ਸਰਦਾਰ ਹਰਨੇਕ ਸਿੰਘ ਅਤੇ ਉਹਨਾਂ ਦਾ ਦੁਵਿਧਾ ਭਰਿਆ ਪ੍ਰਸੰਗ
ਸਿੱਖ ਪੰਥ ਵਿੱਚ ਆਗੂ ਬਣਨ ਦੀ ਲਾਲਸਾ ਅਤੇ ਜਲਦਬਾਜ਼ੀ ਵਾਲਾ ਰਵੱਈਆ ਬੀਤੇ ਸੌ ਡੇਢ ਸੌ ਸਾਲਾਂ ਵਿੱਚ ਬਹੁਤ ਵਾਰੀ ਵੇਖਣ ਨੂੰ ਮਿਲਿਆ ਜਿਸ ਵਿੱਚ ਭਾਈ ਵੀਰ ਸਿੰਘ ਜਦੋਂ ਸਿੰਘ ਸਭਾ ਲਾਹੌਰ ਤੋਂ ਅਲੱਗ ਹੋ ਕੇ ਅੰਮ੍ਰਿਤਸਰ ਵਿੱਚ ਕੇਂਦਰ ਬਣਾਉਂਦੇ ਨੇ, ਨਾਲ ਹੀ ਚੀਫ਼ ਖਾਲਸਾ ਦੀਵਾਨ ਦੀ ਹੋਂਦ ਰੂਪਮਾਨ ਹੁੰਦੀ ਹੈ, ਉਹ ਵੇਲਾ ਸਮਕਾਲੀ ਕਰਮ ਸਿੰਘ ਇਤਿਹਾਸਕਾਰ (ਹਿਸਟੋਰੀਅਨ) ਦਾ ਵੀ ਸੀ ਜਿਸਨੇ ਆਪਣੀ ਮੁਸ਼ੱਕਤ ਨਾਲ ਕਾਫੀ ਸੋਹਣੇ ਤੱਥਮਈ ਲੇਖਣੀ ਦੇ ਕਾਰਜ ਕੀਤੇ, ਭਾਈ ਵੀਰ ਸਿੰਘ ਓਹਨਾਂ ਚੀਜ਼ਾਂ ਦੇ ਬਰਾਬਰ ਆਪਣੀ ਪਹੁੰਚ,ਜਿੰਨੀ ਵੀ ਉਹ ਸੋਝੀ ਰਖਦੇ ਯਾ ਗੁਰਮਤਿ ਨੂੰ ਜਿਹਨਾਂ ਪੈਮਾਨਿਆਂ ਨਾਲ ਵੇਖਦੇ ਸਨ ਉਸ ਮੁਤਾਬਿਕ ਪੁਰਾਤਨ ਲਿਖਤਾਂ ਨੂੰ ਪ੍ਰਕਾਸ਼ਿਤ, ਪ੍ਰਚੱਲਤ ਕੀਤਾ...ਜਿਹਨਾਂ ਵਿੱਚੋਂ ਪੁਰਾਤਨ ਜਨਮਸਾਖੀ ਭਾਈ ਬਾਲੇ ਵਾਲੀ, ਗੁਰਪ੍ਰਤਾਪ ਸੂਰਜ, ਗੁਰਬਿਲਾਸ ਪਾਤਿਸ਼ਾਹੀ ੬ ਤੇ ੧੦ਵੀੰ, ਕਵੀ ਸੰਤੋਖ ਸਿੰਘ ਰਚਿਤ ਸੂਰਜ ਪ੍ਰਕਾਸ਼, ਗਿਆਨੀ ਗਿਆਨ ਸਿੰਘ ਰਚਿਤ ਪੰਥ ਪ੍ਰਕਾਸ਼ ਸਮੇਤ ਬਹੁਤ ਸਾਰਾ ਸਾਹਿਤ ਹੋਂਦ ਵਿੱਚ ਆਇਆ। ਇਹਨਾਂ ਸਮਿਆਂ ਵਿੱਚ ਚੀਫ਼ ਖਾਲਸਾ ਦੀਵਾਨ ਰਾਹੀਂ ਆਨੰਦ ਕਾਰਜ ਵਿਧੀ ਅਜੋਕੇ ਰੂਪ ਵਾਲੀ ਸ਼ੁਰੂ ਹੋਈ, ਗੈਰ ਰਾਜਨੀਤਕ ਗਤੀਵਿਧੀਆਂ ਵਿੱਚ ਸਿਧਾਂਤਕ ਕਾਰਜ ਬਹੁਤਾਤ ਰੂਪ ਵਿੱਚ ਚੀਫ਼ ਖਾਲਸਾ ਦੀਵਾਨ ਰਾਹੀਂ ਸਾਡੇ ਅਜੋਕੇ ਪੰਥ ਦੇ ਰੂਪ ਵਜੋਂ ਖਾਕਾ ਤਿਆਰ ਕੀਤਾ। ਇਸ ਹਾਲ ਤੋਂ ਸਿਰਜੀ ਹਕੀਕਤ ਵਿੱਚੋ ਅਸੀਂ ਵਿਦਵਤਾ ਦੇ ਖੇਤਰ ਅੰਦਰ ਪਸਰੀ ਅਰਾਜਕਤਾ ਦੇ ਗਵਾਹ ਬਣੇ ਹਾਂ। ਹੁਣ ਇਹ ਗੱਲ ਤਾਂ ਅਸੀਂ ਮੰਨ ਸਕਦੇ ਹਾਂ ਕਿ ਕੋਈ ਵੱਡਾ ਚਿਹਰਾ ਆਗੂ ਦੇ ਰੂਪ ਵਿੱਚ ਮੂਹਰੇ ਨਹੀਂ ਵੇਖਿਆ ਪਰ ਇਹ ਵੀ ਸੱਚਾਈ ਹੈ ਕਿ ਭਾਈ ਵੀਰ ਸਿੰਘ ਤੋਂ ਲੈ ਕੇ ਸਰਦਾਰ ਹਰਨੇਕ ਸਿੰਘ ਨਿਊਜ਼ੀਲੈੰਡ ਤੱਕ ਜਿੰਨੇ ਵੀ ਵਿਅਕਤੀ ਆਧੁਨਿਕ ਸਿੱਖੀ ਵਿੱਚ ਉਭਰਦੇ ਵੇਖੇ ਨੇ ਉਹਨਾਂ ਦੇ ਅੰਦਰ ਦੀ ਬੇਈਮਾਨੀ ਅਤੇ ਭਟਕਨਾ ਕਿਤੇ ਨਾ ਕਿਤੇ ਇਹਨਾਂ ਦੇ ਹਾਮੀਆਂ ਨੂੰ ਮਹਿੰਗੇ ਮੁੱਲ ਪਈ ਹੈ।
ਜਦੋ ਅਸੀਂ ਸਿੱਖੀ ਦੇ ਵਿਹੜੇ ਵਿੱਚ ਜਿਉਂਦੇ ਜਾਗਦੇ ਵੱਡੇ ਹੁੰਦੇ ਹਾਂ, ਯਾ ਇਉਂ ਕਹਿ ਲਈਏ ਜਿਹੜੀ ਨੌਜੁਆਨੀ ਬੀਤੇ ਪੰਦਰ੍ਹਾਂ ਸਾਲਾਂ ਵਿੱਚ ਹੋਸ਼ ਸੰਭਾਲ ਰਹੀ ਹੈ, ਉਹਨੂੰ ਬਹੁਤ ਸਿਧਾਂਤਕ ਪੇਚੀਦਗੀਆਂ ਵਿੱਚੋਂ ਲੰਘਣਾ ਪੈ ਰਿਹਾ ਹੈ। ਮਾਇਆ ( Artificial Intelligence ) ਇੰਨੀ ਭਾਰੂ ਹੋਈ ਪਈ ਕਿ ਹੁਣ ਤਾਂ ਇਉਂ ਲੱਗੀ ਜਾਂਦਾ ਕਿ ਕਲਜੁਗ ਬੀਤ ਚੁੱਕਾ ਹੈ 2012 ਦੀ 26 ਦਿਸੰਬਰ ਦੀ ਰਾਤ ਹੀ, ਹੁਣ ਤਾਂ ਮਾਇਆ ਯੁੱਗ ਚੱਲ ਰਿਹਾ...ਖੈਰ ਇਹ ਇੱਕ ਅਲਹਿਦਾ ਵਿਸ਼ਾ ਹੈ ਏਸ ਉੱਤੇ ਕਦੇ ਫੇਰ ਵਿਸਤਾਰ ਦਿਆਂਗੇ, ਟੂਕ ਮਾਤਰ ਸਿਰਫ ਮਾਇਆ ਦੇ ਸਹੀ ਅਰਥ ਕਰਨ ਲਈ ਕੀਤਾ, ਕਿਉਂਕਿ ਕਲਜੁਗ ਦਾ ਸੰਬੰਧ ਮਸ਼ੀਨੀ ਯੁੱਗ ਨਾਲ ਸੰਬੰਧਿਤ ਹੀ ਮੰਨਿਆ ਜਾਏਗਾ, ਤਕਨੀਕ ਦੀ ਗੱਲ ਕਰੀਏ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥ ਦਾ ਅਰਥ ਬੜਾ ਕਮਾਲ ਦਾ ਨਿਕਲ ਕੇ ਆਉਂਦਾ ਹੈ,ਮਸ਼ੀਨੀ ਯੁੱਗ (ਇਹ ਕਾਲਖੰਡ ਜਿਸਦੇ ਵਿੱਚ ਕਲ-ਮਸ਼ੀਨ ਦਾ ਪ੍ਰਣਾਇਆ ਹੈ) ਰੂਪੀ ਰਥ ਜਿਹਦੇ ਤੇ ਸਵਾਰ ਮਨੁੱਖਤਾ ਨੂੰ ਕੂੜੁ ਰੂਪੀ ਸਾਰਥੀ ਮਿਲਿਆ ਹੈ। ਸੱਚ ਆਪਣੇ ਆਪ ਵਿੱਚ ਅਗਮ ਚੀਜ਼ ਹੈ, ਇਹਦੇ ਵਿਚੋਂ ਲੰਘਣ ਲਈ ਝੂਠ ਦਾ ਸੰਸਾਰ, ਝੂਠ ਦੀ ਹੋਂਦ ਮਹਿਜ਼ ਕਾਲਖ ਵਰਗੀ ਹੈ, ਜਿਹਨੂੰ ਕਾਲਖ ਲਗਦੀ ਹੈ ਉਹਦਾ ਪਰਦਾ ਸਾਫ਼ ਹੈ, ਉਹਦੀ ਪਾਕੀਜ਼ਗੀ ਸੱਚ ਦੀ ਸਿੱਧੀ ਹੈ। ਤਾਂ ਹੀ ਕਿਹਾ ਜਾਂਦਾ ਹੈ ਕਿ ਇਸ ਕਾਲਖੰਡ ਵਿੱਚ ਹਰ ਉੱਚ-ਕੋਟੀ ਦਾ ਮਨੁੱਖ ਸਮਾਜਿਕ ਅੱਗ ਵਿੱਚ ਸੜ ਸੜ ਕੇ ਕੁੰਦਨ ਬਣਦਾ ਹੈ ਅਤੇ ਝੂਠੇ ਅੰਦਰ ਮੱਚਦੇ ਪਾਪ ਤਾਂ ਵਧਦੇ ਫੁੱਲਦੇ ਵੇਖੇ ਜਾਂਦੇ ਨੇ, ਉਹਨਾਂ ਦੇ ਦੁੱਖ ਦੀ ਕਹਾਣੀ ਪ੍ਰਤੀ ਨਿਖੇੜਾ ਕਰਨਾ ਸੌਖਾ ਨਹੀਂ। ਬ੍ਰਾਹਮਣ ਦੀ ਵਰਣ ਵਿਵਸਥਾ ਜੋਕਿ ਮਨੂੰ ਦੀ ਲਿਖੀ ਸਿਮ੍ਰਤੀ ਦੇ ਨਾਲ ਨਿਆਂਸ਼ਾਸਤਰ ਵਿਚੋਂ ਸਾਨੂੰ ਸਮਾਜ ਵੇਖਣ ਸੁਣਨ ਨੂੰ ਮਿਲਦਾ ਹੈ ਉਹਦੇ ਵਿੱਚ ਸਾਰੀ ਗੱਲ ਇੱਕੋ ਲੀਹੇ ਬੰਨ੍ਹ ਕੇ ਕਿਸੇ ਲੱਛਣ ਅਤੇ ਗਤੀਵਿਧੀਆਂ ਦੇ ਪ੍ਰਕਰਣ ਨੂੰ ਸਹੀ ਗਲਤ ਵਿੱਚ ਨਾਪਿਆ ਹੋਇਆ। ਇਸਲਾਮਿਕ ਦਰਸ਼ਨ ਵਿੱਚ ਇਨਸਾਫ਼ ਦੇ ਪੈਮਾਨੇ ਤਸ਼ੱਦਦ ਦੇ ਆਧਾਰ ਉੱਤੇ ਹੁੰਦਾ ਹੈ, ਸ਼ਾਯਦ, ਇਹ ਵੀ ਇੱਕ ਸੱਚਾਈ ਹੈ ਕਿ ਇਸਲਾਮਿਕ ਖੇਤਰ ਵਿੱਚ ਇਨਸਾਫ਼ ਦੀ ਪਰਿਪੇਖ ਇੰਨੇ ਸੁਖਾਲੇ ਨਹੀਂ ਹਨ, ਪਰ ਗੁਰਮਤਿ ਇਹ ਸਭ ਉੱਤੋਂ ਪਰ੍ਹੇ ਹੋ ਕੇ ਜਿਹੜੇ ਦਰਸ਼ਨ ਵਿੱਚ ਜੀਅ ਰਹੀ ਹੈ ਓਸ ਵਿੱਚ ਸੰਗਤੀ ਧਾਰਾ ਪ੍ਰਬੰਧ ਅਧੀਨ ਇਸੇ ਕਰਕੇ ਆ ਰਹੀ ਕਿਉਂਕਿ ਸੰਗਤ ਵਿੱਚ ਸੱਚ ਦੀ ਵਿਚਾਰ ਲਈ ਹਜ਼ਾਰਾਂ ਝੂਠ ਵਿਚਾਰ ਅਧੀਨ ਖਿੱਲਰਦੇ ਨੇ। ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥ ਇਥੇ ਕਰਤਾਰ ਚਿੱਤ ਆਉਣ ਦਾ ਰਸਤਾ ਅਨੁਭਵ ਦੇ ਆਤਮ-ਪ੍ਰਬੋਧ ਨਾਲ ਹੈ, ਜੇਕਰ ਉਹ ਨਹੀਂ ਫੇਰ ਤਰਕ ਦਲੀਲਾਂ ਅਤੇ ਲੰਬੀ ਬਹਿਸ ਹੀ ਚੱਲਦੀ ਹੈ, ਹੋਰ ਕੁਝ ਨਹੀਂ !! ਪਰ ਅੱਜ ਜਿੱਥੇ ਗੁਰਬਾਣੀ ਦੇ ਸੰਦਰਭ ਦੀ ਗਲ ਹੋਏਗੀ ਮੈਂ ਬੀਤੇ ਲੰਬੇ ਸਮੇਂ ਤੋਂ ਗੁਰਬਾਣੀ ਪ੍ਰਮਾਣਾਂ ਅਤੇ ਵਿਆਖਿਆ ਕਰਨੋਂ ਰੁਕਦਾ ਹੀ ਆਇਆਂ, ਕਿਉਂਕਿ ਜਦੋਂ ਬੇਗੈਰਤਾਂ ਨੇ ਆਪਣੀ ਅਦਾ ਵਿੱਚ ਜਹਿਰ ਅਤੇ ਰੁਤਬੇ ਵਿੱਚ ਲਾਖ ਭਰ ਲਈ ਹੋਵੇ ਉਹਨੂੰ ਖਾਓਗੇ ਤਾਂ ਵੀ ਮਰੋਗੇ ਜੇ ਜਿਉਂਦਾ ਛੱਡੋਗੇ ਤਾਂ ਉਹ ਕਦੋਂ ਗੰਧਕ ਪਾ ਕੇ ਬਾਰੂਦੀ ਹੋ ਜਾਵੇ ਇਸਦੀ ਕੋਈ ਖਬਰ ਨਹੀਂ। ਪਰ ਇੱਕ ਗੱਲ ਸਾਨੂੰ ਸਮਝਣੀ ਪਏਗੀ, ਇਹ ਲੇਖ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਮਝ ਲਓ...ਕਿ ਸਮੱਸਿਆ ਰੇਡੀਓ ਵਿਰਸਾ ਐਨ ਜ਼ੀ ਨਹੀਂ, ਭਾਈ ਵੀਰ ਸਿੰਘ ਦਾ ਅੱਤ ਅਧਿਆਤਮਿਕ ਰੂਪ ਅਤੇ ਸਰਦਾਰ ਤੇਜਾ ਸਿੰਘ ਭਸੌੜ ਵਾਲਿਆਂ ਦਾ ਭੱਟ ਬਾਣੀਆਂ ਤੋਂ ਬਗੈਰ ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚਨਾ ਮੌਜੂਦਾ ਵਿਵਾਦਾਂ ਦੀ ਕਹਾਣੀ ਉਲੀਕਦਾ ਹੈ। ਇਹਦੇ ਵਿੱਚ ਝੂਠ ਨਹੀਂ ਕਿ ਗੁਰਮਤਿ ਖੇਤਰ ਵਿੱਚ ਲਿਖਾਰੀ ਅਤੇ ਲਿਖਤਾਂ ਤਸਦੀਕੀ ਤੌਰ 'ਤੇ ਮੌਜੂਦ ਨਹੀਂ, ਬਿਖਰੇ ਰੂਪ ਵਿੱਚ ਜਿੰਨਾ ਕੁਝ ਸਾਹਮਣੇ ਆਇਆ ਓਸਦਾ ਸੰਬੰਧ ਗੁਰੂ ਪਾਤਿਸ਼ਾਹ ਯਾ ਉਹਨਾਂ ਦੇ ਕਿਸੇ ਵੀ ਅਧਿਕਾਰਿਤ ਜ਼ਿੰਮੇਵਾਰੀ ਦੇ ਹਿੱਸੇ ਨਵਾਂ ਪੁਖਤਾ ਨਹੀਂ, ਦੂਜੀ ਗੱਲ, ਵੱਖ ਵੱਖ ਉਲੱਥੇ ਅਤੇ ਉਹਨਾਂ ਦੇ ਸੰਦਰਭ ਵਿਚਾਰਨੇ ਪੜ੍ਹਨੇ ਇਸਦੀ ਵੱਖਰੀ ਸਕੂਲਿੰਗ ਅਤੇ ਰਿਸਰਚ ਕੈਡਰ ਦੀ ਮੰਗ ਬਹੁਤ ਵਧੇਰੇ ਸੀ ਪਰ ਇਸ ਵੱਲ ਕਦੇ ਵੀ ਕੋਈ ਨਹੀਂ ਆਇਆ ਬੱਸ ਕਮੇਟੀਆਂ ਅਤੇ ਸੋਧਕ ਪੈਨਲ ਦਾ ਬਹਿਣਾ ਅਤੇ ਓਸਤੋਂ ਅੱਗੇ ਸਾਰਾ ਰੌਲਾ ਪ੍ਰਚਾਰਕ ਤੇ ਸਿਆਸੀ ਪੱਤਿਆਂ ਦੇ ਵੰਡਣ ਵਰਗਾ ਹੋਣ ਨਾਲ ਸਾਡੇ ਲਈ ਬਹੁਤ ਕੁਝ ਅਜਿਹਾ ਹੈ ਜਿਸਨੂੰ ਨਕਾਰਨ ਅਤੇ ਸੋਧਣ ਲਈ ਸੁਹਿਰਦ ਇਕੱਤਰਤਾ ਹੋਣ ਦੀ ਆਸ ਘੱਟ ਹੈ, ਇਸ ਸਭ ਵਿੱਚ ਜਦੋਂ ਆਮ ਗੁਰਸਿਖ ਕੋਈ ਰਾਹ ਲੱਭਦਾ ਇਧਰ ਓਧਰ ਭਟਕਦਾ ਫਿਰ ਰਿਹਾ ਹੋਵੇ ਉਹਨੂੰ ਕਿਸੇ ਗਲਤ ਵਾਗਡੋਰ ਫੜ੍ਹਨ ਨਾਲ ਕਿੰਨੇ ਨੁਕਸਾਨ ਹੋ ਸਕਦੇ ਨੇ ਇਸਦਾ ਅੰਦਾਜ਼ਾ ਸਮਿਆਂ ਬਾਅਦ ਵੀ ਸ਼ਾਯਦ ਨਾ ਲਗਾਇਆ ਜਾ ਸਕੇ।
ਮੇਰੇ ਨਿੱਜੀ ਵਿਚਾਰ, ਜੋਕਿ ਸਿਰਫ ਆਪਣੇ ਮੰਨਣ ਤੱਕ ਹੀ ਨੇ, ਕਿ ਹਰਨੇਕ ਸਿੰਘ ਨਿਊਜ਼ੀਲੈੰਡ ਇੱਕ ਉਪਭਾਵੁਕ ਕਿਸਮ ਦਾ ਕਿਰਦਾਰ ਹੈ ਜਿਸ ਕੋਲ ਆਪਣੀ ਕਿਸਮ ਦਾ ਜੁਨੂਨ ਅਤੇ ਜ਼ਿੱਦ ਹੈ, ਉਸਦੇ ਕੋਲ ਧਰਮ ਨਿਭਾਉਣ ਦਾ ਜਜ਼ਬਾ ਹੈ, ਇਹ ਗੱਲ ਉਹਦੀ ਭਸੌੜੀ ਨਜ਼ਰੀਏ ਵਾਲੀ ਜ਼ਿੱਦ ਪ੍ਰਮਾਣਿਤ ਤੌਰ 'ਤੇ ਦਿਸਦੀ ਹੈ, ਜੋ ਕੁਝ ਮਿਸ਼ਨਰੀ ਕਾਲਜ ਵਾਲਿਆਂ ਇਹਨੂੰ ਸਿਖਾਇਆ ਅਤੇ ਜਿਹਨਾਂ ਜਿਹਨਾਂ ਵਿਅਕਤੀਆਂ ਤੋਂ ਇਹ ਪ੍ਰਭਾਵਿਤ ਹੈ ਇਸਦੇ ਅੰਦਰ ਉਹ ਗੁਣ ਆਉਂਦੇ ਰਹੇ ਨੇ, ਇਥੋਂ ਤੱਕ ਕਿ ਅੱਜਕੱਲ ਉਠਦਾ ਬਹਿੰਦਾ ਜਿਸ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਇਹ ਕੋਸਦਾ ਹੈ ਇਸਦੀ ਪਿਛੋਕੜ ਪ੍ਰਵਿਰਤੀ ਉਸਦੇ ਹਾਮੀ ਹੋਣ ਕਰਕੇ ਅਤੇ ਖਾਸਕਰ ਇਸ ਤਾਣੇ ਬਾਣੇ ਪ੍ਰਤੀ ਉਸਦੀ ਨਿਰਾਸ਼ਤਾ ਬਰਾਬਰ ਸਹੀ ਹੈ, ਅਸੀਂ ਵੀ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਦੇ ਮੌਜੂਦਾ ਨਿਜ਼ਾਮ ਪ੍ਰਤੀ ਨੀਰਸਤਾ ਰੱਖਣ ਵਾਲਿਆਂ ਵਿਚੋਂ ਹਾਂ ਪਰ ਕੀ ਇਹ ਹੱਲ ਹੈ ਜੋ ਬੀਤੇ ਵਰ੍ਹਿਆਂ ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਅਤੇ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਤੋਂ ਲੈ ਕੇ ਸਰਦਾਰ ਹਰਨੇਕ ਸਿੰਘ ਕਹਿੰਦੇ ਆ ਰਹੇ ਨੇ ? ਘਾਣ ਅਤੇ ਪ੍ਰਸਾਰ ਦਾ ਕੇਂਦਰੀ ਫਰਕ ਕੋਈ ਤਾਂ ਹੋਵੇ ਜਿਥੇ ਅਸੀਂ ਸੱਚ ਝੂਠ ਨਿਖੇੜ ਸਕੀਏ ? ਪਰ ਖੈਰ ਫੇਰ ਇਥੋਂ ਤੱਕ ਵੀ ਹਰਨੇਕ ਸਿੰਘ ਦੀ ਨਾਸਮਝੀ ਹਰ ਉਹ ਸੁਹਿਰਦ ਬੰਦਾ ਬਰਦਾਸ਼ਤ ਕਰ ਸਕਦਾ ਹੈ ਜਿਹੜਾ ਵਿਉਹਾਰਕ ਤੌਰ 'ਤੇ ਇੰਨਾ ਜਾਣਦਾ ਹੈ ਕਿ ਤਾਣੇ ਬਾਣੇ ਅਰਾਜਕਤਾ ਵਿੱਚੋਂ ਹੀ ਟੁੱਟਦੇ ਅਤੇ ਨਵੇਂ ਸਿਰਜੇ ਜਾਂਦੇ ਨੇ, ਪਰ ਕੀ ਇਸਦੀ ਕੋਈ ਹੱਦ ਹੈ ਵੀ ਸਹੀ ਕਿ ਨਹੀਂ ? ਹਰਨੇਕ ਸਿੰਘ ਜਾਂ ਆਉਣ ਵਾਲੇ ਸਮੇਂ ਦਾ ਕੋਈ ਵੀ ਵਿਅਕਤੀ ਇਸ ਬੌਧਿਕ ਘਾਣ ਪ੍ਰਤੀ ਕੀ ਜ਼ਿੰਮੇਵਾਰੀ ਰੱਖੇਗਾ ਜਿਹੜਾ ਕਿ ਹਰਨੇਕ ਸਿੰਘ ਚੁਣ ਚੁਣ ਕੇ ਕਰ ਰਿਹਾ। ਹਰਨੇਕ ਸਿੰਘ ਦੇ ਚੈਨਲ ਤੋਂ ਆਸ ਰੱਖਣ ਵਾਲੇ ਲੋਕ ਬਹੁਤਾਤ ਉਹ ਨੇ ਜਿਹੜੇ ਧਰਮ ਪੰਥ ਤੋਂ ਨਿਰਾਸ਼ ਹੋ ਚੁੱਕੇ ਨੇ ਬੱਸ ਆਪਣੀ ਜਾਨ ਬਚਾਉਣ ਖਾਤਰ ਅਜਿਹਾ ਰਸਤਾ ਭਾਲਦੇ ਨੇ ਕਿ ਸਭ ਕਾਸੇ ਦੀ ਪੱਟੀ ਵੀ ਮੇਸੀ ਜਾਵੇ ਤੇ ਭੇਖ ਵੀ ਬਚਿਆ ਰਹਿ ਜਾਵੇ...ਇਹਦੇ ਉੱਤੇ ਅਸੀਂ ਦੋਸ਼ ਕਿਹਨੂੰ ਦਿਆਂਗੇ ?
ਟੀਮ ਰੇਡੀਓ ਵਿਰਸਾ ਅਤੇ ਇਸਦੇ ਸਾਥੀ ਕਰ ਕੀ ਰਹੇ ਨੇ ?
ਇੱਕ ਵਾਰੀ ਕਿਸੇ ਅਲਮਸਤ ਜਿਹੇ ਬੰਦੇ ਨੂੰ ਕਿਸੇ ਨੇ ਪੁੱਛ ਲਿਆ ਕਿ ਦੁਨੀਆਂ ਖਬਰੇ ਕਿਹੜੇ ਰਾਹਾਂ ਉੱਤੇ ਤੁਰੀ ਪਈ ਏ, ਕੋਈ ਕਿਸੇ ਨੂੰ ਨਾ ਸੁਣ ਸਮਝ ਰਿਹਾ, ਨਾ ਹੀ ਵਿਚਾਰ ਰਿਹਾ...ਆਖਰ ਕੋਈ ਥਹੁ ਪਤਾ ਹੈ ਕਿਸੇ ਨੂੰ ਕਿ ਸਮਾਜ ਕਿਧਰ ਨੂੰ ਜਾਏਗਾ ? ਉਸ ਬੰਦੇ ਨੇ ਪੁੱਛਿਆ, "ਤੈਨੂੰ ਫ਼ਿਕਰਮੰਦ ਲੋਕ ਚਾਹੀਦੇ ਨੇ ? ਉਹਨਾਂ ਦਾ ਪਤਾ ਚਾਹੀਦਾ ?" ਅੱਗੋਂ ਹਾਮੀ ਵਿੱਚ ਸਿਰ ਹਿੱਲਣ ਸਾਰ ਉਹਦਾ ਗੁੱਟ ਫੜ ਕੇ ਧੂਹਂਦਾ ਹੋਇਆ ਤੁਰ ਪਿਆ, ਫਿਰਨੀ ਦੇ ਬਾਹਰਵਾਰ ਬੁੱਢੇ ਬਰੋਟੇ ਹੇਠਾਂ ਚਿਲਮ ਤੇ ਹੁੱਕਾ ਖਿੱਚਦੇ, ਦਾਰੂ ਦੀ ਬੋਤਲਾਂ ਤੇ ਗਲਾਸ ਖੋਲੀ ਬੈਠੇ ਛੇ ਸੱਤ ਬੰਦੇ ਬੈਠੇ, ਵੈਰਾਗੇ ਹੋਏ..ਪਤਾ ਨਹੀਂ ਕਿਹੜੇ ਦਰਦ ਵਿੱਚ ਉਹ ਐਥੇ ਬੈਠੇ ਸੀ, ਉਹ ਦੋਵੇਂ ਉਹਨਾਂ ਨਸ਼ੇ ਚ ਟੱਲੀ ਹੋਇਆਂ ਦੀ ਵਾਰਤਾਲਾਪ ਸੁਣਨ ਲੱਗੇ। ਅੰਤਾਂ ਦਾ ਦੇਸ਼ ਪ੍ਰੇਮ... ਕੌਮਪ੍ਰਸਤੀ ਤੇ ਸਮਾਜ ਦਾ ਦਰਦ, ਜਵਾਕਾਂ ਦੇ ਭਵਿੱਖ ਤੋਂ ਉਹਨਾਂ ਦੀ ਪਰਵਰਿਸ਼ ਦਾ ਫਿਕਰ, ਮਰਦੀਆਂ ਜਾ ਰਹੀਆਂ ਕਦਰਾਂ ਕੀਮਤਾਂ ਦਾ ਫਿਕਰ ਜਦੋਂ ਤਿਲ੍ਹਕਵੀਂ ਜੁਬਾਨਾਂ ਨਾਲ ਉਹ ਕਰ ਰਹੇ ਸਨ ਤਾਂ ਹਾਸਾ ਨਾ ਬੰਦ ਹੋਵੇ ਉਸ ਅਲਮਸਤ ਜਿਹੇ ਬੰਦੇ ਦਾ...ਕਰਦੇ ਕਰਾਉਂਦੇ ਗੱਲ ਮੁੱਕੀ ਅੱਧੀ ਰਾਤ ਨੂੰ ਤ੍ਰੇਲ ਦੀ ਬੂੰਦਾਂ ਅੱਗ ਬੁਝਾਈ ਤੇ ਇਹ ਭੱਜੇ ਗਏ ਮੁੜਨ ਵੱਲ ਸਭ ਕੁਝ ਓਥੇ ਝਾੜ ਤੁਰੇ...ਸਮਾਜ, ਦੇਸ਼ ਪਿਆਰ, ਕੌਮਪ੍ਰ੍ਸਤੀ..ਬੱਚਿਆਂ ਦੀ ਪਰਵਰਿਸ਼, ਨਸ਼ੇ ਸੁਲਗਾਉਣ ਦੇ ਵੇਲੇ ਦਾ ਝੱਸ। ਉਹ ਬੰਦਾ ਉਸ ਸਵਾਲੀ ਨੂੰ ਕਹਿਣ ਲੱਗਾ, "ਦੋਬਾਰਾ ਕਦੇ ਇਹ ਨਾ ਪੁੱਛੀ ਕਿ ਸਮਾਜ ਦੀ ਫਿਕਰ ਕਰਦੇ ਲੋਕ ਦਿਸਦੇ ਕਿਉਂ ਨੀਂ...ਉਹਨਾਂ ਕੋਲ ਵਿਹਲ ਹੈਨੀਂ ਇਕੱਤਰ ਹੋਣ ਦੀ ਅਤੇ ਵਿਖਾਵੇਬਾਜ਼ ਭਾਵੇਂ ਲੁਕ ਕੇ ਖੁਦ ਨੂੰ ਧਰਵਾਸ ਦੇਣ ਲਈ ਬੋਲਣ ਯਾ ਬਾਹਰ ਚੀਖ ਕੇ ਫ਼ਿਕਰਾਂ ਦੱਸਣ...ਇਹ ਨਸ਼ੇੜੀ ਜਾਂ ਸਿਆਸਤਦਾਨ ਹੀ ਹੋ ਸਕਦੇ ਹਨ।
ਟੀਮ ਰੇਡੀਓ ਵਿਰਸੇ ਵਾਲੇ ਭਵਿੱਖ ਦੀ ਰਾਜਨੀਤੀ ਦੇ ਅਜਿਹੇ ਕੀੜੇ ਪਾਲਦੇ ਪਏ ਨੇ ਜਿਹਨਾਂ ਵਿੱਚੋਂ ਸਿਆਣਪ, ਸਲੀਕਾ ਅਤੇ ਕਿਰਿਆਸ਼ੀਲ ਜੀਵਨ ਦਾ ਤੱਤ ਮਾਰਿਆ ਜਾ ਰਿਹਾ। ਇਸ ਅਦਾਰੇ ਉੱਤੇ ਛੇੜੇ ਗਏ ਹਰ ਵਿਸ਼ੇ ਨੇ ਝੂਠ ਨੂੰ ਸੱਚ ਨਾਲ ਨਹੀਂ ਨਿਖੇੜਿਆ ਜਾ ਰਿਹਾ ਬਲਕਿ ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰ ਵਾਲੀ ਕਹਾਣੀ ਚਲਾਈ ਜਾ ਰਹਿ, ਇੱਕ ਕੂੜ ਉਹ ਜਿਹੜਾ ਕਿ ਗੁਰਦੁਆਰੀਆ ਸਿੱਖ ਮਰਿਆਦਾ ਦੇ ਅਧੀਨ ਸਾਥੋਂ ਵਿਚਾਰਾਂ ਦੇ ਕੇਂਦਰ,ਅਦਾਰੇ ਖੋਹ ਕੇ ਸਿਰਫ ਅੱਧ ਅਧੂਰੇ ਪ੍ਰਚਾਰਕਾਂ ਦੀ ਅਕਾਦਮਿਕ ਪਹੁੰਚ ਤੋਂ ਸੱਖਣੀ ਅਤੇ ਆਪੋ ਆਪਣੀ ਧਾਰਨਾਵਾਂ ਵਿੱਚੋਂ ਨਿਕਲੀ ਵਿਆਖਿਆ... ਦੂਸਰੇ ਪਾਸੇ ਇਹ ਵਿਰੋਧੀ ਧਿਰ ਜਿਹੜੇ ਅਕਾਦਮਿਕਤਾ ਤੋਂ ਸੱਖਣੀ ਪਹੁੰਚ ਦੇ ਵਿਰੋਧ ਵਿੱਚ ਅਕਾਦਮਿਕ ਪਹੁੰਚ ਸਿਰਜਣ ਦੇ ਹਾਮੀ ਹੁੰਦੇ, ਬਜਾਏ ਇਸ ਦੇ, ਉਹ ਸਗੋਂ ਰਹਿੰਦੀ ਖੂੰਹਦੀ ਖੇਹ ਉਡਾਉਣ ਬਹਿ ਗਏ, ਲਗਾਤਾਰ ਜਾਰੀ ਹੈ। ਗੁਰਬਾਣੀ ਅਲੰਕਾਰਾਂ ਤੋਂ ਲੈ ਕੇ ਆਮ ਕਾਵਿ ਦੇ ਅਲੰਕਾਰਾਂ ਪ੍ਰਤੀ ਜਿੰਨੀ ਸੱਖਣੀ ਅਤੇ ਹੋਛੀ ਪਹੁੰਚ ਦਿਖਾਈ ਗਈ, ਮੈਂ ਸਮਝਦਾਂ ਉਹਨਾਂ ਗੱਲਾਂ ਦੇ ਜਵਾਬ ਦੇਣ ਲਾਇਕ ਮੈਂ ਨਹੀਂ ਹਾਂ, ਪਰ ਇਤਿਹਾਸ ਸੰਬੰਧੀ ਕੁਝ ਅਧੂਰੀਆਂ ਗੱਲਾਂ ਜਿਹਨਾਂ ਨੂੰ ਸੁਲਝਾਉਣ ਵਿੱਚ ਜਿੰਨੀ ਮੁਸ਼ਕਿਲਾਂ ਸਾਡੀ ਕੌਮੀ ਬੌਧਿਕ ਸ਼੍ਰੇਣੀ ਨੂੰ ਆ ਰਹੀ ਹੈ, ਓਸਦੇ ਹੱਲ ਤੱਕ ਵਿਚਾਰਣ ਲਈ ਸਾਡੀ ਨੌਜੁਆਨੀ ਕੋਲ ਕੋਈ ਕੇਂਦਰ ਨਹੀਂ ਬਚ ਰਿਹਾ, ਅਜਿਹੀ ਹਾਲਤ ਵਿੱਚ ਭਾਈ ਜਰਨੈਲ ਸਿੰਘ ਦੇ ਸੰਘਰਸ਼ ਵਿੱਢਣ ਨੂੰ ਉਸਦੇ ਆਲੇ ਦੁਆਲੇ ਦੇ ਤਮਾਮ ਕਾਰਨ ਅਲੋਪ ਕੀਤੇ ਗਏ ਟੀਮ ਰੇਡੀਓ ਵਿਰਸਾ ਵੱਲੋਂ* (ਇਸ ਬਾਰੇ ਅੱਗੇ ਚੱਲ ਕੇ ਵੱਖਰਾ ਨੁਕਤਾ ਸਪਸ਼ਟ ਕਰਾਂਗਾ) ਪਰ ਇਹ ਸਭ ਵਿੱਚ ਜਿਹੜੇ ਵੈਣ ਰੇਡੀਓ ਵਿਰਸੇ ਉੱਤੇ ਭਾਈ ਜਰਨੈਲ ਸਿੰਘ ਬਾਰੇ ਆਪਣੀ ਖਿਝ ਕੱਢਣ ਮਾਰਿਆਂ ਇੱਕ ਖੇਡ ਬੜੀ ਅਵੱਲੀ ਖੇਡੀ ਜਾਂਦੀ ਹੈ ਜਿਹੜੀ ਕਿ ਮੈਨੂੰ ਸ਼ਰਾਬੀਆਂ,ਅਮਲੀਆਂ ਦੁਆਰਾ ਸੱਥ ਚ ਪੱਤੇ ਕੁੱਟਦਿਆਂ ਸੀਪ ਤੇ ਭਾਬੀ ਖੇਡਣ ਦੀ ਲੜਾਈ ਦਰਮਿਆਨ ਦੰਗਾ ਪੀੜਤਾਂ ਦੇ ਬਾਰੇ, ਉਹਨਾਂ ਦੇ ਹੱਕ ਚ ਅਵਾਜ਼ ਬੁਲੰਦ ਕਰਨ ਦੀ ਗੱਲ ਕਰਕੇ ਜਿਵੇਂ ਕੌਮੀ ਲੀਡਰਸ਼ਿਪ ਦੇ ਮੂੰਹ ਤੇ ਥੁੱਕਿਆ ਜਾਂਦਾ ਹੈ ਆਮ ਸਰੋਤੇ ਨੂੰ ਇਉਂ ਮਹਿਸੂਸ ਹੁੰਦਾ ਹੈ ਕਿ ਇਹਨਾਂ ਦੀ ਨੀਅਤ ਵਿੱਚ ਕੋਈ ਖੋਟ ਨਹੀਂ, ਇਹ ਵੀ ਕੌਮੀ ਦਰਦ ਰੱਖਦੇ ਨੇ। ਪਰ ਮੈਂ ਇੱਕ ਵੀ ਫੋਨ ਕਰਨ ਵਾਲਾ ਸਰੋਤਾ ਅਜਿਹਾ ਆਉਂਦਾ ਨਹੀਂ ਸੁਣਿਆ ਜਿਹਨੇ ਦਿੱਲੀ ਦੰਗਿਆਂ ਬਾਰੇ ਸਾਫ਼ ਇਹ ਦੱਸਿਆ ਹੋਵੇ ਕਿ ਓਸਦੇ ਕਸੂਰਵਾਰ ਕਿਸੇ ਵੀ ਸੂਰਤੇ ਹਾਲ ਵਿੱਚ ਭਾਈ ਜਰਨੈਲ ਸਿੰਘ ਯਾ ਕਿਸੇ ਵੀ ਲੀਡਰਸ਼ਿਪ ਦੀ ਨਹੀਂ ਸੀ, ਸਰਕਾਰ ਦੀ ਪਾਈ ਖੇਡ ਵਿੱਚ ਸਭਨੂੰ ਹਕੀਕਤਾਂ ਦਾ ਅਹਿਸਾਸ ਹੈ, ਸਿਵਾਏ ਇੱਕ ਤਬਕੇ ਨੂੰ ਛੱਡ ਕੇ,ਇਸ ਤਬਕੇ ਬਾਰੇ ਅਖੀਰ ਚ ਦੱਸਾਂਗੇ। ਇਥੇ ਸੱਚਾਈ ਕਿਹੜੀ ਹੈ ? ਉਹ ਜਿਹੜੀ ਇਹਨਾਂ ਦੇ ਵਿਸ਼ਲੇਸ਼ਕਾਂ ਦੁਆਰਾ ਦੱਸੀ ਜਾਂਦੀ ਹੈ ? ਜੇ ਇਹੀ ਸੱਚਾਈਆਂ ਉੱਤੇ ਭਰੋਸਾ ਕਰਨਾ ਹੋਵੇ ਤਾਂ ਮਾਰਕ ਟੱਲੀ, ਕੁਲਦੀਪ ਨੱਯਰ ਅਤੇ ਪੰਜਾਬ ਕੇਸਰੀ ਸਮੂਹ ਨੇ ਰੱਜ ਕੇ ਪ੍ਰਚਾਰ ਕੀਤਾ ਹੈ, ਕੀਹਦੇ ਕੋਲੋਂ ਲੁਕੀਆਂ ਨੇ ਗੱਲਾਂ ? ਇਹਨਾਂ ਸੱਚਾਈਆਂ ਤੋਂ ਅਗਲੇਰਾ ਸੱਚ ਸਿੱਖਾਂ ਨੂੰ ਅੱਤਵਾਦੀ ਕਹਿਣ ਦਾ ਹੈ, ਜੋਕਿ ਲੰਘੇ ਵਰ੍ਹਿਆਂ ਵਿੱਚ ਰੱਜ ਰੱਜ ਇਹ ਪਰਛਾਵੇਂ ਹੰਢਾਏ ਜਾ ਚੁੱਕੇ ਨੇ...ਰੇਡੀਓ ਵਿਰਸੇ ਦੇ ਪ੍ਰਵਚਨ ਹੁਣ ਅਕਾਲੀਆਂ ਦੀ ਸੋਚ ਰੱਖਣ ਮਾਤਰ ਨੂੰ ਗੁੰਡੇ ਟਕਸਾਲੀ, ਬ੍ਰਾਹਮਣਵਾਦੀ ਕਹਿ ਕੇ ਭੰਡ ਰਹੇ ਨੇ. ਇਹਦੇ ਵਿੱਚ ਕਿਹੜੀ ਕੌਮ ਦਾ ਦਰਦ ਬੋਲ ਰਿਹਾ ਭਾਈ ? ਕਿਸੇ ਪਾਠਕ ਨੂੰ ਇਹਦੇ ਵਿੱਚੋਂ ਕੌਮੀ ਦਰਦ ਨਜ਼ਰੀਂ ਆਉਂਦਾ ਹੋਵੇ ਤਾਂ ਦੱਸਿਓ...ਭਵਿੱਖ ਦੀ ਹਿੰਦੂ ਰਾਸ਼ਟਰਵਾਦੀ ਸਿਆਸਤ ਵਾਸਤੇ ਭੂਮਿਕਾ ਬੰਨ੍ਹ ਕੇ ਸ੍ਕੈਨਰ ਲਗਾ ਕੇ ਸਰਕਾਰ ਦੀ ਨਿਗਾਹ ਤੇ ਚੜ੍ਹਾਉਣ ਦਾ ਕਾਰਜ ਰੇਡੀਓ ਵਿਰਸੇ ਰਾਹੀਂ ਹੋ ਰਿਹਾ ਹੈ. ਏਜੰਸੀਆਂ ਜਿਹਨਾਂ ਜਿਹਨਾਂ ਅਫ਼ਵਾਹਾਂ ਅਤੇ ਭਰਮਾਂ ਨਾਲ ਸਿੱਖਾਂ ਦਾ ਵਿਸ਼ਵਾਸ ਆਪਣੀ ਲਹਿਰ ਦੇ ਖਿਲਾਫ਼ ਕਰਨ ਲਈ ਵਰਤਣਾ ਚਾਹੁੰਦੀਆਂ ਸਨ ਉਹਦੇ ਲਈ ਹਰਨੇਕ ਸਿੰਘ ਗਿੱਲ ਨਾਮ ਦਾ ਵਿਅਕਤੀ ਭਾਰਤੀ ਪੁਲਿਸ ਦਾ ਸੁਪਰਕੌਪ ਕੰਵਰਪਾਲ ਸਿੰਘ ਗਿੱਲ (ਕੇ.ਪੀ.ਐੱਸ ਗਿੱਲ) ਦੇ ਵੱਲੋਂ ਜਿਣਸੀ ਸ਼ੋਸ਼ਣ ਅਤੇ ਜਾਨੀ ਘਾਣ ਮਗਰੋਂ, ਮਾਨਸਿਕ ਘਾਣ ਲਈ ਕਿਰਿਆਸ਼ੀਲ ਨੇ. ਹੁਣ ਇਥੇ ਕਰਨਾ ਕੀ ਹੈ ਇਹਦੀ ਸੋਚ ਵਿਚਾਰ ਵਿੱਚ ਕਈ ਗੱਲਾਂ ਹੋਣ ਦੇ ਬਾਵਜੂਦ, ਪਹਿਲਾ ਸਵਾਲ ਪਾਠਕਾਂ ਲਈ ਇਹੀ ਹੈ ਕਿ ਸੱਚਮੁਚ ਕੋਈ ਤੱਥ ਬਚਦਾ ਇਹਨਾਂ ਦੀ ਪੰਥ੍ਪ੍ਰ੍ਸਤੀ ਦਾ ? ਇਹਨਾਂ ਦੀ ਪੰਥ ਪ੍ਰਤੀ ਸੋਚ... ਖੈਰ, ਹੁਣ ਵਿਸ਼ੇ ਦੇ ਅਗਲੇ ਪੜਾਅ ਵੱਲ ਵਧੀਏ ਜਿੱਥੇ ਜਿੰਨੀ ਕੁ ਮੈਨੂੰ ਹੁਣ ਤੱਕ ਪੜ੍ਹਦਿਆਂ ਸੁਣਦਿਆਂ ਸੋਝੀ ਪ੍ਰਾਪਤ ਹੋਈ ਹੈ ਓਵੇਂ ਓਵੇਂ ਸਾਂਝੀ ਕਰਦੇ ਜਾਵਾਂਗੇ...
ਖਾਲਸਾ ਪੰਥ - ਕੀ ਇਹ ਕੋਈ ਫਿਰਕਾ ਹੈ ਜਾਂ ਕੁਝ ਹੋਰ?
ਪਹਿਲੋਂ ਤਾਂ ਰਾਜ ਦਾ ਸੰਕਲਪ ਸਮਝੀਏ, ਕੀ ਸਾਡਾ ਰਾਜ ਦਾ ਸੰਕਲਪ ਓਹੀ ਹੈ ਜੋ ਅਸੀਂ ਰੱਬੀ ਸੰਕਲਪ ਵਿੱਚੋਂ ਲਿਆ ਜਾਂ ਸਾਡੀ ਹਾਲਤ ਰਾਜਾ ਬਾਲਕੁ ਨਗਰੀ ਕਾਚੀ ਦੁਸਟਾ ਨਾਲਿ ਪਿਆਰੋ ॥ (ਪੰਨਾ ੧੧੭੧) ਮੁਤਾਬਿਕ ਹੋਏਗੀ ? ਰਾਜੇ ਕੱਚੇ ਅਤੀਤ ਤੋਂ ਹੁਣ ਤੱਕ ਬਥੇਰੇ ਆਏ ਅਤੇ ਮੌਜੂਦ ਵੀ ਨੇ, ਪਰ ਨਿਹਚਲ ਰਾਜ ਕਿਹੜਾ ਹੈ, ਨਿਹੰਗਾਂ ਦਾ ਅਸਲ ਖਾਸਾ ਜਿਹਨੂੰ ਕਿ ਬਹੁਗਿਣਤੀ ਵਿੱਚ ਦੁਰਕਾਰਿਆ ਜਾ ਰਿਹਾ, ਖਾਸਕਰ ਜਿਹੜੇ ਖੁਦ ਨੂੰ ਬੰਦਾ ਸਿੰਘ ਬਹਾਦਰ ਦੇ ਲਖਾਇਕ ਮੰਨਦੇ ਨੇ, ਉਹਨਾਂ ਨੂੰ ਇੰਨਾ ਕੁ ਵੀ ਨਹੀਂ ਚਿੱਤ ਚੇਤਾ ਕਿ ਜਿਹੜੇ ਅਮਲੇ ਨੂੰ ਅਜੋਕੇ ਸਮੇਂ ਅੰਦਰ ਲਤਾੜਿਆ, ਦੁਰਕਾਰਿਆ ਜਾਣ ਦਾ ਠੇਕਾ ਲਿਆ ਹੈ, ਓਹੀ ਸਤਿਗੁਰੁ ਨਾਨਕ ਤੋਂ ਤੁਰਦੇ ਆਏ ਹਲੇਮੀ ਰਾਜ ਦੇ ਸਬੱਬ ਦੇ ਝੰਡੇਬਰਦਾਰ ਨੇ ! ਸਿੱਖਾਂ ਦਾ ਅਸਲ ਤਖਤ, ਜਿਹੜਾ ਕਿ ਕਦੇ ਵੀ ਕਿਤੇ ਵੀ ਸਥਾਪਿਤ ਹੋ ਸਕਦਾ ਹੈ...ਸਮਾਂ ਆਏਗਾ, ਜਦੋਂ ਕਿਤੇ ਇਹਨਾਂ ਖੁਦ ਨੂੰ ਸਮੇਂ ਬਰਾਬਰ ਖੜ੍ਹਾ ਕਰਨ ਦੀ ਧਾਰ ਲਈ, ਓਦੋਂ ਦ੍ਰਿਸ਼ ਕੁਝ ਹੋਰ ਹੋਣਗੇ. ਪਰ ਉਹ ਸਭ ਤੋਂ ਪਹਿਲੋਂ ਸਾਨੂੰ ਕੁਝ ਗੱਲਾਂ ਸਮਝਣੀਆਂ ਬਹੁਤ ਜ਼ਰੂਰੀ ਹਨ. ਖਾਸਕਰ ਓਦੋਂ ਜਦੋਂ ਅਸੀਂ ਇਹ ਕਹਿਣਾ ਚਾਹੀਏ ਕਿ ਰਾਜੋ ਤ ਤੇਰਾ ਸਦਾ ਨਿਹਚਲੂ ਏਹੁ ਕਬਹੁ ਨ ਜਾਵਏ॥ (ਪੰਨਾ- ੫੬੭) ਅਤੇ ਜਦੋਂ ਅਸੀਂ ਇਹ ਸਮਝਾਉਣ ਹੋਵੇ ਕਿ ਰਾਜੇ ਦਾ ਕੰਮ ਹੈ ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥ (ਪੰਨਾ-੧੨੪੦) ਤਾਂ ਸਿੱਧ ਸੁਆਲ ਇਹੀ ਹੋਏਗਾ ਕਿ ਰਾਜ ਪ੍ਰਬੰਧ ਜਿਹਨਾਂ ਕਾਨੂੰਨਾਂ ਅਧਾਰਿਤ ਹੋਏਗਾ ਰਾਜਾ ਓਸੇ ਦੀ ਪਾਲਣਾ ਕਰਦਾ ਹੈ, ਜੇ ਸਿਮਰਤੀਆਂ ਵਿੱਚੋਂ ਨਿਕਲੇ ਪ੍ਰਬੰਧ ਵਿੱਚ ਰਾਜਾ ਵਰਣ ਵੰਡ ਨਹੀਂ ਮੰਨੇਗਾ ਤਾਂ ਉਹ ਅਯੋਗ ਠਹਿਰਾ ਦਿੱਤਾ ਜਾਏਗਾ,ਮਰਿਯਾਦਾ ਪੁਰਸ਼ੋਤਮ ਰਾਮਚੰਦਰ ਰਾਘਵ,ਰਘੁਵੰਸ਼ ਦਾ ਮਹਾਂਨਾਇਕ, ਸਿਮ੍ਰਤੀ ਦੇ ਨਿਯਮਾਂ ਦੀ ਪਾਲਣਾ ਪੁਰੋਹ੍ਤਾਂ ਦੇ ਕਹਿਣ ਉੱਤੇ ਨਿਰੋਲ ਸਹਿਜ ਹਿਰਦੇ ਕਰ ਰਿਹਾ ਹੈ ਜਿਸਦਾ ਇਵਜ਼ਾਨਾ ਮਿਥਿਹਾਸ ਦੇ ਮੁਤਾਬਿਕ ਮਰਿਆਦਾ ਪੁਰਸ਼ੋਤਮ ਦੇ ਵਜੋਂ ਹੀ ਨਹੀਂ, ਵਿਸ਼ਨੂੰ ਅਵਤਾਰ ਕਹਿ ਦਿੱਤਾ,ਕਿਉਂਕਿ ਵਿਸ਼ਨੂੰ ਦਾ ਸ਼ਾਸਤਰਾਂ ਮੁਤਾਬਿਕ ਕਾਰਜਖੇਤਰ ਪ੍ਰਤਿਪਾਲਣਾ ਕਰਨਾ ਹੈ, ਜਿੰਨੀ ਵੀ ਬਨਸਪਤੀ ਹੈ ਇਸਨੂੰ ਵਿਸ਼ਨੂੰ ਅਧੀਨ ਹੀ ਮੰਨਿਆ ਗਿਆ ਹੈ, ਪਰ ਕਿੰਨਾ ਹਨ੍ਹੇਰ ਉਸ ਕਾਨੂੰਨ ਦੇ ਅੰਦਰ ਕਿ ਪਤਨੀ ਜਿਹੜੀ ਅਗਨਿ ਪ੍ਰੀਖਿਆ ਵਿੱਚੋਂ ਲੰਘ ਕੇ ਆਈ ਓਹਨੂੰ ਵੀ ਤਿਆਗ ਦਿੱਤਾ ਗਿਆ...ਇਹਨੂੰ ਰਾਜ ਪ੍ਰਬੰਧਨ ਦੇ ਓਸ ਕਾਨੂੰਨ ਵੱਲ ਵੇਖਿਆ ਕੇ ਹੀ ਅੰਜਾਮ ਦਿੱਤਾ ਗਿਆ, ਕੀ ਸਮਝਦੇ ਹੋ ਹੁਣ ਕਿ ਰਾਜਾ ਵੱਡਾ ਕਿ ਰਾਜ ਪ੍ਰਣਾਲੀ ਵੱਡੀ ? ਜੇ ਮਿਥਿਹਾਸ ਪਸੰਦ ਨਾ ਹੋਵੇ ਤਾਂ ਅਜੋਕੇ ਉਦਾਹਰਨਾਂ ਦੇ ਢੇਰ ਵੀ ਪਏ ਨੇ, ਪਰ ਗੱਲ ਹਾਲੇ ਓਧਰ ਕਰੀਏ ਜਿਹਨਾਂ ਦਾ ਸੰਬੰਧ ਗੁਰਬਾਣੀ ਤੋਂ ਅੱਗੇ ਚੱਲ ਕੇ ਮੌਲਿਕ ਹਲੇਮੀ ਰਾਜ ਦੀ ਗੱਲ ਨਾਲ ਜੋੜਨਾ ਹੈ. ਪ੍ਰਾਚੀਨ ਪੰਥ ਪ੍ਰਕਾਸ਼ ਅੰਦਰ, ਭਾਈ ਰਤਨ ਸਿੰਘ ਭੰਗੂ ਇੱਕ ਅਧਿਆਏ ਲਿਖਦੇ ਨੇ ਖਾਲਸਾ ਕਿਉਂ ਸਾਜਿਆ ?
ਇਸ ਵਿੱਚ ਭਾਈ ਰਤਨ ਸਿੰਘ ਭੰਗੂ ਜੀ ਨੇ ਤਫਸੀਲ ਨਾਲ ਇਹੋ ਲਿਖਿਆ ਹੈ ਕਿ ਨਿਆਰਾ ਪੰਥ ਕਿਉਂ ਜ਼ਰੂਰੀ ਹੈ, ਆਖਰ ਕਿਹੜੇ ਉਹ ਹਾਲਾਤ ਨੇ ਜਿਹੜੇ ਸਾਨੂੰ ਵੱਖਰੇ ਦਿਖਣ ਦੀ ਲੋੜ ਮਹਿਸੂਸ ਕਰਵਾ ਰਹੇ ਹਨ, ਆਖਰ ਖੰਡੇ ਦੀ ਪਾਹੁਲ ਪ੍ਰਤੀਕ ਕਿਸ ਗੱਲ ਦਾ ਹੈ, ਐਲਾਨ ਕਿਸ ਗੱਲ ਦਾ ਹੈ, ਉਸਦੀ ਵਡਿਆਈ ਕਿਹਨਾਂ ਗੱਲਾਂ ਵਿੱਚ ਹੈ ਅਤੇ ਓਸਦੇ ਪੀਣ ਅਤੇ ਧਾਰਨ ਕਰਨ ਵਾਲੀ ਕਿਹੜੀਆਂ ਧਾਰਨਾਵਾਂ ਹਨ, ਅਸੀਂ ਕਰਮਾਂ ਤੋਂ ਖੱਤਰੀ ਅਤੇ ਹਠਯੋਗੀ ਤਪੀਸਰ ਕਿਸ ਗੱਲ ਤੋਂ ਹਾਂ ?
ਨੋਟ- ਹੁਣ ਇਥੋਂ ਬਾਰੀਕ ਨਿਗਾਹ ਸ਼ੁਰੂ ਕਰ ਲਵੋ, ਕਿਉਂਕਿ ਇਸ ਗੱਲੋਂ ਸਾਡੇ ਅਤੀਤ ਦੇ ਬਹੁਤੇ ਪ੍ਰਚਾਰਕ ਸੁੱਕੇ ਨਹੀਂ ਬਚਦੇ, ਸਭਨੇ ਪੰਥ ਖਾਲਸਾ ਪ੍ਰਤੀ ਐਨੀ ਕੁ ਰਖਿਆਤਮਕ ਪਹੁੰਚ (Defensive Approach ) ਰੱਖੀ ਕਿ ਰਾਜ ਦੇ ਸਿਧਾਂਤ, ਰਾਜ ਕਰੇਗਾ ਕਾਲਸਾ ਅਹਿਮ ਕਿਉਂ ਹੈ, ਸਾਡੀ ਵੈਸ਼੍ਵਿਕ ਪਹੁੰਚ ਗੁਰਬਾਣੀ ਅੰਦਰ ਕਿਵੇਂ ਵਿਸਤਾਰਵਾਦੀ ਹੈ...ਇਹ ਸਭ ਗੱਲਾਂ ਅਲੋਪ ਹੋ ਗਈਆਂ ਅਤੇ ਪਿੱਛੇ ਰਹਿ ਗਏ ਚਿੰਨ੍ਹ, ਰਹਿਤਨਾਮੇ ਅਤੇ ਛੋਟੀਆਂ ਛੋਟੀਆਂ ਗੱਲਾਂ, ਮਿਹਣੇ ਹੀਣਤਾ ਅਤੇ ਫਖਰ ਦੇ ਰੌਲੇ. ਹੁਣ ਜਿਹੜੇ ਰਾਜਸੀ ਢਾਂਚੇ ਵਿੱਚ ਖਾਲਸਾ ਪੰਥ ਮਉਲਿਆ ਉਹ ਸਨਾਤਨੀ ਨਹੀ ਇਸਲਾਮੀ ਰਾਜ ਸੀ ਅਤੇ ਸ਼ਰ੍ਹਾ ਦਾ ਇਤਿਹਾਸ ਇਹ ਦੱਸਦਾ ਹੈ ਕਿ ਉਹਨਾਂ ਨੇ ਸਭ ਕਾਸੇ ਨੂੰ ਆਪਣੀ ਨਿਯਮਾਂਵਲੀ ਵਿੱਚ ਬੰਨ੍ਹਣ,ਅਧੀਨਗੀ ਅੰਦਰ ਲਿਆਉਣ ਤੇ ਕਬਜ਼ੇ ਵਿੱਚ ਰੱਖਣ ਦਾ ਸੰਕਲਪ ਲਿਆ ਸੀ. ਪੰਥ ਖਾਲਸਾ ਦਾ ਸ਼ੁੱਧ ਦਰਸ਼ਨ ਇਉਂ ਦੀ ਸੋਚ ਨਹੀਂ ਰੱਖਦਾ, ਗੁਰੂ ਕੇ ਸਿੱਖ ਗੁਰੂ ਦੀ ਪਰਜਾ ਹੈ ਭਾਵੇਂ ਸਢੌਰੇ ਦਾ ਪੀਰ ਬੁੱਧੂ ਸ਼ਾਹ ਹੋਵੇ ਜਾਂ ਫਿਰ ਭਾਈ ਨੰਦ ਲਾਲ ਜੀ, ਇਹਨਾਂ ਗੱਲਾਂ ਕਰਕੇ ਹੀ ਸੰਪ੍ਰਦਾਈ ਅਤੇ ਉਦਾਸੀ ਸਿੱਖੀ ਦੇ ਪ੍ਰਸਾਰ ਪ੍ਰਚਾਰ ਵਿੱਚ ਅਹਿਮ ਯੋਗਦਾਨ ਨਿਭਾਉਂਦੇ ਰਹੇ ਹਨ. ਇਸ ਨੁਕਤੇ ਉੱਤੇ ਕੰਮ ਕਰੀਏ ਤਾਂ ਬਹੁਤ ਕੁਝ ਪੰਥ ਦੇ ਹੱਥ ਵੱਸ ਪਰਤ ਆਉਣਾ ਹੈ. ਗੱਲ ਤਾਂ ਸਮਝਣ ਦੀ ਹੈ, ਇੱਕ ਪਾਸੇ ਹਰਨੇਕ ਸਿੰਘ ਨਿਊਜ਼ੀਲੈੰਡ ਦਾ ਵਿਆਖਿਆ ਦਾ ਘੇਰਾ ਸਿੱਖ ਕੌਮ ਦੀ ਵਿਆਖਿਆ ਨੂੰ ਫਿਰਕਾਪ੍ਰਸਤ (Sectarian) ਪੇਸ਼ ਕਰਦਾ ਹੈ, ਦੂਜੇ ਪਾਸੇ ਉਹਦੇ ਕਥਨ ਇਉਂ ਹੁੰਦੇ ਹਨ ਕਿ ਅਸੀਂ ਗੁਰੂ ਪਾਤਿਸ਼ਾਹ ਦੀ ਸ਼ਾਨ ਨੂੰ ਵਿਸ਼ਵ ਪੱਧਰ ਉੱਤੇ ਲੈ ਕੇ ਜਾਣਾ ਚਾਹੁਨੇ ਆਂ, ਸਰੋਤੇ ਵਿਚਾਰੇ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਗਵਾਚੇ ਹੋਏ ਨੇ, ਵੈਸੇ ਵੀ ਸਾਡੀ ਕੌਮ ਨੂੰ ਹਾਲੇ ਪੜ੍ਹਨ ਵੱਲ ਤੋਰਨ ਵਿੱਚ ਹੀ ਸਾਨੂੰ ਅਹਿਦ ਮੁਸ਼ੱਕਤ ਕਰਨੀ ਪੈ ਰਹੀ ਕਿ ਅਧਿਐਨ ਕਾਰਜਾਂ ਲਈ ਸਾਡੇ ਕੋਲ ਵੱਡਾ ਘੇਰਾ ਹੋਵੇ ਜਿਹੜਾ ਯੂਨੀਵਰਸਿਟੀ ਦੇ ਦਾਇਰੇ ਨੂੰ ਤੋੜ ਕੇ ਸਾਡੇ ਆਪਣੇ ਵਿੱਦਿਅਕ ਢਾਂਚੇ ਦੀ ਪਹੁੰਚ ਇੱਕ ਪ੍ਰਮਾਣਿਕ ਰੁਤਬਾ ਕਾਇਮ ਕਰੇ ਅਤੇ ਸਾਡੀ ਵਿਆਖਿਆ ਸਨਾਤਨੀ ਅਤੇ ਕ੍ਰਿਸਚਨ ਵਿਆਖਿਆ ਤੋਂ ਮੁਕਤ ਹੋਵੇ.
ਹੁਣ ਇੱਕ ਉਦਾਹਰਣ ਦੇਂਦਾਂ ਸਾਡੀ ਵਿਆਖਿਆ ਵਿਚਲੇ ਦੋਸ਼ ਦੀ, ਇਸੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਪਹਿਲੋਂ ਮੂਲ ਸਤਰਾਂ ਲਿਖ ਕੇ ਉਸਦੀ ਬਣਦੀ ਅਰਥਾਵਲੀ ਸਾਂਝੀ ਕਰਦਾਂ, ਉਸ ਮਗਰੋਂ ਜਿਹੜੀ ਵਿਆਖਿਆ ਵਿਵਾਦਿਤ ਹੈ ਉਹਦੇ ਉੱਤੇ ਝਾਤ ਮਾਰਦੇ ਹਾਂ...
ਚੌਪਈ
ਪੰਜ ਭੁਜੰਗੀ ਲਏ ਉਠਾਇ ॥
ਚਾਰੈ ਬਰਨ ਇਕ ਕੀਏ ਭਰਾਇ ॥
ਪ੍ਰਿਥਮ ਦਯਾ ਸਿੰਘ ਸੋਫਤੀ ਜਾਤ ॥
ਬਸਤ ਲਹੌਰ ਹੁਤੇ ਬਖਯਾਤ ॥੩॥
ਦੂਜੇ ਧਰਮ ਸਿੰਘ ਹਸਤਨਾਪੁਰ ਬਾਸੀ ॥
ਹੁਤੋ ਜੱਟ ਸਿਵ ਜਟੋ ਪ੍ਰਕਾਸ਼ੀ ॥
ਤੀਜੋ ਮੁਹਕਮ ਸਿੰਘ ਦਵਾਰਕਾ ਜਾਯੋ ॥
ਨਾਮਦੇਵ ਅਵਤਾਰ ਸੁ ਆਯੋ ॥੪॥
ਚੌਥੇ ਨਾਈ ਸਾਹਿਬ ਸਿੰਘ ਜੋਊ ॥
ਸੈਣ ਭਗਤ ਜਹ ਰਹਤੇ ਸੋਊ ॥
ਪੰਚਮ ਹਿੰਮਤ ਸਿੰਘ ਝੀਵਰ ਕਹੀਐ ॥
ਪੰਜ ਭੁਜੰਗੀ ਪੰਜ ਜਾਤ ਲਹੀਐ ॥੫॥
ਪ੍ਰਾਚੀਨ ਪੰਥ ਪ੍ਰਕਾਸ਼
ਗੁਰੂ ਗੋਬਿੰਦ ਰਾਏ ਨੇ ੧੬੯੯ ਦੀ ਵਿਸਾਖੀ ਦੇ ਓਸ ਸਮੇਂ ਪੰਜ ਭੁਜੰਗੀ* (ਖਿਆਲ ਰਹੇ ਸਾਡੇ ਰਵਾਇਤੀ ਬੋਲੀਆਂ ਵਿੱਚ ਭੁਜੰਗੀ ਨੂੰ ਪੁੱਤਰ ਕਿਹਾ ਜਾਂਦਾ ਹੈ) ਉਠਾ ਲਏ, ਚਾਰ ਵਰਨਾਂ ਨੂੰ ਇੱਕ ਬਰਾਬਰ ਕੀਤਾ. ਸਭ ਤੋਂ ਪਹਿਲਾਂ ਦਯਾ ਸਿੰਘ ਲਾਹੌਰ ਤੋਂ ਖਤ੍ਰੀ ਜਾਤ ਦਾ ਗੁਰਸਿਖ, ਦੂਜੇ ਧਰਮ ਸਿੰਘ ਹਸਤਨਾਪੁਰ ਦੇ ਨਿਵਾਸੀ ਜਿਹੜੇ ਸ਼ਿਵ ਭਕਤ ਜੱਟ ਪਰਿਵਾਰ ਦਾ ਸੀ, ਤੀਸਰਾ ਦਵਾਰਕਾ ਤੋਂ ਛੀਂਬਾ ਮੁਹਕਮ ਸਿੰਘ, ਜਿਹਨਾਂ ਦੇ ਸੰਬੰਧ ਭਗਤ ਨਾਮਦੇਵ ਨਾਲ ਸੀ, ਚੌਥੇ ਸਾਹਿਬ ਸਿੰਘ ਨਾਈ ਸਨ ਜਿਹਨਾਂ ਦਾ ਭਗਤ ਸੈਣ ਨਾਲ ਨੇਹੁ ਸੀ ਪੰਜਵੇਂ ਹਿੰਮਤ ਸਿੰਘ ਝੀਵਰ ਪਰਿਵਾਰ ਨਾਲ ਸੰਬੰਧਿਤ ਸਨ. ਇਹ ਹੁਣ ਸਪਸ਼ਟ ਜਿਹੇ ਨਜ਼ਰੀਂ ਪੈਂਦਾ ਹੈ ਜਿਸ ਵਿੱਚ ਕੋਈ ਵਿਵਾਦ ਨਹੀਂ ਨਜ਼ਰੀਂ ਆਉਂਦਾ.
ਪ੍ਰਾਚੀਨ ਪੰਥ ਪ੍ਰਕਾਸ਼, ਸਟੀਕ ਬਾਬਾ ਸੰਤਾ ਸਿੰਘ ਜੀ ਅਕਾਲੀ, ਜਥੇਦਾਰ ੯੬ ਕਰੋੜੀ ਬੁੱਢਾ ਦਲ ਪੰਜਵਾਂ ਤਖ਼ਤ, ਵਿੱਚ ਇੱਕ ਖਾਸ ਪੰਕਤੀ ਦਾ ਅਰਥ ਇਉਂ ਹੈ, ਇਹ ਹਸਤਿਨਾਪੁਰ ਦਿੱਲੀ ਨੂੰ ਕਹਿੰਦੇ ਨੇ, ਇਥੋਂ ਦੇ ਵਾਸੀ ਸਨ ਧਰਮ ਸਿੰਘ, ਇਹ ਜੱਟ ਸਿੱਖ ਸਨ ਸ਼ਿਵਾਂ ਨੇ ਇਸ਼ਨਾਨ ਕੀਤਾ ਜਦੋਂ ਸ਼ਿਵ ਜੀ ਨੇ ਆਪਣੀਆਂ ਜਟਾਂ ਨਿਚੋੜੀਆਂ ਉਹਦੇ ਵਿਚੋਂ ਜੱਟ ਪੈਦਾ ਕੀਤਾ.
ਗੱਲ ਤਾਂ ਆਪਣੇ ਆਪ ਵਿੱਚ ਸਪਸ਼ਟ ਹੈ ਕਿ ਇਹ ਟੀਕਾਕਾਰ ਦੀ ਆਪਣੀ ਭੁੱਲ ਹੈ, ਜਿਸ ਵਿੱਚ ਇੱਕ ਤਾਂ ਗਣੇਸ਼ ਦੀ ਸਾਖੀ ਵਾਂਗੂੰ ਜੱਟਾਂ ਨੂੰ ਸ਼ਿਵ ਦੇ ਕੇਸਾਂ, ਉਸਦੇ ਕੇਸ ਜਟਾਧਾਰੀ ਹੁੰਦੇ ਨੇ ਇਸ ਲਈ, ਜਟਾਂ ਵਿੱਚੋਂ ਨਿਕਲੇ...ਤਾਂ ਕੀ ਹੁਣ ਇਹ ਮੰਨੀਏ ਕਿ ਅੰਮ੍ਰਿਤ ਸੰਚਾਰ ਦੀ, ਖੰਡੇ ਬਾਟੇ ਦੇ ਦ੍ਰਿਸ਼ ਤੋਂ ਪਹਿਲਾਂ ਜੱਟ ਸਿੱਖ ਨਾਮਕ ਸ਼੍ਰੇਣੀ ਕੋਈ ਮੌਜੂਦ ਸੀ ? ਧੰਨਾ ਜੱਟ ਠਾਕੁਰ ਪੂਜਕ ਕਬੀਲੇ ਦੇ ਵਸਨੀਕ ਰਹੇ ਹਨ,ਨਾਲੇ ਬਾਕੀ ਵਰਨਾਂ ਵਿੱਚੋਂ ਅਲੰਕਾਰ ਸਿਰਫ ਜੱਟ ਲਈ ਕਿਉਂ ਵਰਤਿਆ ਗਿਆ ? ਜੇਕਰ ਗੁਰਬਾਣੀ ਉਦਾਹਰਨਾਂ ਹੀ ਦੇਣੀਆਂ ਹੁੰਦੀਆਂ ਤਾਂ ਨਾਮਦੇਵ ਸੈਣ ਦਾ ਨਾਮ ਲਿਆ ਹੀ ਹੈ ਤਾਂ ਜੱਟਾਂ ਲਈ ਧੰਨੇ ਭਗਤ ਦਾ ਨਾਮ ਲੈ ਲੈਂਦੇ ? ਇਥੇ ਇਸ਼ਾਰਾ ਜੇਕਰ ਓਸ ਵੇਲੇ ਦੀ ਪ੍ਰਸੰਗਿਕਤਾ ਵਿੱਚ ਜਾ ਕੇ ਵੇਖੀਏ ਤਾਂ ਜੋਗੀਆਂ ਨਾਲ ਗੱਲ ਢੁੱਕਦੀ ਹੈ, ਸ਼ਿਵਭਕਤ ਹੋਣ...ਜੋਗੀਆਂ ਵਿੱਚੋਂ ਹੋਣਾ ਗਿਆਨਵਾਨ ਹੋਣ ਦਾ ਪ੍ਰਤੀਕ ਸੀ, ਬ੍ਰਾਹਮਣ ਨੂੰ ਨਹੀਂ ਲਿਆ ਗਿਆ, ਇਹ ਗੱਲ ਕਿੰਨੇ ਵੱਖਰੇ ਦ੍ਰਿਸ਼ ਨੂੰ ਪੇਸ਼ ਕਰਦੀ ?
ਹੁਣ ਹਰਨੇਕ ਸਿੰਘ ਨਿਊਜ਼ੀਲੈੰਡ ਦੇ ਸਿਖਾਏ ਹੋਏ ਹੋਣਹਾਰ ਵਿੱਦਿਆਰਥੀ, ਇੱਕ ਕਰਤੂਤ ਪੇਸ਼ ਕਰਦੇ ਨੇ, ਜਿਸ ਵਿੱਚ ਉਹ ਇਸ ਪੰਕਤੀ ਦੀ ਇਸ ਵਿਆਖਿਆ ਨੂੰ ਵਿਅੰਗ ਵਜੋਂ ਪੇਸ਼ ਕਰਦੇ ਨੇ ਜਦੋਂਕਿ ਅੰਮ੍ਰਿਤ ਸੰਸਕਾਰ ਦੀ ਇਹ ਸਾਖੀ ਗਿਆਨੀ ਗਿਆਨ ਸਿੰਘ ਵਾਲੇ ਪੰਥ ਪ੍ਰਕਾਸ਼ ਨਾਲੋਂ ਬੇਹਤਰ ਪੇਸ਼ ਕੀਤੀ ਗਈ ਹੈ, ਅਤੇ ਖਾਸਕਰ ਰੇਡੀਓ ਵਾਲਿਆਂ ਦੀ ਵਿਆਖਿਆ ਨੂੰ ਸਹੀ ਠਹਿਰਾਉਂਦੇ ਹੋਏ ਸਪਸ਼ਟ ਲਿਖਿਆ ਹੈ ਕਿ ਪੰਜ ਪਿਆਰਿਆਂ ਦੀ ਚੋਣ ਕਿਸੇ ਨਾਟਕੀ ਤਰੀਕੇ ਨਾਲ ਨਹੀਂ ਸਗੋਂ ਵਾਜਿਬ ਤਰੀਕੇ ਨਾਲ ਪੰਜ ਪਿਆਰੇ ਪੁੱਤਰ ਚੁਣੇ ਸਨ, ਸ਼ਬਦ ਭੁਜੰਗੀ ਹੈ...ਜੋਕਿ ਪੁੱਤਰਾਂ ਲਈ ਵਰਤਿਆ ਜਾਂਦਾ ਹੈ. ਫੇਰ ਪੁੱਤਰਾਂ ਪਾਸੋਂ ਅੰਮ੍ਰਿਤ ਦੀ ਪਾਹੁਲ ਛਕਣੀ ਇੱਕ ਵਿਲੱਖਣ ਧਾਰਨਾ ਰਖਦੀ ਹੈ ਜਿਸ ਸਮਾਜ ਵਿੱਚ ਪੁੱਤਰ ਦਾ ਨੈਤਿਕ ਫਰਜ਼ ਆਪਣੇ ਪਿਤਾਪੁਰਖੀ ਧਰਮ ਦਾ ਪਾਲਣ ਕਰਨਾ ਹੁੰਦਾ ਸੀ, ਓਸ ਸਿਮਰਤੀ ਨੂੰ ਭੰਗ ਕਰਦਿਆਂ ਗੁਰੂ ਸਾਹਿਬਾਂ ਨੇ ਆਪਣੇ ਪੁੱਤਰਾਂ ਦਾ ਮਾਣ ਵਧਾਉਂਦੇ ਖਾਲਸਾ ਪੰਥ ਦਾ ਹਿੱਸਾ ਬਣੇ, ਜਿਸਦਾ ਪ੍ਰਬੰਧਨ ਬੇਹੱਦ ਵਿਆਪਕ ਹੈ, ਜੰਗਾਂ ਪਹਿਲੋਂ ਵੀ ਹੁੰਦੀਆਂ ਰਹੀਆਂ ਸੀ ਅਤੇ ਕਿਰਪਾਨਾਂ ਦੇ ਨਾਲ ਰਫਲ ਵੀ ਗੁਰੂ ਗੋਬਿੰਦ ਰਾਏ ਦੇ ਦਰਬਾਰ ਪਹੁੰਚ ਚੁੱਕੀ ਸੀ. ਇਸ ਗੱਲ ਵਿੱਚ ਹਰਨੇਕ ਸਿੰਘ ਅਤੇ ਸਾਥੀਆਂ ਦੀ ਕਿਹੜੀ ਗੱਲ ਕੱਟੀ ਜਾਂਦੀ ਹੈ ? ਪਰ ਫੇਰ ਵੀ ਇਸ ਵਿਆਖਿਆ ਨੂੰ ਲਾਂਭੇ ਕਰਨਾ ਬੇਈਮਾਨ ਦਰਸਾ ਰਿਹਾ ਹੈ.
ਜਿਹੜੀ ਗੱਲ ਉੱਤੇ ਸਪਸ਼ਟ ਰੂਪ ਵਿੱਚ ਸੋਹਣਾਂ ਕੰਮ ਹੋ ਸਕਦਾ ਸੀ ਉਹਨਾਂ ਗੱਲਾਂ ਉੱਤੇ ਸਰੋਤਿਆਂ ਨੂੰ ਆਪਣੇ ਦ੍ਰਿਸ਼ ਨਾਲ ਆਪਣੀ ਖੋਜ ਰੱਖਦੇ, ਬੇਈਮਾਨੀ ਕਹਿਏ ਯਾ ਸੱਚੀਂ ਸਮਝ ਨਹੀਂ ਪਈ ਹੋਣੀ ?
 |
ਸ਼ਹੀਦ ਬਾਬਾ ਦੀਪ ਸਿੰਘ ਜੀ |
- ਕੀ ਬਾਬਾ ਦੀਪ ਸਿੰਘ ਦਾ ਸੀਸ ਸੱਚਮੁਚ ਧੜ ਨਾਲੋਂ ਅਲੱਗ ਹੋਇਆ ਸੀ ?
- ਕੀ ਸਿੱਖ ਲਈ ਅੰਮ੍ਰਿਤਸਰ ਬਚਾਉਣ ਦੀ ਜ਼ਿੰਮੇਵਾਰੀ ਗੁਰੂ ਪਾਤਿਸ਼ਾਹ ਨੇ ਦਿੱਤੀ ਸੀ ?
- ਬਾਬਾ ਦੀਪ ਸਿੰਘ ਦਾ ਭਾਰੀ ਖੰਡਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਬੰਦਾ ਬਹਾਦਰ ਵੇਲੇ ਕਿਉਂ ਨਾ ਉਠਿਆ ?
- ਕੀ ਬਾਬਾ ਦੀਪ ਸਿੰਘ ਨਾਮ ਦਾ ਪਾਤਰ ਹੋਇਆ ਵੀ ਹੈ ਜਾਂ ਪੁਜਾਰੀ ਵੱਲੋਂ ਅੰਮ੍ਰਿਤਸਰ ਆਪਣੀ ਗੋਲਕ ਪੱਕੀ ਕਰਨ ਲਈ ਇੱਕ ਫ਼ਰਜ਼ੀ ਪਾਤਰ ਸਿਰਜਿਆ ?
ਰੇਡੀਓ ਵਿਰਸਾ ਦੇ ਦਾਰਸ਼ਨਿਕ ਵੇਰਵਿਆਂ ਵਿੱਚੋਂ ਇਹ ਵੀ ਕਮਾਲ ਦੀਆਂ ਖੋਜਾਂ ਹੋਈਆਂ, ਜਿਸ ਵਿੱਚ ਅਲੰਕ੍ਰਿਤ ਲਿਖਤ ਦੇ ਹਵਾਲੇ ਨੂੰ ਸ਼ਾਬਦਿਕ ਹਕੀਕਤ (Literal Sense) ਵਿੱਚ ਲੈ ਕੇ ਰੌਲਾ ਪਾਇਆ ਗਿਆ, ਗੁਰੁਧਾਮ ਨੂੰ ਛਡਵਾਉਣ ਅਤੇ ਸੇਵਾ ਸੰਭਾਲ ਆਪਣੇ ਹੱਥੀਂ ਸੰਭਾਲਣਾ ਕੀ ਇਹ ਮਨਮੱਤ ਹੈ ? ਸਮਾਜਿਕ ਸਮੀਕਰਣ ਕੀ ਸਨ ਉਸ ਵੇਲੇ ਦੇ...ਕੀ ਇਹ ਰੇਡੀਓ ਵਾਲੇ ਦੱਸ ਸਕਦੇ ਨੇ ? ਯਾ ਖੰਡਾ ਚੁੱਕਣ ਤੋਂ ਪਹਿਲਾਂ ਉਹ ਇਹ ਸੋਚਦੇ ਕਿ ਇੱਕੀਵੀਂ ਸਦੀ ਵਿੱਚ ਅੱਪਗ੍ਰੇਡ ਆਉਣਗੇ ਉਹਨਾਂ ਨੂੰ ਮੈਂ ਕੀ ਜਵਾਬ ਦਿਆਂਗਾ...ਚੱਲ ਛੱਡ ਪਰ੍ਹੇ, ਇਹ ਬਚਕਾਨਾ ਪਹੁੰਚ ਸੋਚ ਦਾ ਪੱਧਰ ਵੀ ਓਥੇ ਹੀ ਗਾਰਕਾਉਂਦੀ ਹੈ. ਪੁਜਾਰੀਵਾਦ,ਵੈਸੇ ਇਹ ਸ਼ਬਦ ਵੀ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਹੁਰਾਂ ਤੋਂ ਕਈ ਦਫ਼ਾ ਸੁਣ ਚੁੱਕਿਆ ਸੀ ਪਰ ਇਹ ਤਬਕੇ ਨੇ ਜਿੰਨੀ ਵਾਰੀ ਪੁਜਾਰੀ ਪੁਜਾਰੀ ਸ਼ਬਦ ਰੱਟਿਆ, ਭਰੋਸਾ ਕੋਈ ਨਹੀਂ ਆਉਂਦੇ ਸਮੇਂ ਵਿੱਚ ਕੀਤੇ ਉੱਚੀਆਂ ਜੋਤਾਂ ਜਗਾ ਕੇ ਆਪ ਵੀ ਉਹੀ ਕੁਝ ਕਰਨ ਨਾ ਬਹਿ ਜਾਣ. ਕਿਉਂਕਿ ਜਿੰਨੀ ਤੇਜ਼ੀ ਨਾਲ ਇੱਕ ਇੱਕ ਕਰਕੇ ਹਰ ਯੋਗ ਤਰਤੀਬ ਦੇ ਇਤਿਹਾਸ ਦੀ ਕਦਰ ਮੁਕਾ ਕੇ ਸੁੱਟ ਰਹੇ...ਇਹਨਾਂ ਕੋਲ ਸਿਵਾਏ ਜੋਤਾਂ ਬਾਲਣ ਦੇ ਕੋਈ ਸਿਧਾਂਤ ਬਚਣਾ ਵੀ ਹੈ ? ਬਾਬਾ ਬੰਦਾ ਸਿੰਘ ਬਾਰੇ ਇਹਨਾਂ ਦੀ ਕਿਹੜੀ ਗੱਲ ਹੈ ਜੋ ਇਨ੍ਹਾਂ ਨੇ ਦੱਸੀ ਹੋਵੇ ? ਬੰਦੇ ਬਹਾਦਰ ਨਾਲ ਪਿਆਰ ਦਾ ਸਬੂਤ ਕੋਈ ਤਾਂ ਦੇਣ, ਜਿਹੜੇ ਮਹਾਰਾਜਾ ਰਣਜੀਤ ਸਿੰਘ ਨੂੰ ਮੂਲੋਂ ਹੀ ਘਟੀਆ ਵਿਅਕਤੀ ਗਿਣਦੇ ਹਨ ਉਹਨਾਂ ਕੋਲ ਬਾਬਾ ਬੰਦਾ ਸਿੰਘ ਦੇ ਰਸੂਖ ਦਾ ਚੰਗਾ ਮਾਡਲ ਕਿਥੋਂ ਲਭ ਰਹੇ ਹੋਣਗੇ. ਦਮਦਮੀ ਟਕਸਾਲ ਕਿਉਂਕਿ ਆਪਣੇ ਗ੍ਰੰਥਾਂ ਦੇ ਉਲੱਥੇ ਅੱਗੇ ਤੋਰਦੀ ਤੋਰਦੀ ਬਾਬਾ ਦੀਪ ਸਿੰਘ ਤੱਕ ਅੱਪੜ ਗਈ, ਉਹਦੇ ਪਿੱਛੇ ਵੀ ਇੱਕ ਠੋਸ ਕਾਰਨ ਹੈ...ਆਧਾਰ ਨਹੀਂ ਹੈ ਪਰ ਕਹਿਣ ਲਈ ਸਹੀ, ਕਿ ਦਮਦਮੀ ਟਕਸਾਲ ਦਾ ਮੁਢਲਾ ਜੋਰ ਗੁਰ ਇਤਿਹਾਸ ਵਿੱਚ ਆਏ ਤਮਾਮ ਉਲੱਥਿਆਂ ਨੂੰ ਪੜ੍ਹਨਾ,ਸਿਖਾਉਣਾ ਸੀ ਅਤੇ ਬਾਬਾ ਦੀਪ ਸਿੰਘ ਜੀ ਦਾ ਮੁੱਖ ਕਾਰਜ ਗੁਰਬਾਣੀ ਦੀਆਂ ਬੀੜਾਂ ਨੂੰ ਉਤਾਰੇ ਕਰਕੇ ਦੇਣ ਦਾ ਮੰਨਿਆ ਜਾਂਦਾ ਹੈ, ਹੁਣ ਦਮਦਮੀ ਟਕਸਾਲ ਵਿੱਚ ਹੂ ਬ ਹੂ ਪੜ੍ਹਾਈ ਤਾਂ ਹੁੰਦੀ ਹੈ, ਪਰ ਅਧਿਐਨ ਨਹੀਂ, ਉਹ ਇਹੋ ਮੰਨ ਕੇ ਚੱਲਦੇ ਹਨ ਕਿ ਜੋ ਹਥਲੇ ਵਿਸ਼ੇ ਹਨ, ਉਹ ਗੁਰੂ ਸਾਹਿਬਾਂ ਤੋਂ ਤੁਰੇ ਆ ਰਹੇ ਹਨ...ਵਿਚਾਰਨ ਦੀ ਥਾਂ ਨਾ ਰੱਖਣੀ ਇਸ ਮੌਜੂਦਾ ਸਮੱਸਿਆ ਦੀ ਨੀਂਹ ਬਣ ਗਈ. ਪਰ ਇਹ ਸਭ ਗੱਲਾਂ ਵਿੱਚ ਭਾਈ ਜਰਨੈਲ ਸਿੰਘ ਦਾ ਨਾਂ ਵਰਤ ਕੇ ਟਕਸਾਲ ਵੱਲੋਂ ਬੀਤੇ ਸਮੇਂ ਵਿੱਚ ਖੜ੍ਹਾ ਕੀਤਾ ਬਖੇੜਾ ਸਾਡੀ ਕੌਮੀ ਬੌਧਿਕ ਸੰਪੱਤੀ ਅਤੇ ਬੁੱਧੀਜੀਵੀ ਵਰਗ ਲਈ ਕਾਫੀ ਖਿੱਚੋਤਾਣ ਭਰਿਆ ਹੋਇਆ, ਨਿਊਜ਼ੀਲੈੰਡ ਵੱਸਦਾ ਇਹ ਤਬਕਾ ਓਸ ਖਿੱਚੋਤਾਣ ਵਿੱਚੋਂ ਨਿਕਲ ਕੇ ਹੱਲ ਦੱਸਣ ਵਾਲਿਆਂ ਦਾ ਦਾਅਵਾ ਮਾਰਦਾ ਹੈ. ਇਹ ਗੱਲ ਹਰ ਸਿਆਣੇ ਮਨੁੱਖ ਨੂੰ ਪਤਾ ਹੈ ਕਿ ਪ੍ਰਤੀਕਰਮ ਵਿੱਚੋਂ ਨਿਕਲੀ ਜੰਗ ਮੌਲਿਕ ਨਹੀਂ ਹੁੰਦੀ ਅਤੇ ਮੌਲਿਕ ਵਿਚਾਰਾਂ ਦੀ ਬਹਿਸ ਪ੍ਰਤੀਕਰਮ ਵਜੋਂ ਕਦੇ ਵੀ ਸਾਰਥਕ ਨਹੀਂ ਹੋਣੀ. ਮਿਸ਼ਨਰੀ ਕਾਲਜ ਵਾਲਿਆਂ ਨੇ ਦਸਮ ਗ੍ਰੰਥ ਸੰਬੰਧੀ ਹਰਨੇਕ ਸਿੰਘ ਵਾਲੀ ਜ਼ਿੱਦ ਕਾਫੀ ਸਮਾਂ ਰੱਖੀ ਜਿਸਤੋਂ ਹਰਨੇਕ ਅੱਜ ਵੀ ਖੁਦ ਨੂੰ ਓਸੇ ਰੌਲੇ ਦੇ ਹਵਾਲੇ ਦੇ ਕੇ ਜਾਇਜ਼ ਦੱਸਦਾ ਹੈ ਅਤੇ ਮਿਸ਼ਨਰੀਆਂ ਨੂੰ ਲੀਹੋਂ ਭਟਕ ਗਏ ਜਾਂ ਵਿੱਕ ਗਏ ਆਦਿਕ ਖਿਤਾਬ ਦਿੰਦਾ ਨਹੀਂ ਥੱਕਦਾ. ਇਹਨਾਂ ਨੂੰ ਸ਼ਾਯਦ ਪਰਮੇਸ਼ਰ ਦੁਆਰੀਆ ਪ੍ਰਵਚਨ ਇਨਕਲਾਬੀ ਲਗਦਾ ਹੋਣਾ ਪਰ ਰੱਬ ਸੰਬੰਧੀ ਵਿਚਾਰਾਂ, ਗੁਰਬਾਣੀ ਅੰਦਰ ਗੁਰ ਤੇ ਗੁਰੂ ਸੰਬੰਧੀ ਵਿਚਾਰਾਂ ਮਿਸ਼ਨਰੀਆਂ ਵਿੱਚ ਤਾਂ ਭਾਵੇਂ ਇੱਕ ਦੁੱਕਾ ਵਿਅਕਤੀ ਹੀ ਇਹ ਗੱਲ ਮੰਨਦਾ ਸੀ ਪਰ ਦੂਜੀ ਧਿਰ ਜਿਹਨੂੰ ਅੱਪਗਰੇਡ ਧਿਰ ਨੇ ਪੁਜਾਰੀ ਧਿਰ ਦਾ ਨਾਮ ਦਿੱਤਾ ਹੋਇਆ ਉਸ ਧਿਰ ਦੇ ਧਰਮ ਸਿੰਘ ਨਿਹੰਗ ਨੂੰ ਕੋਈ ਸੁਣ ਕੇ ਇਹ ਦੱਸ ਦਵੇ ਕਿ ਇਹਨਾਂ ਦੀ ਗੱਲ ਹਵਾ ਦੇ ਤੀਰਾਂ ਵਿੱਚ ਉਹਨੇ ਕਿੰਨੀ ਪਾਏਦਾਰ ਤਕਰੀਰਾਂ ਕਰ ਛੱਡੀਆਂ ਨੇ, ਯਾ ਹੋਰ ਵੀ ਕਈ ਥਾਵੇਂ, ਸਾਰੀ ਕੌਮ ਬਾਬਾ ਬੰਤਾ ਸਿੰਘ ਜਾਂ ਪਟਿਆਲੇ ਵਾਲੇ ਠਾਕੁਰ ਸਿੰਘ ਦੇ ਮਗਰ ਲੱਗੀ ਏ ?? ਬਾਬਾ ਦੀਪ ਸਿੰਘ ਦੀ ਹੋਂਦ ਨੂੰ ਇੰਕਾਰਨ ਦੇ ਬਦਲੇ ਕਿੰਨਾ ਕੁਝ ਆਪਣੇ ਦਾਅਵੇ ਵਿੱਚੋਂ ਨਿਕਲ ਜਾਣਾ ਇਸਦਾ ਰਤਾ ਵੀ ਖਿਆਲ ਨਹੀਂ ਕੀਤਾ ਜਾ ਰਿਹਾ, ਸਿਰਫ ਇਕ ਦਸਮ ਗ੍ਰੰਥ ਦਾ ਮੁਦਾ ਅਤੇ ਉਸ ਨਾਲ ਜੁੜੇ ਹਰ ਸ਼ਖਸ ਨੂੰ ਨਿਸ਼ਾਨੇ ਉੱਤੇ ਲੈਣ ਵਾਲੇ ਇਸ ਸ਼ਖਸ ਅਤੇ ਇਸਦੇ ਸਾਰੇ ਅੱਪਗਰੇਡ ਮਹਿਕਮੇ ਕੋਲ ਭਾਵੇਂ ਭਵਿੱਖ ਵਿੱਚ ਕਿਸੇ ਗੱਲ ਦਾ ਸਿਹਰਾ ਬੱਝੇ ਯਾ ਨਾ, ਪਰ ਸਿੱਖਾਂ ਦੀ ਬੌਧਿਕ ਕੰਗਾਲੀ ਨੂੰ ਤੇਜ਼ੀ ਨਾਲ ਵਧਾਉਣ ਅਤੇ ਬਿਪਰ ਦੇ ਹਰ ਹਥਕੰਡੇ ਦਾ ਪ੍ਰੋੜ੍ਹਤਾ ਨਾਲ ਰੇਡੀਓ ਉੱਤੇ ਪ੍ਰਚਾਰ ਕਰਕੇ ਬਿਪਰ ਹੋਣ ਦਾ ਜੱਸ ਖੱਟ ਲਿਆ ਗਿਆ ਹੈ. ਸਨਾਤਨ ਸ਼ਬਦ ਆਪਣੇ ਆਪ ਵਿੱਚ ਅਰਥ ਸਿਰਫ ਪੁਰਾਤਨ ਸ਼ਬਦ ਦਾ ਸਮਾਨਾਰਥਕ ਹੀ ਹੈ, ਪਰ ਇਸ ਸਨਾਤਨ ਦਾ ਆਪਣਾ ਕੁਝ ਵੀ ਸਨਾਤਨ ਨਹੀਂ, ਨਵੇਕਲਾ ਹੈ. ਬਲਕਿ ਇਸਦੇ ਸਿਰ ਦੋਸ਼ ਹੈ ਕਿ ਸਨਾਤਨ ਮਤਾਂ ਨੂੰ ਇੱਕ ਸਨਾਤਨ ਮੱਤ ਕਹਿਣਾ, ਇਸਦੀ ਚਾਰਾਜੋਈ ਕਰਨ ਵਾਲਾ ਬੁੱਧੀਜੀਵੀ ਵਰਗ ਹੀ ਬ੍ਰਾਹਮਣ ਹੈ. ਬਹੁਤਾ ਦੂਰ ਜਾਣ ਤੋਂ ਪਹਿਲਾਂ ਗੁਰੂ ਪਾਤਿਸ਼ਾਹ ਦੇ ਵੇਲੇ ਤੱਕ ਹੀ ਵੇਖੋਗੇ ਤਾਂ ਸ਼ਿਵ-ਮੱਤ, ਵੈਸ਼੍ਣਵ ਮੱਤ, ਭੈਰੋਂ ਮੱਤ, ਯੋਗ ਮੱਤ ਬੁੱਧ ਅਤੇ ਜੈਨੀਆਂ ਦੇ ਨਾਲ ਨਾਲ ਬਿਹੰਗਮ ਸਾਧੂ ਅਤੇ ਅਨਗਿਣਤ ਖੇਤਰੀ ਮੱਤ ਭਰੇ ਪਏ ਸਨ. ਗੁਰੂ ਸਾਹਿਬ ਦੀ ਉਦਾਸੀਆਂ, ਉਸ ਮਗਰੋਂ ਉਪਜੇ ਖਾਲਸਾਈ ਜਾਹੋ ਜਲਾਲ, ਧਿਆਨ ਰਹੇ ਖਾਲਸਾਈ ਜਾਹੋ ਜਲਾਲ ਸ਼ਬਦ ਮੈਂ ਖਾਲਸਾ ਪੰਥ ਦੀ ਨੀਂਹ ਰੱਖਣ ਤੋਂ ਪਹਿਲਾਂ ਤੱਕ ਦੇ ਸਮੂਹ ਗੁਰ ਇਤਿਹਾਸ ਬਾਰੇ ਵਰਤ ਰਿਹਾਂ, ਇਸਨੂੰ ਪੂਰੇ ਸਮਾਜ ਵਿਚੋਂ ਕਿਵੇਂ ਇਕੱਤਰ ਕਰੀਦਾ ਹੈ ਇਹ ਸਭ ਸਾਰੇ ਸਾਧੂਆਂ, ਬਨਾਰਸੀ ਪੰਡਤਾਂ ਅਤੇ ਜੋਗੀਆਂ ਨੇ ਤਸੱਲੀ ਨਾਲ ਵੇਖਿਆ, ਜਿਸ ਬਾਬਾ ਸ੍ਰੀਚੰਦ ਨੂੰ ਅੱਜ ਅਭੋਲ ਲੋਕ ਸਿੱਖੀ ਦਾ ਦੁਸ਼ਮਣ ਦੱਸਦੇ ਜਾ ਰਹੇ ਨੇ, ਓਸ ਸ੍ਰੀਚੰਦ ਦੀ ਪ੍ਰਚਾਰ ਨੀਤੀ ਸਿੱਖੀ ਦੇ ਘੇਰੇ ਦੀ ਵਿਸ਼ਾਲਤਾ ਨੂੰ ਦ੍ਰਿੜ੍ਹ ਕਰਨ ਦਾ ਯੋਗਦਾਨ ਜਿਸਨੂੰ ਕਿ ਗੁਰੂ ਪਾਤਿਸ਼ਾਹ ਆਪ ਵੀ ਮੰਨਦੇ ਆਏ ਨੇ, ਇਸ ਅੱਪਗਰੇਡ ਤਬਕੇ, ਇਹਨਾਂ ਤੋਂ ਪਹਿਲਾਂ ਮਿਸ਼ਨਰੀ ਤਬਕੇ ਨੇ ਵੀ ਕੁਝ ਕੋਸ਼ਿਸ਼ਾਂ ਕਾਮਰੇਡ ਪਰਛਾਵੇਂ ਵਿੱਚ ਜਾ ਕੇ ਕੀਤੀਆਂ ਸਨ, ਪਰ ਬ੍ਰਾਹਮਣ ਇਹ ਗਲਤੀ ਨਹੀਂ ਕਰ ਰਿਹਾ, ਬਲਕਿ ਰਾਮਕ੍ਰਿਸ਼ਨ ਪਰਮਹੰਸ ਨੇ ਜਿਹੜੀ ਅਧਿਆਤਮ ਦੀ ਕਹਾਣੀ ਤੋਰੀ, ਉਸਤੋਂ ਅੱਗੇ ਵਿਵੇਕਾਨੰਦ ਨੇ ਜਿਵੇਂ ਸਾਰੇ ਸਮਾਜ ਨੂੰ ਬਿਨ੍ਹਾਂ ਕੋਈ ਸਿਧਾਂਤਕ ਸ਼ੁੱਧੀ ਕੀਤਿਆਂ, ਸਿਰਫ ਭਾਰਤ ਅਤੇ ਹਿੰਦੂ ਦਾ ਨਾਹਰਾ ਲਗਾਇਆ... ਦੂਜੇ ਪਾਸੇ ਆਰੀਆ ਸਮਾਜੀ ਦਿਆਨੰਦ ਦਾ ਗੁਰੂ ਨੇਤਰਹੀਨ ਸੀ, ਉਸ ਦਾ ਨਾਮ ਵਿਰਜਾਨੰਦ ਦੰਡੀ ਸਵਾਮੀ ਸੀ, ਜੋ ਜਲੰਧਰ ਨੇੜੇ ਕਰਤਾਰਪੁਰ ਨਾਲ ਸੰਬੰਧਿਤ ਸਨ. ਗੁਰੂ ਪਾਤਿਸ਼ਾਹ ਦੇ ਵਸਾਏ ਇਸ ਖਿੱਤੇ ਦੀਆਂ ਲੀਹਾਂ ਤੋਂ ਨਿਕਲ ਮਥੁਰਾ ਦੀ ਪੜ੍ਹਾਈ ਪੜ੍ਹਨੀ, ਫੇਰ ਦਿਆਨੰਦ ਨੂੰ ਵੇਦਾੰਤ ਦੇ ਸਾਰੇ ਪ੍ਰਕਰਣ, ਜੋਕਿ ਅੱਜ ਬਹੁਗਿਣਤੀ ਹਿੰਦੂ ਸਮਾਜ ਦਾ ਹਿੱਸਾ ਹੈ, ਉਸ ਉਤੇ ਮਿਹਨਤ ਕਰਨ ਲਈ ਪ੍ਰੇਰਣਾ...ਇਸ ਗੱਲ ਦਾ ਸਪਸ਼ਟ ਸੂਚਕ ਹੈ ਕਿ ਬੀਤੇ ਸਾਰੇ ਤਬਸਰਿਆਂ ਨੂੰ ਲਾਹੁਣਾ ਅਤੇ ਇੱਕਰਸ ਪੇਸ਼ ਕਰਨ ਵਿੱਚ ਬੌਧਿਕ ਸ਼੍ਰੇਣੀ ਇੱਕਜੁਟ ਕਰਨੀ ਬਣਦੀ ਹੈ, ਬਹੁਤ ਲੋੜੀਂਦੇ ਰੂਪ ਵਿੱਚ ! ਹੁਣ ਹਰਨੇਕ ਸਿੰਘ ਦੇ ਪ੍ਰਵਚਨਾਂ ਦੇ ਪਿਛਲੱਗ ਤਬਕੇ ਨੂੰ ਕੋਈ ਪੁੱਛੇ ਕਿ ਕੀ ਮੰਦਰ ਵਿਵਸਥਾ, ਮੂਰਤੀ ਪੂਜਾ ਹਜ਼ਾਰਾਂ ਸਾਲਾਂ ਤੋਂ ਨਿਰੰਤਰ ਚੱਲ ਰਹੀ ? ਆਰੀਆ ਸਮਾਜੀਆਂ ਦਾ ਮੂਰਤੀ ਪੂਜਾ ਵਿਰੁੱਧ ਕੀ ਸਟੈਂਡ ਕਦੇ ਜਾਣਿਆ ? ਆਰੀਆ ਸਮਾਜੀ ਬਹੁ-ਅਵਤਾਰਵਾਦ ਦੇ ਕੱਟੜ ਵਿਰੋਧੀ ਹੀ ਨਹੀਂ,ਬਲਕਿ ਵੇਦਾੰਤ ਦੀ ਗੱਲ ਨੂੰ ਦੋਬਾਰਾ ਪ੍ਰਚੱਲਿਤ ਕਰਨ ਪਿੱਛੇ ਸਾਹਿਤਕ ਹਨ੍ਹੇਰੀ ਵੀ ਓਹਨਾਂ ਹੀ ਲਿਆਉਂਦੀ. ਸਾਡੇ ਸਮਾਜ ਦੀ ਮਨੌਤਾਂ ਦਾ ਆਧਾਰ ਕਦੇ ਵੀ ਲਿਖਤਾਂ ਨਹੀਂ ਹੋ ਸਕੀਆਂ ਬਲਕਿ ਮਨੌਤਾਂ ਨੂੰ ਲਿਖਾਰੀਆਂ ਨੇ ਕਲਮਬੱਧ ਕੀਤਾ ਹੈ. ਇਸ ਗੱਲ ਉੱਤੇ ਜਰਾ ਦਿਮਾਗ ਨੂੰ ਜੋਰ ਪਾ ਕੇ ਵੇਖਿਓ ਅਤੇ ਹੇਠ ਲਿਖੇ ਸਵਾਲ ਮੁੜ ਘੋਖਿਓ...
- ਕੀ ਸੂਰਜ ਪ੍ਰਕਾਸ਼ ਗ੍ਰੰਥ, ਕਵੀ ਸੰਤੋਖ ਸਿੰਘ ਵਾਲਾ ਤਮਾਮ ਸੁਣੀਆਂ ਜਾਂਦੀਆਂ ਸਾਖੀਆਂ ਜਿਹਨਾਂ ਨੂੰ ਗੁਰੂ ਪਾਤਿਸ਼ਾਹ ਬਾਰੇ ਕਿਹਾ ਮੰਨਿਆ ਜਾਂਦਾ ਸੀ, ਓਸਨੂੰ ਕਲਮਬੱਧ ਨਹੀਂ ਕੀਤਾ ?
- ਕੀ ਭਾਈ ਵੀਰ ਸਿੰਘ ਸਮੇਤ ਜਿਸਨੂੰ ਜਿਵੇਂ ਤਰਕਸੰਗਤ ਮਹਿਸੂਸ ਹੋਇਆ ਉਸਨੇ ਮਿੱਥਕ ਅਤੇ ਬੇਹੂਦਾ ਕਹਾਣੀਆਂ,ਸਾਖੀਆਂ ਨੂੰ ਕਬੂਲਣ ਤੋਂ ਨਾਂਹ ਨਹੀਂ ਕੀਤੀ ?
- ਕੀ ਤੁਹਾਡੇ ਕਿਸੇ ਨੇ ਹੱਥ ਫੜੇ ਹੋਏ ਕਿ ਸੂਰਜ ਪ੍ਰਕਾਸ਼ ਗ੍ਰੰਥ, ਗੁਰਪ੍ਰਤਾਪ ਸੂਰਜ ਗ੍ਰੰਥ, ਗੁਰਬਿਲਾਸ ਜਾਂ ਬਾਕੀ ਸਾਹਿਤ ਦਾ ਅਧਿਐਨ ਕਰਕੇ ਇੱਕ ਜ਼ਿੰਮੇਵਾਰ ਵਿਅਕਤੀ ਦੇ ਨਾਅਤੇ ਆਪਣਾ ਪੱਖ ਕਲਮਬੱਧ ਕੀਤਾ ਜਾਂਦਾ ?
- ਇੱਕ ਧਿਰ ਸੂਰਜ ਪ੍ਰਕਾਸ਼ ਗ੍ਰੰਥ ਨੂੰ ਹੂ ਬ ਹੂ ਸੱਚ ਮੰਨ ਰਹੀ ਜਾਂ, ਤੁਹਾਡੇ ਵਰਗਿਆਂ ਦੇ ਪ੍ਰਤੀਕਰਮ ਚ ਆਈ ਦੋਬਾਰਾ ਉਸਦਾ ਪ੍ਰਚਾਰ ਕਰ ਰਹੀ...ਦੂਜੇ ਪਾਸੇ ਜਿਹੜੀ ਜਿਹੜੀ ਧਿਰ ਵੀ ਇਸਨੂੰ ਠੀਕ ਨਹੀਂ ਮੰਨਦੀ, ਭਾਵੇਂ ਉਹ ਮਿਸ਼ਨਰੀ ਕਾਲਜ ਵਾਲੇ ਹੋਣ ਜਾਂ ਪਰਮੇਸ਼ਰ ਦੁਆਰੀਏ ਉਹਨਾਂ ਪੰਥ ਵਿੱਚ ਆਪਣਾ ਨਾਮ ਮੂਹਰਲੀਆਂ ਸਫਾਂ ਵਿੱਚ ਆਉਣ ਲਈ ਇਹਨਾਂ ਗ੍ਰੰਥਾਂ ਨੂੰ ਭੰਡਣ ਉੱਤੇ ਜੋਰ ਦਿੱਤਾ ਮਗਰੋਂ ਫੇਰ ਠੰਡੇ ਜਿਹੇ ਹੋ ਕੇ ਬਹਿ ਗਏ,ਜਿਹਨਾਂ ਵਿਦਵਾਨਾਂ ਨੇ ਤਸਦੀਕੀ ਕੰਮ ਕੀਤੇ ਉਹਨਾਂ ਦਾ ਜ਼ਿਕਰ ਅਤੇ ਹੋਰਨਾਂ ਨੂੰ ਪ੍ਰੇਰਨਾ ਦੇਣਾ ਯਾ ਖੋਜ ਕਾਰਜਾਂ ਵਿੱਚ ਲਾਉਣ ਤੋਂ ਉੱਕਾ ਹੀ ਮੋੜ ਦੇਣਾ...ਇਹ "ਯੋਗ ਆਗੂਆਂ" ਦੇ ਲੱਛਣ ਨੇ ਭਲਾ ?
ਕਹਾਣੀ ਬਹੁਤੀ ਔਖੀ ਨਹੀਂ ਇਹਨਾਂ ਦੀ ਸਮਝਣੀ, ਬੱਸ ਸਾਡੇ ਲੋਕਾਂ ਦੋ ਗਲਤੀਆਂ ਵੱਡੇ ਰੂਪ ਵਿੱਚ ਕੀਤੀਆਂ... ਇੱਕ ਤਾਂ ਕਿਸੇ ਮੂਰਖ ਨੂੰ ਵਿਰੋਧੀ ਦਾ ਹੱਥਠੋਕਾ ਕਹਿਣ ਲੱਗਿਆਂ ਆਪਣੇ ਵਿਰੋਧੀ ਨੂੰ ਵੀ ਅਣਗੌਲਿਆਂ ਕਰ ਜਾਂਦੇ ਹਾਂ, ਇਹ ਵੀ ਨਹੀਂ ਸੋਚਦੇ ਕਿ ਵਿਰੋਧੀ "ਭੇਦ" ਨੀਤੀ ਓਥੇ ਵਰਤਦਾ ਹੈ ਜਿੱਥੇ ਤੁਸੀਂ ਮਜ਼ਬੂਤ ਹੋਵੋ. ਪਰ ਸਾਡੇ ਵਿਹੜੇ ਦੀਆਂ ਕਮੀਆਂ ਕੂਕਣ ਨੂੰ ਭੌਂਕੇ ਮੀਡੀਆ ਖੇਤਰ ਵਿੱਚ ਸਣੇ ਆਪਣੀ ਝੱਲੀ ਜਿਹੀ ਸਮਝ ਦੇ ਦਨਦਨਾਉਂਦੇ ਫਿਰਦੇ ਨੇ...ਕਿਸੇ ਵੀ ਵਿਰੋਧੀ ਨੂੰ ਆਪਣਾ ਵਾਰ ਕਰਨ ਲਈ ਨਿੱਕਾ ਪੈਸਾ ਵੀ ਖਰਚਣ ਦੀ ਲੋੜ ਹੈ ? ਮੈਂ ਇਸ ਨਿਊਜ਼ੀਲੈੰਡ ਦੇ ਤਬਕੇ ਬਾਰੇ ਵੀ ਬੋਲਣੋਂ ਲੰਬਾ ਸਮਾਂ ਗੁਰੇਜ਼ ਕੀਤਾ ਕਿ ਅਸੀਂ ਕੌਣ ਹਾਂ ਹਾਲੇ ਇਹ ਸਭ ਵਿੱਚ ਬੋਲਣ ਵਾਲੇ, ਅਗਲੇ ਤਾਂ ਚਾਹੁੰਦੇ ਨੇ ਕਿ ਚਿੱਕੜ ਵਿੱਚ ਸੂਰਾਂ ਦੀ ਕੁਸ਼ਤੀ ਦਾ ਹਿੱਸਾ ਬਣੀਏ ਪਰ ਸਾਡੇ ਕੋਲ ਐਨਾ ਸਮਾਂ ਅਤੇ ਮਕਸਦ ਨਹੀਂ, ਇਹ ਲੇਖ ਵੀ ਹਰਨੇਕ ਤੋਂ ਪਹਿਲਾਂ ਉਹਨਾਂ ਲਈ ਹੈ ਜਿਹਨਾਂ ਮਿਸ਼ਨਰੀ ਲਹਿਰ ਵਿੱਚ ਵੜਦੇ ਕਾਮਰੇਡ ਲਾਣੇ ਨੂੰ ਡੱਕਿਆ ਨਹੀਂ, ਜਦੋਂ ਆਪ ਨੂੰ ਤਕਲੀਫ਼ ਹੋਈ ਤਾਂ ਹੁਣ ਸਣੇ ਹਰਨੇਕ ਸਿੰਘ ਦੇ ਧੜੇ ਦੇ..ਪੂਰੇ ਕਾਮਰੇਡ ਧੜੇ ਨੂੰ ਨਕਾਰਦੇ ਫਿਰਦੇ ਨੇ. ਇਸਦੇ ਉਲਟ ਜਦੋਂ ਮੇਰੇ ਵਰਗੇ ਨਵੇਂ ਸਿੱਖਿਆਰਥੀ ਦਾ ਮੀਡਿਆ ਯੁੱਗ ਵਿੱਚ ਆਉਣਾ ਹੋਇਆ ਤਾਂ ਕਾਮਰੇਡ ਧਿਰ ਦੀ ਨੇੜਤਾ ਨੂੰ ਬਰਾਬਰ ਸਵਾਲ ਕੀਤੇ ਗਏ ਕਿ ਤੁਹਾਡੇ ਮਕਸਦਾਂ ਵਿੱਚ ਕੋਈ ਸੁਹਿਰਦਤਾ ਹੈਗੀ ਵੀ ਹੈ ਜਾਂ ਨਹੀਂ ? ਕਾਮਰੇਡਾਂ ਦੀ ਸਭ ਤੋਂ ਮੁੱਢਲੀ ਸੌਖੀ ਅਤੇ ਉਚੀ ਕੁਤਰਕੀ ਨੀਤੀ ਬਾਬਾ ਦੀਪ ਸਿੰਘ ਤੋਂ ਸ਼ੁਰੂ ਹੋ ਕੇ ਰੱਬ ਦੀ ਹੋਂਦ ਅਨਹੋਂਦ ਤੱਕ ਜਾ ਅੱਪੜੀ...ਉਹਨਾਂ ਸਾਰਿਆਂ ਦੀ ਬਹਿਸਾਂ ਦੇ ਵੇਰਵੇ ਜਾਣਨ ਵਾਲਾ ਵਿਅਕਤੀ ਸੌਖਾ ਹੀ ਪਰਮੇਸ਼ਰ ਦੁਆਰੀਆ ਨੇਰੇਟਿਵ ਸਮਝ ਜਾਏਗਾ ਕਿ ਇਹ ਵਾਟਸਐਪ ਯੂਨੀਵਰਸਿਟੀ ਦੇ ਢੁੱਚਰ ਘੋੜੇ ਨੇ ਜਿਹੜੇ ਫਰਸ਼ਾਂ ਉੱਤੇ ਰੇਤੇ ਦੀ ਖੱਡ ਭਾਲਦੇ ਨੇ ਤੇ ਡੱਬ ਪੈ ਗਏ ਕੱਪੜੇ ਦਾ ਦੋਸ਼ ਵਾਹੀਕਾਰ,ਕਿਰਸਾਨ ਨੂੰ ਦੇਂਦੇ ਨੇ...ਇਹ ਵੀ ਨਹੀਂ ਸੋਚਦੇ ਕਿ ਇਹ ਗਲਤੀ ਲਲਾਰੀ ਦੀ ਹੈ.
ਇੱਕ ਹੋਰ ਉਦਾਹਰਣ ਇਹਨਾਂ ਦੇ ਵਡੇਰੇ ਪਰਿਦ੍ਰਿਸ਼ ਦੀ, ਜਿਸ ਬਾਰੇ ਉੱਪਰ ਦੱਸ ਕੇ ਆਇਆ ਹਾਂ, ੧੯੮੪ ਦੇ ਬਾਰੇ ਇਹਨਾਂ ਵੱਲੋਂ ਫੈਲਾਏ ਜਾ ਰਹੇ ਮਾਹੌਲ ਦੇ ਬਾਬਤ... ਹਰਨੇਕ ਸਿੰਘ ਦੇ ਆਪਣੇ ਵਿਚਾਰ ਪਹਿਲੋਂ ਤੋ ਇਵੇਂ ਦੇ ਹੀ ਹੋਣ ਅਜਿਹਾ ਜ਼ਰੂਰੀ ਨਹੀਂ, ਪਰ ਦਿੱਲੀ ਦੰਗਿਆਂ ਬਾਰੇ ਇਹਨਾਂ ਦੇ ਇੰਦਰਾ ਗਾਂਧੀ ਦੇ ਕਤਲ ਨੂੰ ਗਲਤ ਠਹਿਰਾਉਣ ਪਿੱਛੇ ਭਾਰੂ ਧਿਰ ਪ੍ਰਤੀ ਹੈਰਾਨੀ ਨਹੀਂ ਹੁੰਦੀ, ਹੈਰਾਨੀ ਸਿਰਫ ਇਹ ਹੁੰਦੀ ਹੈ ਕਿ ਉਹਨਾਂ ਨੂੰ ਇਸ ਵਿਚਾਰ ਤੱਕ ਲਿਆਉਣ ਵਾਲੇ ਟੀਮ ਰੇਡੀਓ ਵਿਰਸਾ ਦੇ ਨੈਰੇਸ਼ਨ ਕਿਵੇਂ ਖੁਦ ਨੂੰ ਕੌਮਪ੍ਰਸਤ ਅਤੇ ਸਿੱਖੀ ਦੇ ਭਵਿੱਖ ਪ੍ਰਤੀ ਸੁਹਿਰਦ ਦੱਸਦੇ ਨੇ ? ਪਰ ਇਹਨਾਂ ਦੀ ਗਲਤੀ ਦਾ ਉਲੇਖ ਕਰਨੋਂ ਪਹਿਲੋਂ ਕੁਝ ਸਵਾਲ ਪਾਠਕਾਂ ਪ੍ਰਤੀ, ਭਾਵੇਂ ਉਹ ਰੇਡੀਓ ਵਿਰਸੇ ਦੇ ਸਮਰਥਕ ਹੋਣ ਯਾ ਬਾਕੀ ਕਿਸੇ ਧੜੇ ਦੇ...
- ਸਾਕਾ ਨੀਲਾ ਤਾਰਾ ਵਾਪਰਿਆ, ਉਸਦੇ ਘਟਨਾਕ੍ਰਮ ਨੂੰ ਕਲਮਬੱਧ ਕਰਨ ਅਤੇ ਉਸਦੀ ਆਲੋਚਨਾਤਮਕ ਵਿਚਾਰ ਦੇ ਵਟਾਂਦਰੇ ਲਈ ਕੀ ਕਦੇ ਕੋਈ ਉੱਦਮ ਹੋਇਆ ?
- ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਨੁਕਸਾਨ, ਜਿਹਦੇ ਕਰਕੇ ਅਜੋਕੇ ਦਸਮ ਗ੍ਰੰਥ ਆਦਿਕ ਸਾਰੇ ਮਸਲਿਆਂ ਦੀ ਕਹਾਣੀ ਹੋਰ ਉਲਝੀ ਹੈ, ਇਸਦਾ ਦੋਸ਼ੀ ਭਾਈ ਜਰਨੈਲ ਸਿੰਘ ਹੈ ਜਾਂ ਦਿੱਲੀ ਸਕਰਾਰ ?
- ਕੀ ਕੋਈ ਇੱਕ ਅਜਿਹਾ ਦਸਤਾਵੇਜ਼ ਕਿਸੇ ਵੀ ਵਿਅਕਤੀ ਦਾ, ਭਾਵੇਂ ਉਹ ਸਿੱਖ ਵਿਰੋਧੀ ਹੋਵੇ ਯਾ ਸਿੱਖਾਂ ਦਾ ਹਮਦਰਦ...ਇਹ ਕੋਈ ਵੀ ਹਵਾਲਾ ਦੇ ਸਕਦੇ ਕਿ ਇਹਨਾਂ ਦੀ ਗੱਲ ਉਹਨਾਂ ਦੇ ਆਧਾਰ ਉੱਤੇ ਹੈ ? ਪੱਖ ਵਾਲਿਆਂ ਵਿੱਚ ਹਾਲੇ ਬਹੁਤ ਕੁਝ ਸਮਝਣਾ ਬੁੱਝਣਾ ਬਾਕੀ ਹੈ, ਫੇਰ ਵੀ ਜਸਵੰਤ ਸਿੰਘ ਕੰਵਲ ਦਾ ਨਾਵਲ 'ਖੂਨ ਕੇ ਸੋਹਿਲੇ ਗਾਵੀਅਹਿ ਨਾਨਕ' ਅਤੇ ਸਰਦਾਰ ਅਜਮੇਰ ਸਿੰਘ ਜੀ ਦੀਆਂ ਕਿਤਾਬਾਂ ਦੇ ਹਵਾਲੇ ਹਨ, ਦੂਜੇ ਪਾਸੇ ਵਿਰੋਧੀਆਂ ਦੇ ਵੱਲੋਂ ਕੁਲਦੀਪ ਨੱਯਰ ਵਰਗਿਆਂ ਦੇ ਆਪਣੇ ਆਕਾਵਾਂ ਨੂੰ ਖੁਸ਼ ਕਰਦੇ ਤੱਥ ਲਿਖੇ ਨੇ. ਅਸੀਂ ਇਹ ਗੱਲ ਸਪਸ਼ਟ ਰੂਪ ਵਿੱਚ ਮੰਨਦੇ ਹਾਂ ਕਿ ਸਭ ਨੇ ਹਾਲੇ ਆਪੋ ਆਪਣੀ ਸਮਝ ਹੀ ਪੇਸ਼ ਕੀਤੀ ਹੈ, ਨਾ ਸਮੱਸਿਆ ਦਾ ਮੂਲ ਉਲੀਕਿਆ ਨਾ ਮੂਲ ਬਾਰੇ ਕੋਈ ਸਮਝਣ ਨੂੰ ਤਿਆਰ... ਇਸ ਅਰਾਜਕਤਾ ਭਰੇ ਮਾਹੌਲ ਉੱਤੇ ਹਰਨੇਕ ਸਿੰਘ ਦੀ ਟੀਮ ਦਾ ਮਸ਼ਕਰੀਆਂ ਕਰਨਾ ਸਾਡੀ ਸਾਰੀ ਊਰਜਾ ਨੂੰ ਅਧਿਐਨ ਤੋਂ ਖੰਡਿਤ ਕਰ ਰਿਹਾ ਹੈ. ਪਰ ਕੀ ਤੁਸੀਂ ਵਿਰੋਧ ਵਿੱਚ ਆ ਕੇ ਪੰਥ ਦਰਦੀ ਹੋਣ ਦਾ ਵਹਿਮ ਪਾਲਣਾ ਜਾਇਜ਼ ਸਮਝਦੇ ਓ ?
- ਅੱਤਵਾਦ ਦੇ ਦੌਰ ਵਿੱਚ ਜਿਹੜਾ ਰਲਵਾਂ ਮਿਲਵਾਂ ਮਾਹੌਲ ਬਣਿਆ, ਉਸ ਵਿੱਚ ਸਾਡੀ ਲੀਡਰਸ਼ਿਪ ਅੰਦਰ ਆਈਆਂ ਭਾਜੜਾਂ ਭਰੀ ਹਾਲਤ ਅਤੇ ਪ੍ਰਚਾਰਕ ਖੇਤਰ ਵਿੱਚ ਮੱਚਦੀ ਝੂਠ ਦੀ ਅੱਗ ਨੇ ਸਰਕਾਰ ਦੇ ਸਾਡੇ ਮੁੰਡਿਆਂ ਦਾ ਖੁੱਲ੍ਹਾ ਸ਼ਿਕਾਰ ਕਰਵਾਇਆ ਜੋਕਿ ਕਿਸੇ ਵੀ ਸੂਰਤੇ ਹਾਲ ਵਿੱਚ ਭਾਈ ਜਰਨੈਲ ਸਿੰਘ ਦੇ ਨਾਂ ਨਾਲ ਨਹੀਂ ਮੜ੍ਹੇ ਜਾ ਸਕਦੇ...ਪਰ ਕੀ ਤੁਹਾਡੇ ਮੌਜੂਦਾ ਸਰੂਪ ਵਿੱਚ ਜਿੰਨਾ ਕੁਫਰ ਜਰਨੈਲ ਸਿੰਘ ਪ੍ਰਤੀ ਤੋਲਿਆ ਜਾ ਰਿਹਾ ਹੈ, ਉਸ ਨਾਲ ਬਾਕੀ ਸਾਰੇ ਦੋਖੀ ਬਰੀ ਨਹੀਂ ਹੋ ਰਹੇ ?
ਸਮੇਂ ਨੂੰ ਪੜ੍ਹਨਾ ਜਾਨਣਾ ਇੱਕ ਇਕਾਗਰਤਾ ਮੰਗਦਾ ਹੈ, ਅਤੇ ਸਾਡੀ ਕੌਮ ਪਿਛਲੇ ਸਵਾ ਸੌ ਵਰ੍ਹੇ ਤੋਂ ਸੰਭਲਣ ਨਹੀਂ ਦਿੱਤੀ ਜਾ ਰਹੀ, ਨੌਜੁਆਨੀ ਹਰ ਵਾਰ ਆਪਣੇ ਆਪ ਨੂੰ ਨਿਮਰਤਾ ਵਿੱਚ ਰੱਖ ਕੇ ਤੁਹਾਡੇ ਜਿਹੇ ਦਾਵੇਬਾਜ਼ਾਂ ਨੂੰ ਤਵੱਜੋਂ ਦੇਂਦੀ ਆ ਰਹੀ ਹੈ, ਇਹੀ ਚੀਜ਼ ਜਰਨੈਲ ਸਿੰਘ ਨੂੰ ਮਹਿੰਗੀ ਪਈ, ਪਰ ਉਹ ਆਪਣੇ ਸਿਰੜ ਨੂੰ ਨਿਭਾਅ ਗਿਆ. ਇਥੇ ਦੋ ਜ਼ਰੂਰੀ ਗੱਲਾਂ ਕਰਕੇ ਮੈਂ ਸਮਾਪਤੀ ਕਰਾਂਗਾ, ਪਹਿਲੀ ਗੱਲ ਇਹ ਕਿ ਉਹ ਕੌਣ ਨੇ ਜਿਹਨਾਂ ਨੂੰ ਇੰਦਰਾ ਗਾਂਧੀ ਤੇ ਦਿਲੀ ਸਰਕਾਰ ਚੰਗੀ ਲਗਦੀ ਹੈ... - ਸਿਰਫ ਉਹ, ਜਿਹਨਾਂ ਦੇ ਨਾਲ ਸ਼ੋਸ਼ਣ ਹੋਏ ਦੀ ਕਹਾਣੀ ਦੀ ਭਰਪਾਈ ਦਿੱਲੀ ਹਕੂਮਤ ਨੇ ਰੱਜ ਰੱਜ ਕੀਤੀ, ਆਏ ਹਰ ਸਾਲ ਕੋਈ ਨਾ ਕੋਈ ਸਿਆਪਾ ਦਾਨ ਦੇਣ ਦਾ ਦਿੱਤਾ ਗਿਆ, ਉਹਨਾਂ ਦੇ ਦਿਲੋ ਦਿਮਾਗ ਵਿੱਚ ਇਹਨਾਂ ਚੀਜ਼ਾਂ ਲਈ ਰੌਲਾ ਪਾਇਆ ਗਿਆ ਤੇ ਹੌਲੀ ਹੌਲੀ ਉਹ ਇਹਨਾਂ ਗੱਲਾਂ ਦੀ ਹਾਮੀ ਭਰਨ ਦਾ ਹੌਸਲਾ ਕਰਨ ਲੱਗ ਪਏ...ਵਜ੍ਹਾ ਇਹ ਰਹੀ ਕਿ ਮੂਹਰਿਓਂ ਬੋਲਣ ਵਾਲਿਆਂ ਨੂੰ ਜ਼ਲੀਲ ਕਰਨ ਦਾ ਠੇਕਾ ਬਹੁਤ ਸਾਰਿਆਂ ਨੇ ਲਿਆ ਹੋਇਆ ਜਿਸ ਨਾਲ ਅਸਲੀ ਧਿਰਾਂ ਦੇ ਨੌਜੁਆਨ ਇਹ ਸਭ ਤੋਂ ਦੂਰ ਹੋ ਰਹੇ ਨੇ. ਜੇਲ੍ਹਾਂ ਵਿੱਚ ਬੈਠੇ ਅਸਲੀ ਬੰਦਿਆਂ ਨੂੰ ਗੁੰਡਾ,ਨੌਸਰਬਾਜ਼ ਅਤੇ ਕਿਰ੍ਦਾਰੋੰ ਹੀਣੇ ਦੱਸ ਕੇ ਸਾਰੀ ਗੱਲ ਸਿਰਿਓਂ ਰੱਦ ਕਰਨ ਨਾਲ ਆਮ ਬੰਦਿਆਂ ਲਈ ਉਸ ਧਿਰ ਲਈ ਹਮਦਰਦੀ ਮੁਕਾਈ ਜਾ ਚੁੱਕੀ ਹੈ....
- ਸਿੱਖ ਸਟੂਡੇੰਟ ਫ਼ੇਡਰੇਸ਼ਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਨਿਰਾਸ਼ਤਾ ਭਰੇ ਕਦਮਾਂ ਨੇ ਸਾਡੇ ਹੌਸਲੇ ਬਹੁਤ ਢਾਹੇ ਨੇ, ਅਸੀਂ ਆਪੋ ਵਿੱਚ ਉਲਝ ਕੇ ਰਹਿ ਗਏ ਹਾਂ, ਹੁਣ ਜਿਹੜੇ ਬੰਦੇ ਇਸ ਨਿਜ਼ਾਮ ਤੋਂ ਤੰਗ ਨੇ...ਉੱਤੋਂ ਨਾਸਮਝੀ ਵਿੱਚ ਅੱਕ ਦਾ ਜਹਿਰ ਵੀ ਦੁੱਧ ਲੱਗਣ ਵਾਂਗੂੰ, ਪੁਜਾਰੀਵਾਦ ਪੁਜਾਰੀਵਾਦ ਪੁਜਾਰੀਵਾਦ....ਕੰਨ ਪੱਕ ਗਏ, ਇਹ ਵੀ ਨਹੀਂ ਸਮਝ ਪਾ ਰਹੇ ਕਿ ਇਹ ਕੁਝ ਲੋਕ ਜਿਹਨਾਂ ਦੇ ਦੋ ਪੁਰੋਹਿਤ, ਇੱਕ ਪਟਿਆਲੇ ਦੂਜਾ ਔਕਲੈਂਡ ਵਿੱਚ ਸਿਰਫ ਛੋਲਿਆਂ ਦੇ ਵੱਢ ਹੀ ਜਾਣਦਾ ਸਭਨੂੰ... ਜਿੰਨਾ ਸਮਾਂ ਖ੍ਪਾਓਗੇ ਓਨਾ ਹਾਰੇ ਜਾਓਗੇ. ਪਰ ਫਿਲਹਾਲ ਇਹਨਾਂ ਦੇ ਹੱਕ ਚ ਦਲੀਲਾਂ ਦੇ ਕੇ ਆਪਣੇ ਬਣਾਏ ਜਾਲ ਵਿੱਚ ਉਲਝਨ ਵਾਲੇ ਸਾਰੇ ਲੋਕ..ਕਿਸੇ ਵੇਲੇ ਹਰ ਕਿਸਮ ਦੀ ਲੀਡਰਸ਼ਿਪ ਅਤੇ ਖੁਦਮੁਖਤਿਆਰੀ ਤੋਂ ਵੀ ਨਿਰਾਸ਼ਤਾ ਅੰਦਰ ਆਉਣਗੇ.
ਇੱਕ ਗੱਲ ਜਾਂਦੇ ਜਾਂਦੇ ਅਧਿਆਤਮ ਸੰਬੰਧੀ ਵੀ ਕਰਦਾ ਜਾਵਾਂ, ਕਿਉਂਕਿ ਕੌਮਨ ਸੈਂਸ ਨਾਂ ਦੀ ਦੈਵੀ ਸ਼ਕਤੀ ਦੇ ਪੁਜਾਰੀ ਨੌਂਨ-ਸੈਂਸ ਤਬਕੇ ਨੂੰ ਸੈਕਲੋਜੀ ਬੜਾ ਵੱਡਾ ਦਰਿਆਈ ਘੋੜਾ ਲਗਦਾ ਜਿਹਦੇ ਉੱਤੇ ਸਵਾਰ ਹੋ ਕੇ ਖਾਲੀ ਟੋਭੇ ਨੂੰ ਸਮੁੰਦਰ ਦੱਸੀ ਜਾਂਦੇ ਨੇ. ਅਧਿਆਤਮ, ਨਾਮ ਸਿਮਰਨ..ਗੁਰਬਾਣੀ ਪਾਠ ਇਸਦਾ ਅਸਲ ਮਕਸਦ ਇਸੇ ਕੱਚ ਤੇ ਸੱਚ ਨੂੰ ਨਿਖੇੜਨ ਲਈ ਹੈ, ਢਾਡੀ ਦਲੇਰ ਕੌਰ ਯਾ ਹੋਰਨਾਂ ਕੁਝ ਅਣਭੋਲ ਬੱਚਿਆਂ ਨੂੰ ਸਟੇਜ ਉੱਤੇ ਐਹੋ ਜਿਹੀਆਂ ਹੋਛੀਆਂ ਵਾਰਾਂ ਗਵਾਉਣ ਨਾਲ ਸਮਸਿਆ ਮੁੱਕਦੀ ਨਹੀਂ ਸਗੋਂ ਸਾਡੀ ਜੱਗ ਹਸਾਈ ਹੁੰਦੀ ਹੈ..ਅਤੇ ਹੋਈ ਵੀ ਹੈ. ਜਿਹੜੀ ਗੱਲ ਕੌਮ ਚੋਂ ਛੇਕਣ ਛਿਕਾਉਣ ਦੀ ਹੈ...ਉਹਨੂੰ ਮੈਂ ਬਹੁਤੀ ਤਵੱਜੋਂ ਨਹੀਂ ਦੇਂਦਾ ਕਿਉਂਕਿ ਜੇ ਅਜਿਹੀ ਗੱਲ ਨੂੰ ਮਾਨਤਾ ਦੇਣ ਬੈਠੇ ਤਾਂ ਹਰ ਵਿਚਾਰਕ ਨੂੰ ਗੋਲੀ ਮਿਲੇਗੀ ਅਤੇ ਹਰਨੇਕ ਸਿੰਘ ਵਰਗੇ ਤਾਕਤਵਰ ਬੰਦੇ ਨਵੀਂ ਧਿਰ ਬਣਾ ਕੇ ਕੌਮ ਨੂੰ ਹੀ ਲੀਰੋ ਲੀਰ ਕਰਣਗੇ...!
ਦੂਸਰੀ ਗੱਲ, ਮੈਂ ਇਹ ਕਹਿਣਾ ਚਾਹਾਂਗਾ ਕਿ ਸਿਆਸਤ, ਪੰਥ ਅਤੇ ਸਮਾਜ ਤਿੰਨੋਂ ਵੱਖ ਕਰ ਕੇ ਸਮਝਣਾ ਸਿੱਖ ਲਵੋ, ਨਹੀਂ ਤਾਂ ਬਹੁਤ ਬੁਰੇ ਗਧੀ-ਗੇੜ ਵਿੱਚ ਫਸੋਗੇ...
- ਸਿਆਸਤ - ਇਸਦੇ ਵਿੱਚ ਆਦਿ ਤੋਂ ਵਰਤਮਾਨ ਤੱਕ ਰਾਜ-ਪ੍ਰਣਾਲੀਆਂ ਨੂੰ ਸਮਝਣ ਦੀ ਲੋੜ ਮਹਿਸੂਸ ਹੋਏਗੀ, ਉਸ ਵਿੱਚ ਕਿਸਦਾ ਕਿੰਨਾ ਪ੍ਰਭਾਵ ਰਿਹਾ ਇਹ ਖੋਜ ਦਾ ਹਿੱਸਾ ਵੀ ਬਣੇਗਾ ਅਤੇ ਗੁਰਬਾਣੀ ਦੀ ਵਿਸ਼ਾਲਤਾ ਨੂੰ ਹੋਰ ਸਪਸ਼ਟ ਸਮਝਾਏਗਾ. ਇਸਦੇ ਲਈ ਮੀਡੀਆ ਯੁੱਗ ਨਹੀਂ, ਸਿੱਖਿਆ ਯੁੱਗ ਪੈਦਾ ਕਰਨਾ ਪਏਗਾ. ਯਾਦ ਰਹੇ ਕੋਈ ਵੀ ਵਿਅਕਤੀ ਅਤੇ ਰਾਜ-ਸ਼ਕਤੀ ਆਪਣੇ ਤੋਂ ਇਲਾਵਾ ਦੂਜੇ ਨੂੰ ਜਾਗ੍ਰਿਤ ਨਹੀਂ ਹੋਣ ਦੇਣਾ ਚਾਹੁੰਦੀ...ਇਸ ਲਈ ਹਰ ਪਦਾਰਥ ਵਾਂਗੂੰ ਗਿਆਨ ਉੱਤੇ ਵੀ ਕਬਜ਼ੇ ਰੱਖ ਕੇ ਚੱਲਿਆ ਜਾਂਦਾ ਹੈ...ਇਸ ਗੱਲ ਤੋਂ ਦੂਰ ਨਿਕਲਣਾ, ਯਾ ਇਸ ਚੱਕਰਵਿਊਹ ਨੂੰ ਤੋੜਨਾ ਬਹੁਤ ਜ਼ਰੂਰੀ ਹੈ ਇਸਦੀ ਕੁੰਜੀ ਇਹਦੇ ਵਿੱਚ ਹੀ ਹੈ ਕਿ ਰਾਜਨੀਤੀ ਦੇ ਸਾਰੇ ਭੇਦ ਅਰਥਨੀਤੀ ਤੋਂ ਪਹਿਲਾਂ ਸਮਝੇ ਜਾਣ. ਅਜੋਕੀ ਪੜ੍ਹਾਈ ਵਿੱਚ ਗਣਿਤ ਵਿਗਿਆਨ (Commerce) ਅਤੇ ਅਰਥਸ਼ਾਸਤਰ (Economics) ਨੂੰ ਪਹਿਲੋਂ ਪੜ੍ਹਾਉਣ ਦੀ ਸਾਜਿਸ਼ ਇਸੇ ਕਰਕੇ ਹੈ...ਧਿਆਨ ਨਾਲ ਵੇਖਿਓ !
- ਪੰਥ - ਪੰਥ ਅੱਜ ਤੱਕ ਜਿੰਨੇ ਵੀ ਆਏ ਨੇ ਉਹਨਾਂ ਅੰਦਰ ਜੀਵਨ ਜਾਚ ਅਤੇ ਕਿਰਤ ਕਮਾਈਆਂ ਦੇ ਮਾਪਦੰਡ ਨਾਲ ਭਾਈਚਾਰਕ ਪਛਾਣਾਂ ਉਭਰ ਕੇ ਆਈਆਂ ਨੇ, ਜਿਹਨਾਂ ਨੇ ਵੀ ਗੱਲ ਵਿਸਤਾਰ ਵਿੱਚ ਘੋਖਣੀ ਜਾਣਨੀ ਹੋਵੇ ਉਹ ਲੋਕ ਸਾਹਿਤ ਅਤੇ ਲੋਕ ਰਵਾਇਤਾਂ ਨੂੰ ਨੇੜਿਓਂ ਜਾ ਕੇ ਮਨੋਵਿਗਿਆਨਕ ਆਧਾਰ ਵੇਖ ਸਕਦੇ ਓ, ਅਤੇ ਇਹ ਵਿਸ਼ਵ ਦੇ ਹਰ ਖੇਤਰ ਲਈ ਬਰਾਬਰ ਲਾਗੂ ਗੱਲ ਹੈ. ਪੰਥ ਖਾਲਸਾ ਇਸੇ ਕਰਕੇ ਨਿਆਰਾ ਮੰਨਿਆ ਜਾ ਸਕੇਗਾ ਜੇਕਰ ਇਹ ਰਾਜ ਤਖਤ ਦੀ ਬਜਾਏ ਅਕਾਲ ਤਖਤ, ਸਮੁੱਚੀ ਮਨੁੱਖਤਾ ਦੇ ਬਰਾਬਰ ਬਹਿਣ ਦਾ ਉਪਰਾਲਾ ਸਿਰਜਣ. ਚੇਤੇ ਰਹੇ ਗੁਰਦੁਆਰਾ, ਅਕਾਲ ਤਖਤ, ਲੰਗਰ ਪ੍ਰਥਾ ਅਤੇ ਸਾਹਿਤ ਸੀਮਾਵਾਂ ਸਾਡੇ ਲਈ ਵਿਸ਼ਵ ਵਿਆਪੀ ਭਵਿੱਖ ਦਾ ਪੈਰਾਮੀਟਰ ਹੈ, ਜਿਸਨੂੰ ਮੰਨਦੇ ਹੋਏ ਸਮੁੱਚੇ ਸੰਸਾਰ ਨੂੰ ਗੁਰ ਦੇ ਸਿਧਾਂਤ ਆਸਰੇ ਬਿਨ੍ਹਾਂ ਉਹਨਾਂ ਦੀ ਮੌਲਿਕ ਪਛਾਣ ਖੋਹੇ ਓਥੋਂ ਤੱਕ ਪਸਾਰਾ ਕਰਨਾ ਹੈ...ਸਾਡੀ ਇਹ ਨਾਸਮਝੀ ਯਾ ਰਖਿਆਤਮਕ ਪਹੁੰਚ ਹੀ ਹੈ ਕਿ ਅਸੀਂ ਹਾਲੇ ਫਿਰਕੇ (Sect) ਦੇ ਤੌਰ ਤੇ ਹੀ ਸੰਘਰਸ਼ ਕਰ ਰਹੇ ਹਾਂ, ਅਤੇ ਜਿਹੜੇ ਵੀ ਇਸ ਸੰਘਰਸ਼ ਤੋਂ ਅੱਗੇ ਨਿਕਲਣਾ ਚਾਹੁੰਦੇ ਹੋਣ ਉਹਨਾਂ ਲਈ ਕਬਰਗਾਹ ਅੱਪਗਰੇਡ ਮਹਿਕਮੇ ਨੇ ਪੱਟੀ ਹੈ, ਉਹਨਾਂ ਦਾ ਸਾਡੀ ਇਸ ਪਹੁੰਚ ਵਿਰੁੱਧ ਵਹਿਣਾ ਅੱਜ ਹੀ ਨਹੀਂ, ਆਉਂਦੇ ਸਾਲਾਂ ਵਿੱਚ ਕਾਮਰੇਡੀ ਅਤੇ ਹਿੰਦੂਤਵੀ ਧਿਰਾਂ ਵੱਲੋਂ ਸਾਨੂੰ ਜ਼ਲੀਲ ਕਰਨ ਲਈ ਵਰਤਿਆ ਜਾਣਾ ਹੈ.
- ਸਮਾਜ - ਸਮਾਜ ਬਿਖਰੀਆਂ ਤੰਦਾਂ ਦਾ ਨਾਮ ਹੈ ਜਿਸ ਵਿੱਚ ਇੱਕੋ ਵੇਲੇ ਅਨੇਕਾਂ ਵਿਚਾਰਧਾਰਾਵਾਂ ਜੰਮਦੀਆਂ ਤੇ ਮਰਦੀਆਂ ਨੇ ਇਸਦੇ ਲਈ ਸਾਨੂੰ, ਖਾਸਕਰ ਆਰੀਆ ਸਮਾਜੀਆਂ ਨੂੰ ਵੇਖ ਕੇ ਸਾਡੇ ਦਿਲੋ ਦਿਮਾਗ ਵਿੱਚ ਕੋਈ ਸ਼ੰਕਾ ਨਹੀਂ ਬਚਦੀ ਕਿ ਅਗਲੇ ਖਾਲਸਾ ਪੰਥ ਤੋਂ ਪੂਰੀ ਤਾਕਤ ਅਛੋਪਲੇ ਖੋਹ ਕੇ ਸਾਨੂੰ ਫਿਰਕਾਪ੍ਰਸਤ ਸਾਬਿਤ ਕਰ ਗਏ. ਅਸੀਂ ਮੱਸਿਆ ਸੰਗਰਾਂਦਾਂ ਪਿੱਛੇ ਲੜਦੇ ਰਹਿ ਗਏ, ਅਗਲਿਆਂ ਨੇ ਆਪਣੀ ਮੂਰਤੀਪੂਜਾ ਵੀ ਆਪ ਖੰਡਿਤ ਕਰ ਲਈ, ਅੰਧ ਵਿਸ਼ਵਾਸ ਮੁਕਾ ਕੇ ਰਾਮ ਸਿੰਘ ਕੂਕੇ ਦੀ ਲਹਿਰ ਦਾ ਸਾਰਾ ਉੱਦਮ ਆਪ ਹੜਪ ਕੇ ਮਹਾਤਮਾ ਗਾਂਧੀ ਵਰਗਾ ਭੇਖੀ ਸੱਤਿਆਗ੍ਰਹੀ ਭਾਰਤ ਰਾਸ਼ਟਰਵਾਦ ਦਾ ਪਿਉ ਬਣਾ ਕੇ ਪੇਸ਼ ਕਰ ਲਿਆ, ਇਹੀ ਸਮਾਜਿਕ ਪਾੜਾ ਹੈ, ਇਸਦੇ ਗੁਣੀਏ ਓਦੋਂ ਤੱਕ ਸਹੀ ਨਹੀਂ ਬਹਿਣੇ ਜਦੋਂ ਤੱਕ ਅਸੀਂ ਮੌਜੂਦਾ ਗ੍ਰੰਥਾਂ ਦੀ ਸਹੀ ਵਿਆਖਿਆ ਵੱਲ ਨਹੀਂ ਪਹੁੰਚਦੇ.
ਰੇਡੀਓ ਵਿਰਸਾ ਮੁਕੰਮਲ ਤੌਰ ਤੇ ਆਪਾ ਵਿਰੋਧੀ ਸੰਸਥਾ ਦੇ ਨਾਲ ਨਾਲ ਆਉ ਵਾਲੇ ਭਵਿੱਖ ਦੇ ਦੁਵਿਧਾਗ੍ਰਸਤ ਹੋਣ ਦਾ ਸਹੀ ਸਹੀ ਸਰੂਪ ਹੈ. ਇਸਨੂੰ ਦਬਾਉਣ ਨਾਲ ਅਸੀਂ ਆਉਣ ਵਾਲੀ ਪੀੜ੍ਹੀ ਦਾ ਕੁਝ ਨਹੀਂ ਸੰਵਾਰ ਸਕਦੇ, ਇਸਨੂੰ ਕਬੂਲ ਕਰਕੇ ਐਸੇ ਪੀੜ੍ਹੀ ਤੋਂ ਸਿਧਾਂਤਕ ਆਤਮ-ਹੱਤਿਆ ਹੋ ਜਾਏਗੀ ਪਰ...ਤੀਸਰਾ ਰਸਤਾ ਹੈ, ਦਸਤਾਵੇਜ਼ੀ ਰੂਪ ਵਿੱਚ ਇਹਨਾਂ ਦੀ ਗਲਤੀਆਂ ਦੇ ਨਾਲ ਨਾਲ ਇਹਨਾਂ ਦੇ ਮੂਰਖ ਵਿਰੋਧੀਆਂ ਨੂੰ ਵੀ ਲਿਖਦੇ ਚੱਲੀਏ ਤਾਂ ਕਿ ਇਹ ਦੱਸ ਸਕੀਏ ਕਿ ਇੱਕ ਸਹੀ ਚਾਬੀ ਦੀ ਤੋਂ ਬਗੈਰ ਹਰ ਚਾਬੀ ਦਾ ਹਾਲ ਕਿੰਨਾ ਬੁਰਾ ਹੁੰਦਾ ਹੈ. ਅਗਲੇ ਆਪ ਤਾਂ ਉਹੀ ਨੇ...ਢਾਣੀ ਬਣਾ ਕੇ ਬੈਠੇ ਅਮਲੀ...ਜਿਹੜੇ ਆਪਣੀ ਦੌਲਤ ਜੂਏ ਚ ਉਡਾਉਣ ਬੈਠੇ ਤੇ ਮਗਰੋਂ ਇਹ ਕਹਿਣ ਕਿ ਅਸੀਂ ਸਮਾਜ ਦੀ ਕੱਲੀ ਕੱਲੀ ਗੱਲ ਜਾਣਦੇ ਹਾਂ...ਐਹੋ ਜਿਹੇ ਜੁਆਰੀ ਫੇਰ ਅਧਿਆਤਮ ਨਹੀਂ, ਮਨੋਵਿਗਿਆਨੀ ਕੋਲੋਂ ਨਸ਼ੇ ਦੀ ਹੀ ਮੰਗ ਕਰਦੇ ਨੇ. ਪਤਾ ਨਹੀਂ ਹੁਣ ਇਸ ਲੇਖ ਨੂੰ ਸਮਝਣ ਵਿੱਚ ਵੀ ਸਹੀ ਚਾਬੀ ਲਗਾਈ ਜਾਏਗੀ ਯਾ ਓਹੀ ਉੱਘ ਦੀ ਪਤਾਲ ਮਾਰੀ ਜਾਏਗੀ ? ਪਾਠਕ ਜਾਣਨ ਹੁਣ...ਵਿਚਾਰਾਂ ਈ-ਮੇਲ ਰਾਹੀਂ ਪੇਸ਼ ਕਰ ਲੈਣਾ ਜੇਕਰ ਸਹੀ ਸਮਝਣ ! ਅਸੀਂ ਹਾਲੇ ਹੋਰ ਵੇਖਣਾ ਜਾਰੀ ਰੱਖਦੇ ਹਾਂ...ਮਨ ਮਜ਼ਬੂਤ ਕਰਕੇ,ਕੁਫਰ ਸਹਿਣਾ ਬੇਹੱਦ ਔਖਾ ਹੁੰਦਾ ਹੈ, ਪਰ ਫੇਰ ਵੀ ਇੱਕ ਸ਼ੁਕਰਾਨਾ ਜ਼ਰੂਰ ਹੈ ਕਿ ਤਮਾਮ ਵੱਖਰੇ ਵੱਖਰੇ ਥਾਵਾਂ ਉੱਤੇ ਬੈਠੇ ਨਾਸਮਝਾਂ ਨੂੰ ਇੱਕੋ ਥਾਵੇਂ ਵੇਖ ਸੁਣ ਰਹੇ ਹਾਂ ਕਾਫੀ ਮਿਹਨਤ ਬਚ ਰਹੀ ਹੈ. ਗੁਰੂ ਸਬੱਬ ਬਖਸ਼ੇ ਇਹਨਾਂ ਨਾਸਮਝਾਂ ਦੀ ਸੋਝੀ ਕਿਤੇ ਕੁਝ ਠਰੰਮੇ ਨਾਲ ਅੱਗੇ ਵਧਣ ਲਈ ਇਕਰਸ ਹੋਵੇ ਤਾਂ ਬਿਨ੍ਹਾਂ ਇਹਨਾਂ ਦੀ ਖੁੱਦਾਰੀ ਨੂੰ ਸੱਟ ਵੱਜੇ ਇਹਨਾਂ ਤੋਂ ਕੌਮ ਵਿਰੋਧੀ ਹੋਣ ਦਾ ਕਲੰਕ ਲਹਿ ਜਾਵੇ. ਇਹਦੇ ਵਿੱਚ ਸਾਡਾ ਸੁਆਰਥ ਵੀ ਕੰਮ ਕਰਦਾ ਹੈ ਕਿਉਂਕਿ ਗੱਲ ਸਾਡੇ ਵਰਗੇ ਉਹਨਾਂ ਸਾਰੇ ਨੌਜੁਆਨਾਂ ਦੀ ਮਿਹਨਤ ਮਿੱਟੀ ਹੋ ਜਾਣੀ ਹੈ ਜੇ ਅਸੀਂ ਇਹਨਾਂ ਉਲਝਣਾਂ ਦੇ ਨਾਲ ਨਾਲ ਤੁਰਦੇ ਰਹੀਏ. ਧੜੇ ਤੋਂ ਪਰ੍ਹੇ ਹਟਣ ਦਾ ਸੱਦਾ ਬਹੁਤ ਸੌਖਾ ਹੁੰਦਾ ਹੈ...ਬਿਨ੍ਹਾਂ ਧੜੇ ਦੇ ਤੁਰਨਾ ਸੌਖਾ ਨਹੀਂ, ਪਹਿਲੋਂ ਨਾਲੋਂ ਜਿਆਦਾ ਔਖਾ ਰਾਹ ਬਣਦਾ ਜਾਂਦਾ ਹੈ...ਆਤਮ ਵਿਸ਼ਵਾਸ ਹਰ ਸਿੱਖ ਦੇ ਅੰਦਰ ਤਦ ਤੱਕ ਜਾਗ੍ਰਿਤ ਰਹੇਗਾ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਸਹਿਜ ਸੰਭਾਵੀ ਵਿਚਾਰਾਂ ਨਾਲ ਜੁੜਿਆ ਰਹੇਗਾ, ਇਸਦੇ ਤੋੜ ਵਾਸਤੇ ਹੀ ਪਰਮੇਸ਼ਰ ਦੁਆਰੀਆ ਪ੍ਰਵਚਨ ਕੰਮ ਕਰ ਰਿਹਾ ਹੈ...ਪਛਾਣ ਲਈਏ, ਜੇ ਉਹ ਸੁਧਰਦੇ ਨੇ ਤਾਂ ਸਵਾਗਤ ਰਹੇਗਾ, ਨਹੀਂ ਤਾਂ ਅਸੀਂ ਕੀ ਕਰਨਾ ਇਸਦੀ ਵਿਚਾਰਾਂ ਕਿਸੇ ਹੋਰ ਮੰਚ ਤੇ ਕਰਨ ਲਈ ਇਕੱਤਰ ਹੋਈਏ.
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ ॥
ਸਿਫ਼ਰਨਵੀਸ ਇੱਕਵਿੰਦਰ ਪਾਲ ਸਿੰਘ
੯ ਨਵੰਬਰ ੨੦੨੦
contact - sifarnaama.123@gmail.com
Comments
Post a Comment