜਾਬੀ ਲੇਖਣੀ ਵਿੱਚ ਔਰਤਾਂ ਦੀ ਸ਼ਮੂਲੀਅਤ ਨੂੰ ਸੱਦਾ ਦੇਣ ਅਤੇ ਵਿਹਾਰਿਕ ਰੂਪ ਅੰਦਰ ਇੱਕ ਸਿਆਣਾ ਵਰਗ ਇਕੱਤਰ ਕਰਨਾ ਬੜਾ ਟੇਢ਼ਾ ਕੰਮ ਹੈ ਜਿਸ ਦੇ ਪ੍ਰਤੀਕ ਵਜੋਂ ਹੀ ਕਿਤਾਬ ਅੰਦਰ ਦਰਜ ਇੱਕੋ ਇੱਕ ਬਾਹਰੀ ਰਚਨਾ ਨੂੰ ਥਾਂ ਦਿੱਤੀ ਗਈ ਹੈ ਜਿਸਨੂੰ ਪਾਠਕ ਆਪਣੇ ਨਜ਼ਰੀਏ ਨਾਲ ਹੋਰ ਵਿਸਤਾਰ ਵਿੱਚ ਵੀ ਸਮਝ ਸਕਦੇ ਹਨ |
ਜਦੋਂ ਬੀਬੀ ਹਰਸ਼ਰਨ ਕੌਰ ਦੇ ਨਨਕਾਣੇ ਵਿਚਲੇ ਸਫਰ ਨੂੰ ਬਿਆਨ ਕੀਤਾ ਗਿਆ ਸੀ ਤਾਂ ਉਸ ਵਿੱਚ ਬੀਬੀ ਨੂਰ ਜ਼ੁਨੈਨਾ ਅਤੇ ਉਸਦੀ ਅੰਮੀ ਬੀਬੀ ਨਸਰੀਨ ਜ਼ੁਨੈਨਾ ਦਾ ਸੰਘਰਸ਼ ਪਾਕਿਸਤਾਨ ਦੇ ਸਮਾਜ ਅਤੇ ਰਾਜਨੀਤਕ ਘੇਰੇ ਵਿੱਚ ਵਾਚਣ ਨਾਲ ਮੌਜੂਦਾ ਹਾਲਾਤਾਂ ਵਿੱਚ ਔਰਤ ਆਗੂਆਂ ਦੀ ਸਥਿਤੀ ਨੂੰ ਸਿੱਧੀ ਵੰਗਾਰ ਵੀ ਹੈ ਕਿ ਜਿਸ ਦੌਰ ਵਿੱਚ ਅਸੀਂ ਜੀਅ ਰਹੇ ਹਾਂ ਇਥੇ ਰੋਵਣ ਹਾਰਨ ਦੀ ਬਹੁਤੀ ਕਹਾਣੀ ਨਹੀ ਹੈ, ਸਹੀ ਵਸੀਲੇ ਨਾਲ ਥੋੜੇ ਜਿਹੇ ਹੰਭਲੇ ਨਾਲ ਅਤੇ ਪਰਿਵਾਰਿਕ ਰੁਤਬੇ ਨੂੰ ਸੰਭਾਲਣਾ ਬੇਹੱਦ ਜ਼ਰੂਰੀ ਹੈ ਜਿਸ ਵਿੱਚ ਬੀਤੇ ਨੂੰ ਹੂੰਝ ਸੁੱਟਣ ਦੇ ਨਾਲ ਅੱਗੋਂ ਨਰੋਏ ਸਮਾਜ ਨੂੰ ਸਿਰਜਣ ਵਿੱਚ ਬਹੁਤ ਬਹੁਤ ਵੱਡਾ ਯੋਗਦਾਨ ਰਹੇਗਾ ! ਬੀਬੀ ਸ਼ਰਨਜੀਤ ਕੌਰ ਦੇ ਪਰਵਰਿਸ਼ ਵਾਲੇ ਸਰਮਾਏ ਵਿੱਚ ਜਿਹੜੇ ਫੁੱਲ ਪਲੇ ਜਿਹਨਾਂ ਦੀ ਕਹਾਣੀ ਹਾਲੇ ਪਤਾ ਨਹੀਂ ਕਿੰਨੇ ਰੂਪਾਂ ਵਿੱਚ ਬਾਹਰ ਆਉਣੀ ਬਾਕੀ ਹੈ ! ਚੌਧਰਾਣੀ ਗੁਲਨਾਜ਼ ਕੌਰ ਦਾ ਕਿਰਦਾਰ ਜਿੰਨਾ ਵੱਡੇ ਕੱਦ ਦਾ ਦਿਸਦਾ ਓਹ ਓਨੀ ਹੀ ਸ਼ਾਂਤ ਮਤੇ ਤੁਰਨ ਵਾਲੀ ਔਰਤ ਸੀ ਜਿਸ ਕਰਕੇ ਸਿਆਸਤ ਵਿੱਚ ਅੱਗੇ ਵੱਧ ਗਈ ਪਰ ਉਹਦੀ ਕਮਜ਼ੋਰੀ ਇੱਕੋ ਪਰਿਵਾਰ ਪ੍ਰਤੀ ਈਰਖਾ ਸੀ ਜਿਸਨੇ ਉਸਦੀ ਰਾਜਨੀਤਕ ਸਮਝਦਾਰੀ ਅਤੇ ਇੱਕ ਔਰਤ ਹੁੰਦਿਆਂ ਵੀ ਸੋਹਣੀ ਰੁਤਬੇ ਦੀ ਇਬਾਰਤ ਰਚ ਗਈ ਸੀ ਬੀਬੀ ਕਮਲਜੀਤ ਕੌਰ ਭਾਵੇਂ ਹਰਸ਼ਰਨ ਕੌਰ ਵਰਗੀ ਰਾਜਨੀਤਕ ਸਮਝਦਾਰੀ ਰੱਖਦੀ ਸੀ ਪਰ ਗੁਲਨਾਜ਼ ਕੌਰ ਨਾਲ ਟਕਰਾਉਣ ਲਈ ਉਸਨੇ ਸ਼ਰਨਜੀਤ ਕੌਰ ਵਾਲਾ ਰਾਹ ਹੀ ਅਖਤਿਆਰ ਕੀਤਾ ਅਤੇ ਆਨੰਦਪੁਰ ਸਾਹਿਬ ਵਿੱਚ ਹੋਏ ਇਕੱਠ ਨੂੰ ਸੰਬੋਧਿਤ ਕਰਦਿਆਂ ਉਚੇਚੀਆਂ ਗੱਲਾਂ ਕਹੀਆਂ ਜੋ ਆਉਣ ਵਾਲੇ ਸਮੇਂ ਵਿੱਚ ਔਰਤ ਦਾ ਕਿਰਦਾਰ ਨਾਵਲ ਵਿੱਚ ਦਰਜ ਕਰਨ ਵਾਲੇ ਹਰ ਲਿਖਾਰੀ ਲਈ ਵੰਗਾਰ ਰਹਿਣਗੇ ਕਿ ਪੁਰਸ਼ ਕਿਰਦਾਰਾਂ ਦੀ ਚਮਕ ਓਹਲੇ ਔਰਤਾਂ ਲੁਕੀਆਂ ਨਹੀਂ ਰਹਿ ਸਕਦੀਆਂ ! ਸਿਫ਼ਰਨਾਮੇ ਵਿੱਚ ਔਰਤਾਂ ਦਾ ਪਾਤਰ ਚਿਤਰਣ, ਉਹਨਾਂ ਦੀ ਵਿਉਂਤਬੰਦੀ ਅਤੇ ਉਹਨਾਂ ਦੇ ਵਿੱਦਿਅਕ, ਸਿਧਾਂਤਕ ਅਤੇ ਸਮਾਜਿਕ ਦ੍ਰਿਸ਼ਟੀਕੋਣਾਂ ਦੀ ਸਮਝ ਅਤੇ ਜੁਰਤ ਪੁਰਸ਼ ਕਿਰਦਾਰਾਂ ਨਾਲੋਂ ਵਧੇਰੇ ਥਾਂ ਘੇਰ ਕੇ ਅਤੇ ਵਿਆਪਕ ਰੂਪ ਵਿੱਚ ਦਿਖਾਈ ਗਈ ਹੈ ! ਜੇਕਰ ਉਹਨਾਂ ਕਿਰਦਾਰਾਂ ਦੀ ਅਹਿਮੀਅਤ ਨੂੰ ਪਰ੍ਹੇ ਰੱਖ ਦਈਏ ਤਾਂ ਕਹਾਣੀ ਕੁਝ ਵੀ ਨਹੀਂ ਬੱਚਦੀ ! ਇਉਂ ਇਸ ਕਹਾਣੀ ਨੂੰ ਦਿਲਚਸਪੀ ਦੇਣ ਦੇ ਨਾਲ ਨਾਲ ਪੂਰੇ ਸਮਾਜਿਕ ਪਰਿਦ੍ਰਿਸ਼ ਨੂੰ ਆਪਣੇ ਕੋਲੋਂ ਨਾ ਜੋੜ ਕੇ ਇਸੇ ਕਹਾਣੀ ਦੇ ਵਿੱਚੋਂ ਪੜ੍ਹਨ ਨਾਲ ਰੰਗ ਸਮਝੀਏ !
੨.) ਸਿੱਖਿਆ ਵਿਭਾਗ ਅਤੇ ਨੌਜੁਆਨ ਰਾਜਨੀਤਕ ਖੇਤਰ ਵਿੱਚ ਨਵੇਂ ਹੰਭਲੇ ਦੀ ਆਸ ਵੰਡਦਾ ਕਿੱਸਾ !
ਸੰਵਾਉਣ ਨੂੰ ਖਿਆਲ ਤੇ ਖਵਾਬ ਘੱਟ ਪੈਣਗੇ,
ਜੇ ਲੇਖੇ ਮੂਹਰੋਂ ਆਏ ਤਾਂ ਹਿਸਾਬ ਘੱਟ ਪੈਣਗੇ |
ਗੱਲ ਤਾਂ ਹਲੀਮੀਆਂ ਦੀ ਅਸਾਂ ਨੇ ਹੈ ਜਿੱਤਣੀ,
ਜੇ ਆਕੜ ਕੇ ਪੁੱਛੇਂਗਾ ਤਾਂ ਜਵਾਬ ਘੱਟ ਪੈਣਗੇ |
ਗੁਲਾਬੀ ਤਾਰੇ, ਸਫ਼ਾ- ੨੦੨
ਪ੍ਰੋਫੈਸਰ ਪਰਦੀਪ ਕੌਰ ਨੂੰ ਅਵਾਜ਼ ਮਾਰਨ ਵਾਲੀ ਪ੍ਰੋਫੈਸਰ ਸਰਬਜੀਤ ਕੌਰ ਤੋਂ ਗੁਲਾਬੀ ਤਾਰੇ ਸ਼ੁਰੂ ਹੋਏ ਅਤੇ ਖਾਲਸਾ ਕਾਲਜ ਦੇ ਮੈਦਾਨ ਤੋਂ ਆਨੰਦਪੁਰ ਦੀ ਰੈਲੀ ਤੱਕ ਦਾ ਸਫਰ ਜਿਸ ਲਬੋ ਲਿਹਾਜ਼ ਨਾਲ ਵਿੱਦਿਆਰਥੀ ਸੰਘਰਸ਼ ਦੀ ਨਵੀਆਂ ਉਮੀਦਾਂ ਦੇ ਨਾਲ ਪੈਂਦੀਆਂ ਵੰਗਾਰਾਂ ਤੋਂ ਵੀ ਸੁਚੇਤ ਕਰਦਾ ਦੱਸਿਆ ਗਿਆ ਉਸਦਾ ਪਠਨ ਵਿੱਦਿਆਰਥੀ ਵਰਗ ਦੇ ਨਾਲ ਨੌਜੁਆਨ ਆਗੂਆਂ ਨੂੰ ਵੀ ਕਰਨਾ ਬੇਹੱਦ ਜ਼ਰੂਰੀ ਹੈ, ਹੁਣ ਤੱਕ ਦੇ ਸਫਰ ਵਿੱਚ ਜਦੋਂਕਿ ਇਸ ਕਿਤਾਬ ਦੇ ਆਉਣ ਦੇ ਲੰਬੇ ਸਮੇਂ ਬਾਅਦ ਵੀ ਆਮ ਕਹਾਣੀ ਸਮਝਿਆ ਜਾਣਾ ਆਪਣੀ ਕੀਮਤੀ ਰਾਜਨੀਤਕ ਅਸਫਲਤਾਵਾਂ ਦੀ ਤਾਣੀ ਨੂੰ ਹੋਰ ਉਲਝਾਉਂਦੇ ਰਹਿਣ ਨੂੰ ਸੱਦਾ ਹੈ ਜਿਸਦੇ ਕਰਕੇ ਤੁਹਾਡੀ ਹਾਰ ਨਿਸਚਿਤ ਹੀ ਰਹੇਗੀ ! ਕੁਲਜਿੰਦਰ ਸਿੰਘ ਅਤੇ ਮਨਜਿੰਦਰ ਸਿੰਘ ਦੋ ਨੌਜੁਆਨ ਆਗੂ ਜਿਸ ਖੇਡ ਨੂੰ ਪੇਸ਼ ਕਰਦੇ ਆੰਸ਼ਿਕ ਰੂਪ ਵਿੱਚ ਅੱਗੇ ਆਏ ਨੇ ਓਸਨੂੰ ਜਾਣਨ ਵਿਚਾਰਨ ਦੀ ਕੋਸ਼ਿਸ਼ ਕਰੀਏ ਤਾਂ ਬਹੁਤ ਸੁਖਾਲੇ ਰਹਾਂਗੇ ਅਤੇ ਜਿਹੜਾ ਇਸ ਪੂਰੇ ਕਿੱਸੇ ਦੇ ਨਾਇਕਾਂ ਦਾ ਸਿੱਖਿਆ ਪ੍ਰਤੀ ਰੁਖ ਹੈ ਓਸ ਬਾਰੇ ਲੇਖ ਨਹੀਂ ਸੰਵਾਦ ਬੈਠਕਾਂ ਦੀ ਲੋੜ ਹੀ ਇਸ ਗੱਲ ਨੂੰ ਸਮਝਣਾ ਅੱਜ ਸਮਝੋ ਭਾਵੇਂ ਕੱਲ੍ਹ ਨੂੰ..ਮਰਜ਼ੀ ਹਰ ਇੱਕ ਦੀ ਆਪਣੀ ! ਗੁਲਾਬੀ ਤਾਰਿਆਂ ਦਾ ਸੰਬੰਧ ਜਿਹਨਾਂ ਪਾਤਰਾਂ ਨਾਲ ਹੈ ਉਹਨਾਂ ਬਾਰੇ ਤਾਂ ਜੇਕਰ ਘੱਟ ਸ਼ਬਦਾਂ ਵਿੱਚ ਕਰੀਏ ਤਾਂ ਬੇਹਤਰ ਹੈ ਕਿਉਂਕਿ ਦਿਲਚਸਪੀ ਉਹਨਾਂ ਬਾਰੇ ਜਾਣਨ ਵਿੱਚ ਹੀ ਬੱਝੀ ਹੈ !
ਅਸੀਂ ਭਟਕੇ ਗੁਲਾਬੀ ਰੰਗੇ ਤਾਰਿਆਂ ਦੇ ਕੋਲੋਂ,
ਤੁਸੀਂ ਇੱਕ ਹੱਥੋਂ ਅਸੀਂ ਲੁੱਟੇ ਸਾਰਿਆਂ ਦੇ ਕੋਲੋਂ !
ਬੜੇ ਸਮਿਆਂ ਦੀ ਲੀਹ ਉੱਤੇ ਜਿੱਤਦੇ ਸਾਂ ਆਏ,
ਪਰ ਨੀਵੇਂ ਪੈ ਗਏ ਅੰਤ ਨੂੰ ਹਾਰਿਆਂ ਦੇ ਕੋਲੋਂ !
ਅਸੀਂ ਰੋ ਵੀ ਨਾ ਪਾਏ ਅਤੇ ਚੀਖ ਵੀ ਨਾ ਸਕੇ,
ਓਹੀ ਲੈ ਗਏ ਨਜ਼ਾਰੇ ਬਲਿਹਾਰਿਆਂ ਦੇ ਕੋਲੋਂ !
ਵਾਹ ਵਾਹ ਵੇ ਨਜੂਮ ਜਹੇ ਸਿਫਰਾਂ ਦੇ ਕੋਸ਼,
ਤੈਨੂੰ ਮੁੱਲ ਲੈ ਗਏ ਨਕਦ ਉਧਾਰਿਆਂ ਦੇ ਕੋਲੋਂ"|
ਗੁਲਾਬੀ ਤਾਰੇ, ਸਫ਼ਾ-੧੮੨
ਅੰਤ ਨੂੰ ਇਸ ਲੇਖ ਦੇ ਬਾਰੇ ਇਹੀ ਕਹਾਂਗਾ ਕਿ ਬਹੁਤ ਕੁਝ ਹੈ ਜੋ ਸਾਂਝਾ ਕਰਨਾ ਬਾਕੀ ਹੈ, ਬਹੁਤ ਕੁਝ ਅਜਿਹਾ ਹੈ ਜਿਸਨੂੰ ਸਮਝਣਾ ਸਮਝਾਉਣਾ ਪਰ੍ਹਾਂ ਰੱਖ ਕੇ ਸੰਵਾਰਨ ਦੀ ਲੋੜ ਹੈ, ਉਸਦੇ ਲਈ ਸਾਹਿਤਕ ਪਰੰਪਰਾਵਾਂ ਦੇ ਟੁੱਟਣ ਦਾ ਇੰਤਜ਼ਾਰ ਕਰਨ ਨਾਲੋਂ ਆਪ ਪਰੰਪਰਾ ਨੂੰ ਤੋੜਨ ਲਈ ਵਧਣਾ ਇੱਕ ਨਵੇਂ ਤਜ਼ਰਬੇ ਵਾਲੀ ਗੱਲ ਹੈ ! ਬਤੌਰ ਸ਼ਾਇਰ ਮੇਰੇ ਲਈ ਇਹ ਨਾਵਲ ਖੇਤਰ ਵਿੱਚ ਹੱਥ ਅਜਮਾਉਣ ਪਿੱਛੇ ਕੋਈ ਗਿਣੀ ਮਿੱਥੀ ਸਾਜਿਸ਼ ਤਾਂ ਨਹੀਂ ਸੀ, ਪਰ ਹੁਣ ਜੇ ਕਿਤੇ ਭਵਿੱਖ ਵਿੱਚ ਇਸ ਸਾਹਿਤਕ ਦਵੰਧ ਨੂੰ ਭੰਨਣ ਦੀ ਸਾਜਿਸ਼ ਘੜਨ ਵਾਲੇ ਦੋਸ਼ੀ ਦੇ ਤੌਰ ਉੱਤੇ ਕੋਈ ਨਾਮ ਆਇਆ ਤਾਂ ਮੈਂ ਇਸਨੂੰ ਖ਼ੁਸ਼ਨਸੀਬੀ ਸਮਝਾਂਗਾ ! ਇਹੀ ਮੇਰੀ ਸਾਰੰਸ਼ ਭਰੀ ਟਿੱਪਣੀ ਹੈ ! ਬਾਕੀ ਆਪ ਸਾਰੇ ਕਿਤਾਬ ਪੜ੍ਹ ਕੇ ਕਿਆਫੇ ਲਗਾਉਣੇ ਆਰੰਭ ਕਰੋ !
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
ਸਿਫ਼ਰਨਵੀਸ
੨੬ ਸਿਤੰਬਰ, ੨੦੨੦
Comments
Post a Comment