Infantry921 Publications
ਕਲਮਾਂ ਦੇ ਤੋਪਖਾਨੇ ਦੀ ਕਲਾ
ਸਿਫ਼ਰਨਵੀਸ
ਫੌਜ ਅਦਬ ਦਾ ਵਿਸ਼ਾ ਤਾਂ ਨਹੀਂ, ਪਰ ਯੁੱਧ ਤਾਂ ਇੱਕੋ ਨੀਤੀ ਰੱਖਦਾ ਕਿ ਫੌਜ ਦਾ ਆਗੂ ਮਰ ਜਾਣ ਉੱਤੇ ਜੰਗ ਹਾਰੀ ਜਾਂਦੀ ਹੈ, ਨਿਰਣਾਇਕ ਮੌਕੇ ਯੁੱਧ ਦੀ ਸੂਰਬੀਰਤਾ ਨਹੀਂ ਆਖਰੀ ਕਿੱਲੇ ਗੱਡਣ ਦੇ ਨਾਲ ਮੁੱਕਦੇ ਨੇ | ਪਰ ਸਮੇਂ ਦੀਆਂ ਰਵਾਨਗੀ ਹੁਣ ਇਹ ਕਹਿੰਦੇ ਹੋਇਆਂ ਵੇਖਣ ਵਿੱਚ ਆਏਗੀ ਕਿ "ਜਦੋਂ ਤੱਕ ਯੁੱਧ ਦਾ ਆਖਰੀ ਸਿਪਾਹੀ ਵੀ ਜਿਉਂਦਾ ਹੈ ਓਦੋਂ ਤੱਕ ਜਿੱਤੀ ਫੌਜ ਨੂੰ ਚੈਨ ਨਾਲ ਬਹਿਣਾ ਹਰਾਮ ਹੈ |" ਆਖਰੀ ਸਿਪਾਹੀ ਕਿਸੇ ਵੀ ਕੌਮ ਦਾ ਜਰਨੈਲ ਹੁੰਦਾ ਹੈ !
ਆਖਰੀ ਕਲਮ ਪ੍ਰਕਾਸ਼ਨ
ਸਮਾਂ ਸਾਹਿਤ ਦੀ ਨੁਹਾਰ ਬਦਲਣ ਦੀ ਕਵਾਇਦ ਭਰਿਆ ਹੈ, ਓਥੇ ਹਰ ਇੱਕ ਨਵਾਂ ਅਦਾਰਾ ਖੁਦ ਪ੍ਰਤੀ ਇਨਕਲਾਬ ਦੇ ਝੰਡੇਬਰਦਾਰ ਹੋਣ ਦਾ ਦਾਅਵੇਦਾਰ ਬਣ ਚੁੱਕਾ ਹੈ, ਇਸ ਲਈ ਹੁਣ ਇਉਂ ਦੁਹਰਾਅ ਨਹੀਂ ਮਿਲੇਗਾ ਕਿ ਇਧਰ ਕੁਝ ਨਵਾਂ ਹੋਣ ਦਾ ਚਾਅ ਨਹੀਂ, ਆਪਣੀ ਦੋਇਮ ਦਰਜੇਦਾਰੀ ਸਾਨੂੰ ਬਹੁਤ ਮੁਬਾਰਕ ਲਗਦੀ ਹੈ ਅਤੇ ਹੁਣ ਜਦੋਂ ਇਸ ਸਫਰ ਦਾ ਆਗਾਜ਼ ਕਰਨ ਦੇ ਪਲਾਂ ਵਿੱਚ ਹਾਜਿਰ ਹਾਂ ਓਦੋਂ ਮੈਨੂੰ ਸੁਕੂਨ ਹੈ ਕਿ ਸਾਹਿਤਕ ਪੱਧਰ ਦੀ ਕਹਾਣੀਆਂ ਅਤੇ ਪ੍ਰਕਾਸ਼ਨ ਖੇਤਰ ਦੇ ਮਾਇਨੇ ਵੇਖਦਿਆਂ ਇੰਨਾ ਕੁ ਜ਼ਰੂਰ ਕਹਿ ਸਕਦੇ ਹਾਂ ਕਿ ਹਾਂ ! ਕੁਝ ਹੈ ਜਿਸਨੂੰ ਕਰਦਿਆਂ ਅਸੀਂ ਨੀਰਸਤਾ ਨਹੀਂ ਮਹਿਸੂਸ ਕਰਾਂਗੇ ! ਆਖਰੀ ਕਲਮ ਪ੍ਰਕਾਸ਼ਨ ਨਾਮ ਰੱਖਣਾ ਅਤੇ ਇਸਦੇ ਭਾਵਾਂਸ਼ ਨੂੰ ਚਿਤਵਨਾ ਵੀ ਬੇਹੱਦ ਸੰਗੀਨ ਹੈ,ਕਿਉਂਕਿ ਆਪਣੇ ਆਪ ਵਿੱਚ ਲਿਖਤ ਕੋਈ ਅੰਤਿਮ ਸੱਚ ਨਹੀਂ ਲਿਖ ਸਕੀ,ਪਰ ਅਜਿਹੇ ਦਾਅਵੇ ਕਰਨ ਲੱਗਿਆਂ ਵੀ ਸੋਝੀ ਇਹ ਕਹਿੰਦੀ ਹੈ ਕਿ ਆਖਰ ਕਿਹਨਾਂ ਤੱਥਾਂ ਦੇ ਆਧਾਰ ਉੱਤੇ ਅਸੀਂ ਇਹ ਦਾਅਵਾ ਕਰਦੇ ਹਾਂ ਕਿ ਸਭ ਕੁਝ ਨਵਾਂ ਹੈ ? ਇਹਨਾਂ ਦੋ ਗੱਲਾਂ ਦੇ ਅਧਿਐਨ ਵਿੱਚ ਅਤੇ ਮੰਥਨ ਵਿੱਚ ਵਡੇਰੇ ਘੇਰੇ ਦਾ ਦਰਸ ਨਜ਼ਰੀਂ ਆਉਂਦਾ ਹੈ,ਸੰਭਵ ਹੈ ਕਿ ਅਜਿਹਾ ਮੇਰਾ ਵਹਿਮ ਹੀ ਹੋਵੇ ਪਰ ਮੈਨੂੰ ਇਹ ਵਹਿਮ ਚੰਗਾ ਲੱਗਦਾ ਹੈ ਇਸ ਲਈ ਮੈਂ ਇਸਦੇ ਸਿੱਟੇ ਵੇਖਣ ਲਈ ਤਿਆਰ ਹਾਂ ! ਇਹ ਭੂਮਿਕਾ ਮੈਂ ਜਿਹਨਾਂ ਗੱਲਾਂ ਨੂੰ ਸਪਸ਼ਟ ਕਰਨ ਲਈ ਦਿੱਤੀ ਹੈ,ਉਹ ਇਉਂ ਹੈ -
੧. ਪ੍ਰਕਾਸ਼ਨ ਖੇਤਰ ਦਾ ਬਾਜ਼ਾਰੀਕਰਣ :- ਪ੍ਰਕਾਸ਼ਕ ਬਣਨਾ ਇੱਕ ਹੱਟੀ ਖੋਲ੍ਹਣ ਜੇਹਾ ਮੁੱਦਾ ਬਣ ਚੁੱਕਿਆ ਹੈ, ਜਿਸ ਦੀ ਕਹਾਣੀ ਹਰ ਪਲ ਸਾਹਿਤ ਦੇ ਪੈਮਾਨੇ ਅਤੇ ਮਾਆਸ਼ਰੇ ਦੇ ਮੰਸੂਬੇ ਨੂੰ ਆਪਣੀ ਜ਼ੁਬਾਨ ਵਿੱਚ ਤਰਜਮਾਨੀ ਕਰਦਿਆਂ ਆਪਣੇ ਏਜੰਡੇ ਹੀ ਰਲੇਵੇਂ ਵਿੱਚ ਪਾਉਂਦੀ ਹੈ | ਪਰ ਦੁਖਦ ਗੱਲ ਇਹ ਹੈ ਕਿ ਅਧਿਕਾਰਤ ਰੂਪ ਵਿੱਚ ਸਾਰੇ ਵੱਖੋ ਵੱਖਰੇ ਬਿਆਨ ਦੇਣ ਵਾਲੇ ਲੋਕ ਵੀ ਖੁਦ ਨੂੰ ਇੱਕ ਲੀਹ ਵਿੱਚ ਹੀ ਬੱਝਵੇਂ ਢੰਗ ਨਾਲ ਪੇਸ਼ ਕਰਦੇ ਆਏ ਨੇ, ਮਸਲਨ ਜਿਵੇਂ ਕਿ ਖੁਦ ਨੂੰ ਮਨੁੱਖਤਾਵਾਦੀ ਕਹਿਣਾ,ਬਿਨ੍ਹਾਂ ਇਹ ਨਿਰਧਾਰਿਤ ਕੀਤਿਆਂ ਕਿ ਤੁਹਾਡੀ ਮਨੁੱਖਤਾ ਕਿਹੜੀ ਜਾਤ,ਰੰਗ ਨਸਲ ਅਧਾਰਿਤ ਹੈ,ਇਸਤੋਂ ਇਲਾਵਾ ਨੈਤਿਕਤਾ ਦੇ ਆਦਰਸ਼ ਵੀ ਗਿਣੇ ਚੁਣੇ ਜਿਹੇ ਜਿਹਨਾਂ ਆਮ ਮਾਨਤਾਵਾਂ ਅੰਦਰ ਲੋਕ ਪ੍ਰਵਾਨਗੀ ਮਿਲੀ ਹੋਈ ਹੈ ਸਿਰਫ ਓਹੀ ਕੁਝ ਸਭ ਲੋਕ ਵੱਖ ਵੱਖ ਚਿਹਰਿਆਂ ਤੋਂ ਸੁਣ ਇੱਕ ਤਰ੍ਹਾਂ ਨਾਲ ਅੱਕੇ ਜਿਹੇ ਪਏ ਹਨ | ਇਹੀ ਸਮੱਸਿਆ ਤੋਂ ਦੋ ਚਾਰ ਹੁੰਦੇ ਹੋਇਆਂ ਜਦੋਂ ਸਭਿਅਤਾਵਾਂ ਦਾ ਟਾਕਰਾ ਹੁੰਦਾ ਹੈ ਓਦੋਂ ਮੌਜੂਦਾ ਬਾਜ਼ਾਰ ਸੱਜਦਾ ਹੈ ਜਿਸ ਨੇ ਲੇਖਣੀ ਦਾ ਮਤਲਬ ਅੱਖਰਾੰ ਦਾ ਸੰਗ੍ਰਹਿ ਹੀ ਸਮਝ ਲਿਆ ਅਤੇ ਹਰ ਅੱਖਰ ਗਿਆਤਾ ਲਿਖਾਰੀ ਹੋਣ ਦੀ ਸੰਭਾਵਨਾ ਰੱਖਣ ਵਾਲੇ ਨੂੰ ਆਪ ਮੌਲਣ ਤੋਂ ਪਹਿਲਾਂ ਹੀ ਖੇੜਾ ਬਖਸ਼ਦੇ ਆਪਮੁਹਾਰੇ ਉੱਗੇ ਹੋਏ ਪ੍ਰਕਾਸ਼ਨ ਘਰਾਂ ਨੇ ਬਾਜ਼ਾਰ ਕਿਤਾਬਾਂ ਦੇ ਹੜ੍ਹ ਨਾਲ ਉਲੱਧ ਦਿੱਤਾ ! ਇਸਦੇ ਸਿੱਟੇ ਜਿੰਨੇ ਕੁ ਬੁਰੇ ਨਿੱਕਲ ਸਕਦੇ ਸੀ,ਉਹ ਆਪਣੀ ਮਾਰੂ ਰਫਤਾਰ ਨਾਲ ਅੱਗੇ ਵਧ ਰਹੇ ਹਨ |
੨. ਕਿਤਾਬਾਂ ਦੀ ਮੰਡੀ ਵਾਂਗੂੰ ਦੁਰਵਰਤੋਂ ਅਤੇ ਲਾਇਬ੍ਰੇਰੀ ਗ੍ਰਹਿਣ : ਬਾਜ਼ਾਰ ਵਿੱਚ ਆਉਂਦੀ ਹਰ ਲਹਿਰ ਦਾ ਆਖਰੀ ਮਕਸਦ ਕੇਵਲ ਤੇ ਕੇਵਲ ਵਿਕਣਾ ਹੀ ਹੈ ਜਿਸਦੇ ਪ੍ਰਕਾਸ਼ਨ ਮੁੱਲ ਅੰਦਰ ਸਿਰਫ ਇੱਕੋ ਸਿਧਾਂਤ ਕੰਮ ਕਰਦਾ ਹੈ ਕਿ "ਜੋ ਵਿੱਕਦਾ ਹੈ ਓਹੀ ਟਿਕਦਾ ਹੈ",ਵਿਕਣ ਦੀ ਪ੍ਰਣਾਲੀ ਠੀਕ ਓਹੀ- ਅਸੂਲਾਂ ਨੂੰ ਛਿੱਕੇ ਟੰਗ ਕੇ ਸਿਰਫ ਤੇ ਸਿਰਫ ਚੰਗੇ ਮੰਦੇ ਕਾਗਜ਼ ਤੇ ਰੱਖ ਕੇ ਅੱਖਰਾਂ ਦੀ ਜਿਹੜੀ ਬੋਲੀ ਲਾਉਂਦੇ ਨੇ ਉਹਨੂੰ ਹੋਰ ਅੱਗੇ ਪਰੋਸਣ ਲਈ ਲਾਇਬ੍ਰੇਰੀ (ਪੁਸਤਕ-ਸ਼ਾਲਾ) ਦਾ ਨਿਰਮਾਣ ਕੀਤਾ ਜਿਸਨੂੰ ਕੇਂਦਰੀਕਰਨ ਅਤੇ ਸਿਧਾਂਤਕ ਧੜੇਬੰਦੀ ਕਰਵਾਉਣ ਵਿੱਚ ਵੱਡਾ ਹਿੱਸਾ ਦਿੱਤਾ ਗਿਆ, ਪੰਜਾਬ ਵਿੱਚ ਲਾਇਬ੍ਰੇਰੀ ਜੋਗਾ ਸੁਖਾਵਾਂ ਮਾਹੌਲ ਨਾ ਹੋਣ ਦੇ ਬਾਵਜੂਦ ਉਸਨੂੰ ਵਧਾਉਣ ਲੱਗਿਆਂ ਸੱਥਾਂ ਵਾਲੀ ਨੀਤੀ ਵਰਤੀ ਗਈ, ਉਸਨੇ ਨਾ ਤਾਂ ਸਿੱਖਿਆ ਖੇਤਰ ਵਿੱਚ ਕੋਈ ਵਡੇਰਾ ਦ੍ਰਿਸ਼ ਸਿਰਜਿਆ ਅਤੇ ਨਾ ਹੀ ਮੌਲਿਕ ਰੂਪ ਵਿੱਚ ਲਾਇਬ੍ਰੇਰੀ ਕੋਈ ਵਿੱਦਿਅਕ ਬਦਲ ਵਜੋਂ ਉੱਭਰ ਕੇ ਸਾਹਮਣੇ ਆ ਸਕੀ, ਠੀਕ ਇਸੇ ਵਜ੍ਹਾ ਕਰਕੇ ਹੁਣ ਤਕਰੀਬਨ ਸਮੂਹਿਕ ਫੈਸਲੇ ਲੈਣ ਵੇਲੇ ਲਾਇਬ੍ਰੇਰੀ ਦੇ ਪੱਖ ਨੂੰ ਮੱਦੇਨਜ਼ਰ ਰੱਖ ਕੇ ਅੱਗੇ ਮਸਲਾ ਸਮਝੀਏ !
੩. ਵਿਦਵਾਨ ਤਬਕੇ ਦੀ ਰਾਜਨੀਤਕ ਬੇਈਮਾਨੀ ਤੋਂ ਉਪਜੀ ਸਿਧਾਂਤਕ ਅਰਾਜਕਤਾ : 'ਅਰਾਜਕਤਾ' ਇੱਕ ਅਜਿਹਾ ਤੱਥ ਹੈ ਜਿਸਦੀ ਪਛਾਣ ਕਰਨੋਂ ਓਹਲਾ ਦੇਣ ਲਈ 'ਇਨਕਲਾਬ' ਅਤੇ 'ਵਿਦਰੋਹ' ਵਰਗੇ ਲਫਜ਼ ਮੰਨੇ ਜਾਂਦੇ ਹਨ, ਇਸ ਗੱਲੋਂ ਭਾਵੇਂ ਕੋਈ ਵੀ ਅਣਜਾਣ ਨਹੀਂ ਕਿ ਅਰਾਕਤਾ ਦਾ ਸੰਬੰਧ ਆਗੂ-ਰਹਿਤ ਵਿਦਰੋਹ ਨਾਲ ਹੁੰਦਾ ਹੈ ਅਤੇ ਉਸਦੀ ਕੋਈ ਇੱਕ ਦਿਸ਼ਾ ਨਹੀਂ ਰਹਿੰਦੀ ਪਰ ਕਿਉਂਕਿ ਇਨਕਲਾਬ ਅਤੇ ਵਿਦਰੋਹ ਦੇ ਕੋਈ ਏਜੰਡੇ ਨਾ ਬਚੇ ਹੋਣ ਕਰਕੇ ਹੁਣ ਨਾ ਤਾਂ ਆਗੂ ਦੀ ਕਮੀ ਬਹੁਤੀ ਖਲਦੀ ਰਹਿੰਦੀ ਹੈ ਅਤੇ ਦੂਜੇ ਪਾਸੇ ਜਿਸ ਬੁੱਧੀਜੀਵੀ ਵਰਗ ਜਿਸਦੀ ਰਾਜਨੀਤਕ ਸਮਝਦਾਰੀ ਨੇ ਅਜੋਕੇ ਸਾਰੇ ਧੜੇਬੰਦੀਆਂ ਅਤੇ ਰਾਜਨੀਤਕ ਵਖਰੇਵਿਆਂ ਦਾ ਮੁੱਢ ਉਭਰ ਕੇ ਸਾਹਮਣੇ ਆਇਆ | ਬ੍ਰਿਟਿਸ਼ ਸਾਮਰਾਜ ਵਿੱਚ ਜਦੋਂ ਸਿੱਖਿਆ ਵਾਲੇ ਖੇਤਰ ਦੀ ਨਵੀਂ ਲੜੀ ਬੰਨ੍ਹ ਰਿਹਾ ਸੀ, ਉੰਨੀਵੀਂ ਸਦੀ ਦੀ ਅਖੀਰ ਵਿੱਚ ਜਿਹੜੇ ਵਿੱਦਿਅਕ ਬਦਲਾਅ ਖੇਤਰ ਵਿੱਚ ਆਏ ਉਸਦੇ ਵੀਹਵੀਂ ਸਦੀ ਦੇ ਮੁਢਲੇ ਵੀਹ-ਪੰਝੀ ਵਰ੍ਹਿਆਂ ਵਿੱਚ ਵਿਸ਼ਵ ਯੁੱਧ ਵਾਲੇ ਹਾਲਾਤ ਦੇ ਬਾਵਜੂਦ ਅਹਿਮ ਕਾਰਜ ਕਰਨਾ ਸਾਨੂੰ ਇੰਨਾ ਕੁ ਦਰਸਾਉਂਦਾ ਹੈ ਕਿ ਧਾਰਾ ਬਦਲਣ ਸਮੇਂ ਕਿੰਨੀਆਂ ਚੀਜ਼ਾਂ ਨੂੰ ਅੱਖੋਂ ਪਰੋਖੇ ਕਰਨਾ ਇਸਦਾ ਵੇਰਵਾ ਸਮੇਂ ਸਮੇਂ ਉੱਤੇ ਲਿਖ ਲੈਣਾ ਚਾਹੀਦਾ ! ਵੈਸੇ ਵਿਦਵਾਨ ਅਤੇ ਰਾਜਨੀਤਕ ਆਗੂਆਂ ਨੇ ਕਿੰਨਾ ਕੁਝ ਲਿਖਿਆ ਅਤੇ ਲਿਖਾ ਦਿੱਤਾ ਹੈ ਇਸਨੂੰ ਇੱਕਸੂਤਰ ਨੁਕਤੇ ਵਾਂਗੂੰ ਪੜ੍ਹ ਵੀ ਨਹੀਂ ਸਕਦੇ |
ਲੇਖਣੀ ਦੀ ਅਹਿਮੀਅਤ ਕੀ ਹੋਣ ਜਾ ਰਹੀ ਹੈ ?
ਸਮਾਂ ਅਤੀਤ ਵੱਲ ਵੇਖਣ ਦੀ ਇਜਾਜ਼ਤ ਨਹੀਂ ਦੇਂਦਾ ਪਰ ਅਤੀਤ ਨੂੰ ਦੁਹਰਾ ਦੇਣ ਦੀ ਗੱਲ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਇਸਦੇ ਲਈ ਸਮਿਆਂ ਦੀ ਕਹਾਣੀ ਨੂੰ ਮੁੱਠੀ ਵਿੱਚ ਸਮੇਟਣਾ ਜ਼ਰੂਰੀ ਹੈ | ਇਤਿਹਾਸ ਨੂੰ ਖੋਜ ਦੇ ਵਿਸ਼ੇ ਵਿੱਚ ਰੱਖਣ ਵਾਲੀ ਧਿਰਾਂ ਨੇ ਵੀ ਆਪਣੀ ਪੂਰੀ ਵਾਹ ਲਗਾ ਕੇ ਹੁਣ ਤੱਕ ਜੋ ਸਿੱਟੇ ਕੱਢੇ ਉਸ ਵਿੱਚ ਲੇਖਣੀ ਇੱਕ ਪ੍ਰਸਾਰਣ (Propaganda) ਦਾ ਹਿੱਸਾ ਮਾਤਰ ਹੀ ਬਣ ਨਿੱਬੜੇ ! ਹੁਣ ਤੱਕ ਚੰਗੀ ਲੇਖਣੀ ਇੱਕ ਥੋੜ੍ਹੇ ਸਮੇਂ ਦਾ ਕੰਮ ਹੈ, ਮੁਕੰਮਲ ਕਾਰਜ ਵਜੋਂ ਲੇਖਣੀ ਸਿਰਫ ਸਰਕਾਰੀ ਅਦਾਰਿਆਂ ਵੱਲੋਂ ਹੀ ਹੋਏਗੀ ਭਾਵੇਂ ਉਹ ਪੱਤਰਕਾਰ ਹੋਣ ਯਾ ਸਰਕਾਰੀ ਅਹਿਲਕਾਰ | ਪਰ ਭਵਿੱਖ ਦੀ ਲੋੜਾਂ ਅਤੇ ਸਰਕਾਰੀ ਲੇਖਕਾਂ ਦੀ ਹੀਣੀ ਲੇਖਣੀ ਦੇ ਮਾੜੇ ਪ੍ਰਭਾਵਾਂ ਨੂੰ ਵਾਚਦਿਆਂ ਪੂਰਨ ਤੌਰ 'ਤੇ ਲੇਖਕ ਬਣਨ ਦੀ ਮੰਗ ਇੱਕ ਅਹਿਮ ਪੱਖ ਬਣ ਜਾਏਗਾ ! (ਨੋਟ- ਇਹਨੂੰ ਕਿੱਤਾ ਕਹਿਣ ਤੋਂ ਪਰਹੇਜ਼ ਕੀਤਾ ਜਾਵੇ)
ਸਾਡੇ ਕੋਲ ਜਿਸ ਦੌਰ ਵਿੱਚ ਜਿਉਣ ਦਾ ਮੌਕਾ ਮਿਲਣ ਲਗਾ ਹੈ, ਉਹ ਦੌਰ ਬੀਤੀਆਂ ਸਾਰੀਆਂ ਸਮਾਜਿਕ ਇਕਾਈਆਂ ਦੇ ਟੁੱਟਣ ਦਾ ਸਮਾਂ ਹੈ, ਜਿਸ ਦੇ ਵਿੱਚ ਜੇਕਰ ਪਿਛਲੇ ਕੁਝ ਹਿੱਸਿਆਂ ਦੀ ਗੱਲ ਕਰੀਏ ਤਾਂ ਲੋਕਤੰਤਰ ਦੀ ਪਰਿਭਾਸ਼ਾ ਤੋਂ ਲੈ ਕੇ ਪ੍ਰਸ਼ਾਸਨਿਕ ਰੂਪਰੇਖਾ ਅਤੇ ਰੁਜਗਾਰ ਦੇ ਖਿੱਤਿਆਂ ਵਿੱਚ ਹੋ ਰਹੇ ਫੇਰਬਦਲ ਬਹੁਤ ਧਿਆਨ ਦੇਣ ਲਾਇਕ ਵਿਸ਼ੇ ਹਨ, ਜਨ-ਸੰਘ ਆਪਣੀ ਰਾਜਨੀਤਕ ਸੁਨਹਿਰੀ ਦੌਰ ਦੀ ਅੱਗ ਨੂੰ ਬਸੰਤਰ ਜਾਣ ਕੇ ਮਾਣ ਰਿਹਾ ਹੈ, ਇਹ ਤਾਂ ਕਿਹਾ ਨਹੀਂ ਜਾ ਸਕਦਾ ਕਿ ਇਹ ਸੁਨਹਿਰੀ ਦੌਰ ਕਿੰਨੇ ਦਹਾਕੇ ਲੰਬੇ ਸਮੇਂ ਤੱਕ ਚੱਲੇਗਾ ਪਰ ਤਾਜ਼ਾ ਮੁੱਦਿਆਂ ਵਿੱਚ ਲੇਬਰ ਐਕਟ ਅਤੇ ਖੇਤੀ ਸੁਧਾਰ ਐਕਟ ਦਾ ਸ਼ੋਰ ਸਿਖਰਾਂ ਉੱਤੇ ਹੈ ਅਤੇ ਸਿੱਖਿਆ ਨੀਤੀ ਵਿੱਚ ਫੇਰਬਦਲ ਨੇ ਹਾਲੇ ਓਨਾ ਧਿਆਨ ਨਹੀਂ ਦੇ ਪਾ ਰਹੇ ਸਾਡੇ ਮਸਰੂਫ ਲੋਕ, ਪਰ ਸ਼ਾਯਦ ਗੌਰ ਨਾਲ ਵੇਖਣ ਵਿੱਚ ਇਹ ਆਉਂਦਾ ਹੈ ਕਿ ਇੱਕ ਵਿੱਦਿਆਰਥੀ ਨੂੰ ਹੀ ਇਹ ਜੰਗ ਜੂਝਣੀ ਪਏਗੀ ਜਿਸਦੀ ਰੂਪਰੇਖਾ ਦੇ ਨਾਲ ਨਾਲ ਗੁਣ ਦੋਸ਼ ਵੀ ਸਮਝਨੇ ਪੈਣਗੇ ! ਲੇਖਣੀ ਵਿੱਚ ਮਕਸਦਾਂ ਦੀ ਅਣਹੋਂਦ ਮਹਿੰਗੇ ਮੁੱਲ ਪਈ ਹੈ ਜਿਸਦੇ ਸਿੱਟੇ ਗਿਣਵਾਉਣੇ ਵੀ ਸਮੇਂ ਦੀ ਨਿਰੋਲ ਬਰਬਾਦੀ ਹੈ | ਸਮਾਂ ਹੋਰ ਕੀ ਦੱਸ ਰਿਹਾ ਇਸ ਗੱਲ ਤੋਂ ਪਹਿਲੋਂ ਇੰਨਾ ਸਮਝ ਲਈਏ ਕਿ ਕਹਾਣੀ ਆਪਣੀ ਸਮਰੱਥਾ ਅਤੇ ਸਮਝਦਾਰੀ ਨੂੰ ਪਹਿਚਾਨਣ ਦੀ ਹੈ ਕਿ ਉਪਰੋਕਤ ਮਸਲਿਆਂ ਵਿੱਚ ਇਹ ਕੀਤੇ ਵੀ ਨਿਸਚਿਤ ਨਹੀਂ ਕਿ ਕੁਝ ਖਾਤਮੇ ਵੱਲ ਜਾ ਰਿਹਾ ਹੈ, ਸਗੋਂ ਇਹ ਵੇਖਣ ਦਾ ਹੈ ਕਿ ਸਮੇਂ ਨੂੰ ਰੋਕਣ ਦੇ ਦਾਅਵੇਦਾਰ ਉਸ ਨਾਲ ਨਿਭਾਉਣ ਨੂੰ ਤਤਪਰ ਹਨ ਵੀ ਕਿ ਨਹੀਂ ? ਫਿਲਹਾਲ ਕਿਰਸਾਣੀ ਬਾਰੇ ਅਧਿਆਦੇਸ਼ ਤੋਂ ਕਾਨੂੰਨ ਤੱਕ ਦੇ ਸਫਰ ਵਿੱਚ ਕਈ ਸਾਰੀਆਂ ਗੱਲਾਂ ਦੇ ਆਪੋ ਆਪਣੇ ਮਾਇਨੇ ਹਨ, ਕੋਈ ਤਵੱਜੋਂ ਕਿਸਨੂੰ ਦੇਂਦਾ ਹੈ,ਇਹੀ ਵੇਖਣਾ ਹੋਏਗਾ ਫਿਲਹਾਲ ! ਸਿੱਖਿਆ ਵਿਭਾਗ ਦੇ ਪੁਰਾਣੇ ਅਤੇ ਨਵੇਂ ਨਿਯਮਾਂ ਨੂੰ ਭਾਵੇਂ ਆਪਾ ਵਿਰੋਧੀ ਅਤੇ ਇੱਕ ਦੂਜੇ ਦੇ ਉਲਟ ਦੱਸਦੇ ਹੋਣ ਪਰ ਸੱਚਾਈ ਇਹ ਹੈ ਕਿ ਵਰਤਮਾਨ ਦੇ ਚੱਲ ਰਹੇ ਮੁਕੰਮਲ ਢਾਂਚੇ ਵਿੱਚ ਜੋ ਕੁਝ ਵੀ ਨਜ਼ਰੀਂ ਆਉਂਦਾ ਹੈ (ਸਕੂਲ, ਕਾਲੇਜ, ਯੂਨੀਵਰਸਿਟੀ, ਅਕੈਡਮੀ ਜਾਂ ਇੰਸਟੀਚਿਊਟ) ਇਹ ਸਭ ਢਹਿਣਾ ਹੈ ਅਤੇ ਕੁਝ ਨਵਾਂ ਉਭਰ ਕੇ ਸਾਹਮਣੇ ਆਏਗਾ ! ਪਹਿਲੋਂ ਤਾਂ ਇਹ ਸਵਾਲ ਜਵਾਬ ਮੰਗ ਸਕਦਾ ਸੀ ਕਿ ਉਹ ਨਵਾਂ ਅਖੀਰ ਹੋਏਗਾ ਕੀ ? ਪਰ ਮੈਨੂੰ ਕਿਉਂਕਿ ਇਸ ਲੇਖ ਵਿੱਚ ਆਪਣੀ ਗੱਲ ਦੇ ਰਾਹ ਵਿੱਚ ਇਹ ਕੋਈ ਵੱਡੀ ਬਲਾ ਨਹੀਂ ਲਗਦੀ ਇਸ ਲਈ ਇਹਨੂੰ ਇਵੇਂ ਅਧੂਰਾ ਨਾ ਸਮਝਦੇ ਹੋਏ,ਸੰਖੇਪ ਵੇਰਵਾ ਮੰਨ ਕੇ ਅੱਗੇ ਵਧ ਰਿਹਾਂ ਜਿਸ ਵਿੱਚ ਹੁਣ ਲੇਖਣੀ ਦੇ ਅਗਲੇ ਕਾਰਜਖੇਤਰ ਨੂੰ ਪਛਾਣਿਆ ਜਾਏਗਾ !
Infantry 921 Publication ਇਸ ਨਾਮ ਦੇ ਸਾਹਮਣੇ ਆਉਣ ਨਾਲ ਫਲਸਫੇ ਅਤੇ ਰਾਜਨੀਤੀ ਸ਼ਾਸਤਰ ਦਾ ਸਪਸ਼ਟ ਖੇਤਰ ਸਾਹਮਣੇ ਆਉਣਾ ਪ੍ਰਤੱਖ ਹੁੰਦਾ ਹੈ, ਅਤੇ ਇਸਨੂੰ ਮੁੱਖ ਰੱਖ ਕੇ ਹੀ ਇਹ ਵਿਚਾਰ ਸਾਹਮਣੇ ਰੱਖਣ ਦਾ ਸਬੱਬ ਬਣ ਸਕਿਆ ਹੈ |
ਆਖਰੀ ਕਲਮ ਪ੍ਰਕਾਸ਼ਨ ਹਾਲਾਂਕਿ ਅਨੁਵਾਦਿਤ ਨਾਮ ਨਹੀਂ ਹੈ, ਸ਼ਾਇਦ ਇਸ ਗੱਲ ਨੂੰ ਕਾਫੀ ਲੰਬੇ ਸਮੇਂ ਤੱਕ ਅੱਚਵੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਰਹੇਗਾ, ਇਸ ਲਈ ਹੋਰ ਅੱਗੇ ਵਧੀ ਅਤੇ ਇੱਕ ਇੱਕ ਨੁਕਤੇ ਨਾਲ ਗੱਲ ਖੋਲ੍ਹਦੇ ਜਾਈਏ ! ਹੋਰਨਾਂ ਪ੍ਰਕਾਸ਼ਨਾਂ ਦੇ ਉਲਟ ਇਹ ਪ੍ਰਕਾਸ਼ਨ ਇੱਕ ਇਕਹਿਰੇ ਲੇਖਕ ਦਾ ਫਿਲਹਾਲ ਕੰਮ ਹੈ, ਉਸਦੀ ਹੀ ਇਬਾਰਤ ਦੀ ਤੰਦ ਅਤੇ ਬੌਧਿਕ ਸੰਪੱਤੀ ਦਾ ਇੱਕ ਅਦਾਰਾ ਬਣ ਕੇ ਉਭਰੇਗਾ ! ਇਹ ਕਿਤਾਬ ਤੋਂ ਅਗਲਾ ਕਦਮ ਹੈ, ਗੁਲਾਬੀ ਤਾਰੇ ਕਿਤਾਬ ਦੇ ਨਾਲ ਇੰਨਾ ਤਾਂ ਤੈਅ ਕਰ ਹੀ ਲਿਆ ਸੀ ਕਿ ਇਸ ਮੰਡੀਕਰਨ ਦੇ ਦੌਰ ਵਿੱਚ ਜਿੱਥੇ ਇੱਕ ਅਸੂਲਾਂ ਦਾ ਕੰਡਿਆਲਾ ਖਰੜਾ ਲੋਕਾਂ ਦੇ ਹੱਥਾਂ ਤੱਕ ਪਹੁੰਚਾਉਣ ਵਿੱਚ ਕਿੰਨਿਆਂ ਵਖਰੇਵਿਆਂ ਨੂੰ ਬਰਦਾਸ਼ਤ ਕਰਨ ਦੇ ਬਾਵਜੂਦ ਇਸ ਢਾਂਚੇ ਨੂੰ ਭੰਨ੍ਹੇ ਬਗੈਰ ਕਦੇ ਵੀ ਪੈਰ ਨਹੀਂ ਲੱਗਣੇ ! ਪਰ ਇੱਥੇ ਇੱਕ ਗੱਲ ਖਾਸ ਤੌਰ 'ਤੇ, ਦੂਸਰੀ ਗੱਲ ਸੰਭਾਲਵੇਂ ਰੂਪ ਵਿੱਚ ਸਮਝਿਓ...
੧. ਇੱਕ ਪ੍ਰਣਾਲੀ ਦਾ ਬਦਲ ਤਿਆਰ ਕਰਕੇ ਅਸੀਂ ਕਿਸੇ ਆਖੇ ਸੁਣੇ ਲਫਜ਼ "ਇਨਕਲਾਬ" ਨੂੰ ਆਪਣੇ ਕੀਤੇ ਕੰਮ ਨਾਲ ਜੋੜ ਲੈਂਦੇ ਹਾਂ, ਜਦੋਂ ਕਿ ਉਹ ਇੱਕ ਸੜਕ ਛੱਡ ਕੇ ਨਵੇਂ ਰਾਹ ਉੱਤੇ ਪੈਰ ਧਰਨ ਤੋਂ ਇਲਾਵਾ ਕੁਝ ਨਹੀਂ ਹੁੰਦਾ ! ਇੱਕ ਪ੍ਰਕਾਸ਼ਨ ਤੋਂ ਦੂਜਾ ਪ੍ਰਕਾਸ਼ਨ ਦਾ ਖੁੱਲ੍ਹਣਾ ਜਾਂ ਕਿਸੀ ਹੋਰ ਅਦਾਰੇ ਦਾ ਆਪਣੀ ਸ਼ਾਖਾ ਤੋਂ ਟੁੱਟ ਕੇ ਨਵੇਂ ਕਰੂੰਬਲ ਵਜੋਂ ਉੱਗ ਆਉਣਾ, ਇਹਦੇ ਨਾਲ ਕਦੇ ਨਸਲ ਨਹੀਂ ਬਦਲਦੀ ! ਪ੍ਰਕਾਸ਼ਨ ਆਪਣੇ ਆਪ ਵਿੱਚ ਕੁਝ ਵੀ ਨਹੀਂ ਹੈ, ਇੱਕ ਲੇਖਕ, ਇੱਕ ਲਿਖਤ ਉਸਦੀ ਛਪਾਈ ਦੇ ਨਾਲ ਸੰਬੰਧਿਤ ਵਿਅਕਤੀ ਅਤੇ ਸਮਾਨ ਅਤੇ ਉਸਦੇ ਪ੍ਰਸਾਰ ਲਈ ਪ੍ਰਮਾਣਿਕ ਅਦਾਰੇ,ਪਾਠਕ ਤੇ ਬੌਧਿਕ ਗੁਣੀ ਗਿਆਨੀਆਂ ਦਾ ਹੋਣਾ, ਇਹ ਸਭ ਨੂੰ ਵੇਖ ਕੇ ਕੀ ਕਿਸੇ ਨੂੰ ਲਗਦਾ ਹੈ ਕਿ ਇਕੱਲੇ ਪ੍ਰਕਾਸ਼ਨ ਦੇ ਖੁੱਲ੍ਹਣ ਨਾਲ ਕੋਈ ਫਰਕ ਪੈ ਸਕਦਾ ਹੈ ? ਭਾਵੇਂ ਕਿਸੇ ਅਦਾਰੇ ਨਾਲ ਬੇਪਨਾਹ ਵਿਅਕਤੀ ਜੁੜ ਜਾਣ, ਤਾਂ ਵੀ ਇਹ ਭਰਮ ਨਹੀਂ ਰੱਖਿਆ ਜਾ ਸਕਦਾ ਕਿ ਕਦੇ ਅਸੀਂ ਕਿਸੇ ਬਦਲਾਅ ਦੇ ਹਾਣੀ ਅਤੇ ਯੋਗ ਆਗੂ ਸਿਰਜ ਸਕਾਂਗੇ !
੨. ਤੁਹਾਡਾ ਜੀਵਨ ਮਹਿਜ਼ ਇੱਕ ਅਦਾਰੇ ਦਾ ਬੱਝਿਆ ਨਹੀਂ ਹੋਣਾ ਚਾਹੀਦਾ, ਜੇਕਰ ਅਜਿਹਾ ਰਿਹਾ ਤਾਂ ਤੁਹਾਡੀ ਅਹਿਮੀਅਤ ਇਸ ਗੱਲ ਉੱਤੇ ਨਿਰਭਰ ਕਰ ਜਾਏਗੀ ਕਿ ਅਦਾਰੇ ਵਿੱਚ ਤੁਹਾਡੀ ਪਕੜ ਕਿੰਨੀ ਵਧੇਰੇ ਹੈ ਅਤੇ ਉਸ ਪਕੜ ਦਾ ਆਧਾਰ ਹੁਕਮਰਾਨੀ ਉੱਤੇ ਅਧਾਰਿਤ ਰਹੇਗਾ...ਅਜਿਹੀ ਥਾਂ ਉੱਤੇ ਮੁਖੀ ਬਹੁਤ ਘੱਟ ਜਵਾਬਦੇਹੀ ਨਿਭਾਉਂਦੇ ਵੇਖੇ ਨੇ ਅਤੇ ਅਦਾਰੇ ਮੌਤ ਨੂੰ ਆਪ ਓਢ ਲੈਂਦੇ ਨੇ | ਬਹੁਤੇ ਅਦਾਰਿਆਂ ਦਾ ਸੁਕਿਰਤੀ ਹੰਕਾਰ ਤੋਂ ਪਰ੍ਹਾਂ ਹੱਟ ਕੇ ਬਹੁਤੇ ਵਿਭਿੰਨਤਾ ਭਰੇ ਖੇਤਰਾਂ ਵਿੱਚ ਖੁਦ ਨੂੰ ਜੋੜਨ ਦੇ ਤਜ਼ਰਬੇ ਦੇ ਨਾਲ ਉਸ ਵਿੱਚ ਆਪਣੀ ਪਛਾਣ ਬਣਾਉਣ ਦਾ ਗੁਣ ਵਿਕਸਿਤ ਕਰ ਲੈਂਦਾ ਹੈ ! ਫੇਰ ਜਦੋਂ ਇੱਕਸਾਰ ਰੁਜਗਾਰ ਅਤੇ ਖਿੱਤੇ ਵੰਡ ਦੇ ਸਿਲਸਿਲੇ ਚੱਲਣ ਓਦੋਂ ਇਹੀ ਤਜ਼ਰਬੇ ਕੰਮ ਆਉਂਦੇ ਹਨ ! ਸਮਾਜ ਵਿੱਚ ਸਾਡੀ ਮੁੱਢਲੀ ਲੋੜਾਂ ਨੂੰ ਵੇਖ ਕੇ ਕੰਮ ਸਿਰਜੇ ਜਾਣ, ਨਾ ਕਿ ਆਪਣੀਆਂ ਖਵਾਹਿਸ਼ਾਂ ਵੇਖ ਕੇ ਉਹਨਾਂ ਦੀ ਕਾਰਜਨੀਤੀ ਨੂੰ ਆਪਣੀ ਮੰਜਿਲ ਮੰਨਿਆ ਜਾਵੇ !
ਬਹੁਤੇ ਖੇਤਰਾਂ ਦਾ ਮਤਲਬ ਇਹ ਵੀ ਨਹੀਂ ਕਿ ਵਿਅਕਤੀ ਦੀ ਆਪਣੀ ਕੋਈ ਜ਼ਿੰਦਗੀ ਨਾ ਬਚੇ, ਅਸਲ ਵਿੱਚ ਜੇ ਅਸੀਂ ਇਹਨਾਂ ਗੱਲਾਂ ਅੱਗੇ ਮੌਜੂਦਾ ਰੁਜਗਾਰ ਦੇ ਪੈਮਾਨੇ ਅਤੇ ਜੀਵਨ-ਜਾਂਚ ਨੂੰ ਨਾਪਣ ਲੱਗਾਂਗੇ ਤਾਂ ਉਪਰੋਕਤ ਨਵੇਂ ਸਵਾਲ ਸਮਝ ਵੀ ਨਹੀਂ ਆਉਣੇ ਅਤੇ ਉਹਨਾਂ ਦੀ ਪ੍ਰਸੰਗਿਕਤਾ ਨੂੰ ਵਾਚਣਾ ਹੋਰ ਵੀ ਧੁੰਦਲਾ ਰਹਿਣਾ | ਇਹੀ ਹੱਲ ਜਦੋਂ ਆਰਥਿਕਤਾ ਅਧਾਰਿਤ ਸਮਾਜ ਨੂੰ ਵੇਖਦੇ ਹਾਂ ਤਾਂ ਰੋਜ਼ਗਾਰ ਅਤੇ ਬੇਰੋਜ਼ਗਾਰ ਦਾ ਸੰਬੰਧ ਵੀ ਪੈਸੇ ਕਮਾਉਣ ਅਤੇ ਉਸਦੀ ਗਿਣਤੀ ਉੱਤੇ ਨਿਸਚਿਤ ਕੀਤਾ ਗਿਆ ਹੈ ! ਕਿਸਾਨ ਦੀ ਆਰਥਿਕਤਾ, ਵਿੱਦਿਆ ਦੇ ਮੁੱਲ, ਉਸਦੀ ਸਾਧਨਾ ਨੂੰ ਪਰ੍ਹੇ ਰੱਖ ਰਟੰਤ ਨੂੰ ਅਹਿਮੀਅਤ ਦੇ ਰਹੇ ਨੇ ਉਸ ਵਿੱਚੋਂ ਨਿਕਲਦੇ ਕਲਰਕ ਨੂੰ ਜਦੋਂ ਕਿਸੇ ਵਿਉਂਤਬੰਦੀ ਦੇ ਘੇਰੇ ਵਿੱਚ ਲਗਾਈਏ ਤਾਂ ਉਹ ਆਰਥਿਕਤਾ ਨੂੰ ਨਾਪ੍ਤੋਲ ਦੱਸਦਾ ਫਿਰਦਾ ਸਮਾਜਿਕ ਰਾਜਨੀਤਕ ਤੰਦ ਕਿੰਨੀ ਥਾਵੇਂ ਭਟਕੀ ਫਿਰਦੀ ਓਥੇ ਕੋਈ ਵੀ ਸ਼ਮੂਲੀਅਤ ਨਹੀਂ, ਇਹਨਾ ਵਾਸਤੇ ਪ੍ਰਸ਼ਾਸਨਿਕ ਅਧਿਕਾਰੀ ਬਣ ਜਾਣਾ ਉੱਤਮ ਦਰਜੇ ਦੀ ਪ੍ਰਾਪਤੀ ਹੈ ਕਿਉਂਕਿ ਸਟੇਟ ਦੀ ਗੁਲਾਮੀਅਤ ਦਾ ਬਣਿਆ ਠਣਿਆ ਹਾਕਮ ਇੱਕ ਆਈ ਏ ਐੱਸ ਅਧਿਕਾਰੀ ਹੀ ਹੈ, ਜਿਸਦੀ ਹਕੂਮਤ ਦਾ ਪਹਿਲਾ ਕਾਰਜ ਹੈ ਸਟੇਟ ਦੀ ਗੁਲਾਮੀ ਕਰਨਾ ਅਤੇ ਓਸਦੀ ਹਰ ਹੱਦ ਨੂੰ ਛੋਹਣਾ ! ਏਦੂੰ ਇਲਾਵਾ ਦੇ ਜਿੰਨੇ ਵੀ ਕਾਰਜ ਨੇ ਉਹ ਮੌਜੂਦਾ ਸੰਗਠਿਤ ਅਰਥਚਾਰੇ ਨੂੰ ਪੂਰੀਆਂ ਜੜ੍ਹਾਂ ਬਖਸ਼ਦੇ ਨੇ ਉਹ ਸਭ ਨੂੰ ਅੱਖਾਂ ਤੋਂ ਪਰੋਖੇ ਕਰਕੇ ਨਵੇਂ ਸਕੂਲ ਖੋਲ੍ਹਣੇ ਜਾਂ ਐਵੇਂ ਹਵਾ ਚ ਉੱਡਦੀ ਇਨਕਲਾਬ ਦੀ ਗੱਲ ਕਰਨੀ ਇੱਕ ਬੇਵਜ੍ਹਾ ਦਾ ਸ਼ੋਸ਼ਾ ਹੀ ਹੈ !!! ਫੇਰ ਕਰਨਾ ਕੀ ਹੈ ?
ਸਿਧਾਂਤਕ ਰੂਪਰੇਖਾ ਉੱਤੇ ਸਾਡੀ ਆਖਰੀ ਕੋਸ਼ਿਸ਼ - ਆਖਰੀ ਕਲਮ !
ਆਖਰੀ ਕਲਮ - ਸਾਹਿਤਕ ਵਣਖੰਡ ਵਿੱਚ ਸਿੱਧੀ ਲਕੀਰ, ਜਿਸਦਾ ਸੰਬੰਧ ਚਲੰਤ ਸਾਰੀਆਂ ਬਹਿਸਾਂ ਨੂੰ ਤੋੜ ਕੇ ਨਵੀਂ ਅਤੇ ਆਪਣੀ ਕਿਸਮ ਦੀ ਬਹਿਸ ਛੇੜਨਾ, ਇਸਦੇ ਲਈ ਸਿਫ਼ਰਨਾਮਾ ਇੱਕ ਅਹਿਮ ਕਾਰਜ ਸਿਰਜਣ ਵੱਲ ਯਤਨਸ਼ੀਲ ਹੈ ਅਤੇ ਇਸਦੇ ਅਗਲੇ ਕਾਰਜ ਵਿੱਚ ਵਧਣ ਲਈ ਸਦੀਵੀਂ ਕਿੱਸਾ ਉਲੀਕਣ ਵੱਲ ਤੁਰੀ ਹੈ, ਇਸਨੂੰ ਪੱਕੇ ਰੰਗ ਵਿੱਚ ਚਿਤਰ ਕੇ ਅਮਲੀ ਜਾਮੇ ਪਵਾਉਣ ਵੱਲ ਤੁਰਦੀ ਲੇਖਣੀ, ਆਖਰੀ ਕਲਮ !
ਆਖਰੀ ਅਰਥਨੀਤੀ - "Value Base Economy" ਜਿਹਨੂੰ ਅਸੀਂ ਪੂੰਜੀਵਾਦੀ ਅਰਥਚਾਰੇ ਦਾ ਪਹਿਲਾ ਪੜਾਅ ਮੰਨਦੇ ਹਾਂ, ਇਸ ਵਿੱਚ ਕਦੇ ਵੀ ਇਕਹਿਰੇ ਮਨੁੱਖ ਦੇ ਵੱਸ ਨਹੀਂ ਹੁੰਦਾ, ਕੱਲੇ ਕੱਲੇ ਮਨੁੱਖ ਦੀ ਕਮਾਈ ਸਾਂਝੇ ਰੂਪ ਵਿੱਚ ਕਿਸੇ ਪੂੰਜੀਪਤੀ ਵੱਸ ਜਾ ਰਹੀ ਹੈ, ਉਹ ਪੂੰਜੀਪਤੀ ਅੱਗੋਂ ਸਰਕਾਰੀ ਅਹਿਲਕਾਰਾਂ ਦਾ ਗੁਲਾਮ ਅਤੇ ਅਹਿਲਕਾਰ ਆਪਣੀ ਹਕੂਮਤ ਦੇ ਗੁਲਾਮ, ਉਸ ਗੁਲਾਮ ਹਾਕਮ ਦੀ ਕਹਾਣੀ ਨੂੰ ਜਾਨਣਾ ਹੋਵੇ ਤਾਂ ਸਹਿਜੇ ਸਮਝਿਆ ਨਹੀਂ ਜਾ ਸਕਦਾ ਪਰ ਵੇਖਿਆ ਜ਼ਰੂਰ ਜਾ ਸਕਦਾ ਹੈ ! ਹੁਕਮਰਾਨ ਜਿਹਨਾਂ ਵੱਡੇ ਪੂੰਜੀਪਤੀਆਂ ਦੀ ਗਿਰਫ਼ਤ ਵਿੱਚ ਹੈ ਇਸ ਤਰ੍ਹਾਂ ਜੇਕਰ ਸਾਡੇ ਤੱਕ ਪਹੁੰਚਦੀ ਕਮਾਈ ਦੀ ਗੱਲ ਕਰੀਏ ਤਾਂ ਸਾਨੂੰ ਇਸ ਗੁਲਾਮ ਸਭਿਅਤਾ ਦਾ ਟੈਕਸ ਮਾਤਰ ਮਿਲਦਾ ਹੈ ਜਦਕਿ ਅਸਾਡੇ ਕੋਲੋਂ ਟੈਕਸਾਂ ਦੇ ਨਾਮ ਉੱਤੇ ਸਾਡੀ ਸਾਰੀ ਕਮਾਈ ਸਿੱਧੇ ਅਸਿੱਧੇ ਢੰਗ ਨਾਲ ਵਸੂਲ ਚੁੱਕੇ ਹੁੰਦੇ ਨੇ ਇਸ ਅਰਥਚਾਰੇ ਵਿੱਚ ਮਨੁੱਖ ਕਮਾ ਕਿਵੇਂ ਰਿਹਾ ? ਇੱਥੇ ਤੰਨ ਇਹ ਗੱਲ ਉੱਤੇ ਬਹਿਸਨਾ ਵੀ ਗੁਨਾਹ ਹੈ ਕਿ ਵੱਡਾ ਵਿਅਕਤੀ ਛੋਟੇ ਨੂੰ ਲੁੱਟ ਰਿਹਾ, ਕਿਰਤ ਦੀ ਲੁੱਟ ਵੀ ਇਸ ਨਾਲ ਨਹੀਂ ਜੋੜੀ ਜਾ ਸਕਦੀ ਕਿਉਂਕਿ ਜਿਸ ਕਿਰਤ ਨੂੰ ਬਾਬੇ ਨਾਨਕ ਦੇ ਸਿਧਾਂਤਿਕ ਹਵਾਲੇ ਦਿੱਤੇ ਨੇ ਉਹ ਕਿਰਤ ਹੋ ਕਿੱਥੇ ਰਹੀ ਹੈ ? ਕਲਮ ਤੋਂ ਕਟਾਰ (Pen to Sword) ਤੱਕ ਵਿਕਾਉ ਅਤੇ ਅਦਬ ਤੋਂ ਲੈਕੇ ਅਦਾਵਤ (Respect to Revolt) ਤੱਕ ਕਿਸੇ 'ਤੀਸਰੀ ਧਿਰ' ਦੀ ਗੁਲਾਮੀ ਕਬੂਲੀ ਬੈਠਾ ਹੈ ਅਜਿਹੀ ਥਾਂ ਉੱਤੇ, ਅਜਿਹੇ ਮੋੜ ਉੱਤੇ ਆ ਕੇ ਹੁਣ ਜਿਹੜੇ ਅਰਥਚਾਰੇ ਨੂੰ ਤੋੜਨ ਦੀ ਵਿਧੀ ਉਲੀਕੀ ਜਾਣੀ ਹੈ ਓਸਦਾ ਐਲਾਨ ਹੀ ਹੋਏਗਾ - ਆਖਰੀ ਅਰਥਨੀਤੀ !
ਆਖਰੀ ਰੰਗਮੰਚ - ਗੁਲਾਮ ਰਾਜ ਤੋਂ ਆਜ਼ਾਦੀ ਵੱਲ ਵਧਣ ਲਈ ਸੰਸਕ੍ਰਿਤਕ ਆਜ਼ਾਦੀ ਹੋਣੀ ਬਹੁਤ ਜ਼ਰੂਰੀ ਹੈ ਅਤੇ ਇਸਦੇ ਮਾਇਨੇ ਬੜੇ ਸੂਖਮ ਰੂਪ ਵਿੱਚ ਭਵਿੱਖ ਦੀਆਂ ਰਾਹਾਂ ਵਿੱਚ ਆਪਣੀ ਅਦੁੱਤੀ ਪਹਿਚਾਣ ਨੂੰ ਕਾਇਮ ਰੱਖ ਕੇ ਸਹਿਜ ਚਿੱਤ, ਚੇਤੰਨ ਅਤੇ ਦੂਰਦਰਸ਼ੀ ਫਨਕਾਰ ਸਿਰਜਨਾ ਅਤੇ ਓਸਦੀ ਕਿੱਥੇ ਕਿਵੇਂ ਕੀ ਜ਼ਿੰਮੇਵਾਰੀ ਹੋਏਗੀ ? ਇਸ ਬਿਹੰਗਮ ਯੁੱਧ ਵਿੱਚ ਨਿੱਤਰੇ ਯੋਧਿਆਂ ਦੀ ਵਾਰ ਬੀਤੇ ਦੌਰ ਦੇ ਭੇਖੀ ਕਵੀਸ਼ਰਾਂ ਅਤੇ ਲੱਚਰ ਲਾਣੇ ਤੋਂ ਥੋੜਾ ਬਰਦਾਸ਼ਤ ਕਰਾਂਗੇ ? ਕਾਵਿ,ਗਲਪ,ਸੰਗੀਤ ਅਤੇ ਨਾਟਕ-ਕਲਾ ਦਾ ਦ੍ਰਿਸ਼ ਚਿਤਰਣ ਕਰਨ ਲਈ ਪੈਮਾਨੇ ਵਿਚਾਰਨੇ ਨੇ,ਜਿਹਨਾਂ ਦੀ ਪ੍ਰਸਾਰ ਭੂਮਿਕਾ ਵਿੱਚ ਕੱਚੀ ਘਾਣੀ ਦਾ ਤੇਲ ਕੱਢਣ ਵਾਂਗ ਜਿਹੜਾ ਸਰੋਕਾਰ ਵਪਾਰੀ ਤੇ ਗਾਹਕ ਦਾ ਮੰਗ ਅਤੇ ਭੰਡਾਰਣ (Demand & Supply) ਦੇ ਸਿਧਾਂਤ ਵਿੱਚ ਸਮਾਜ ਨਾਲ ਚੱਲ ਰਿਹਾ ਹੈ ਉਸਦੀ ਤੰਦ ਤੋੜਨ ਲਈ ਮਿੱਟੀਆਂ ਵਿੱਚ ਰੋਲੀ ਡਰਪੋਕ ਜਿਹੀ ਮਾਨਸਿਕਤਾ ਅਤੇ ਕਬਜ਼ਾਧਾਰੀ ਸੋਚ ਨੂੰ ਛੱਡਣਾ ਸ਼ੁਰੂ ਕੀਤਾ ਜਾਏਗਾ | ਇਸਦੇ ਢੰਗ ਅਤੇ ਸਲੀਕੇ ਬਾਰੇ ਗੱਲਾਂ ਵੀ ਇਹਨਾਂ ਕਾਰਜਾਂ ਵਿੱਚ ਵੇਖੀਆਂ ਜਾਣਗੀਆਂ ! ਇਸਦੇ ਫਲਸਰੂਪ ਜਿਹੜੀਆਂ ਕਰੂੰਬਲਾਂ ਫੁੱਟਣਗੀਆਂ ਓਸਦੇ ਮੁਹਾਂਦਰੇ ਉੱਤੇ ਕੋਈ ਨਵਾਂ ਦਾਅਵਾ ਦੇਣ ਦੀ ਲੋੜ ਨਹੀਂ ਪੈਣੀ ਸਗੋਂ ਆਪੇ ਹੀ ਤਖਤੀ ਲੱਗ ਜਾਏਗੀ ਕਿ ਇਹ ਤਿਆਰ ਹੋਇਆ ਹੈ- ਆਖਰੀ ਰੰਗਮੰਚ !
ਆਖਰੀ ਸੰਬੋਧਨ - ਜਦੋਂ ਆਖਰੀ ਸੰਬੋਧਨ ਦੀ ਗੱਲ ਚੱਲੇਗੀ ਓਥੇ ਬਹੁਤ ਭਾਰ ਪਏਗਾ ਇਸ ਗੱਲ ਦਾ ਕਿ ਦੁਨੀਆਂ ਵਿੱਚ ਕੁਝ ਵੀ ਆਖਰੀ ਨਹੀਂ ਫੇਰ ਇਹ ਦਾਆਵੇਦਾਰੀਆਂ ਕਿਸ ਲਹਿਜੇ ਨਾਲ ਹੋ ਰਹੀਆਂ ਨੇ ? ਮੈਂ ਮਨੁੱਖੀ ਸੱਭਿਅਤਾ ਦਾ ਆਖਰੀ ਮਨੁੱਖ ਗਿਣਿਆ,ਜੇ ਮੈਂ ਆਉਂਦੀ ਦੁਨੀਆਂ ਲਈ ਕੁਝ ਸਿਰਜਣਾਤਮਕ ਰੁਖ ਨਾ ਰੱਖਿਆ, ਇਹ ਗੱਲ ਹਰ ਇੱਕ ਨੂੰ ਸਮਝਣੀ ਜ਼ਰੂਰੀ ਹੈ, ਜਦੋਂ ਤੱਕ ਅਸਿੰਨ ਇਹ ਕਹਿ ਸਕੀਏ ਕਿ ਹਾਂ ਅਸੀਂ ਕੁਝ ਕਰ ਸਕਦੇ ਹਾਂ, ਕੁਝ ਸੋਚ ਸਕਦੇ ਹਾਂ ਅਤੇ ਕੁਝ ਕਹਿ ਸੁਣ ਜਾਂ ਸਮਝਣ ਦੀ ਤੌਫੀਕ ਰੱਖਦੇ ਹਾਂ ਤਦ ਤੱਕ ਸਾਡੀ ਭਾਵੀ ਦੁਨੀਆਂ ਵਿੱਚ ਸਿਰਜਣਾਤਮਕ ਪਹੁੰਚ ਯਕ਼ੀਨਨ ਸੰਭਵ ਹੈ ! ਹਾਂ-ਪੱਖ ਅਤੇ ਨਾਂਹ-ਪੱਖ ਆਪਣੇ ਮਾਇਨੇ ਰੱਖਦੇ ਨੇ ਅਤੇ ਸਾਡੀ ਬਹੁਤ ਸਾਰੀ ਪੜ੍ਹਾਈ ਲਿਖਾਈ ਅਤੇ ਚਰਚਾ ਇਹਨਾਂ ਦੋ ਧਿਰਾਂ ਵਿੱਚ ਵੰਡ ਕੇ ਚੱਲਣ ਵਿੱਚ ਫਜੂਲ ਗਵਾਚੀ ਹੈ ਵਰਨਾ ਆਖਰੀ ਸੰਬੋਧਨ ਹੀ ਕਾਫੀ ਹੈ | ਆਖਰੀ ਸੰਬੋਧਨ ਦਾ ਅਰਥ ਸਾਡੀ ਜ਼ਿੰਮੇਵਾਰੀ ਤੋਂ ਫਰਜਾਂ ਦੀ ਕਹਾਣੀ ਉੱਤੇ ਖੜ੍ਹਾ ਹੈ ਜਿਸਨੂੰ ਹੱਕਾਂ ਵਿੱਚ ਡੋਲ੍ਹ ਕੇ ਲੋਕਤੰਤਰ ਦੀ ਨੀਂਹ ਰੱਖ ਦਿੱਤੀ ਗਈ ਇਸਨੂੰ ਤੋੜਨਾ ਬਹੁਤ ਲੰਬੀ ਘਾਲਣਾ ਮੰਗਦਾ ਹੈ ! ਨਿਰਣਾਇਕ ਮੋੜ ਹੈ ਜਿੱਥੇ ਆ ਕੇ ਫੈਸਲਿਆਂ ਨੇ ਹੀ ਅੱਗੇ ਦੀ ਇਬਾਰਤ ਲਿਖਣੀ ਹੈ, ਸਮਝੌਤਿਆਂ ਵਿਚੋਂ ਬਹੁਤ ਕੁਝ ਗੰਵਾ ਚੁੱਕੇ ਹਾਂ !
ਵਿਸ਼ਿਆਂ ਦੀ ਖੋਜ ਅਤੇ ਵਿਚਾਰਾਂ ਦੇ ਸੰਗ੍ਰਹਿ ਵਿੱਚ ਨਿਰਣਾਇਕ ਵਿਚਾਰ !
ਸਿੱਖਿਆ ਅਤੇ ਧਰਮ ਨੂੰ ਵਿਰੋਧੀ ਸ਼ਬਦ ਬਣਾਉਣ ਵਾਲੀਆਂ ਧਿਰਾਂ ਅਤੇ ਵੱਡੇ ਸੰਸਾਰ ਦੇ ਕਾਰਪੋਰੇਟ ਘਰਾਣਿਆਂ ਦੇ ਰਾਜ ਵਿੱਚ ਚੱਲ ਰਹੀ ਗੁਲਾਮ ਸੱਭਿਅਤਾ ਕਦੇ ਵੀ ਧਰਮ ਅਤੇ ਫਲਸਫੇ ਤੋਂ ਬਗੈਰ ਮੁੱਕਣੀ ਨਹੀਂ, ਨਾ ਹੀ ਆਜ਼ਾਦੀ ਦਾ ਮਸਲਾ ਇਉਂ ਹੈ ਕਿ ਕੋਈ ਵੱਖਰੇ ਬੰਦੇ ਆਉਣਗੇ ਜੋ ਸਾਨੂੰ ਆਪਣੇ ਪਿੱਛੇ ਲਗਾ ਕੇ ਨਵੇਂ ਰੰਗ ਦਾ ਝੰਡਾ ਲੈ ਕੇ ਤੁਰਨਗੇ ! ਧਰਮ ਦੀ ਪਵਿੱਤਰਤਾ ਅਤੇ ਖੂਬਸੂਰਤੀ ਇਸੇ ਗੱਲ ਵਿੱਚ ਹੈ ਕਿ ਉਸਦੀ ਓਟ ਤੇ ਓਸਦਾ ਜਲੌ ਓਦੋਂ ਹੀ ਸਾਹਮਣੇ ਆਉਂਦਾ ਹੈ ਜਦੋਂ ਅੰਧ ਘੋਰ ਸਮਾਜ ਵਿਕਾਰੀਂ ਬੇੜਿਆ ਕਿਸੇ ਅਧੂਰੀ ਛਾਣਨੀ ਵਿੱਚ ਛੱਟ ਕੇ ਖੁਦ ਨੂੰ ਸਾਫ਼ ਸੁਥਰਾ ਮੰਨੇ ਅਜਿਹੇ ਮਨੁੱਖ ਨੂੰ ਸ਼ੀਸ਼ਾ ਵਿਖਾਉਣ, ਓਹਨੂੰ ਮੋੜਨ ਅਤੇ ਸਿਰਜਣ ਲਈ ਇੱਕ ਪੈਦਲ ਫੌਜ ਦਾ ਯੁੱਗ ਹੈ ਆਖਰੀ ਕਲਮ... ਸਮਾਂ ਹੋਣੀ ਆਪਣੇ ਵਰਤਾਰੇ ਵਿੱਚ ਹਰ ਵਧੀਕੀ ਵਰਤਾਉਣ ਲਈ ਤਿਆਰ ਹੈ, ਅਵਾਮ ਬਹੁਗਿਣਤੀ ਅਜਿਹੀ ਹੈ ਜਿਹੜੀ ਮਸਤ ਹਾਥੀ ਵਾਂਗੂੰ ਵਿਚਰਦੀ ਹੋਈ ਸਮਾਜ ਵਿਚਲੇ ਬਹੁਤ ਸਾਰੇ ਵਿਕਾਰਾਂ, ਔਗੁਣਾਂ ਅਤੇ ਪਾਪਾਂ ਦੀ ਪੰਡ ਭਾਰੀ ਰੱਖ ਕੇ ਚੱਲਦੀ ਹੈ ਅਤੇ ਸਾਡੇ ਕੋਲ ਦੋ ਹੀ ਰਸਤੇ ਬੱਚਦੇ ਨੇ, ਜਾਂ ਇਹਨਾਂ ਦੀ ਗੁਲਾਮੀ ਕਬੂਲ ਕਰਕੇ ਇਹਨਾਂ ਦੇ ਚਲਾਏ ਵਰਤਾਰੇ ਨੂੰ ਆਪਣੇ ਜੀਵਨ ਵਿੱਚ ਸ਼ਾਮਿਲ ਕਰ ਲਈਏ ਨਹੀਂ ਤਾਂ ਇੱਕ ਸੰਜਮ ਅਤੇ ਸੰਤੋਖ ਦੀ ਢਾਲ ਲੈ ਕੇ ਨਿੱਤਰ ਪਈਏ ਇਹ ਨਿਰੋਲ ਧਰਮ ਯੁੱਧ ਹੈ ! ਇਸ ਵਿੱਚ ਮੌਜੂਦਾ ਢਾਂਚੇ ਨੂੰ ਤੋੜਨ ਦੀ ਜੁਰਤ ਕਰਨ ਲਈ ਵਰ੍ਹਿਆਂ ਬੱਧੀ ਚੱਲਣ ਵਾਲੀ ਮਿਹਨਤ ਸ਼ੁਰੂ ਕਰੀਏ ! ਹਾਲਾਂਕਿ ਨਿੱਜੀ ਤੌਰ ਉੱਤੇ ਮੇਰੇ ਲਈ ਨਵਾਂ ਕੁਝ ਨਹੀਂ ਇਸ ਯੁੱਧ ਵਿੱਚ ਨਿੱਤਰੇ ਬਚਪਨੇ ਦੀ ਹੋਸ਼ ਸੰਭਲਣ ਦਾ ਸਮਾਂ ਇਹਨਾਂ ਸਾਰੀਆਂ ਗੱਲਾਂ ਨੂੰ ਘੋਖਦੇ,ਪੜ੍ਹਦੇ ਸਮਝਦੇ ਅਤੇ ਇਸਦੀ ਪ੍ਰਸੰਗਿਕਤਾ ਨੂੰ ਜਾਣਦਿਆਂ ਲੰਘਿਆ ਅਤੇ ਵਾਰ ਵਾਰ ਇਸ ਗਲ ਦੀ ਤਾਈਦ ਵੀ ਰਹੀ ਕਿ ਅਦਾਰਿਆਂ ਤੋਂ ਅਦਾਰਿਆਂ ਦੀ ਜੰਗ ਇਸ ਵੱਡੇ ਨਿਜ਼ਾਮ ਨੂੰ ਪੋਸ਼ਿਤ ਹੀ ਕਰਦੀ ਰਹੇਗੀ ਇਸਤੋਂ ਬਾਹਰ ਨਿਕਲਣ ਦਾ ਰਸਤਾ ਅਦਾਰਿਆਂ ਵਿਚੋਂ ਨਹੀਂ ਮਿਲਣਾ | ਫੇਰ ਰਸਤਾ ਕਿਵੇਂ ਨਿਕਲੇਗਾ ? ਸੰਗਠਨ ਦੀ ਹੋਂਦ ਅਤੇ ਰੂਪਰੇਖਾ ਉੱਤੇ ਬਹਿਸ ਕਰਨ ਵਾਲੇ ਅਸੀਂ ਚਾਰ ਉਦਾਸੀਆਂ ਦੇ ਵਿਸ਼ੇ ਨੂੰ ਭੁੱਲ ਗਏ ਹਾਂ ਜਿਸਦਾ ਅਰਥ ਪਹਿਲੋਂ ਮੁਖਾਤਿਬ ਹੋਣ ਨਾਲ ਸੀ, ਨਾ ਕਿ ਮਹਿਜ਼ ਕੋਈ ਢਾਂਚਾ ਮੱਥ ਕਰ ਲੋਕਾਂ ਸਿਰ ਸੁੱਟਣ ਨਾਲ ਕਦੇ ਹੱਲ ਬਣੇ ! ਸਾਡੇ ਵਿਸ਼ਿਆਂ ਦੀ ਤਾਣੀ ਕਿਥੋਂ ਉਪਜੀ ਕਿੱਥੋਂ ਤੱਕ ਜਾਣੀ ਇਸਦੇ ਬਾਰੇ ਵੀ ਓਦੋਂ ਤੱਕ ਕੁਝ ਨਹੀਂ ਕਿਹਾ ਜਾ ਸਕਦਾ ਜਦੋਂ ਤੱਕ ਮੌਜੂਦਾ ਨੇਰੇਟਿਵ ਤੋੜੇ ਨਹੀਂ ਜਾਂਦੇ ! ਇਸ ਲਈ ਯੂਨੀਵਰਸਿਟੀ ਟੁੱਟਣ ਦੇ ਸਮੇਂ ਤੋਂ ਪਹਿਲਾਂ ਅਸੀਂ ਯੂਨੀਵਰਸਿਟੀ ਦੇ ਢਾਂਚੇ ਨਾਲੋਂ ਵੱਖ ਹੋਈਏ, ਸਿਖਾਉਣ ਨਾਲੋਂ ਸਾਂਝੇ ਰੂਪ ਵਿੱਚ ਸਿੱਖਣ ਦਾ ਧਿਆਨ ਧਰੀਏ ! ਕਾਵਿ, ਕਹਾਣੀ ਅਤੇ ਹੋਰਨਾਂ ਸਾਹਿਤਕ ਵੰਨਗੀਆਂ ਲਿਖਣ ਦਾ ਮਕਸਦ, ਵਿੱਦਿਆ ਦੇ ਖੇਤਰ ਵਿੱਚ ਸਮੇਂ ਨੂੰ ਪਿੱਛੇ ਛੱਡਣ ਦੀ ਜ਼ਿੱਦ ਨਾ ਕਰੀਏ ਸਮਿਆਂ ਦੇ ਰਾਜੇ ਹਰਾਉਣੇ ਨੇ ਇਹ ਸਿਦਕ ਯੋਧਿਆਂ ਦੀ ਨਿਆਈਂ ਮਨ ਵਸਾ ਲੈਣਾ ਹੁਣ ਤੋਂ ! ਜਿਹੜੇ ਮਰਜ਼ੀ ਸਿਸਟਮ ਵਿੱਚ ਕੰਮ ਕਰਦੇ ਹੋਵੋ, ਤੁਹਾਡੀ ਆਰਥਿਕ ਸੰਰਚਨਾ ਹੁਣ ਕਿਸੇ ਅਨੁਸ਼ਾਸਨ ਦੀ ਮੰਗ ਕਰਦੀ ਹੈ ਅਤੇ ਆਖਰੀ ਕਲਮ ਪ੍ਰਕਾਸ਼ਨ ਦਾ ਕਾਰਜ ਹੈ ਤੁਹਾਨੂੰ ਉਹ ਮਕਸਦ ਬਿਆਨ ਕਰਨੇ ਜਿਸਦੇ ਲਈ ਅਸੀਂ ਜਿਉਣਾ ਹੈ, ਜਾਗ੍ਰਿਤ ਹੋਣਾ ਹੈ ਅਤੇ ਅੱਗੇ ਵਧਣਾ ਹੈ ! ਇਸ ਪ੍ਰਕਾਸ਼ਨ ਨੂੰ ਸਾਹਿਤਕ ਪ੍ਰਕਾਸ਼ਨ ਸਮਝਣ ਦੀ ਕੋਸ਼ਿਸ਼ ਹਾਲੇ ਨਾ ਕਰਿਓ ਇਸਦੇ ਪਰਿਪੇਖ ਬਹੁਪੱਖੀ ਹਨ ! ਮੇਰਾ ਅਨੁਭਵ ਇਹ ਗੱਲ ਦੀ ਹਾਮੀ ਭਰਦਾ ਹੈ ਕਿ ਜਿਹਨਾਂ ਕੰਮਾਂ ਨੂੰ ਮੈਂ ਆਪਣੇ ਨਿਜੀ ਫ਼ਾਯਦੇ ਤੋਂ ਪਰ੍ਹਾਂ ਰੱਖ ਕੇ ਕਰਨ ਲਈ ਸ਼ੁਰੂ ਹੋਇਆ ਉਹ ਮੇਰਾ ਫਾਯਦਾ ਕੀਤੇ ਬਗੈਰ,ਮੈਨੂੰ ਆਰਥਿਕ ਨੁਕਸਾਨਾਂ ਵਿੱਚ ਸੁੱਟ ਕੇ ਵੀ ਇੱਕ ਸੋਹਣੀ ਸ਼ੁਰੁਆਤ ਜ਼ਰੂਰ ਬਣੇ ਹਨ ! ਕਿਉਂ ਨਾ ਉਮਰਾਂ ਦੇ ਇਸ ਸਿਖਰ ਜਵਾਨੀ ਦੇ ਵੇਲੇ ਨੂੰ ਇਸ ਭਗਤੀ ਵੱਲ ਲਗਾਵਾਂ, ਇਹਦੇ ਵਿੱਚ ਮੇਰੀ ਕਿਸੇ ਪਾਸੋਂ ਸਾਥ ਦੀ ਮੰਗ ਨਹੀਂ, ਮੇਰੇ ਭਰਾਵਾਂ ਅਤੇ ਸਨੇਹੀਆਂ ਦਾ ਪਿਆਰ,ਸਤਿਕਾਰ ਅਤੇ ਅੰਤਰਵਿਰੋਧ ਦਾ ਬਾਰੂਦ ਬਹੁਤ ਹੈ ਜਿਹੜਾ ਮੈਨੂੰ ਸਿਦਕ ਦੇਂਦਾ ਹੈ ਇਸ ਯੁੱਧ ਵਿੱਚ ਨਿੱਤਰਨ ਲਈ ਅਤੇ ਮੈਨੂੰ ਅਫਸੋਸ ਵੀ ਕੋਈ ਨਹੀਂ ! ਪਰ ਹਾਂ ਆਸ ਇੰਨੀ ਕੁ ਜ਼ਰੂਰ ਕਰਾਂਗਾ ਕਿ ਆਉਂਦੇ ਸਮੇਂ ਵਿੱਚ ਉਠਦੇ ਉਬਾਲਾਂ ਨੂੰ ਵੇਖਣ ਅਤੇ ਪਰਖਣ ਲਈ ਗੂੜ੍ਹੀ ਨਜਰ ਜ਼ਰੂਰ ਰਖੋਗੇ !
ਆਖਰੀ ਕਲਮ ਪ੍ਰਕਾਸ਼ਨ ਦੇ ਮੁੱਖ ਲਿਖਾਰੀ ਹੋਣ ਦੇ ਨਾਅਤੇ, ਮੈਂ ਇਸ ਗੱਲ ਦਾ ਯਕ਼ੀਨ ਦਵਾਉਂਦਾ ਹਾਂ ਕਿ ਅਕਾਦਮਿਕ ਢਾਂਚੇ ਤੋਂ ਪਰ੍ਹੇ ਹੋਣ ਦੇ ਬਾਵਜੂਦ ਅਕਾਦਮਿਕ ਲਹਿਜੇ ਅਤੇ ਲਿਹਾਜ਼ ਨੂੰ ਨੈਤਿਕ ਰੂਪ ਵਿੱਚ ਪ੍ਰਵਾਨ ਕਰਦੇ ਹੋਏ ਮੇਰੇ ਕਾਰਜ ਕਦੇ ਵੀ ਸ਼ਰਮਿੰਦਗੀ ਦੀ ਵਜ੍ਹਾ ਨਹੀਂ ਬਣਨਗੇ ! ਬਗਾਵਤ ਦੀ ਮੈਂ ਹਾਮੀ ਨਹੀਂ ਭਰਦਾ ਪਰ ਬਗਾਵਤ ਨਾ ਹੋਵੇ ਇਸਦੀ ਆਸ ਨਾ ਰੱਖੀ ਜਾਵੇ, ਜਿਉਂਦੇ ਰਹੀ ਯਾ ਨਾ ਰਹੀਏ ਪਰ "ਹਸਤਾਖਰਯੁੱਗ" ਦੀ ਆਮਦ ਦੇ ਨਾਲ ਸਮਾਜਿਕ ਸਫਾਂ ਵਿੱਚ ਹਲਚਲ ਜ਼ਰੂਰ ਲਿਆਵਾਂਗਾ ਇਸਦੀ ਤਸਦੀਕ ਮੇਰੇ ਸਵੈ-ਭਰੋਸੇ ਉੱਤੇ ਪੂਰੀ ਤਰ੍ਹਾਂ ਵੱਸਦੀ ਜਾ ਰਹੀ ਹੈ ਗੱਲ ਅਤੇ ਮੈਂ ਖੁਦ ਸਮਾਜ ਨੂੰ ਇੱਕ ਅਭੋਲ ਬਾਲਕ ਵਾਂਗੂੰ ਵੇਖ ਰਿਹਾਂ ਜਿਹੜੇ ਬੱਚੇ ਨੂੰ ਵਹਿਸ਼ੀ ਸਮਾਜ ਤਰ੍ਹਾਂ ਦੇ ਤਾਂਡਵ ਨਿਰਤ ਨੱਚ ਕੇ ਵਿਖਾਉਂਦਾ ਹੈ ! ਜੁਰਤ ਹੈ, ਜਜ਼ਬਾ ਹੈ, ਹੋਸ਼ ਕਾਇਮ ਹੈ ਅਤੇ ਗੁਰੂ ਅੰਗ ਸੰਗ ਸਹਾਈ ਹੈ...ਇਸ ਲਈ ਕਹਾਣੀ ਅੱਗੇ ਵਧੇਗੀ !
ਲੇਖਣੀ ਦੇ ਮਾਮਲੇ ਵਿੱਚ ਅਸੂਲਾਂ ਦੀ ਪੰਡ ਚੁੱਕਣ ਪਿੱਛੇ ਇਹੀ ਗੱਲਾਂ ਸਨ, ਅਤੇ ਜਿਸ ਸਮੇਂ ਵਿੱਚ ਹਰ ਵਿਦਵਾਨ ਇਸ ਸਿਸਟਮ ਦੀ ਪੂਜਾ ਪੈਰਵੀ ਵਿੱਚ ਰੁੱਝਿਆ ਹੋਵੇ ਓਦੋਂ ਉਹਨਾਂ ਨਾਲ ਖਹਿਣਾ ਜਾਂ ਪਰ੍ਹੇ ਹੋਣਾ ਆਪਣੀ ਮਾਨਸਿਕ ਇਕਾਗਰਤਾ ਲਈ ਆਪੋ ਆਪਣੀ ਮਰਜ਼ੀ ਹੈ ! ਹੁਣ ਸ਼ੁਰੂ ਕਰਦੇ ਹਾਂ ਆਪਣਾ ਅਗਲਾ ਸਫਰ, ਜਿਸਦੀ ਲਗਾਤਾਰਤਾ ਨਾਲ ਰੂਪਰੇਖਾ ਅਤੇ ਕਾਰਜਨੀਤੀ ਆਉਂਦੇ ਸਮੇਂ ਵਿੱਚ ਸਾਂਝੀ ਕਰਦੇ ਰਹਾਂਗੇ ! ਆਪ ਸਭ ਦੇ ਸਾਥ ਵਿੱਚ ਇੱਕ ਗੱਲ ਖਾਸ ਜ਼ਰੂਰ ਸਾਂਝੀ ਕਰਨੀ ਚਾਹਾਂਗਾ, ਇਹਨੂੰ ਤੁਸੀਂ ਮੇਰੀ ਅਰਥ-ਨੀਤੀ ਦਾ ਪਹਿਲਾ ਸਬਕ ਮੰਨ ਲਵੋ ਤਾਂ ਚੰਗਾ ਲੱਗੇਗਾ, ਕਿ, ਕਦੇ ਵੀ ਸਾਥ ਦਾ ਮਤਲਬ ਪੈਸਾ ਨਹੀਂ ਹੁੰਦਾ, ਸਫਲਤਾ ਦਾ ਮਤਲਬ ਆਰਥਿਕ ਵਾਧਾ ਨਹੀਂ ਹੁੰਦਾ, ਜੰਗ ਜਿੱਤਨ ਦਾ ਮਤਲਬ ਮੁਕਤ ਪਾਉਣਾ ਨਹੀਂ ਹੁੰਦਾ...ਸੌਖੇ ਸ਼ਬਦਾਂ ਵਿੱਚ ਕਹਾਂ ਤਾਂ ਅਵਾਮ ਦੇ ਮਸਤ ਹਾਥੀ ਨੂੰ ਕੋਈ ਵੀ ਅਭੋਲ ਬੱਚਾ ਮਾਰ ਨਹੀਂ ਸਕਦਾ, ਹਾਥੀ ਨੇ ਸਾਨੂੰ ਲਤਾੜ ਹੀ ਦੇਣਾ ਹੈ, ਪਰ ਹਾਥੀ ਦੇ ਸਾਹਵੇਂ ਖੌਫ਼ ਨਾ ਕਬੂਲਣ ਨੂੰ ਹੀ ਬਦਲਾਅ ਕਿਹਾ ਮੰਨਿਆ ਜਾਏਗਾ ਇਹਨੂੰ ਯਕ਼ੀਨੀ ਮੰਨ ਲਵੋ ! ਪੜ੍ਹੋ-ਲਿਖੋ ਤਰੱਕੀਆਂ ਕਰੋ ਅਤੇ ਉਸਤੋਂ ਬਾਅਦ ਵੀ ਜੇ ਗੁਲਾਮੀ ਦਾ ਅਹਿਸਾਸ ਹੋਵੇ ਤਾਂ ਆਖਰੀ ਕਲਮ ਪ੍ਰਕਾਸ਼ਨ ਨੂੰ ਜ਼ਰੂਰ ਸੰਪਰਕ ਕਰਿਓ, ਤੁਹਾਡੇ ਮਕਸਦ ਸੁਲਝਨ ਜਾਂ ਨਾ ਪਰ ਸਾਨੂੰ ਜ਼ਰੂਰ ਵਧਦੇ ਸਮੇਂ ਦੀ ਨਵੀਆਂ ਵੰਗਾਰਾਂ ਤੋਂ ਵਾਕਫੀਅਤ ਹੁੰਦੀ ਰਹੇਗੀ ! ਜਿਹੜੇ ਵੀ ਪ੍ਰਕਾਸ਼ਨ ਘਰ ਅਤੇ ਵਿਦਵਾਨ ਸੱਜਣ ਆਪੋ ਆਪਣੇ ਪੱਧਰ ਉੱਤੇ ਕੰਮ ਕਰ ਰਹੇ ਨੇ, ਜਿਹਨਾਂ ਨਾਲ ਸੰਪਰਕ ਕਰਨ ਦਾ ਭਾਵੇਂ ਮੈਨੂੰ ਮੌਕਾ ਮਿਲਿਆ ਅਤੇ ਅੱਗੇ ਵੀ ਜਿਹਨਾਂ ਦੇ ਨਾਲ ਵਾਰਤਾਲਾਪ ਹੁੰਦੀ ਰਹੇਗੀ ਉਹਨਾਂ ਦੇ ਫਲਸਫੇ ਅਤੇ ਵਿਹਾਰ ਦੀ ਕਦਰ ਕਰਦੇ ਹੋਏ ਧੰਨਵਾਦੀ ਪਹੁੰਚ ਰੱਖੀ ਜਾਏਗੀ ਪਰ ਮੇਰਾ ਜੋ ਸਮਾਜ ਪ੍ਰਤੀ ਰੁਖ ਰਹੇਗਾ ਉਹਦੇ ਬਾਰੇ ਹੁਣ ਪ੍ਰ੍ਤੱਖ ਸਪਸ਼ਟ ਹੁੰਦਾ ਜਾ ਰਿਹਾਂ, ਇਹਨੂੰ ਨਕਾਰੋ ਯਾ ਪਪ੍ਰਵਾਨ ਕਰੋ ਇਹ ਸਭ ਸਮੇਂ ਦੀ ਧੁੰਧ ਵਿੱਚ ਲੁਕਿਆ ਕਿੱਸਾ ਹੈ....ਮੈਂ ਵੀ ਪੜ੍ਹਦਾ ਹਾਂ ਤੁਸੀਂ ਵੀ ਪੜ੍ਹੋ !
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ ॥
ਇੱਕਵਿੰਦਰ ਪਾਲ ਸਿੰਘ ,
ਵਿੱਦਿਆਰਥੀ ਅਤੇ ਸੰਪਾਦਕ,
ਆਖਰੀ ਕਲਮ ਪ੍ਰਕਾਸ਼ਨ !
੩ ਅਕਤੂਬਰ ੨੦੨੦

Comments
Post a Comment