ਅਨੁਭਵ - ਓਪਰੀ ਨਿਗਾਹ ਤੋਂ ਅੰਤਰ-ਮੰਥਨ




 "ਅਨੁਭਵ" ਬਾਰੇ ਮੇਰੇ ਵਿਚਾਰ ਤੋਂ ਅਹਿਸਾਸ ਤੱਕ

(ਪੁਸਤਕ ਸਮੀਖਿਆ ਸਿਫ਼ਰਨਵੀਸ ਵੱਲੋਂ)

ਸੰਪਾਦਕ- ਪਰਮਿੰਦਰ ਸਿੰਘ ਸ਼ੌਂਕੀ

ਪ੍ਰਕਾਸ਼ਕ- ਰੀਥਿੰਕ ਪਬਲੀਸ਼ਰ


"ਅਨੁਭਵ" ਤੋਂ ਭਾਵ ਅਹਿਸਾਸਾਂ ਦੀ ਦੁਨੀਆਂ, ਜਿਸ ਵਿੱਚ ਰੂਹਦਾਰੀਆਂ ਤੋਂ ਰੂਹਾਨੀਅਤ ਵਾਲੇ ਸ਼ਬਦਕੋਸ਼ ਨੂੰ ਜੇਕਰ ਇੱਕ ਪਾਸੇ ਰੱਖ ਕੇ ਗੱਲ ਕਰਾਂ ਤਾਂ ਵੀ ਬਹੁਤ ਕੁਝ ਅਜਿਹਾ ਬੱਚ ਜਾਂਦਾ ਹੈ ਜਿਸਦਾ ਕਿ ਸਿੱਧ ਪੱਧਰਾ ਮੁਲਾਂਕਣ ਤਰਕ ਨੂੰ ਤਰਕ ਨਾਲ ਨਹੀਂ, ਇੱਕ ਬੇਪਰਵਾਹੀ ਨਾਲ ਕੱਟਦਾ ਹੈ ਜਿਸਦੇ ਆਪਣੇ ਮਾਇਨੇ ਅਤੇ ਅਹਿਮੀਅਤ ਹੈ. ਓਪਰੀ ਨਿਗਾਹ ਵਿੱਚ ਅਧਿਆਤਮ ਅਤੇ ਤਰਕਸ਼ੀਲਤਾ ਨੂੰ ਇੱਕ ਦੂਜੇ ਦੇ ਵਿਰੋਧ ਵਿੱਚ ਖੜ੍ਹੀ ਕਰ ਦੇਣ ਵਾਲੀਆਂ ਧਿਰਾਂ ਅੰਦਰ ਇਹ ਕਮੀ ਹਮੇਸ਼ਾ ਵੇਖੀ ਗਈ ਹੈ ਕਿ ਉਹਨਾਂ ਦੀ ਫਲਸਫੇ ਨਾਲ ਸਿੱਧੀ ਸਿੱਧੀ ਦੁਸ਼ਮਨੀ ਰਹੀ ਹੈ, ਭਾਵੇਂ ਉਹ ਕਿਸੇ ਵੀ ਖਿੱਤੇ ਦਾ ਫਲਸਫਾ ਹੋਵੇ. ਸਮੀਖਿਆ ਲਿਖਣ ਵੇਲੇ ਮੇਰੇ ਅੱਗੇ ਕਾਫੀ ਕੁਝ ਦੌੜ ਰਿਹਾ ਜਿਹੜਾ ਕਿ ਸਿੱਖਿਆ ਤੋਂ ਲੈ ਕੇ ਮੀਡੀਆ ਯੁੱਗ ਦੇ ਡਿਜਿਟਲ ਯੋਧਿਆਂ ਵੱਲੋਂ ਵਟਸਐਪ ਯੂਨੀਵਰਸਿਟੀ ਦੇ ਖੇਤਰ ਵਿੱਚ ਨਿੱਤ ਨਵੀਂ ਗੁੰਝਲ ਨੂੰ ਆਪਣੀ ਚਾਸ਼ਨੀ ਵਿੱਚ ਡੋਬ ਕੇ ਪਾਇਆ ਗਿਆ. ਹੁਣ ਇਹ ਕਹਿਣਾ ਤਾਂ ਅਤਿਕਥਨੀ ਹੋਏਗੀ ਕਿ ਇਹ ਕਿਤਾਬ ਉਹਨਾਂ ਵੇਰਵਿਆਂ ਦਾ ਜਵਾਬ ਹੈ, ਬਲਕਿ ਮੈਂ ਸਮਝਦਾਂ ਮੂਰਖਤਾਈਆਂ ਦੇ ਜਵਾਬ ਨਹੀਂ ਹੋਇਆ ਕਰਦੇ ਸਿਰਫ ਚੁੱਪ ਦਾ ਦਾਨ ਦੇ ਕੇ ਉਸਨੂੰ ਦਫਨਾਇਆ ਜਾਂਦਾ ਹੈ, ਪਰ ਫੇਰ ਵੀ ਕੁਝ ਘਟਨਾਵਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਅਤੇ ਪੁਸਤਕ ਦੇ ਸੰਪਾਦਕ ਪਰਮਿੰਦਰ ਸਿੰਘ ਸ਼ੌਂਕੀ ਵੱਲੋਂ ਇਸ ਕਿਤਾਬ ਦੇ ਸੰਪਾਦਕੀ ਹਿੱਸੇ ਅੰਦਰ ਵੀ ਖਾਸ ਤੌਰ ਤੇ ਇਹ ਸਪਸ਼ਟ ਕੀਤਾ ਗਿਆ ਹੈ ਕਿ ਨਿਊਰੋਥਿਓਲੋਜੀ ਵਿਗਿਆਨ ਦੇ ਉਹਨਾਂ ਖੇਤਰਾਂ ਅੰਦਰ ਕੰਮ ਕਰ ਰਹੀ ਹੈ ਜਿਸਦੇ ਅਧੂਰੇਪਨ ਵਿੱਚ ਅਸੀਂ ਤਰਕਾਂ ਦੀ ਤਾਣੀ ਤਣਦੇ ਰਹੇ ਹਾਂ. ਸੰਪਾਦਕੀ ਦੇ ਹਿੱਸੇ ਵਿੱਚੋਂ ਅਹਿਮ ਗੱਲ ਵੇਖੀਏ, ਜਿਸ ਵਿੱਚ ਲਿਖਿਆ ਹੈ ਕਿ... 
ਨਿਊਰੋਥਿਓਲੋਜੀ ਸ਼ਬਦ ਦਾ ਪਹਿਲੀ ਵਾਰ ਇਸਤੇਮਾਲ ਐਡਲਸ ਹਕਸਲੇ ਨੇ ਆਪਣੇ ਨਾਵਲ "ਆਈਲੈਂਡ" ਵਿੱਚ ਕੀਤਾ ਸੀ. ਆਮ ਤੌਰ 'ਤੇ ਇਸ ਸ਼ਬਦ ਦਾ ਅਰਥ ਖੁਦ ਦੇ ਅੰਦਰ ਇੱਕ ਹੋਰ ਖੁਦ ਦੇ ਹੋਣ ਦੀ ਸੰਭਾਵਨਾ ਉੱਪਰ ਅਧਾਰਿਤ ਹੈ ਜਾਂ ਇਸ ਨੂੰ ਇਹ ਇਸ ਤਰ੍ਹਾਂ ਸਮਝ ਸਕਦੇ ਹਾਂ ਕਿ ਇਹ ਸਵੈ ਅੰਦਰ ਸਵੈ ਦੀ ਤਲਾਸ਼ ਹੈ. ਉਸ ਤੋਂ ਬਾਅਦ ਇਸ ਖੇਤਰ ਵਿੱਚ ਦਿਮਾਗ ਅਤੇ ਅਧਿਆਤਮਿਕ ਅਨੁਭਵਾਂ ਦੇ ਸੰਬੰਧ ਨੂੰ ਵਿਗਿਆਨਕ ਤੌਰ 'ਤੇ ਸਮਝਣ ਦੇ ਲਈ ਕਾਫੀ ਕੰਮ ਕੀਤਾ ਗਿਆ. ਨਿਊਰੋਲਾਜ਼ਿਸਟ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਿਵੇਂ ਕਦੀ ਕਦੀ ਮਨੁੱਖੀ ਮਨ ਆਪਣੀਆਂ ਸਪਸ਼ਟ ਸੀਮਾਵਾਂ ਨੂੰ ਪਾਰ ਕਰਕੇ, ਜਾਗ੍ਰਿਤੀ ਦੇ ਇੱਕ ਉੱਚ ਪੱਧਰ ਨੂੰ ਅਨੁਭਵ ਕਰਦਾ ਹੈ. (ਸੰਪਾਦਕ)
 ਬੀਤੇ ਕੁਝ ਅਰਸੇ ਵਿੱਚ ਸਿੱਖ ਸਫਾਂ ਅੰਦਰ ਇੱਕ ਅਜਿਹਾ ਵਰਗ ਆਪਣੀ ਸੁਗਬੁਗਾਹਟ ਪੇਸ਼ ਕਰਨ ਲਗਿਆ ਜਿਸਨੂੰ ਇਹ ਭਰਮ ਪਾ ਦਿੱਤਾ ਗਿਆ ਹੈ ਕਿ ਤਰਕ ਦੀ ਆਖਰੀ ਸੀਮਾਵਾਂ ਨੂੰ ਭੰਨ ਕੇ ਕੋਈ ਦੈਵੀ ਸ਼ਕਤੀ ਕੌਮਨ ਸੈਂਸ (ਸਾਧਾਰਣ ਨਜ਼ਰੀਆ- Common Sense) ਹੋਂਦ ਰੱਖਦੀ ਹੈ ਜਿਸ ਨਾਲ ਅਸੀਂ ਦਰਸ਼ਨ ਦੀ ਸਾਰੀ ਸੀਮਾਵਾਂ ਦੇ ਹਾਣੀ ਹੋ ਕੇ ਓਸਦੇ ਸਮੂਹ ਆਯਾਮ ਤੋੜ ਕੇ, ਭਾਵ ਉਸਦੀ ਸਾਰੀ ਵਿਆਖਿਆ ਨੂੰ ਤਰਕ ਦੀ ਕਸਵੱਟੀ ਨਾਲ ਮਾਂਜ ਕੇ ਨਵਾਂ ਗਿਆਨ ਸਿਰਜ ਲਵਾਂਗੇ. ਇਹਨਾਂ ਦੇ ਪਟਿਆਲੇ ਵੱਸਦੇ ਕੇਂਦਰ ਪਰਮੇਸ਼ਰ ਦੁਆਰ ਦੇ ਪ੍ਰਵਚਨਾਂ ਨੂੰ ਵੇਖੀਏ ਤਾਂ ਕੂਲੇ ਲਫਜਾਂ ਅੰਦਰ ਜਿਹੜੀ ਅਗਿਆਨਤਾ ਨੂੰ ਫੀਤੀ ਲਗਾ ਕੇ ਪੇਸ਼ ਕੀਤਾ ਜਾਂਦਾ ਹੈ ਓਸਦਾ ਮੁਖਰ ਰੂਪ ਮੀਡੀਆ ਚੈਨਲ ਰੇਡੀਓ ਵਿਰਸਾ ਐਨ.ਜ਼ੈੱਡ (ਨਿਊਜ਼ੀਲੈੰਡ) ਤੋਂ ਪ੍ਰਸਾਰਿਤ ਕੀਤਾ ਜਾਂਦਾ ਹੈ. ਹੁਣ ਪਟਿਆਲੇ ਵਾਲੇ ਕੇਂਦਰ ਤੋਂ ਗੁਰਬਾਣੀ ਦੇ ਨਜ਼ਰੀਏ ਸੰਬੰਧੀ ਗੱਲ ਚਲਾਈ ਤਾਂ ਓਥੇ ਸਮਾਜਿਕ ਪ੍ਰਕਰਨਾਂ ਦੀ ਖਿਚੜੀ ਕਿਸ ਖੇਤਰ ਨੂੰ ਪ੍ਰਭਾਵਿਤ ਕਰਦੀ ਸੀ ਇਸਦਾ ਜ਼ਿਕਰ ਅੱਗੇ ਚੱਲ ਕੇ ਕਰਦੇ ਹਾਂ, ਪਹਿਲਾਂ ਉਪਰੋਕਤ ਸੰਪਾਦਕੀ ਹਿੱਸੇ ਦਾ ਸੰਦਰਭ ਜ਼ਾਹਿਰ ਕਰ ਦਵਾਂ, ਰੇਡੀਓ ਵਿਰਸੇ ਉੱਤੇ ਓਥੋਂ ਦੇ ਪ੍ਰਮੁੱਖ ਤੇ ਦੋਇਮ ਦਰਜੇ ਦੇ ਬੁਲਾਰਿਆਂ ਵੱਲੋਂ "ਕਪੂਰ ਕਹਿੰਦਾ" ਸਿਰਲੇਖ ਅਧੀਨ ਬਹੁਤ ਵਾਰੀ ਅਪਲੀਆਂ ਟਪਲੀਆਂ ਮਾਰੀਆਂ ਗਈਆਂ ਜਿਸਦਾ ਕਿ ਸਰਦਾਰ ਨਰਿੰਦਰ ਸਿੰਘ ਕਪੂਰ ਦੀ ਲਿਖਤਾਂ ਨਾਲ ਵੀ ਕੋਈ ਬਹੁਤਾ ਸਰੋਕਾਰ ਨਹੀਂ. ਪਰ ਤਰਕ ਦੀ ਅਧੂਰੀ ਕਸਵੱਟੀ ਨੂੰ ਗੁਰਬਾਣੀ ਸਿਰ ਥੋਪਣ ਅਤੇ ਸਿੱਖ ਇਤਿਹਾਸ ਦੇ ਨਾਲ ਨਾਲ ਮੌਜੂਦਾ ਸਿੱਖ ਸਮਾਜ ਅੰਦਰ ਵਰਤਦੀਆਂ ਕਮਜ਼ੋਰੀਆਂ ਨੂੰ ਉਭਾਰ ਕੇ ਜਿਸ ਪੱਛਮ ਅਤੇ ਭਾਰਤੀ ਤੰਤਰ ਦੇ ਹਥਿਆਰ ਬਣ ਕੇ ਉਭਰਿਆ ਜਾ ਰਿਹਾ ਓਸਦੇ ਸੰਦਰਭ ਸਮਝਣੇ ਬੇਹੱਦ ਜ਼ਰੂਰੀ ਹਨ. ਅੱਜਕੱਲ, ਜਿਸ ਪਲ ਮੈਂ ਇਹ ਲੇਖ ਰਿਹਾ ਹਾਂ ਉਸ ਵੇਲੇ ਤੱਕ ਮੇਰੀ ਜਾਣਕਾਰੀ ਅੰਦਰ ਗਿਆਨੀ ਲਖਵੀਰ ਸਿੰਘ ਜੀ ਰਾਹੀਂ ਗੁਰਦੁਆਰਾ ਪੰਜਾ ਸਾਹਿਬ ਸੰਬੰਧੀ ਭਾਈ ਬਾਲੇ ਵਾਲੀ ਜਨਮਸਾਖੀ ਦੇ ਅੰਦਰ ਆਏ ਵਲੀ ਕੰਧਾਰੀ ਦੇ ਜ਼ਿਕਰ ਅਤੇ ਉਚੇਚੇ ਤੌਰ ਤੇ ਪਹਾੜੀ ਉੱਤੇ ਪੰਜਾ ਖੁੱਭ ਸਕਣ ਜਾਂ ਨਾ ਸਕਣ ਸੰਬੰਧੀ ਵਿਵਾਦ ਚੱਲ ਰਿਹਾ ਜਿਹੜਾ ਕਿ ਅਸੀਂ ਵੀ ਲੰਬਾ ਅਰਸਾ ਫੇਸਬੁੱਕ ਮਾਧਿਅਮ ਰਾਹੀਂ ਬਹਿਸ ਅਧੀਨ ਗੁਜ਼ਾਰਦੇ ਰਹੇ ਹਾਂ ਪਰ ਸਾਡੇ ਜ਼ਿਹਨ ਤੋਂ ਇਹ ਗੁਸਤਾਖੀ ਕਦੇ ਨਹੀਂ ਹੋਈ ਕਿ ਵਲੀ ਕੰਧਾਰੀ ਵਲੋਂ ਪਾਣੀ ਦੇ ਸਰੋਤ ਉੱਤੇ ਕੀਤੇ ਕਬਜ਼ੇ ਵਾਲੇ ਜ਼ੁਲਮ ਤੇ ਓਸ ਪੰਜੇ ਖੁੱਭੀ ਪਹਾੜੀ ਹੇਠੋਂ ਫੁੱਟੇ ਚਸ਼ਮੇ ਨੂੰ ਅੱਖੋਂ ਪਰੋਖੇ ਕੀਤਾ ਹੋਵੇ,ਜਿਸ ਬਾਰੇ ਕਿ ਸਥਾਨਕ ਲੋਕਾਂ ਦਾ ਆਪ ਮੰਨਣਾ ਸੀ ਕਿ ਇਹ ਚਸ਼ਮਾ ਬਾਬਾ ਨਾਨਕ ਜੀ ਵੱਲੋਂ ਪੁੱਟਿਆ ਗਿਆ ਸੀ, ਤਾਂ ਕਿ ਸਥਾਨਕ ਲੋਕ ਓਸ ਵਲੀ ਸਦਾਉਂਦੇ ਹੰਕਾਰੀ ਵਿਅਕਤੀ ਦੀ ਅਧੀਨਗੀ ਨਾ ਕਬੂਲ ਕਰਨ. ਘਟਨਾ ਦਾ ਤੱਤ,ਮੰਤਵ ਅਤੇ ਪ੍ਰੇਰਨਾ ਨੂੰ ਮਾਰ ਕੇ ਅੱਗੇ ਚੱਲਣ ਵਾਲੇ ਵਿਅਕਤੀ ਦਾ ਸਵਾਰਥ ਤਾਂ ਚਲੋ ਜੋ ਵੀ ਹੋਵੇ ਪਰ ਜਿਹੜੇ ਸਰੋਤੇ ਇਹਨਾਂ ਗੱਲਾਂ ਨਾਲ ਅੱਗੇ ਤੁਰਦੇ ਨੇ ਉਹਨਾਂ ਨੂੰ ਸਵਾਲ ਜ਼ਰੂਰ ਬਣਦਾ ਹੈ ਕਿ ਸਿਧਾਂਤਕ ਹਿੰਸਾ ਹੋਰ ਕਿਸਨੂੰ ਕਿਹਾ ਜਾਂਦਾ ਹੋਏਗਾ ? ਨਿਊਰੋਲਾਜ਼ਿਸਟ ਜਿਸ ਅਧਿਆਤਮ, ਸਾਡੇ ਅੰਦਰ ਵੱਸਦੇ ਆਪੇ ਜਾਂ ਸਰਲ ਸ਼ਬਦਾਂ ਅੰਦਰ ਰੱਬ ਦੇ ਵਿਸ਼ੇ ਨੂੰ ਸੁਲਝੇ ਸਹਿਜੇ ਰੂਪ ਅੰਦਰ ਖੋਜਦੇ ਹਨ, ਇਨ੍ਹਾਂ ਦਾ ਮਨੋਵਿਗਿਆਨ ਅਧੂਰੀਆਂ ਗੱਲਾਂ ਉੱਤੇ ਖੜ੍ਹਦਾ ਵੇਖ ਕੇ ਇੰਨੀ ਕੁ ਚਿੰਤਾ ਜ਼ਰੂਰ ਹੁੰਦੀ ਹੈ ਕਿ ਕਾਮਰੇਡ ਹਰ ਤਰ੍ਹਾਂ ਦੇ ਦਰਸ਼ਨ ਤੋਂ ਇਨਕਾਰੀ ਹਨ, ਉਹਨਾਂ ਦੇ ਕਹੇ ਸੁਣੇ ਬੋਲਾਂ ਦਾ ਖਾਸਾ ਚਿੰਤਨ ਅਨੁਭਵ ਦੇ ਖੇਤਰ ਵਿੱਚ ਜ਼ਰੂਰੀ ਨਹੀਂ ਲਗਦਾ ਅਤੇ ਨਾ ਹੀ ਉਹ ਅਨੁਭਵ ਨੂੰ ਅਹਿਮੀਅਤ ਦੇਂਦੇ ਹਨ. ਪਰ ਦਰਸ਼ਨ ਤਾਂ ਨਿਰੋਲ ਅਨੁਭਵ ਉੱਤੇ ਖੜ੍ਹਾ ਹੈ, ਇਸਦੇ ਅੰਦਰ ਨਿੱਤਨੇਮ ਨਮਾਜ਼ਾਂ ਦੇ ਸੰਦਰਭ ਵੀ ਚੇਤੰਨ ਰਹਿਣ ਦੀ ਦਿਸ਼ਾ ਨਿਰਧਾਰਨ ਦੀ ਹੈ, ਸਮੇਂ ਨਾਲ ਆਈਆਂ ਕੁਰੀਤੀਆਂ ਦਾ ਖੰਡਣ ਕਰਨੋਂ ਕੌਣ ਮਨ੍ਹਾਂ ਕਰਦਾ ਹੈ ਸਗੋਂ ਸਿੱਖੀ ਤੋਂ ਵੱਡਾ ਖੇਤਰ ਕਿਸੇ ਮਜ਼ਹਬ ਵਿੱਚ ਨਹੀਂ ਜਿਥੇ ਆਪਣੇ ਹੀ ਆਗੂਆਂ ਉੱਤੇ ਸਵਾਲ ਚੁੱਕੇ ਜਾਣ ਨੂੰ ਸੁਹਿਰਦਤਾ ਨਾਲ ਸੁਣ ਕੇ ਲੰਘ ਜਾਇਆ ਜਾਂਦਾ ਰਿਹਾ ਹੈ, ਇਤਿਹਾਸਕ ਸਰੋਤਾਂ ਦੀਆਂ ਗਲਤੀਆਂ ਬਾਰੇ ਵਿਸਤਾਰ ਦਿੱਤਾ ਕਿਹਨੇ ? ਇੱਥੇ ਜਰਾ ਅਨੁਭਵ ਕਿਤਾਬ ਦੀ ਸੰਪਾਦਕੀ ਦਾ ਇੱਕ ਹੋਰ ਹਿੱਸਾ ਸਾਂਝਾ ਕਰਨ ਲਾਇਕ ਹੈ ਜਿਹੜਾ ਕਿ ਉਪਰੋਕਤ ਸੱਜਣਾਂ ਦੁਆਰਾ ਨਾਨਕ ਨਾਮ ਨੂੰ ਬੜੀ ਭੀੜੀ ਗਲੀ ਵਿੱਚ ਫਸਾਉਣ ਦਾ ਝਾਂਸਾ ਉਘਾੜਨ ਵਿੱਚ ਸਟੀਕ ਸਮਝਿਆ ਜਾ ਸਕਦਾ ਹੈ, ਜਿਸ ਪੱਛਮੀ ਨਿਜ਼ਾਮ ਦੇ ਰਾਜਨੀਤਕ ਪਰਿਪੇਖ ਨੂੰ ਉਹਨਾਂ ਦਾ ਸਿਧਾਂਤ ਸਮਝਣ ਦੀ ਗਲਤੀ ਕਰਦੇ ਨੇ, ਸੰਪਾਦਕ ਲਿਖਦਾ ਹੈ...

ਇਤਿਹਾਸਕ ਰੂਪ ਵਿੱਚ ਅਸੀਂ ਵੇਖਦੇ ਹਾਂ ਕਿ ਪ੍ਰਾਚੀਨ ਯੂਨਾਨੀ ਪਦਾਰਥਵਾਦੀ ਚਿੰਤਕ ਹਿਰਕਲਾਇਟ੍ਸ ਦੀਆਂ ਜਿਨ੍ਹਾਂ ਉਦਾਹਰਨਾਂ ਰਾਹੀਂ ਪਦਾਰਥਵਾਦੀ ਅਕਾਲ ਸੱਤਾ ਖਿਲਾਫ਼ ਦਲੀਲਾਂ ਦੇਂਦੇ ਹਨ, ਉਨ੍ਹਾਂ ਹੀ ਉਦਾਹਰਨਾਂ ਦੇ ਵਿਰੋਧ ਵਿੱਚ ਪਰਮੇਨਾਇਡਜ਼ ਨੇ ਆਪਣਾ ਸਿਧਾਂਤ ਦਿੱਤਾ ਸੀ ਕਿ ਦ੍ਰਿਸ਼ਮਾਨ ਜਗਤ ਵਿੱਚ ਨਜ਼ਰ ਆ ਰਹੇ ਪਰਿਵਰਤਨ 'ਨਜ਼ਰ ਦਾ ਭੁਲੇਖਾ' ਹਨ. ਇਸ ਲਈ ਹੀ ਉਸਨੇ "ਅਵਿਨਾਸ਼ੀ ਤੱਤ" ਦਾ ਸੰਕਲਪ ਦਿੱਤਾ. ਜਿਸ ਨੂੰ ਅਸੀਂ "ਸਟੈਡੀ ਸਟੇਟ" ਸਿਧਾਂਤ ਰਾਹੀਂ ਵੀ ਸਮਝ ਸਕਦੇ ਹਾਂ. ਇਸ ਮੁਤਾਬਿਕ ਪਦਾਰਥ 'ਸੁੰਨ' ਵਿੱਚੋਂ ਲਗਾਤਾਰ ਪੈਦਾ ਹੋਈ ਜਾਂਦਾ ਹੈ. ਇਹ ਕਿਸੇ ਰੇਡੀਏਸ਼ਨ/ਊਰਜਾ ਤੋਂ ਪਦਾਰਥ ਵਿੱਚ ਰੂਪਮਾਨ ਨਹੀਂ ਹੁੰਦਾ. ਇਹ ਬਿਲਕੁਲ ਉਸੇ ਤਰ੍ਹਾਂ ਹੋਂਦ ਵਿੱਚ ਆਉਂਦਾ ਹੈ ਜਿਵੇਂ ਗੁਰਬਾਣੀ ਦਾ "ਸੈਭੰ" ਅਰਥਾਤ:

ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ || 

ਜਾਂ ਫਿਰ,
ਓਅੰਕਾਰ ਉਤਪਾਤੀ || ਕੀਆ ਦਿਨਸੁ ਸਭ  ਰਾਤੀ ||
ਵਣੁ ਤ੍ਰਿਣੁ ਤ੍ਰਿਭਵਣ ਪਾਣੀ || ਚਾਰਿ ਬੇਦ ਚਾਰੇ ਖਾਣੀ ||
ਖੰਡ ਦੀਪ ਸਭ ਲੋਆ || ਏਕ ਕਵਾਵੈ ਤੇ ਸਭਿ ਹੋਆ ||

ਪੱਛਮੀ ਦਾਰਸ਼ਨਿਕਾਂ ਅੰਦਰ ਇਮੇਨੁਅਲ ਕਾੰਟ, ਇੱਕ ਵਿਸ਼ਵ ਪ੍ਰਸਿੱਧ ਨਾਮ ਹੈ. ਜਿਸ ਨੇ ਗਿਆਨ ਅਤੇ ਉਸ ਦੇ ਪਿੱਛੇ ਦੇ ਕਾਰਨਾਂ, ਨੈਤਿਕਤਾ ਅਤੇ ਵਿਗਿਆਨਵਾਦ ਆਦਿ ਉੱਪਰ ਏਨਾ ਜ਼ਿਆਦਾ ਵਿਸਥਾਰ ਅਤੇ ਠੋਸ ਦਲੀਲਾਂ ਨਾਲ ਲਿਖਿਆ ਹੈ ਕਿ ਆਲੋਚਕ ਇਸ ਗੱਲ 'ਤੇ ਸਹਿਜੇ ਯਕੀਨ ਨਹੀਂ ਕਰ ਪਾ ਰਹੇ ਕਿ ਇਕ ਦਾਰਸ਼ਨਿਕ ਏਨੀ ਦੂਰ ਤੱਕ ਵੀ ਕਿਸੀ ਵਿਸ਼ੇ ਦੀ ਪੜਤਾਲ ਕਰ ਸਕਦਾ ਹੈ. ਕਾੰਟ ਦੇ ਦਰਸ਼ਨ ਨੂੰ ਪੜ੍ਹਨ ਦਾ ਆਪਣਾ ਈ ਮਜ਼ਾ ਹੈ, ਉਹ ਤੁਹਾਡੀਆਂ ਸਥਾਪਿਤ ਸੋਚਾਂ ਨੂੰ ਇੱਕ ਹੀ ਝਟਕੇ ਨਾਲ ਤੋੜਨ ਦੀ ਸਮਰੱਥਾ ਰੱਖਦਾ ਹੈ. ਪੱਛਮੀ ਦਰਸ਼ਨ, ਜਿਸ ਨੂੰ ਅਰਸਤੂ ਨੇ ਬੇਹੱਦ ਪ੍ਰਭਾਵਿਤ ਕੀਤਾ ਸੀ, ਉਸ ਨੂੰ ਕਾੰਟ ਨੇ ਇਕ ਨਵੀਂ ਪਹਿਚਾਣ ਦਿੱਤੀ ਹੈ. ਯੂਨਾਨੀ ਤੇ ਭਾਰਤੀ ਦਾਰਸ਼ਨਿਕਾਂ ਵਾਂਗ ਕਾੰਟ ਨੇ ਵੀ "ਗਿਆਨ" ਉੱਪਰ ਕਾਫੀ ਕੁਝ ਲਿਖਿਆ ਹੈ. "ਗਿਆਨ" ਉੱਪਰ ਸਵਾਲ ਉਠਾਉਂਦੇ ਹੋਏ, ਉਹ ਆਖਦਾ ਹੈ ਕਿ ਸਮੁੱਚੀ ਵਸਤੂ ਜਗਤ ਦੀ ਪਹਿਚਾਣ ਸਾਡੀਆਂ ਪਰੰਪਰਾਗਤ ਧਾਰਨਾਵਾਂ ਉੱਪਰ ਹੀ ਆਧਾਰਿਤ ਹੈ. ਅਨੁਭਵ ਹੀ ਉਸਦਾ ਆਧਾਰ ਹੈ ਪਰ ਅਨੁਭਵ ਦਾ ਤੱਥਮਈ ਵਰਣਨ ਕਦੀ ਵੀ ਸੰਭਵ ਨਹੀਂ ਹੈ. ਕਾੰਟ ਨੇ ਇਸ ਕਰਕੇ ਹੀ ਜਿੰਨਾ ਵਿਗਿਆਨਵਾਦ ਉੱਪਰ ਜ਼ੋਰ ਦਿੱਤਾ, ਓਨਾ ਹੀ ਜ਼ੋਰ ਉਸਨੂੰ ਨੈਤਿਕਤਾ ਉੱਪਰ ਵੀ ਦਿਤਾ. (ਸੰਪਾਦਕ)

ਗਿਆਨ ਹੀ ਗੁਰੂ ਹੈ ਦਾ ਰੌਲਾ ਬੀਤੇ ਸਮਿਆਂ ਵਿੱਚ ਬਹੁਤ ਉੱਚੀ ਉੱਚੀ ਪਿਆ ਸੀ, ਜੇਕਰ ਅਜਿਹਾ ਨਾ ਹੁੰਦਾ ਤਾਂ ਅੱਜ ਮੇਰੇ ਲੇਖ ਦੀ ਭੂਮਿਕਾ ਅਤੇ ਵਿਸਤਾਰ ਮਾਰਕਸਵਾਦੀ ਵਿਚਾਰਧਾਰਾ ਵਾਲੇ ਹੋਣੇ ਸੀ, ਪਰ ਪਟਿਆਲੇ ਦੇ ਕੇਂਦਰ ਵਿਚੋਂ ਇੱਕ ਨਹੀਂ ਕਈ ਵਾਰੀ ਇਹ ਅਵਾਜ਼ ਉੱਠੀ ਕਿ ਪੰਜਾਬ ਵਿੱਚ ਵੱਸਦੇ ਮਾਰਕਸਵਾਦੀ ਵੀਰੋ ਜਿਹੜੀ ਗੱਲ ਤੁਸੀਂ ਮਾਰਕਸ ਜਾਂ ਲੈਨਿਨ ਦੇ ਨਾਂ ਅਧੀਨ ਕਰਦੇ ਓ ਉਹ ਨਾਨਕ ਦੇ ਨਾਮ ਅਧੀਨ ਕਰੋ. ਦਰਅਸਲ ਇਹਦੇ ਵਿੱਚ ਕਸੂਰ ਇਹਨਾਂ ਦਾ ਬਿਲਕੁਲ ਨਹੀਂ, ਇਸਦੇ ਪਿੱਛੇ ਸਾਡੀ ਦਾਰਸ਼ਨਿਕ ਅਬੋਧਤਾ, ਸਿੱਖੀ ਦੇ ਵਿਹੜੇ ਵਿੱਚ ਹਜੇ ਸਮਿਆਂ ਦੀ ਹਨ੍ਹੇਰੀ ਅੰਦਰ ਡਿੱਗਦੇ ਢਹਿੰਦਿਆਂ ਉਠਦੇ ਹੋਣ ਕਰਕੇ ਬਹੁਤ ਕੁਝ ਸਮਝਨਾ ਵਿਚਾਰਨਾ ਬਾਕੀ ਹੈ ਜਿਸ ਕਰਕੇ ਊਣਤਾਈ ਭਰੇ ਦਿਮਾਗ ਆਪਣੀ ਅਰਾਜਕਤਾ ਭਰੀ ਨੀਤੀ ਅਸਰੰਦਾਜ਼ ਕਰ ਦਿੰਦੇ ਰਹੇ ਹਨ. ਇਹ ਗੱਲ ਪੰਜਾਬ ਵੱਸਦੇ ਉਹਨਾਂ ਪਾਠਕਾਂ ਲਈ ਹੀ ਹੈ ਜਿਹੜੇ ਸਮਝਣ ਬੁੱਝਣ ਦੀ ਤੌਫੀਕ ਰੱਖਦੇ ਹਨ ਅਤੇ ਭਾਰਤੀ ਸਿੱਖਿਆ ਦਾ ਨਿਜ਼ਾਮ ਇਸ ਨਜ਼ਰੀਏ ਤੋਂ ਸਾਨੂੰ ਪ੍ਰੋੜ੍ਹਤਾ ਕਦੇ ਵੀ ਨਹੀਂ ਆਉਣ ਦਏਗਾ. ਨਿਊਜ਼ੀਲੈੰਡ ਜਾਂ ਹੋਰਨਾਂ ਮੁਲਕਾਂ ਚ ਵੱਸਦੇ ਲੋਕਾਂ ਦੀ ਮੂਰਖਤਾ ਨੂੰ ਅਬੋਧਤਾ ਨਹੀਂ ਉਹਨਾਂ ਦੀ ਚੁਣੀ ਹੋਈ ਜੀਵਨ ਜਾਚ ਕਹਿ ਸਕਦੇ ਹਾਂ ਕਿਉਂਕਿ ਪੱਛਮੀ ਮੁਲਕ ਆਪਣੀ ਸਮਾਜਿਕ ਇਕਾਈ ਅੰਦਰ ਸਿੱਖਣ ਦੀ ਉਮਰ ਵਿੱਚ ਕੋਈ ਪਾਬੰਦੀ ਨਹੀਂ ਲਗਾ ਕੇ ਬੈਠਾ ਅਤੇ ਹਰ ਦ੍ਰਿਸ਼ਟੀਕੋਣ ਓਥੋਂ ਦੇ ਸਾਹਿਤ ਅੰਦਰ ਭਰਿਆ ਪਿਆ ਹੈ. ਜੇ ਕੋਈ ਸਾਨੂੰ ਸਾਡੇ ਸਿਸਟਮ ਦੀ ਕਮਜ਼ੋਰੀ ਦਾ ਮਿਹਣਾ ਮਾਰ ਕੇ ਪੱਛਮ ਨੂੰ ਚੰਗਾ ਕਹਿਣਾ ਚਾਹੁੰਦਾ ਹੋਵੇ ਤਾਂ ਸਾਨੂੰ ਜਿਆਦਾ ਇਤਰਾਜ਼ ਨਹੀਂ, ਪਰ ਪੱਛਮ ਦੇ ਦਰਸ਼ਨ ਨੂੰ ਓਥੋਂ ਦੇ ਨਿਜ਼ਾਮ ਵਿੱਚ ਇੱਕ ਸਮਾਨਤਾ ਅਧੀਨ ਰੱਖੇ ਉਹ ਵੀ ਉਥੋਂ ਦਾ ਵਸਨੀਕ ਹੋ ਕੇ..ਅਜਿਹੇ ਨਾਸਮਝ ਲੋਕਾਂ ਦਾ ਸਮੂਹ ਭਾਵੇਂ ਜਿੰਨਾ ਮਰਜ਼ੀ ਤਾਕਤਵਰ ਹੋਵੇ, ਉਹ ਸਿਆਣਾ ਨਹੀਂ ਅਖਵਾ ਸਕਦਾ. ਪਹਿਲੀ ਗੱਲ ਤਰਕ ਦੀ ਗੱਲ ਕਰਨ ਵਾਲਿਆਂ ਨੇ ਹਮੇਸ਼ਾ ਇਹ ਤੱਥ ਨੂੰ ਵਾਚਿਆ ਹੀ ਨਹੀਂ ਕਿ ਭਾਰਤੀ ਦਰਸ਼ਨ ਅੰਦਰ ਵੀ ਤਰਕ ਦੀ ਇੱਕ ਆਪਣੀ ਮਰਿਆਦਾ ਅਤੇ ਨਿਯਮ ਹਨ ਜਿਸ ਨਾਲ ਤੁਸੀਂ ਗਈਆਂ ਖੇਤਰ ਦੀ ਗੁੰਝਲਾਂ ਨੂੰ ਸਮਝਦੇ ਹੋਏ ਪੜਾਅ ਦਰ ਪੜਾਅ ਵਿਕਸਿਤ ਹੋ ਸਕਦੇ ਹੋ, ਉਹਨਾਂ ਇੱਕੋ ਸਤਰ ਵਿੱਚ ਗੱਲ ਮੁਕਾਈ ਕਿ ਧਰਮ ਜਹਿਰ ਹੈ, ਭਾਵੇਂ ਕਿ ਇਹ ਸਤਰ ਵੀ ਉਧਾਰੀ ਚੁੱਕੀ ਪਰ ਅਜਿਹਾ ਵਿਚਾਰ ਹਾਵੀ ਹੋਣਾ ਖੋਜ ਤੋ ਬਿਲਕੁਲ ਤੋੜ ਦੇਂਦਾ ਹੈ, ਖੋਜ ਤੋਂ ਟੁੱਟੀ ਮਨੁੱਖਤਾ ਖਾਸਕਰ ਕਿਸੇ ਸਮਾਜਿਕ ਢਾਂਚੇ ਦਾ ਅੰਤ ਨਿਸਚਿਤ ਹੀ ਹੈ, ਅਤੇ ਇਥੇ ਸਾਡੇ ਮੂਹਰੇ ਜਿਹੜਾ ਦ੍ਰਿਸ਼ ਚੱਲ ਰਿਹਾ ਉਹਦੇ ਵਿੱਚ ਕਮਿਉਨਿਸਟ ਵਿਚਾਰਧਾਰਾ ਨਾਲ ਚੱਲਦੇ ਦਵੰਧ ਨੇ ਸਿੱਖ ਆਗੂ ਹੋਣ ਦਾ ਵਹਿਮ ਪਾਲ ਬੈਠੇ ਦੋ ਪੁਰੋਹਿਤਾਂ ਨੂੰ ਅੰਨ੍ਹੇ ਖੂਹ ਦੇ ਗੇੜੇ ਦੇਣ ਲਗਾ ਦਿੱਤਾ ਹੈ ਜਿਸਦੇ ਸਿੱਟੇ ਸਾਡੀ ਨਜ਼ਰਾਂ ਅੰਦਰ ਸਿਵਾਏ ਆਤਮਘਾਤ ਦੇ ਹੋਰ ਕੁਝ ਵੀ ਨਹੀਂ. ਇਥੇ ਇੱਕ ਗੱਲ ਹੋਰ ਵੀ ਧਿਆਨ ਦੇਣ ਲਾਇਕ ਹੈ ਕਿ ਸੰਨ ੧੯੮੪ ਵਿੱਚ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਉਜਾੜੀ ਗਈ ਸਿੱਖ ਰੇਫਰੈਂਸ ਲਾਇਬ੍ਰੇਰੀ ਦੇ ਚੋਰੀ ਹੋਏ ਸਮਾਨ ਦੇ ਵਾਪਿਸ ਨਾ ਆਉਣ ਅਤੇ ਉਸ ਵਿੱਚ ਹੋਈਆਂ ਰਾਜਨੀਤਕ ਅਗੁਆਈ ਦੀ ਊਣਤਾਈਆਂ ਦੇ ਸਿੱਟੇ ਸਾਡੀ ਬੌਧਿਕ ਸਮਰੱਥਾ ਦੀ ਮਿਹਨਤ ਨੂੰ ਹੋਰ ਵਧਾਉਣ ਵਿੱਚ ਯਤਨਸ਼ੀਲ ਹਨ ਅਤੇ ਕੁਝ ਨਾਸਮਝ ਸਾਨੂੰ ਇਸ ਜ਼ਰੂਰੀ ਕਾਰਜਾਂ ਤੋਂ ਭਟਕਾਉਣ ਲਈ ਧਰਮ ਫਜੂਲ ਹੈ, ਇਤਿਹਾਸਕ ਕਿਤਾਬਾਂ ਫਜੂਲ ਹਨ ਵਰਗੇ ਨਾਹਰਿਆਂ ਨਾਲ ਜਿਸ ਕੇਂਦਰੀ ਵਿਚਾਰਧਾਰਾ ਦਾ ਹਾਮਾ ਭਰਦੇ ਜਾ ਰਹੇ ਹਨ, ਉਸ ਵਿੱਚ ਦੋ ਗੱਲਾਂ ਬਿਲਕੁਲ ਨਕਾਰਾ ਹੋ ਜਾਂਦੀਆਂ ਹਨ, 

੧. ਗੁਰਸਿਖੀ ਇੱਕ ਨਵੇਕਲਾ ਦਰਸ਼ਨ ਹੈ -  ਜਿਸ ਵੇਲੇ ਅਸੀਂ ਹਾਲੇ ਬਾਬਾ ਨਾਨਕ ਜੀ ਦਾ ੫੫੦ਵਾਂ ਪ੍ਰਕਾਸ਼ ਵਰ੍ਹਾ ਹੰਢਾਇਆ ਹੋਵੇ, ਜਿਸ ਤਵਾਰੀਖ਼ ਅੰਦਰ ਵਿਚਾਰਿਕਤਾ ਦੀ ਅੰਨ੍ਹੀ ਹਨ੍ਹੇਰੀ, ਸੰਸਾਰ ਦਾ ਆਪਸ ਵਿੱਚ ਤਿੱਖਾ ਟਕਰਾਅ ਹੋਇਆ ਹੋਵੇ, ਜਿਹਨਾਂ ਸਮਿਆਂ ਅੰਦਰ ਬੀਤੀਆਂ ਤਮਾਮ ਸਭਿਅਤਾਵਾਂ ਦੇ ਅਨੁਭਵ ਅਤੇ ਦਰਸ਼ਨ ਆਪਣੀ ਸ਼ਾਬਦਿਕ ਜੰਗ ਅਤੇ ਲਿੱਪੀਬੱਧ ਕਸਵੱਟੀ ਅੰਦਰ ਰਲੇਵੇਂ ਵਖਰੇਵੇਂ ਦਾ ਦੌਰ ਸਿਖਰਾਂ ਉੱਤੇ ਵੇਖ ਲਏ ਗਏ ਹੋਣ ਓਦੋਂ ਇਹਨਾਂ ਸਾਰੀਆਂ ਦਰਸ਼ਨ ਪ੍ਰਣਾਲੀਆਂ ਵਿੱਚੋਂ ਵੱਖਰੀ ਦਾਰਸ਼ਨਿਕ ਪ੍ਰਣਾਲੀ ਨੂੰ ਕੋਝੇ ਜਿਹੇ ਢੰਗ ਨਾਲ ਦਬਾਉਣ, ਉਸਨੂੰ ਸਮਝਣ ਸੰਭਲਨ ਦਾ ਸਮਾਂ ਨਾ ਦੇਣਾ ਆਪਣੇ ਆਪ ਵਿੱਚ ਅਜੀਬ ਜੇਹਾ ਵਰਤਾਰਾ ਹੈ, ਜਿਸਨੂੰ ਅਗਰ ਲੁਪਤ ਹੋਈਆਂ ਸਭਿਅਤਾਵਾਂ ਦੇ ਬਾਰੇ ਸੋਚ ਕੇ ਵੇਖਾਂਗੇ ਤਾਂ ਸਹਿਜੇ ਹੀ ਸਮਝ ਸਕਾਂਗੇ ਕਿ ਇਹ ਤਰਕ-ਕੁਤਰਕ ਤੱਕ ਸੀਮਿਤ ਝਗੜਾ ਨਹੀਂ, ਨਾ ਹੀ ਇਸ ਦਰਸ਼ਨ ਦੇ ਬਾਨੀ ਸਾਹਿਬਾਨਾਂ ਦੀ ਤੌਹੀਨ ਦਾ ਮਸਲਾ ਹੈ ਬਲਕਿ ਇਥੇ ਯੁੱਗ ਜਾਗਣ ਤੋੰ ਪਹਿਲੋਂ ਯੁੱਗ ਸਮਾਪਤੀ ਦੀ ਕੋਸ਼ਿਸ਼ ਦਾ ਉਪਰਾਲਾ ਦਿਸਦਾ ਹੈ. ਕਿਸੇ ਪੁਸਤਕ ਦੇ ਸਮੀਖਿਆ ਘੇਰੇ ਅੰਦਰ ਇੰਨਾ ਕੁਝ ਸਮੇਟਿਆ ਜਾਣਾ ਆਪਣੇ ਆਪ ਵਿੱਚ ਬੜੀ ਖੁਸ਼ੀ ਦੀ ਗੱਲ ਹੈ. ਕਿਉਂਕਿ ਆਮ ਪੁਸਤਕਾਂ ਅੰਦਰ ਬਿਓਰੇ ਲੇਖਕਾਂ,ਅਨੁਵਾਦਕਾਂ ਦੇ ਚੱਲਦੇ ਹਨ, ਪਰ ਅਨੁਭਵ ਦਾ ਸੰਕਲਨ ਜਿਹਨਾਂ ਆਧਾਰਾਂ ਉੱਤੇ ਕੀਤਾ ਗਿਆ ਓਹਦੇ ਅੰਦਰ ਇਹ ਬਹਿਸ ਦਾ ਨਿਕਲਣਾ ਅਤੇ ਇੱਕ ਮੌਲਿਕ ਸੁਕੂਨ ਦਾ ਉਭਰਨਾ ਸੁਭਾਵਿਕ ਸਿੱਟਾ ਹੈ. ਦਰਸ਼ਨ ਦੀ ਵਿਸ਼ਾਲਤਾ ਅਨੁਭਵ ਅਤੇ ਗੋਸਟਿ ਦੇ ਨਾਲ ਨਾਲ ਵਿਹਾਰਿਕ ਸਮਾਨਤਾ ਅਤੇ ਸਹਿਜ ਵਟਾਂਦਰੇ ਅੰਦਰ ਵੀ ਵਿਆਪਕ ਹੈ ਜਿਸ ਨਾਲ ਗਿਆਨ ਆਪਣੀ ਤਮਾਮ ਸੀਮਾਵਾਂ ਦੇ ਬਾਵਜੂਦ ਸਭਦਾ ਸਾਂਝਾ ਹੋ ਨਿੱਬੜਦਾ ਹੈ ਅਤੇ ਉਸਨੂੰ ਪ੍ਰਚਾਰਨਾ ਪ੍ਰਸਾਰਨਾ ਹਰ ਇੱਕ ਦਾ ਫਰਜ਼ ਵੀ, ਅਤੇ ਸਿੱਖਣ ਵਾਲੇ ਦਾ ਹਰ ਵਕਤ ਸਤਿਕਾਰ ਤੇ ਸਵਾਗਤ ਕੀਤਾ ਜਾਂਦਾ ਹੈ ਇਸਦੇ ਕਾਰਨ ਹੀ ਗੁਰਸਿੱਖੀ ਦਾ ਖੰਡੇਧਾਰ ਮਾਰਗ ਆਪਸੀ ਸਾਂਝ ਦੇ ਨਾਲ ਅੱਗੇ ਵਧਦਾ ਹੈ. 

੨.ਮਾਨਸਿਕ ਗੁਲਾਮੀ ਦਾ ਸਮਾਜਿਕ ਸ਼ੋਸ਼ਣ : ਜਿਹਨਾਂ ਧਿਰਾਂ ਅਤੇ ਵਿਚਾਰਧਾਰਾਵਾਂ ਦੁਆਰਾ ਗਿਆਨ ਨੂੰ ਆਪਣੀ ਬੰਦਿਸ਼ ਵਿੱਚ ਰੱਖਣ ਦਾ ਪ੍ਰਾਚੀਨ ਚਸ੍ਕਾ ਰਿਹਾ ਹੋਵੇ ਉਹਨਾਂ ਦੇ ਵੱਲੋਂ ਮਾਨਸਿਕ ਗੁਲਾਮਾਂ ਦਾ ਸਮਾਜਿਕ ਸ਼ੋਸ਼ਣ ਪਰੰਪਰਾ ਦੇ ਨਾਮ ਅਧੀਨ ਹੁੰਦਾ ਹੀ ਆਇਆ ਹੈ ਜਿਸਨੂੰ ਜਿਸ ਕਿਸੇ ਨੇ ਵੀ ਕੱਟਣ ਦੀ ਜ਼ੁਅੱਰਤ ਕੀਤੀ ਹੈ ਓਸਦੀ ਸੂਰਮਤਾਈ ਅਤੇ ਜੁਝਾਰੂ ਪਹੁੰਚ ਹਮੇਸ਼ਾ ਅਹਿਮ ਰਹੀ ਹੈ, ਉਹਨਾਂ ਨੂੰ ਭਾਵੇਂ ਦਾਰਸ਼ਨਿਕ ਮੰਨੋ, ਵਿਚਾਰਕ, ਗੁਰੂ, ਪੀਰ, ਯੋਧੇ ਜਾਂ ਜਰਨੈਲ... ਕੁਝ ਵੀ ਕਹੋ, ਸਭ ਦੀ ਆਪਣੀ ਆਪਣੀ ਅਹਿਮੀਅਤ ਹੈ. ਪਰੰਪਰਾ ਵਿੱਚੋਂ ਨਿਕਲੀ ਪੂਜਾ ਵਿਵਸਥਾ, ਗਿਆਨ ਨੂੰ ਸਮੁੱਚਾ ਆਗੂ ਮੰਨਣ ਦੀ ਵਿਵਸਥਾ ਜਾਂ ਸਮਾਜਿਕ ਬੰਦਿਸ਼ਾਂ ਦਾ ਉਹ ਢਾਂਚਾ ਜਿਹੜਾ ਮਨੁੱਖ ਨੂੰ ਬਨਸਪਤੀ ਦੇ ਸਾਰੇ ਸ਼ੁੱਧ ਸਰੂਪ ਤੋਂ ਬੇਮੁਖ ਕਰਨ ਵੱਲ ਭਾਰੂ ਹੁੰਦਾ ਹੈ, ਜਿੱਥੇ ਅਨੈਤਿਕਤਾ ਨੂੰ ਸਤਿਕਾਰ ਦੇਣ ਦਾ ਸੁਰ ਉੱਚਾ ਹੋਵੇ ਅਤੇ ਮਨੁੱਖੀ ਸੋਝੀ ਸਹੀ ਗਲਤ ਦੇ ਨਿਤਾਰੇ ਯੋਗ ਨਾ ਰਹੇ..ਇਹ ਸਾਰੀਆਂ ਗੱਲਾਂ ਸਮਾਜਿਕ ਸ਼ੋਸ਼ਣ ਦਾ ਮੂਲ ਸਰੂਪ ਹੈ ਜਿਸਦਾ ਸ਼ਿਕਾਰ ਮਾਨਸਿਕ ਗੁਲਾਮ ਆਮ ਹੁੰਦੇ ਹਨ. 

ਜਦੋਂ ਬੀਤੇ ਵੇਰਵੇ ਦੀ ਗੁੰਝਲ ਨੂੰ ਬੇਤਹਾਸ਼ਾ ਵਧਾਇਆ ਜਾਏਗਾ ਓਦੋਂ  ਉਪਰੋਕਤ ਦੋਵੇਂ ਗੱਲਾਂ ਦਾ ਕੀ ਵਜੂਦ ਰਹੇਗਾ ? ਜਦੋਂ ਧਰਮ ਨੂੰ ਹੀ ਮਾਨਸਿਕ ਸ਼ੋਸ਼ਣ ਦਾ ਕੇਂਦਰ ਕਿਹਾ ਜਾ ਰਿਹਾ ਹੋਵੇ, ਜਿਥੇ ਵਿੱਦਿਅਕ ਉਪਰਾਲਿਆਂ ਅੰਦਰ ਵਧੇ ਭ੍ਰਿਸ਼ਟਾਚਾਰ ਨੂੰ ਪੂਰੇ ਸਿੱਖਿਆ ਦੀ ਲੋੜ ਦਾ ਇਨਕਾਰੀ ਬਣਾ ਦਵੇ, ਜਿੱਥੋਂ ਵੱਸਦੇ ਹੱਕ ਤੇ ਹਕੂਕ ਖਿੱਲਰੇ ਰਹਿਣ ਓਥੇ ਸਾਰਾ ਕੁਝ ਤਾਂ ਪੰਥਕ ਮੂਲ ਤੇ ਉਸਦੀ ਭਾਵਨਾ ਨੂੰ ਹੀ ਸ਼ੰਕੇ ਅਧੀਨ ਲੈ ਆਏਗਾ. ਸ਼ੰਕੇ ਅਧੀਨ ਆਈਆਂ ਵਿਚਾਰਾਂ ਨੂੰ ਤਰਕ ਸਮਝਣ ਵਾਲਾ ਵਿਅਕਤੀ ਕਦੇ ਵੀ ਅਨੁਭਵ ਦੀ ਕਸਵੱਟੀ ਉੱਤੇ ਨਿਤਾਰ ਨਹੀਂ ਸਕਦਾ. ਇਹੀ ਵਜ੍ਹਾ ਹੈ ਕਿ "ਅਨੁਭਵ" ਤਰਕ ਦੀਆਂ ਸੀਮਾਵਾਂ ਨੂੰ ਪਾਰ ਕਰਦਿਆਂ ਜੀਵਨ ਦੇ ਰਹੱਸਾਂ ਨਾਲ ਇਕਮਿੱਕ ਹੋਣ ਵਾਲੇ ਨੂੰ ਸਮਰਪਿਤ ਹੈ.

ਰੀਥਿੰਕ ਪਬਲਿਸ਼ਰ ਦੇ ਅਸਲ ਅਰੰਭਕ ਵਿਚਾਰਾਂ ਦਾ ਸੰਗ੍ਰਹਿ ਹੋਣ ਲਈ ਉੱਤਮ ਵਿਸ਼ੇ ਦੀ ਚੋਣ ਲਈ ਸਰਦਾਰ ਪਰਮਿੰਦਰ ਸਿੰਘ ਸ਼ੌਂਕੀ ਜੀ ਨੂੰ ਦਿਲੋਂ ਜੀਅ ਆਇਆਂ ਨੂੰ. ਇਸ ਮੁਕਤ ਵਿੱਦਿਆ ਸੰਗ੍ਰਹਿ ਦੇ ਦਾਰਸ਼ਨਿਕ ਘੇਰੇ ਨੂੰ ਸਾਹਿਤਕ ਵਾਤਾਵਰਨ ਦੇਣਾ ਜਿਸ ਵੇਲੇ ਕਿ ਹਰ ਸਾਰਥਕ ਗੱਲ ਦਾ ਮੀਡੀਆ ਯੁੱਗ ਵਿੱਚ ਖਿਲਾਰਾ ਪਾਇਆ ਜਾਂਦਾ ਹੋਵੇ ਉਸਨੂੰ ਸਮੇਟ ਕੇ ਸਬਰ ਭਰੇ ਕਦਮ ਚੁੱਕਣ ਲਈ ਪ੍ਰੇਰਨਾ ਦੇਣਾ ਅਸਲ ਪ੍ਰਾਪਤੀ ਹੈ, ਇਸ ਦੇ ਨਾਲ ਅਗਲੇ ਕਾਰਜਾਂ ਵਿੱਚ ਦੁਆਵਾਂ, ਸਤਿਕਾਰ ਦੀ ਭਾਵਨਾ ਦਾ ਯੋਗਦਾਨ ਪਾਉਣ ਦੇ ਨਾਲ ਆਪਣੇ ਅਨੁਭਵ ਸਿਰਜਣ ਦਾ ਕੰਮ ਵੀ ਕੀਤਾ ਜਾਏਗਾ, ਇਹ ਨਿਸਚਿਤ ਹੈ.


ਕਿਤਾਬ- ਅਨੁਭਵ 

ਪ੍ਰਕਾਸ਼ਕ- ਰੀਥਿੰਕ ਪਬਲਿਸ਼ਰ

ਕਿਤਾਬ ਮੰਗਵਾਉਣ ਲਈ ਸੰਪਰਕ ਨੰਬਰ - +91 94648 95424

( rethinkpublisher@gmail.com ) 

ਸਿਫ਼ਰਨਵੀਸ ਇੱਕਵਿੰਦਰ ਪਾਲ ਸਿੰਘ

੨੭ ਅਕਤੂਬਰ, ੨੦੨੦

sifarnaama.123@gmail.com 

Comments

Popular posts from this blog

Missionary College's Student became Parmeshar Dwar devotee

Autonomy of The Intellectualism

ਸ਼ੇਖ਼ ਫ਼ਰੀਦ ਸ਼ਕਰਗੰਜ - ਚਿਰਾਗ਼ ਏ ਚਿਸ਼ਤੀਆ