ਆਸ਼ਰਮ- ਸਵਾਲਾਂ ਦਾ ਸੰਗ੍ਰਹਿ
ਹਿੰਦੂ ਰਾਸ਼ਟਰ ਦੀ ਬੁਨਿਆਦ ਦਾ ਡੰਗ
'ਆਸ਼ਰਮ' ਇੱਕ ਸ਼ਬਦ ਹੀ ਹੈ, ਜਿਸਨੂੰ ਵੱਖੋ ਵੱਖਰੇ ਸ਼ਬਦ-ਕੋਸ਼ ਵਾਂਗੂੰ ਵਰਤਦੇ ਰਹੇ ਨੇ, ਕਈ ਮੋੜ ਮੁੜੇ ਅਤੇ ਕਿੰਨੇ ਹੀ ਧੋਖੇ ਖਾ ਕੇ ਪਰਤਦੇ ਰਹੇ ਨੇ, ਚੇਤੇ ਰਹੇ ਇਹਨਾਂ ਸ਼ੁਰੁਆਤੀ ਸਤਰਾਂ ਦੇ ਵਾਂਗ ਇਹ ਸਭ ਇੰਨਾ ਕਾਵਿਮਈ ਨਹੀਂ ਹੈ ਅਤੇ ਨਾ ਹੀ ਤਕਲੀਫ਼ ਚੋਂ ਉੱਠੀ ਵਾਰਤਾਲਾਪ ਕਦੇ ਵੀ ਕਹਾਣੀਆਂ ਸੁਣਾਉਣ ਨੂੰ ਸੰਸਥਾ ਕਹਿ ਸਕਿਆ ਕੋਈ. ਅੱਜ ਤੱਕ ਸੰਸਥਾਵਾਂ ਵਿੱਚੋਂ ਕਹਾਣੀਆਂ ਕਿੱਸੇ ਉੱਠਦੇ ਆਏ ਨੇ, ਉਹਨਾਂ ਦੀ ਤਹਿਰੀਰ ਬਣੀ ਅਤੇ ਅਜੇ ਤੱਕ ਅਸੀਂ ਤਵਾਰੀਖ਼ ਦੇ ਇਹਨਾਂ ਵਰਕਿਆਂ ਉੱਤੇ ਬਹਿਸ ਕਰਦੇ ਰਹੇ ਹਾਂ. ਰਾਜਸ਼ਾਹੀ ਦੀ ਨੀਂਹ ਕਿਸੇ ਵਿੱਦਿਅਕ ਬੁਨਿਆਦ ਤੋਂ ਸ਼ੁਰੂ ਉਂਦੀ ਹੈ, ਅਤੀਤ ਵਿੱਚ ਜਦੋਂ ਆਚਾਰਯ ਵਿਸ਼ਨੂੰਗੁਪਤ ਯਾ ਦੂਸਰੇ ਨਾਵਾਂ ਵਿੱਚ ਚਾਣਕ੍ਯ ਵੱਲੋਂ ਵਿੱਦਿਆਰਥੀਆਂ ਨੂੰ ਸੰਗਠਿਤ ਕਰਕੇ ਵਿਦਰੋਹ ਰਚਣ ਦਾ ਕਾਰਨਾਮਾ ਕੀਤਾ ਤਾਂ ਉਹਦੀ ਪਿੱਠਭੂਮੀ ਤਕਸ਼ਿਲਾ ਵਿਸ਼ਵ-ਵਿੱਦਿਆਲਯ ਅੰਦਰ ਰਚੀ ਗਈ ਹੈ, ਜੇ ਕੋਈ ਪ੍ਰਚਲਿਤ ਮਾਨਤਾਵਾਂ ਦੀ ਗੱਲ ਘੋਖੇ ਤਾਂ ਇਸ ਵਿੱਚ ਦਿਲਚਸਪ ਕੜੀ ਇਹ ਵੀ ਜੁੜ ਜਾਏਗੀ ਕਿ ਤਕਸ਼ਿਲਾ = ਤਕਸ਼+ਸ਼ਿਲਾ = ਤਕਸ਼, ਭਰਤ ਦਾ ਪੁੱਤਰ,ਭਰਤ ਅਯੁਧਿਆ ਦੇ ਰਾਜੇ ਰਾਮ ਦਾ ਭਰਾ, + ਸ਼ਿਲਾ ਭਾਵ ਪੱਥਰ ਜਿਸ ਉਤੇ ਲੇਖ ਉਕੇਰੇ ਜਾਂਦੇ ਸੀ ਕਿਸੇ ਦੀ ਯਾਦਗਾਰ ਵਜੋਂ, ਇਸ ਸਥਾਨ ਤੋਂ ਰਾਜੇ ਰਾਮ ਦੇ ਨਾਲ ਸੰਬੰਧਿਤ ਹੋਣ ਦਾ ਹਵਾਲਾ ਮਿਲਦਾ ਹੈ, ਪਰ ਇਹ ਕਹਾਣੀ ਉਹਨਾਂ ਤੱਥਾਂ ਵਿੱਚ ਹੋਰ ਉਭਰ ਕੇ ਸਾਹਮਣੇ ਆਏਗੀ ਜਦੋਂ ਕੋਈ ਇਹ ਕਹੇਗਾ ਕਿ ਚਾਣਕ੍ਯ ਇੱਕ ਫ਼ਰਜ਼ੀ ਪਾਤਰ ਦਾ ਨਾਮ ਹੈ. ਨਾਗਰ ਸੱਭਿਅਤਾ, ਸ਼ਹਿਰਾਂ ਦੇ ਵੱਸਣ ਦਾ ਜਦੋਂ ਸੰਕਲਪ ਉਭਰ ਰਿਹਾ ਹੋਵੇ ਓਦੋਂ ਉਹਨਾਂ ਨਗਰਾਂ ਦੇ ਵੱਡੇ ਸਾਰੇ ਮਹਿਲ ਅਤੇ ਗਲੀਆਂ ਨਾਲੀਆਂ ਸੁਵਿਧਾਵਾਂ ਦਾ ਚਿਤਰਣ ਕਰਨਾ ਹੋਵੇ ਤਾਂ ਸਾਖੀਆਂ ਅਮੀਰੀ ਦੀਆਂ ਹੀ ਉਲੀਕੀਆਂ ਜਾਂਦੀਆਂ ਨੇ, ਉਹਨਾਂ ਸਮਿਆਂ ਦੇ ਲੋਕ ਸਾਹਿਤ ਇਸ ਕਰਕੇ ਮਾਇਨੇ ਰੱਖਦੇ ਨੇ ਕਿਉਂਕਿ ਸਾਡੇ ਕੋਲ ਜਿਹੜਾ ਇਤਿਹਾਸ ਜਿਹੋ ਜਿਹੇ ਸਰੂਪ ਵਿੱਚ ਵੀ ਹੈ ਉਹ ਲਿਖਤੀ ਰੰਗਤ ਸਿੱਧੀ ਸਿੱਧੀ ਨਹੀਂ ਆਈ, ਉਸ ਪਿੱਛੇ ਕੰਮ ਲੋਕ ਕਥਾਵਾਂ ਦੇ ਸੰਗ੍ਰਹਿ ਕੰਮ ਕਰ ਰਹੇ ਹਨ. ਦੰਤ-ਕਥਾਵਾਂ, ਪਰੀਕਥਾਵਾਂ ਇਹ ਸਭ ਦਾ ਬਰਾਬਰ ਜੋਰ ਹੈ, ਹੁਣ ਵੀ ਕੋਈ ਬਹੁਤਾ ਸੁਧਾਰ ਨਹੀਂ ਹੋਇਆ ਸਾਡੇ ਸਿੱਖ ਖੇਤਰ ਦੇ ਲਿਖਾਰੀਆਂ ਕੋਲ ਵੀ ਡਾਕਟਰ ਗੰਡਾ ਸਿੰਘ, ਗਿਆਨੀ ਦਿੱਤ ਸਿੰਘ ਅਤੇ ਕਰਮ ਸਿੰਘ ਹਿਸਟੋਰੀਅਨ ਵਰਗਾ ਇਤਿਹਾਸਿਕ ਤੱਥਾਂ ਨੂੰ ਨਿਖੇੜਨ ਦਾ ਸਲੀਕਾ, ਭਾਈ ਵੀਰ ਸਿੰਘ ਵਾਂਗੂੰ ਆਪਣੇ ਮੌਲਿਕ ਵਿਚਾਰਾਂ ਨਾਲ ਪੇਸ਼ ਹੋਣਾ, ਸਾਹਿਤਕ ਚੋਰ ਦੇ ਇਲਜ਼ਾਮਾਂ ਵਿੱਚ ਕਾਫੀ ਕੁਝ ਉਹ ਵੀ ਲੁਕ ਜਾਂਦਾ ਹੈ ਜੋਕਿ ਉਹਨਾਂ ਦੀ ਸਿਫਤ ਸੀ. ਜੇ ਅਸੀਂ ਉਹ ਨਾ ਫੜੀਏ, ਅਕਸਰ ਬਹੁਤਾਤ ਨੇ ਇਹ ਗਲਤੀ ਕਰ ਲਈ ਹੈ, ਸਾਹਿਤ ਪ੍ਰਤੀ ਨਫਰਤ ਰੱਖਣ ਵਾਲੇ ਟੋਲੇ ਦੀ ਕਮਾਲ ਇਹੋ ਹੈ ਕਿ ਉਹਨਾਂ ਦਾ ਵਰਤਾਰਾ ਗੈਬੀ ਸ਼ਕਤੀਆਂ ਭਰੇ ਰਾਖਸ਼ਾਂ ਵਾਲਾ ਹੈ ਜਿਹੜੇ ਬ੍ਰਾਹਮਣ ਨੂੰ ਇਹ ਕਹਿ ਕੇ ਸਤਾਉਂਦੇ ਰਹੇ ਤੂੰ ਕਰਮ-ਕਾਂਡੀ ਹੈਂ ਅਤੇ ਤੇਰੀਆਂ ਗੱਲਾਂ ਸਮਾਜ ਦੇ ਕਿਸੇ ਕੰਮ ਨਹੀਂ ਪਰ ਆਪਣੇ ਵੱਲੋਂ ਸਮਾਜ ਨੂੰ ਸਿਰਫ ਧਨ ਦੌਲਤ ਤੇ ਸੁਵਿਧਾਵਾਂ ਦਾ ਖੋਖਲਾ ਢਾਂਚਾ ਦਿੱਤਾ, ਐਨਾ ਖੋਖਲਾ ਕਿ ਜਦੋਂ ਓਸ ਜ਼ੁਲਮ ਦੀ ਇੰਤਹਾ ਨੇ ਰੰਗ ਬਦਲਿਆ ਤਾਂ ਰਾਮ ਦੇ ਰੂਪ ਵਿੱਚ ਅਵਤਾਰਵਾਦ ਸ਼ੁਰੂ ਕਰ ਦਿੱਤਾ, ਰਾਵਣ ਇੱਕ ਕੁਪਾਤਰ ਬਣ ਕੇ ਰਹਿ ਗਿਆ, ਐਵੇਂ ਹੀ ਜਦੋਂ ਮਹਿਖਾਸੁਰ (ਜੋਕਿ ਰਾਜਾ ਮਹੇਸ਼ ਹੋਣਾ ਸੰਭਾਵਿਤ ਹੈ) ਦੇ ਜਵਾਬ ਵਾਸਤੇ ਦੁਰਗਾ ਦਾ ਅਵਤਾਰ ਮੂਹਰੇ ਆਇਆ ਤਾਂ ਸੇਜਾ ਯੁੱਧ ਨਾਲ ਹਰਾਇਆ, ਨਾ ਸਿਰਫ ਹਰਾਇਆ ਬਲਕਿ ਪੂਰੇ ਮੂਲਨਿਵਾਸੀ ਸਮਾਜ ਨੂੰ ਸ਼ੋਸ਼ਣ ਦੀ ਦਲਦਲ ਵਿੱਚ ਧੱਕਿਆ, ਇਸਦੀ ਵਿਰਤਾਂਤਕ ਜਾਣਕਾਰੀ ਸਾਮ-ਦਾਮ-ਦੰਡ-ਭੇਦ ਨੀਤੀ ਵਿੱਚ ਗਣਿਕਾ (ਵੇਸਵਾਵਾਂ) ਦੇ ਇਸਤੇਮਾਲ ਇੱਕ ਅਹਿਮ ਰਾਜਨੀਤਕ ਅਸਤ੍ਰ ਵਜੋਂ ਕਰਨੇ, ਨਾ ਸਿਰਫ ਇਹ,ਸਗੋਂ ਉਹਨਾਂ ਨੂੰ ਪਾਲਣਾ ਉਹਨਾਂ ਰਹਿਣ ਸਹਿਣ ਨੂੰ ਹੋਰਨਾਂ ਸੰਸਥਾਵਾਂ ਵਿੱਚ ਕਾਇਮ ਰੱਖਣਾ ਅਤੇ ਦੇਵਦਾਸੀਆਂ ਦੀ ਹੋਂਦ ਉਭਰ ਕੇ ਸਾਹਮਣੇ ਆਉਣੀ, ਇਹ ਸਭ ਗੱਲਾਂ ਕੋਈ ਤੀਰ ਤੁੱਕੇ ਨਹੀਂ ਹਨ ਸਗੋਂ ਗਣਤੰਤਰ ਦੇ ਅਜੋਕੇ ਸਰੂਪ ਦੀ ਕੁਰੱਪਸ਼ਨ ਦਾ ਦੂਸਰਾ ਅਤੇ ਪ੍ਰਤੀਕਾਤਮਕ ਦ੍ਰਿਸ਼ ਹੈ. ਇਹ ਸਭ ਨੂੰ ਸਥਾਪਿਤ ਪੁਜਾਰੀ ਨੇ ਨਹੀਂ, ਬਲਕਿ ਵਿਦਰੋਹ ਰਾਹੀਂ ਜਿੱਤੇ ਖੱਤਰੀ ਨੇ ਬ੍ਰਾਹਮਣ ਨੂੰ ਆਪਣੀ ਟਹਿਲ ਸੇਵਾ ਦਾ ਹਿੱਸਾ ਬਣਾਇਆ. ਜਿਹੜਾ ਰਿਸ਼ੀ ਰਚਨਾਵਾਂ ਰਚਦਾ ਸੀ ਮੌਲਿਕ ਸੋਚ ਵਿੱਚੋਂ ਉਭਰ ਕੇ ਉਹ ਇੱਕ ਕੁੰਡੇ ਹੇਠ ਆਇਆ ਕਿਸੇ ਮਹਾਵਤ ਦੇ ਇਸ਼ਾਰੇ ਦਾ ਮੁਥਾਜ ਹੋ ਗਿਆ. ਸਨਾਤਨ ਧਾਰਾ ਵਿੱਚ ਉਹਨਾਂ ਦੀ ਸਮਾਂ-ਸਾਰਣੀ ਦੇ ਅਨੁਸਰਣ ਕਰਨ ਉਤੇ ਉਹਨਾਂ ਦਾ ਪ੍ਰਾਚੀਨ ਹੋਣ ਦਾ ਲਿਹਾਜ਼ ਰਾਜਾ ਰਾਮਚੰਦਰ ਨੂੰ ਵਿਸ਼ਨੂੰ ਦੇ ਅਵਤਾਰ ਵਿੱਚ ਤ੍ਰੇਤੇ ਯੁੱਗ ਦਾ ਵਸਨੀਕ ਦੱਸਿਆ ਹੈ, ਦਵਾਪਰ ਯੁੱਗ ਉਸਤੋਂ ਬਾਅਦ ਹੋਂਦ ਵਿੱਚ ਰੱਖ ਰਿਹਾ ਹੈ. ਅਜੋਕੇ ਪੁਜਾਰੀ ਦੀ ਦੇਣ "ਸੀਯਾਪਤੀ ਰਾਮਚੰਦਰ" ਦੀ ਮੂਰਤੀਪੂਜਾ ਹੈ. ਹੁਣ ਕੋਈ ਪੁੱਛ ਕੇ ਦੱਸੇ ਕਿ ਪਹਿਲੋਂ ਸੁਖਾਲੇ ਸੀ ਤੁਸੀਂ ਕਿ ਮਗਰੋਂ ? ਜਿਹੜੇ ਸਿੱਖੀ ਦੇ ਵਿਹੜੇ ਵਿੱਚੋਂ ਪੁਜਾਰੀਵਾਦ ਪੱਟਣ ਗੱਲ ਕਰ ਰਹੇ ਉਹ ਇਸ ਗੱਲ ਦੀ ਜਵਾਬਦੇਹੀ ਕਦੇ ਨਹੀਂ ਰੱਖਣਗੇ ਕਿ ਤੁਹਾਡਾ ਅਕਾਲ ਤਖ਼ਤ ਨੂੰ ਪੁਜਾਰੀਵਾਦ ਕਹਿਣਾ ਕਿਸੇ ਵੱਡੀ ਕਹਾਣੀ ਦਾ ਇੱਕ ਦ੍ਰਿਸ਼ ਮਾਤਰ ਹੈ. ਜਿਵੇਂ ਮੂਲਨਿਵਾਸੀ ਖੁਦ ਨੂੰ 'ਵਿਚਾਰੇ' ਹੋਣ ਦਾ ਤਰਸਯੋਗ ਕਾਰਡ ਖੇਲਦੇ ਨੇ ਇਧਰ ਵੀ ਵੱਡੀ ਧਿਰ ਨੂੰ ਜ਼ਾਲਿਮ ਮੰਨ ਕੇ ਖੁਦ ਨੂੰ ਅਹਿੰਸਕ ਦੱਸਣ ਵਿੱਚ ਰੁੱਝੇ ਹੋਏ ਨੇ. ਪਰ ਦੋਸ਼ ਕਿਹਨੂੰ ਦੇਣਾ, ਜਿਹਨਾਂ ਨੇ ਦਿਨ ਰਾਤ ਇਹਨਾਂ ਦੇ ਡੇਰੇ ਦੀ ਚੌਂਕੀਆਂ ਭਰੀਆਂ ਨੇ ਉਹ ਹੁਣ ਤਸੱਲੀ ਰੱਖਣ,ਰੇਤ ਦੀ ਕੰਧ ਫੋਕੀ ਹੀ ਰਹਿੰਦੀ ਹੈ.
ਤ੍ਰਿਆ-ਚਰਿਤ - ਪ੍ਰਕਾਸ਼ ਝਾਅ ਵੱਲੋਂ ਨਿਰਦੇਸ਼ਿਤ "ਆਸ਼੍ਰਮ" ਚਿੱਤਰ ਲੜੀ ਦੇ ਪਹਿਲੇ ਹਿੱਸੇ ਨੂੰ ਮੈਂ ਜਿਆਦਾ ਨਹੀਂ ਵੇਖਿਆ, ਮੇਰੀ ਦਿਲਚਸਪੀ ਨਹੀਂ ਇਹੋ ਜਿਹੇ ਮਾਮਲਿਆਂ ਉੱਤੇ, ਖਾਸਕਰ ਜਿਹਨਾਂ ਦੀ ਥਿਓਰੀ ਉੱਤੇ ਅਸੀਂ ਲੰਬੇ ਸਮੇਂ ਤੋਂ ਬਾਰੀਕ ਜਾਣਕਾਰੀ ਰੱਖਦੇ ਹੋਈਏ. ਪਰ ਦੂਜੇ ਹਿੱਸੇ ਦੇ ਆਉਣ ਮਗਰੋਂ ਕਿਸੇ ਦੇ ਮੂੰਹੋਂ ਆਸ਼੍ਰਮ ਲੜੀ ਵਿੱਚ ਇੱਕ ਧਾਰਾਵਾਹਿਕ ਦਾ ਨਾਮ ਤ੍ਰਿਆ-ਚਰਿਤ ਵਰਤਿਆ ਜਾਣਾ ਮੇਰੇ ਕੰਨੀਂ ਰੜਕ ਗਿਆ. ਇਸਦਾ ਇੱਕ ਠੋਸ ਕਾਰਨ ਹੈ- ਹਿੰਦੀ ਫਿਲਮ ਇੰਡਸਟਰੀ ਆਪਣੇ ਆਪ ਵਿੱਚ ਵੱਡੀ ਪੱਧਰ ਦਾ ਪਾਖਾਨ-ਚਰਿੱਤਰ ਹੀ ਹੈ, ਇਸਦੇ ਆਉਂਣ ਨਾਲ ਲਿਖਤਾਂ ਫਜੂਲ ਲੱਗਣ ਲੱਗੀਆਂ ਅਤੇ ਲੋਕ ਮਾਇਆਜਾਲ ਵਿੱਚ ਫੱਸ ਗਏ, ਇਸ ਵਿੱਚ ਅਜਿਹਾ ਕਿਉਂ ? ਕਾਮ ਕ੍ਰੀੜਾ ਦੇ ਦ੍ਰਿਸ਼ ਕਿਹੜਾ ਪਹਿਲੀ ਵਾਰ ਕਿਸੇ ਸਿਨਮੇ ਡਾਇਰੇਕਟਰ ਨੇ ਵਰਤਿਆ, ਇਥੇ ਤਾਂ ਹੁਣ ਸਾਧਾਰਣ ਪੱਧਰ ਦੇ ਪੈਮਾਨੇ ਵੀ ਇਖਲਾਕ ਤੋਂ ਕੋਹਾਂ ਦੂਰ ਲੰਘਦੇ ਨੇ... ਫੇਰ ਕੁਝ ਕੁਝ ਕੜੀਆਂ ਜੁੜਨ ਲੱਗੀਆਂ...ਕੁਝ ਘਟਨਾਵਾਂ ਅਤੇ ਕੁਝ ਸੁਭਾਅ, ਆਖਰ ਸੋਚ ਤਾਂ ਓਸੇ ਹਨ੍ਹੇਰੇ ਗਰਭ ਵਿੱਚੋਂ ਜਨਮ ਲੈ ਰਹੀ ਜਿਸਨੇ ਕਿਸੇ ਨੂੰ ਵੀ ਜਿਉਂਦਾ ਨਹੀਂ ਬਖਸ਼ਣਾ ! ਇਸ ਧਾਰਾਵਾਹਿਕ ਦਾ ਉਦੇਸ਼ ਨਾਮ ਪੱਖੋਂ ਕਾਸ਼ੀਪੁਰ ਹੈ, ਪਰ ਗੱਲ ਡੇਰੇ ਸਿਰਸੇ ਦੀ ਚੱਲ ਰਹੀ... ਗੁਰਮੀਤ ਸਿੰਘ, ਉਰਫ ਗੁਰਮੀਤ ਰਾਮ ਰਹੀਮ ਇੰਸਾ. ਜਿਸ ਉੱਤੇ ਬਲਾਤਕਾਰੀ ਹੋਣ ਦੇ ਇਲ੍ਜ਼ਾਮ ਅਤੇ ਸਜਾਵਾਂ ਆਇਦ ਨੇ, ਜਿਸਨੂੰ ਕਿ ਅਦਾਲਤ ਨੇ ਲੰਬੀ ਸਜ਼ਾ ਦਿੱਤੀ ਹੋਈ ਹੈ ਜਿਸਦੇ ਹਰਿਆਣੇ ਵਿੱਚ ਪੂਰੇ ਝੰਡੇ ਝੂਲਦੇ ਸਨ. ਤ੍ਰਿਆ-ਚਰਿਤਰ, ਦਸਮ ਗ੍ਰੰਥ ਵਿੱਚ ਚਰਿਤ੍ਰੋ-ਪਾਖਿਆਨ ਨੂੰ ਵੀ ਕਿਹਾ ਜਾਂਦਾ ਹੈ, ਜਿਸਦਾ ਮਜ਼ਮੂਨ ਭਾਵੇਂ ਕਿ ਵੱਡੇ ਵਿਵਾਦਾਂ ਦੇ ਘੇਰੇ ਦਾ ਹਿੱਸਾ ਹੈ, ਸਮੇਤ ਇਸ ਗੱਲ ਦੇ ਵੀ ਕਿ ਉਸ ਰਚਨਾ ਦਾ ਲਿਖਾਰੀ ਗੁਰੂ ਗੋਬਿੰਦ ਰਾਏ ਸਾਹਿਬ ਨੇ ਜਾਂ ਕੋਈ ਦਰਬਾਰੀ ਕਵੀ ਲਿਖ ਗਿਆ, ਉਸਦੇ ਵਿਸ਼ੇ ਦਾ ਸਾਰਾ ਹਿੱਸਾ ਵੀ ਕਾਮ-ਕਥਾਵਾਂ ਨਾਲ ਸੰਬੰਧਿਤ ਹੈ, ਪਰ ਉਸ ਵਿੱਚ ਵਿਚਾਰਾਂ ਸੰਵਾਦ ਦਾ ਬਹੁਤ ਸਾਰਾ ਹਿੱਸਾ ਬਾਕੀ ਹੈ, ਸਾਡੀ ਕੌਮੀ ਪਿੜ ਵਿੱਚ ਇਸ ਵਿਸ਼ੇ ਨੇ ਜਿਆਦਾ ਖੌਰੂ ਪਾਇਆ ਵੀ ਉਹਨਾਂ ਸਮਿਆਂ ਤੋਂ ਜਦੋਂ ਕਿ ਇਹ ਰਚਨਾ ਨੂੰ ਦਸਮ ਗ੍ਰੰਥ ਦੇ ਸਰੂਪ ਵਿੱਚ ਸ਼ਾਮਿਲ ਕਰਨ ਜਾਂ ਬਾਹਰ ਰੱਖਣ ਦੀ ਬਹਿਸ ਚੱਲ ਰਹੀ ਸੀ, ਇਹ ਗੱਲ ਸੁੱਖਾ ਸਿੰਘ ਮਹਿਤਾਬ ਸਿੰਘ ਦੇ ਵੱਲੋਂ ਮੱਸੇ ਰੰਘੜ ਦੇ ਸਿਰ ਲਾਹੁਣ ਦੇ ਨਾਲ ਸੰਬੰਧਿਤ ਕਰਕੇ ਪ੍ਰਚਾਰਨਾ ਮੌਜੂਦਾ ਬਹਿਸਾਂ ਨੂੰ ਅਣਗੌਲਿਆਂ ਕਰਨ ਬਰਾਬਰ ਹੈ. ਪਰ ਹੁਣ, ਜਦੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟਣ ਮਗਰੋਂ ਪੰਥ ਵਿੱਚ ਵੱਖ ਵੱਖ ਵਿਚਾਰਧਾਰਾਵਾਂ ਦਾ ਟਕਰਾਅ ਵਧਿਆ ਉਹਦੇ ਵਿੱਚ ਇਸ ਵਿਸ਼ੇ ਸੰਬੰਧੀ ਰੌਲਾ ਮੁਖਰ ਹੋਇਆ...ਹਾਲੇ ਤੱਕ ਅਸੀਂ ਇਉਂ ਨਹੀਂ ਕਹਿ ਸਕਦੇ ਕਿ ਡਾਕਟਰ ਰਤਨ ਸਿੰਘ ਜੱਗੀ ਦੇ ਵੱਲੋਂ ਕੀਤੇ ਸਟੀਕ ਨੂੰ ਆਧਾਰ ਮੰਨ ਕੇ ਗੱਲ ਮੁਕਾਈ ਜਾਣੀ ਚਾਹੀਦੀ ਜਾਂ ਦੋਬਾਰਾ ਘੋਖ ਕੱਢੀ ਜਾਵੇ, ਪਰ ਸੰਸਥਾ ਦੇ ਪੈਮਾਨੇ ਉੱਤੇ ਸੱਟ ਮਾਰਦੀ ਸਮਾਜਿਕ ਮੂਵੀ ਦਾ ਤ੍ਰਿਆ ਚਰਿਤ ਸ਼ਬਦ ਸੂਝਵਾਨ ਬੰਦੇ ਦੇ ਨੈਣੀਂ ਕਿਰਕ ਜ਼ਰੂਰ ਬਣਦਾ ਹੈ.
ਆਮ ਨਜ਼ਰਾਂ,ਖਾਸਕਰ ਸਿੱਖ ਜਗਤ ਵਿੱਚ, ਗੁਰਮੀਤ ਰਾਮ ਰਹੀਮ ਇੰਸਾਂ ਇੱਕ ਹਾਸੇ ਦਾ ਪਾਤਰ ਆਪਣੀ ਦਿੱਖ ਭੇਖ ਕਰਕੇ ਬਣਿਆ ਰਿਹਾ, ਉਸਦੇ ਚਰਿੱਤਰ ਉੱਤੇ ਬਣੀਆਂ ਕਹਾਣੀਆਂ ਨੂੰ ਬੜੇ ਸ੍ਵਾਦ ਨਾਲ ਸੁਣਾਉਂਦੇ ਨੇ...ਕਿਵੇਂ ਆਪਣੀ ਧੀ ਕਹਿ ਕੇ ਇੱਕ ਔਰਤ ਨਾਲ ਸਰੀਰਕ ਸੰਬੰਧ ਰੱਖਦਾ ਹੈ, ਕਿੰਨਿਆਂ ਔਰਤਾਂ ਨਾਲ ਕੀ ਕੁਝ ਹੁੰਦਾ ਆਇਆ...ਹਰ ਦਰਦਨਾਕ ਘਟਨਾ ਨੂੰ ਸਾਡੇ ਸਿੱਖ ਇੱਕ ਸ੍ਵਾਦ ਦਾ ਹਿੱਸਾ ਸਮਝ ਕੇ ਬੋਲਦੇ ਸੁਣਾਉਂਦੇ ਨੇ ਅਤੇ ਯਾਦ ਰਹੇ, ਇਹੀ ਉਹ ਤਬਕਾ ਹੈ ਜਿਹੜਾ ਕਹਿੰਦਾ ਹੈ ਕਿ ਚਰਿਤਰੋਪਾਖਿਆਨ ਗੁਰੂ ਸਾਹਿਬ ਦੀ ਲਿਖਤ ਨਹੀਂ. ਇੰਨਾ ਵੀ ਨਹੀਂ ਖਿਆਲ ਕਰਦੇ ਕਿ ਜੇਕਰ ਸੱਚੀਂ ਇਹ ਮੰਨ ਲਿਆ ਗਿਆ ਕਿ ਇਹ ਗੁਰੂ ਸਾਹਿਬ ਅਤੇ ਗੁਰੂ ਦਰਬਾਰ ਦੀ ਲਿਖਤ ਨਹੀਂ ਹੈ...ਸਿੱਧਾ ਪ੍ਰਭਾਵ ਇਉਂ ਪੈਣਾ ਕਿ ਕਿਸੇ ਤੀਸਰੀ ਧਿਰ ਨੇ ਅਣਜਾਣ ਸਾਹਿਤ ਦੇ ਰੂਪ ਵਜੋਂ ਇਸਦੀ ਸੰਭਾਲ ਕਰਕੇ ਇਸਨੂੰ,ਇਸਦੇ ਇੱਕਲੇ ਇਕੱਲੇ ਚਰਿੱਤਰ ਨੂੰ ਗੁਰੂ ਘਰ ਨਾਲ ਜੋੜ ਸੁੱਟਣਾ, ਕਿਉਂਕਿ ਠੋਸ ਆਧਾਰ ਇਹ ਹੋਏਗਾ ਕਿ ਜਿਸ ਰਚਨਾ ਦੇ ਲਿਖਾਰੀ ਅਤੇ ਸਰੂਪ ਦੀ ਹੋਂਦ ਸ਼ੱਕੀ ਹੋ ਜਾਵੇ ਉਹ ਮਿਥਿਹਾਸ ਦੇ ਦਾਇਰੇ ਵਿੱਚ ਰਹਿ ਕੇ ਕਿੰਨੀ ਬੁਰੀ ਤਰ੍ਹਾਂ ਲੋਕ ਮਨਾਂ ਵਿੱਚ ਵਸਾਇਆ ਜਾਂਦਾ ਹੈ ਕਿ ਉਸਦੇ ਕਿੱਸੇ ਕਿਹੋ ਜਿਹੇ ਮਰਜੀ ਹੋਣ ਉਹ ਉਹਨਾਂ ਮਾਇਨਿਆਂ ਵਿੱਚ ਹੀ ਪ੍ਰਵਾਣੇ ਜਾਂਦੇ ਨੇ ਜਿਹੋ ਜਿਹਾ ਉਸਦੀ ਮਾਲਿਕ ਧਿਰ ਚਾਹੇ. ਸਿੱਖ ਮਲਕੀਅਤ ਤਾਂ ਛੱਡੋ, ਇਸਦੇ ਅਧਿਐਨ ਨੂੰ ਵੀ ਦੋਬਾਰਾ ਤਿਆਰ ਨਹੀਂ ਹੋ ਰਹੇ, ਉੱਤੋਂ ਇਹਨਾਂ ਦਾ ਮੌਜੂਦਾ ਵਿਵਾਦੀ ਧੜਾ ਸਿੱਖੀ ਦੇ ਹਰ ਜਹਿਰੀਲੇ ਨਾਸੂਰ ਨੂੰ ਹਰ ਰੋਜ਼ ਉਭਾਰਦਾ ਹੈ ਅਤੇ ਪੰਥ ਹਿਤੈਸ਼ੀ ਦਸਦੇ ਨੇ, ਬਹੁਤ ਤਰਸਯੋਗ ਹਾਲਤ ਹੈ ਸਾਡੇ ਵਾਲਿਆਂ ਦੀ. ਤੁਸੀਂ ਕੀ ਕਰ ਲਓਗੇ ? ਡਾਕਟਰ ਰਤਨ ਸਿੰਘ ਜੱਗੀ ਵਾਲੇ ਅਨੁਵਾਦ ਅਨੁਸਾਰ ਹੀ ਖੰਡਨ ਕਰੋਗੇ ? ਉਸਦੇ ਵਿਸ਼ਲੇਸ਼ਣ ਪਰਮੇਸ਼ਰ ਦੁਆਰੀਏ ਨਜ਼ਰੀਏ ਨਾਲ ਕਰਵਾਓਗੇ ਜਿਹੜਾ ਦਿਗੰਬਰ ਦੇ ਅਰਥਾਂ ਤੋਂ ਹੀ ਕੋਲ੍ਹੂ ਦਾ ਗੇੜਾ ਦੇਣਾ ਸ਼ੁਰੂ ਹੋਏ ਨੇ ਕਿ ਪੁਜਾਰੀ ਪੁਜਾਰੀ ਪੁਜਾਰੀ...ਮਿੱਠੂ ਤੋਤੇ ਵਰਗੀ ਰੱਟ ਲਗਾਈ ਬੈਠੇ ਨੇ ! ਕਿਤੇ ਹਾਲੇ ਵੀ ਮਿਸ਼ਨਰੀਆਂ ਤੋਂ ਆਸ ਤਾਂ ਨਹੀਂ ਰੱਖੀ ਬੈਠੇ ਕਿ ਉਹ ਅਧਿਐਨ ਕਰਣਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਅਧਿਐਨ ਨਹੀਂ ਵਿਆਖਿਆ ਕਰਨ ਦਾ ਸਾਧਨ ਤੇ ਸਰੋਤ ਮੰਨਦੇ ਨੇ ! ਯਾ ਦਮਦਮੀ ਟਕਸਾਲ ਦੇ ਤਰੀਕੇ ਚੱਲਣਾ ਜਿਹੜੇ ਸਣੇ ਪਰਮੇਸ਼ਰ ਦੁਆਰੀਏ ਧੜੇ ਦੇ, ਸਾਰੇ ਚਿੱਟੀ ਸਿਉਂਕੇ ਜਾਪੁ ਰਟੰਤ ਸਮਾਜ ਨੂੰ ਮੂਹਰੇ ਬਹਾਲ ਗਿਆ... ਯੂਨੀਵਰਸਿਟੀ ਸਾਡੀ ਕਿੰਨੀ ਨਿਕੰਮੀ ਹੈ ਇਸਦੇ ਬਿਓਰੇ ਵੇਖਦੇ ਆਏ ਹਾਂ...ਫੇਰ ਦੱਸੋ ਕਿਹੜਾ ਰਾਹ ਬਚਿਆ ਹੁਣ ? ਨਿਰੰਕਾਰੀਏ ਸਭ ਤੋਂ ਪਹਿਲੇ ਡੇਰੇ ਵਜੋਂ ਜਾਣੇ ਜਾਂਦੇ ਨੇ ਅਤੇ ਪਰਮੇਸ਼ਰ ਦੁਆਰੀਏ ਤਾਜ਼ਾਤਰੀਨ ਡੇਰਾ... ਇਸਦੇ ਦਰਮਿਆਨ ਚੱਲਦੇ ਆਏ ਸਾਰਿਆਂ ਡੇਰਿਆਂ ਵਿੱਚ ਅਧਿਐਨ ਤੋਂ ਤਾਂ ਕਿਨਾਰਾ ਹੀ ਕੀਤਾ ਜਾਂਦਾ ਆਇਆ ਹੈ, ਲਗਾਤਾਰ ਵਾਰ ਵਾਰ ਮਾਨਸਿਕ ਸ਼ੋਸ਼ਣ ਹੁੰਦਾ ਆਇਆ ਹੈ. ਬੜੂ ਸਾਹਿਬ ਅਤੇ ਅਕਾਲ ਅਕੈਡਮੀਆਂ ਸਮੇਤ ਸ਼੍ਰੋਮਣੀ ਕਮੇਟੀ ਦੀਆਂ ਵਿੱਦਿਅਕ ਸੰਸਥਾਵਾਂ ਦੇ ਅੰਦਰ ਚੱਲਦੇ ਸ਼ੋਸ਼ਣ ਤੋਂ ਵੀ ਅੰਦਰੂਨੀ ਘੇਰੇ ਵਿੱਚ ਕੋਈ ਅਣਜਾਣ ਨਹੀਂ...ਦੱਸ ਦਿਓ ਭਾਈ ਚਰਿਤਰੋਪਾਖਿਆਨ ਨੂੰ ਰੱਦ ਕਰੀਏ ਜਾਂ ਤੁਹਾਡੇ ਚਰਿੱਤਰ ਨੂੰ ? ਮੇਰੇ ਵਰਗਾ ਫਿਲਹਾਲ ਅਸ਼ਾੰਤ ਹੈ ਭਵਿੱਖ ਬਾਰੇ ਸੋਚ ਕੇ, ਸ਼ਾਯਦ ਗਲਪ ਕਿੱਸਾਕਾਰ (Fiction Novelist) ਹੋਣ ਕਰਕੇ ਇਹਨਾਂ ਨਾਟਕਾਂ ਵਾਲਿਆਂ ਦੀ ਬਾਰੀਕ ਨਿਸ਼ਾਨਦੇਹੀ ਸਮਝ ਆਉਣੀ ਸੌਖੀ ਲਗਦੀ ਹੈ, ਹੁਣ ਹੇਠ ਲਿਖੀਆਂ ਕੜੀਆਂ ਜੋੜਿਓ, ਉਹ ਵੀ ਭਾਵਨਾਵਾਂ ਨੂੰ ਸੰਭਾਲ ਕੇ...
- ਕੀ ਗੁਰਮੀਤ ਰਾਮ ਰਹੀਮ ਇੰਸਾ ਨੂੰ ਸਿੱਖ ਨਹੀਂ ਗਿਣਿਆ ਜਾਊ ? ਪੰਦਰ੍ਹਾਂ ਸਾਲ ਪਹਿਲੋਂ ਗੁਰਮੀਤ ਸਿੰਘ ਨੇ ਆਪਣੇ ਡੇਰੇ ਵਿੱਚ ਵਿਸਾਖੀ ਦੇ ਅੰਮ੍ਰਿਤ ਸੰਚਾਰ ਸਮਾਗਮ ਨੂੰ ਰੂਹਾਨੀ ਜਾਮ ਕਹਿ ਕੇ ਸ਼ਰਬਤ ਪਿਲਾਇਆ ਸੀ ਤੇ ਪੂਰਾ ਓਵੇਂ ਦਾ ਦ੍ਰਿਸ਼ ਰਚਿਆ ਸੀ ਜਿਵੇਂ ਦਾ ਸਾਡੀ ਮਾਨਤਾ ੧੬੯੯ ਦੀ ਵਿਸਾਖੀ ਪ੍ਰਤੀ ਹੈ. ਪੰਥ ਵਿੱਚ ਬਵਾਲ ਹੋਇਆ, ਸਿਆਸਤ ਭਖੀ ਅਤੇ ਮਗਰੋਂ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਸਿੱਖੀ ਪ੍ਰਚਾਰ ਦੇ ਰਾਜਨੀਤੀਕਰਨ ਦਾ ਹਿੱਸਾ ਬਣੇ, ਜਿਸਦੇ ਸਿੱਟੇ ਵਜੋਂ ੨੦੧੫ ਵਿੱਚ ਹੋਏ ਸਰਬੱਤ ਖਾਲਸੇ ਦੇ ਚੱਬੇ ਇਕੱਠ ਵਿੱਚ ਜਥੇਦਾਰੀਆਂ ਲੈ ਗਏ, ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਜੇਕਰ ਮਿਸ਼ਨਰੀਆਂ ਦੇ ਹੱਕ ਚ ਖੜ੍ਹ ਕੇ ਚੱਬੇ ਨਾ ਜਾਣ ਦਾ ਫੈਸਲਾ ਨਾ ਲੈਂਦੇ ਤਾਂ ਯਕ਼ੀਨਨ ਜੱਥੇਦਾਰੀ ਇਹਨਾਂ ਪੱਲੇ ਵੀ ਮਿਲਣੀ ਸੀ. ਪਰ...ਇਹ ਸਿਆਸਤ ਹੈ, ਭੋਲੀ ਸੰਗਤ ਇਸਨੂੰ ਪ੍ਰਚਾਰ ਸਿੱਖੀ ਪ੍ਰੇਮ ਅਤੇ ਪਤਾ ਨਹੀਂ ਕੀ ਕੁਝ ਮੰਨੀ ਜਾ ਰਹੀ...ਸਭ ਸਿਆਸਤ ਦਾ ਹਿੱਸਾ ਹੈ ਇਹ ਗੱਲ ਮੰਨ ਲੈਣੀ ਚਾਹੀਦੀ ਹੈ. ਪਰ ਸਰਕਾਰੀ ਕਾਗਜ਼ਾਤ ਵਿੱਚ ਗੁਰਮੀਤ ਸਿੰਘ ਹੀ ਹੈ, ਅੱਜ ਵੀ ਅਤੇ ਮਰਨ ਉਪਰੰਤ ਵੀ... ਜੇ ਅਜਿਹਾ ਨਹੀਂ ਤਾਂ ਅਕਾਲ ਤਖਤ ਤੋਂ ਗੈਰ ਸਿੱਖ ਨੂੰ ਤਨਖਾਹ ਅਤੇ ਮਾਫ਼ੀ ਵਾਲੀ ਘਟਨਾ ਦਾ ਕੀ ਕੋਈ ਤੁਕ ਬਚਣਾ ? ਪੰਥ ਵਿੱਚੋਂ ਛੇਕੇ ਹੋਏ ਲੋਕਾਂ ਵਿੱਚ ਵੀ ਭਾਵੇਂ ਪ੍ਰੋਫੈਸਰ ਦਰਸ਼ਨ ਸਿੰਘ ਵੱਲੋਂ ਅਕਾਲ ਤਖ਼ਤ ਦੀ ਹੋਂਦ ਅਤੇ ਜਥੇਦਾਰੀ ਦੇ ਨਿਜ਼ਾਮ ਉੱਪਰ ਸਵਾਲ ਚੁੱਕਣ ਤੋਂ ਲੈ ਕੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਉਤੇ ਫੇਰਬਦਲ ਕਰਨ ਵਾਲੀ ਘਟਨਾ ਹੋਵੇ ਜਾਂ ਨਿਊਜ਼ੀਲੈੰਡ ਵਿੱਚ ਸਰਦਾਰ ਹਰਨੇਕ ਸਿੰਘ ਗਿੱਲ ਨੂੰ ਪੰਥ ਵਿੱਚੋਂ ਛੇਕੇ ਜਾਣ ਮਗਰੋਂ ਮਚਾਏ ਗਏ ਰੌਲੇ ਦੀ ਕਹਾਣੀ, ਡਾਕਟਰ ਹਰਜਿੰਦਰ ਸਿੰਘ ਦਿਲਗੀਰ ਵੱਲੋਂ ਬਕਾਇਦਾ ਯੂਟਿਉਬ ਉੱਤੇ ਦਿੱਤੀਆਂ ਅਕਾਲ ਤਖਤ ਵਾਲਿਆਂ ਨੂੰ ਧਮਕੀਆਂ... ਕੀ ਇਸ ਸਭ ਵਿੱਚ ਇਹਨਾਂ ਨੂੰ ਸਿੱਖ ਕਹਿਣ ਮੰਨਣ ਤੋਂ ਇਨਕਾਰ ਹੋ ਸਕਦੇ ਹਾਂ ? ਅੱਛਾ ਇੱਕ ਪਲ ਲਈ ਮੰਨੋ ਕਿ ਹਾਂ ਉਹ ਸਿੱਖ ਨਹੀਂ ਨੇ, ਵੈਸੇ ਇਹਦੇ ਵਿੱਚ ਇਹ ਜਾਣਕਾਰੀ ਵੀ ਸ਼ਾਮਿਲ ਕਰ ਲਈਏ ਕਿ ਗੁਰਮੀਤ ਸਿੰਘ ਢਿੱਲੋਂ ਖਾੜਕੂਵਾਦ ਦਾ ਭਗੌੜਾ ਹੈ ਜੋਕਿ ਸ਼ਾਹ ਸਤਿਨਾਮ ਦੇ ਡੇਰੇ ਵਿੱਚ ਜਾ ਵੜਿਆ ਸੀ, ਇਹਨਾਂ ਵੱਲੋਂ ਕੀਤੇ ਕੰਮ ਕਿਸਨੂੰ ਨੁਕਸਾਨ ਦੇ ਰਹੇ ? ਹਿੰਦੂ ਸਨਾਤਨ ਧਾਰਾ ਦੇ ਕਿਸੇ ਬ੍ਰਾਹਮਣ ਨੂੰ ਇਹਨੇ ਢਾਹ ਲਾਈ ? ਕਿਹੜੇ ਬ੍ਰਾਹਮਣੀ ਕਰਮ ਵਿਰੁੱਧ ਕਾਰਜ ਕੀਤਾ ? ਬਲਕਿ ਪੰਜਾਬ ਹਰਿਆਣੇ ਦੇ ਲੋਕਾਂ ਦੇ ਆਪਸੀ ਟਕਰਾਅ ਵਿੱਚ ਹਿੰਸਾਤਮਕ ਪੁੱਠ ਚੜ੍ਹਾਉਣ ਦੇ ਵਹਿਸ਼ੀ ਬੀਜੇ ਨੇ. ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜ ਕੇ ਬੇਅਦਬੀਆਂ ਦੇ ਘਟਨਾਕ੍ਰਮ ਵਾਰੀ ਮੈਂ ਲਿਖਿਆ ਵੀ ਸੀ ਕਿ ਸਾਨੂੰ ਹਰ ਗੰਦੇ ਬੰਦੇ ਨੂੰ ਪੰਥ ਚੋਂ ਛੇਕਿਆ ਕਹਿਣ ਦੀ ਬਜਾਏ ਉਹਦੀ ਹਾਜ਼ਰੀ ਪੰਥ ਮੂਹਰੇ ਸੁਨਿਸਚਿਤ ਕਰਨੀ ਪਏਗੀ, ਭਾਵੇਂ ਕਿ ਇਹਦੇ ਨਾਲ ਹੌਲੀ ਹੌਲੀ ਬਾਕੀ ਵੀ ਇਸ ਘੇਰੇ ਵਿੱਚ ਆਉਣ, ਅਕਾਲ ਤਖ਼ਤ ਇਕੱਲਾ ਨਾਓਂ ਦਾ ਅਕਾਲ ਤਖਤ ਨਾ ਬਣਾਓ, ਪਿੰਡਾਂ ਦੇ ਮਸਲੇ ਪੰਚਾਇਤੀ ਰਾਜ ਜਿਹੜਾ ਕਿ ੧੯੯੪ ਐਕਟ ਅਧੀਨ ਪਾਰਲੀਮੈਂਟ ਦਾ ਹੱਥਠੋਕਾ ਬਣਿਆ ਉਹਨੂੰ ਤੋੜਨ ਲਈ ਪਿੰਡਾਂ ਦੇ ਗੁਰਦੁਆਰਿਆਂ ਦੀ ਅਹਿਮੀਅਤ ਵਧਾਓ, ਗੁਰਮਤੇ ਕੱਢੋ ਜਿਸਦੇ ਨਾਲ ਸਾਡੀ ਸੰਸਥਾਗਤ ਪਕੜ ਜਿਹੜੀ ਡੇਰਾਵਾਦੀ ਅਤੇ ਪੂਜਾ ਧਾਨ ਖਾਣ ਵਾਲੀ ਨਾ ਰਹਿ ਜਾਵੇ, ਪ੍ਰਕਾਸ਼ ਸਿੰਘ ਬਾਦਲ ਵਰਗੇ ਰਾਜਨੀਤਕ ਗਲਬੇ ਤੋਂ ਬਚਣਾ ਐਨਾ ਸੌਖਾ ਨਹੀਂ.... ਪ੍ਰਕਾਸ਼ ਸਿੰਘ ਬਾਦਲ ਗੁਰਬਚਨ ਸਿੰਘ ਨਿਰੰਕਾਰੀਏ, ਰਾਧਾਸੁਆਮੀਏ, ਦਾਦੁਵਾਲੀਏ ਅਤੇ ਮੌਜੂਦਾ ਸਾਰੇ ਢਾਂਚੇ ਦੀ ਰਗਾਂ ਵਿੱਚ ਬੈਠਾ ਹੈ ਇਹ ਗੱਲ ਨੇੜਿਓਂ ਮਹਿਸੂਸ ਕਰ ਸਕਿਆਂ ਸਮੇਂ ਦੇ ਨਾਲ ਨਾਲ ਤਸਵੀਰਾਂ ਵੀ ਸਾਹਮਣੇ ਆਈ ਜਾਣਗੀਆਂ. ਜਿਹੜੀ ਕਾਂਗਰਸ ਨੂੰ ਜਰਨੈਲ ਸਿੰਘ ਭਿੰਡਰਾਂਵਾਲਿਆਂ ਪਿੱਛੇ ਸਾਜਿਸ਼ਕਰਤਾ ਦੇ ਤੌਰ ਉੱਤੇ ਮੌਜੂਦਾ ਸਮੇਂ ਵਿੱਚ ਮੀਡੀਆ ਦੀ ਧਿਰਾਂ ਰੌਲਾ ਪਾ ਰਹੀਆਂ, ਜੇ ਕੱਲ੍ਹ ਨੂੰ ਇਹ ਤਸਵੀਰ ਬਾਹਰ ਨਿਕਲ ਕੇ ਆਵੇ ਕਿ ਮੋਤੀ ਮਹਿਲ ਤੋਂ ਹੀ ਹੁਣ ਦੀ ਗਤੀਵਿਧੀਆਂ ਪ੍ਰਚਲਿਤ ਹੋਈਆਂ ਨੇ...ਕੀ ਸਮਝੋਗੇ ? ਇਹ ਇੱਕ ਗੁੰਝਲ ਹੈ..ਠੀਕ ਓਵੇਂ ਹੀ ਜਿਵੇਂ ਅਸੀਂ ਕਾਸ਼ੀਪੁਰ ਵਾਲੇ ਬਾਬਾ ਜੀ, ਜੱਪਨਾਮ ਨੂੰ ਡੇਰਾ ਸੱਚਾ ਸੌਦਾ ਅਤੇ ਸ਼ਾਹ ਸਤਨਾਮ ਨਾਲ ਜੋੜਨ ਦੇ ਨਾਲ ਹਰਿਆਣੇ ਨੂੰ ਹਿੰਦੂ ਸੂਬਾ ਮੰਨ ਕੇ ਚੱਲ ਰਹੇ ਹਾਂ. ਹੋਸ਼ ਕਰੋ...ਕੁਝ ਕੋਸ਼ਿਸ਼ ਕਰਨ ਨਾਲ ਤਸਵੀਰ ਨਜ਼ਰੀਂ ਆ ਜਾਵੇਗੀ !
- ਜਿਹੜੇ ਬੰਦਿਆਂ ਨੂੰ ਸੌਖੇ ਸ਼ਬਦਾਂ ਵਿੱਚ ਗੱਲ ਸਮਝ ਆਉਣ ਦੀ ਆਦਤ ਹੈ ਉਹ ਇੰਨਾ ਸਮਝ ਲੈਣ ਕਿ ਵੀਹ ਸਾਲ ਵੱਖ ਵੱਖ ਨਾਵਾਂ ਵਿੱਚ ਰਹਿ ਕੇ ਅਖੀਰ ਰਾਮ ਮੁਹੰਮਦ ਸਿੰਘ ਆਜ਼ਾਦ ਕਹਿਣ ਵਾਲੇ ਨੂੰ ਅਸੀਂ ਊਧਮ ਸਿੰਘ ਮੰਨਦੇ ਹਾਂ ਤਾਂ ਇਧਰ ਵੀ ਗੁਰਮੀਤ ਰਾਮ ਰਹੀਮ ਸਿੰਘ ਸਿਰਫ ਗੁਰਮੀਤ ਸਿੰਘ ਰਹੇਗਾ, ਨਹੀਂ ਤਾਂ ਇਤਿਹਾਸ ਵਿੱਚ ਇੰਸਾ ਮੱਤ ਨੂੰ ਪ੍ਰਮਾਣਿਕਤਾ ਦੇਣ ਵਾਲਾ ਸਮਾਜ ਸਿੱਖ ਸਮਾਜ ਬਣ ਜਾਏਗਾ...ਹਰ ਗੱਲ ਉੱਤੇ ਹੱਸੀ ਨਾ ਜਾਇਆ ਕਰੋ ਕੁਝ ਸੰਜੀਦਗੀ ਦਾ ਲੜ ਫੜ ਲਵੋ.
- ਗੁਰਮੀਤ ਰਾਮ ਰਹੀਮ ਦੀ ਭੇਖ ਵਾਲੀ ਕਹਾਣੀ ਸੇਲੀ ਟੋਪੀ ਅਤੇ ਪੇਸ਼ਵਾ ਪਗੜੀ ਅਤੇ ਦਸਤਾਰ ਰਹੀ ਹੈ ਜਿਹਨਾਂ ਸਮਿਆਂ ਵਿੱਚ ਵਿਵਾਦ ਛਿੜੇ, ਓਸ ਪਿੱਛੋਂ ਉਹਨੇ ਬਹੁਤ ਪ੍ਰਪੰਚ ਰਚੇ ਅਤੇ ਉਸਦੇ ਤਮਾਮ ਕੰਮ ਬੇਹੱਦ ਸੰਗੀਨ ਨੇ. ਇੰਨੇ ਖ਼ਤਰਨਾਕ ਕਿਸਮ ਦੀ ਸਾਜਿਸ਼ਾਂ ਨੂੰ ਪਨਾਹ ਦੇਣ ਵਾਲਿਆਂ ਸਰਕਾਰਾਂ ਦੇ ਇਮਾਨ ਉੱਤੇ ਕਦੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਇਸੇ ਕਰਕੇ ਸਿੱਖ ਸਫਾਂ ਵਿੱਚ ਪੂਰੀ ਹਲੀਮੀ ਨਾਲ ਇੱਕ ਅਰਦਾਸ ਬੇਨਤੀ ਕਰਦੇ ਹਾਂ ਕਿ ਆਪਣੇ ਮਸਲਿਆਂ ਨੂੰ ਸੁਲਝਾਉਣ ਲਈ ਪੰਥਕ ਵਿਹੜੇ ਅੰਦਰ ਮੰਚ ਬਖਸ਼ੋ ਅਤੇ ਸਾਰੇ ਵਿਦਵਾਨਾਂ ਨੂੰ ਓਥੇ ਸੱਦੇ ਵੰਡੋ, ਜਿਹਨਾਂ ਦਾ ਵਿਦਵਾਨਾਂ ਦੀ ਧਾਰਨਾ ਉੱਤੇ ਯਕ਼ੀਨ ਨਹੀਂ ਉਹ ਆਪਣੇ ਵੱਖਰੇ ਵਿੱਦਿਅਕ ਰੁਤਬੇ ਵਧਾਉਣ ਅਤੇ ਜੇ ਇਹ ਵੀ ਨਹੀਂ ਸਰਦਾ ਤਾਂ ਚੁੱਪ ਕਰਕੇ ਆਪਣੇ ਕੰਮਕਾਰ ਕਰੋ ਜ਼ਿੰਦਗੀ ਕੱਟੋ ਤੇ ਤੁਰਦੇ ਫਿਰਦੇ ਨਜ਼ਰੀ ਆਓ, ਵਾਧੂ ਦਾ ਵਧਾਣ ਪਾਉਣ ਵਾਲੇ ਹਰ ਬੰਦੇ ਨੂੰ ਨਜਿੱਠਣ ਲਈ ਸਾਡੀ ਕੋਈ ਅਧਿਕਾਰਕ ਸੋਚ ਹੋਣੀ ਚਾਹੀਦੀ ਹੈ.
ਸੰਸਥਾਗਤ ਨਿਸ਼ਾਨੇ ਕਿਹੜੇ ਮਕਸਦ ਰੱਖਣ ਜਾ ਰਹੇ ਨੇ ?
ਸਵਾਲ ਔਖਾ ਨਹੀਂ ਹੈ, ਅਸੀਂ ਗਵਾਹ ਹਾਂ ਸਰਕਾਰੀ ਧਿਰਾਂ ਦੀ ਉਹਨਾਂ ਗੱਲਾਂ ਤੋਂ ਜਿਹੜੀਆਂ ਕਿ ਭਾਈ ਜਰਨੈਲ ਸਿੰਘ ਖਾਲਸਾ ਸੰਬੰਧੀ ਆਪਣੇ ਅਮਲੇ ਦੁਆਰਾ ਪ੍ਰਚਾਰਦੇ ਰਹੇ ਨੇ, ਇਥੋਂ ਤੱਕ ਕਿ ਦਰਬਾਰ ਸਾਹਿਬ ਅੰਦਰ ਔਰਤਾਂ ਦੇ ਦੇਹ ਵਪਾਰ ਤੱਕ ਦਾ ਇਲਜ਼ਾਮ ਲਗਾਇਆ ਗਿਆ, ਕਈ ਮੋੜਾਂ ਉੱਤੇ, ਇਥੋਂ ਤੱਕ ਕਿ ਇੱਕ ਰੇਡੀਓ ਵਿਰਸਾ ਨਿਊਜ਼ੀਲੈੰਡ ਚੈਨਲ ਹੈ ਉਸ ਉਪਰ ਵੀ ਗੈਰ ਪ੍ਰਮਾਣਿਕ ਤੱਥਾਂ ਨੂੰ ਜਿੰਨਾ ਉੱਚਾ ਕਰਕੇ ਪ੍ਰਚਾਰਿਆ ਗਿਆ ਹੈ ਓਸ ਵਿੱਚ ਉਹਨਾਂ ਦੀ ਮਨਸ਼ਾ ਬਾਰੇ ਅਸੀਂ ਕੁਝ ਕਹਿ ਸਕੀਏ ਭਾਵੇਂ ਨਾ ਪਰ ਸਟੇਟ ਦੀ ਵਾਰਤਾ ਬੜੀ ਸਿੱਧੀ ਸਰਲ ਹੱਲ ਹੋਈ ਹੈ. ਸਿੱਖ ਰਾਜ ਦੇ ਇੱਕੋ ਵੱਡੇ ਰਾਜ ਦਰਬਾਰ,ਲਾਹੌਰ ਦੀ ਸਰਕਾਰ ਏ ਖਾਲਸਾ ਦੇ ਮੁਖੀ ਰਣਜੀਤ ਸਿੰਘ ਸ਼ੁਕ੍ਰ੍ਚ੍ਕੀਏ ਉੱਤੇ ਜਿਹੜੀਆਂ ਅਲਾਮਤਾਂ ਅਤੇ ਇਲਜ਼ਾਮ ਸਾਹਿਤ ਰਾਹੀਂ ਸਾਡੇ ਮੂਹਰੇ ਆ ਰਹੇ ਨੇ, ਰਹਿੰਦੀ ਕਸਰ ਕੱਢ ਰਹੇ ਨੇ ਉਹ ਬੋਲ ਜਿਹੜੇ ਕਿ ਪਹਿਲੋਂ ਤਾਂ ਸਿੰਘ ਸਭਾ ਲਹਿਰ ਤੋਂ ਬਾਅਦ ਸਾਨੂੰ ਗੁਰਦੁਆਰਾ ਢਾਂਚੇ ਵਿੱਚ ਬੰਨ੍ਹ ਕੇ ਰਾਜਸੀ ਪਹੁੰਚ ਤੋਂ ਖਿਲਾਰ ਦਿਤਾ ਗਿਆ, ਜਿਹੜੀ ਗੁਰਦੁਆਰਾ ਲਹਿਰ ਨੇ ਸਾਨੂੰ ਵਿੱਦਿਅਕ ਪ੍ਰੋੜ੍ਹਤਾ ਦੇ ਤਮਾਮ ਪੈਮਾਨੇ ਦੇਣੇ ਸੀ ਉਹਨੇ ਸਾਨੂੰ ਦਿੱਲੀ ਦਰਬਾਰ ਦੇ ਕਾਨੂਨੀ ਕਾਗਜਾਂ ਵਿੱਚ ਕੈਦ ਕਰ ਦਿੱਤਾ.
ਯਾਦ ਰੱਖੋ...
- ਸੰਸਥਾ ਪੰਥ ਨਹੀਂ ਹੁੰਦੀ, ਸੰਸਥਾ ਸਿਰਫ ਸਮਾਜਿਕ ਇਕੱਤਰਤਾ ਨੂੰ ਕਿਸੇ ਮਕਸਦ ਅਧੀਨ ਲਿਆਉਣ ਲਈ ਇੱਕ ਵਿਸ਼ੇਸ਼ ਸਥਾਨ ਹੁੰਦੀ ਹੈ, ਦਰਬਾਰ ਸਾਹਿਬ ਜਾਂ ਹੋਰ ਕੋਈ ਵੀ ਗੁਰੂ-ਅਸਥਾਨ ਸੰਸਥਾ ਨਹੀਂ ਹੈ... ਸਿੱਖ ਆਪਣੇ ਆਪ ਵਿੱਚ ਜੀਵੰਤ ਕਿਰਦਾਰ ਹੈ ਜੇਕਰ ਤੁਸੀਂ ਓਸ ਪੱਖੋ ਹੀਣੇ ਹੋ ਤਾਂ ਸੋਚੋ ਕਮੀਆਂ ਕਿਧਰ ਨੇ... ਸਾਡੀ ਵਿਆਖਿਆ, ਇਹ ਨਹੀਂ ਕਿ ਸੱਚ ਦੇ ਨੇੜੇ ਨਹੀਂ, ਪਰ ਲੇਖਕਾਂ ਦੀ ਕਹਾਣੀ ਤੋਂ ਪਰ੍ਹੇ ਹੋ ਚੁੱਕੀ ਹੈ. ਅਜੋਕਾ ਸਿੱਖ ਯਾ ਟਿੱਪਣੀ ਕਰਦਾ ਹੈ ਸੂਰਜ ਪ੍ਰਕਾਸ਼ ਵਰਗੇ ਗ੍ਰੰਥ ਉੱਤੇ ਜਿਸ ਦੀ ਕਹਾਣੀ ਸਰਲ ਸਪਸ਼ਟ ਹੋਣ ਦੇ ਬਾਵਜੂਦ ਨਾ ਤਾਂ ਵਿਵਾਦਾਂ ਵਿੱਚੋਂ ਪਰ੍ਹੇ ਹੋ ਰਹੀ ਤੇ ਨਾ ਹੀ ਕਿਸੇ ਖਾਸ ਫਰੇਮ ਵਿੱਚ ਰੱਖ ਕੇ ਉਹਨੂੰ ਕੋਈ ਸਰਲੀਕਰਨ ਕਰ ਰਿਹਾ. ਜਿਹੜਾ ਧੜਾ ਇਹਨੂੰ ਮੁੱਢ ਤੋਂ ਰੱਦ ਕਰਨ ਨੂੰ ਕਹਿ ਰਿਹਾ ਸਾਡੇ ਬਹੁਤੇ ਲੋਕ ਉਹਨਾਂ ਨਾਲ ਉਲਝਨ ਉਲਝਾਉਣ ਵਿੱਚ ਰੁਝੇ ਨੇ, ਸਿੱਧੀ ਸਪਸ਼ਟ ਗੱਲ ਹੈ ਕਿ ਭਾਈ ਜੇ ਸਿੱਖਣ ਸੁਣਨ ਸਮਝਣ ਦੇ ਦਰਵਾਜ਼ੇ ਭੇੜ ਲਏ ਨੇ ਤਾਂ ਕਲਜੀਭੀ ਸਵਾਲਾਂ ਦੀ ਵੀ ਪਰ੍ਹੇ ਕਰ ਲਵੋ. ਕੁਝ ਕੁ ਵਿਵਾਦੀ ਅਨਸਰਾਂ ਨੂੰ, ਜਿਹਨਾਂ ਦਾ ਸ਼ਾਯਦ ਜਖਮਾਂ ਨੂੰ ਚੱਟ ਕੇ ਦਰਦ ਦੀ ਚੀਸ ਸੁਣਨ ਦਾ ਸ੍ਵਾਦ ਆਉਂਦਾ ਉਹਨਾਂ ਵਾਸਤੇ ਲੀਗਲ, ਸਭਿਅਕ ਅਤੇ ਮੁਖਰ ਨੀਤੀ ਅਪਣਾਈ ਜਾਵੇ, ਬੰਦ ਕਮਰਿਆਂ ਵਿੱਚ ਇਜਲਾਸ ਸਾਡੀ ਕਮਜ਼ੋਰੀ ਦਾ ਹੀ ਹਿੱਸਾ ਹੈ...ਇਸ ਗੱਲ ਨੇ ਔਖੇ ਕਰ ਛੱਡਿਆ ਹੈ.
- ਸੰਸਥਾ ਦੀ ਆਪਣੀ ਸੀਮਾਵਾਂ ਅਤੇ ਕਾਨੂੰਨ ਨੇ ਉਹਦੇ ਵਿੱਚ ਕੁਤਾਹੀਆਂ ਅਤੇ ਗਲਤੀਆਂ ਨਾਲ ਅਸੀਂ ਹਾਰਦੇ ਅਤੇ ਜਿੱਤਦੇ ਹਾਂ, ਉਸਦੇ ਵਿਨਾਸ਼ ਵੀ ਹੋਣਗੇ ਅਤੇ ਪ੍ਰਕਾਸ਼ ਵੀ, ਇਸ ਲਈ ਸ਼ਬਦਚੋਣ ਬਹੁਤ ਅਹਿਮੀਅਤ ਰੱਖਦੀ ਹੈ ਜਦੋਂ ਧਰਮ ਨੂੰ ਰਿਲੀਜਿਯਨ ਕਹਿੰਦੇ ਹਾਂ, ਸਾਡੇ ਕੋਲ ਅੰਗ੍ਰੇਜ਼ੀ ਵਿੱਚ ਉਸਦਾ ਢੁੱਕਵਾਂ ਅੱਖਰ ਨਹੀਂ ਪਰ ਸੱਚਾਈ ਇਹ ਵੀ ਹੈ ਕਿ ਅਸੀਂ ਅੰਗ੍ਰੇਜ਼ਾਂ ਨੂੰ ਪੰਥ ਦਾ ਸਹੀ ਪਰਿਭਾਸ਼ਿਤ ਰੂਪ ਸਮਝਾ ਨਹੀਂ ਪਾਏ. ਪ੍ਰਾਚੀਨ ਪੰਥ ਪ੍ਰਕਾਸ਼ ਜਦੋਂ ਲਿਖਿਆ ਜਾ ਰਿਹਾ ਉਸਦੇ ਉਲੇਖ ਤੋਂ ਹਰਜਿੰਦਰ ਸਿੰਘ ਦਿਲਗੀਰ ਵੱਲੋਂ ਲਿਖੇ ਸਿੱਖ ਤਵਾਰੀਖ਼ ਦੇ ਸਫਿਆਂ ਨੂੰ ਫਰੋਲ ਪੜ੍ਹੋ ਇਤਿਹਾਸ ਕਿੰਨੇ ਵੱਡੇ ਫੇਰਬਦਲ ਵਿੱਚੋਂ ਗੁਜ਼ਰਿਆ ਇਸਦੀ ਕਹਾਣੀ ਸਮਝਣ ਉੱਤੇ ਜੋਰ ਪਾਓ ! ਜੇ ਨਹੀਂ ਕੋਸ਼ਿਸ਼ ਹੋਏਗੀ ਤਾਂ ਗੱਲ ਸਾਰੀ ਦੀ ਸੰਸਥਾ ਸ਼ਬਦ ਉੱਤੇ ਆਣ ਟਿਕੇਗੀ, ਸੂਝਵਾਨ ਬੁੱਧੀਜੀਵੀ ਵਰਗ ਨੂੰ ਪਤਾ ਹੈ ਕਿ ਇੰਸਟੀਚਿਊਸ਼ਨ ਸ਼ਬਦ ਅਤੇ ਸੈਕਸ਼ਨ ਬਹੁਤ ਸੀਮਿਤ ਜਿਹੇ ਘੇਰੇ ਦਾ ਨਾਮ ਹੈ, ਜਿਸਨੂੰ ਤੁਸੀਂ ਇੱਕ ਸੋਹਣਾ ਮਾਡਲ ਜ਼ਰੂਰ ਬਣਾ ਸਕਦੇ ਹੋ ਪਰ ਕਦੇ ਵੀ ਉਹਨੂੰ ਸਾਰਾ ਸੰਸਾਰ ਨਹੀਂ ਮੰਨ ਸਕਦੇ. ਬੱਸ ਇਹ ਨੁਕਤਾ ਹੈ, ਸਪਸ਼ਟ ਖਰੇ ਸ਼ਬਦਾਂ ਵਿੱਚ... ਕਿ ਵਾਰ ਵਾਰ ਪੰਥ ਨੂੰ, ਅਕਾਲ ਤਖ਼ਤ ਨੂੰ ਅੰਮ੍ਰਿਤਸਰ ਦੀ ਉਸ ਇਮਾਰਤ ਨਾਲ ਨਾ ਜੋੜੋ, ਉਸਦੀ ਬਣਤਰ ਸੋਨੇ ਰੰਗੀ ਭਾਵੇਂ ਤੁਸੀਂ ਚਿਤਰ ਲਈ ਹੈ ਪਰ ਉਸ ਵਿੱਚ ਕਿਸੇ ਵਿਅਕਤੀ ਦਾ ਰਾਜ ਅਤੇ ਪੂਜਾ ਨਹੀਂ ਹੁੰਦੀ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਸੇ ਅਗਾਂਹਵਧੂ ਅਗੁਆਈ ਲਈ ਵਰਤੋ ਤਾਂ ਜੋ ਤੁਹਾਨੂੰ ਇੰਸਟੀਚਿਊਸ਼ਨ ਨਾ ਸਾਬਤ ਕੀਤਾ ਜਾ ਸਕੇ.
ਸਾਡੇ ਵੀਰਾਂ ਦੀ ਬੌਧਿਕਤਾ ਤਰਸਯੋਗ ਹੈ, ਸਾਰਾ ਬੌਲੀਵੁਡ ਕਾਮ ਕਹਾਣੀਆਂ ਨਾਲ ਭਰਿਆ ਪਿਆ ਹੈ ਪਰ ਸਾਨੂੰ ਰਾਮ ਰਹੀਮ ਦੀ ਕਹਾਣੀਆਂ ਯਾ ਹਰ ਉਸ ਮਿਥਿਹਾਸਕ ਪਾਤਰ ਦੀ ਕਮੀਆਂ ਭਾਵੇਂ ਅਖੌਤੀ ਹੋਣ ਯਾ ਭਾਵੇਂ ਸਵਾਦੀ ਗਲਪ,ਫ਼ਿਕਸ਼ਨ ਸਾਡਾ ਸਾਰਾ ਸਮਾਜ ਓਵੇਂ ਹੀ ਵਹਿੰਦਾ ਜਾ ਰਿਹਾ ਹੈ, ਓਸਦੇ ਜਵਾਬ ਵਿੱਚ ਜਦੋਂ ਅੱਗੋਂ ਕਾਰਵਾਈ ਹੁੰਦੀ ਓਦੋਂ ?? ਅਗਲਿਆਂ ਨੇ ਆਪਣੇ ਸਿਰਨਾਵੇਂ ਉੱਤੇ ਹਵਨ ਕੁੰਡ ਬਾਲਣ ਦੀ ਹਿੰਮਤ ਕਰਦੇ ਨੇ ਪਰ ਉਹਨਾਂ ਦੀ ਸਮਾਜਿਕ ਇਕਾਈਆਂ ਦੇ ਨਿਸ਼ਾਨੇ ਵੇਖਣ ਦੀ ਬਾਰੀਕ ਲੋੜ ਹੁੰਦੀ ਹੈ. ਬਲਾਤਕਾਰ ਦਾ ਸ੍ਵਾਦ ਲੈਣ ਵਾਲੇ ਲੋਕ ਬਲਾਤਕਾਰੀ ਅਖਵਾਉਂਦੇ ਨੇ...ਇਹ ਵੀ ਗੱਲ ਕਿਸੇ ਸਿਆਣੀ ਹਸਤੀ ਤੋਂ ਸੁਣੀ ਸੀ. ਪਤਾ ਨਹੀਂ, ਇਸ ਸਭ ਵਿੱਚੋਂ ਸਾਨੂੰ ਕੀ ਅਤੇ ਕਿਵੇਂ ਰਸਤਾ ਮਿਲਣਾ ਹੈ ਪਰ ਦਸਤਾਵੇਜ਼ੀ ਕੰਮ ਕਰਨ ਵਾਲੇ ਹਰ ਬੁੱਧੀਜੀਵੀ ਨੂੰ ਚੁੱਪਚਾਪ ਇਹ ਗੱਲਾਂ ਉੱਤੇ ਗੌਰ ਕਰਨੀ ਪਏਗੀ. ਖਾਸਕਰ ਓਦੋਂ ਜਦੋਂ ਸਾਡੇ ਆਪਣੇ ਵਿਹੜੇ ਵੱਡੀ ਗਿਣਤੀ ਅਜਿਹੇ ਨਾਲਾਇਕ ਲੋਕਾਂ ਦੀ ਹੋ ਜਾਵੇ ਕਿ ਦੁਨੀਆਂ ਦੇ ਕਿਸੇ ਕੋਨੇ ਵਿੱਚ ਰੇਡੀਓ ਖੋਲ ਕੇ ਕੋਈ ਸਿੱਖ ਇਤਿਹਾਸ ਬਾਰੇ ਬੇਬੁਨਿਆਦ ਅਲਾਮਤਾਂ ਸੁਣਾਈ ਜਾਵੇ ਤੇ ਸਾਡੇ ਲੋਕ "ਅਸੀਂ ਸਿਆਣੇ ਹੋ ਗਏ" ਦਾ ਰੌਲਾ ਪਾ ਕੇ ਕੇਸ ਵੀ ਕਟਾਉਣ, ਗੁਰਦੁਆਰੇ ਨੂੰ ਕਰਮ-ਕਾਂਡ ਵੀ ਕਹਿਣ ਅਤੇ ਜ਼ਿੰਮੇਵਾਰੀ ਕਿਸੇ ਇੱਕ ਨੇ ਵੀ ਨਹੀਂ ਕਬੂਲੀ ਜਵਾਬਦੇਹੀ ਦੀ...ਅਜਿਹੀ ਕਹਾਣੀ ਕਿਤੇ ਹੋਰ ਦੇਖਣ ਨੂੰ ਮਿਲੀ ? ਜੇ ਕੀਤੇ ਅੱਜ ਰੇਫਰੇੰਡਮ ਹੋ ਰਿਹਾ ਹੁੰਦਾ ਤਾਂ ਸਾਡੇ ਵਿੱਚ ਕਿੰਨੇ ਭੇਖੀ ਆ ਬਹਿਣੇ ਸੀ ? ਜਿਹਨੂੰ ਰਾਜਨੀਤੀ ਦੀ ਸਮਝ ਨਹੀਂ ਉਹ ਸਾਡੇ ਰਾਜਨੀਤਕ ਆਗੂ, ਜਿਹਨੂੰ ਪੜ੍ਹਨ ਦਾ ਸਲੀਕਾ ਨਹੀਂ ਆਉਂਦਾ ਉਹ ਅਧਿਆਪਕ ਬਣਿਆ ਹੋਇਆ, ਜਿਹਨੂੰ ਬੋਲਣ ਦੇ ਚੱਜ ਹੈਨੀ ਉਹ ਰੇਡੀਓ ਟੀਵੀ ਉੱਤੇ ਹੋਸ੍ਟ ਬਣੇ ਹੋਏ... ਕਿਹੜਾ ਪਾਸਾ ਬਚਿਆ ਜਿਹੜਾ ਵਿਰੋਧੀ ਧਿਰ,ਬਿਪਰ ਦੇ ਫ਼ਿਕਸ਼ਨ ਅਧਾਰਿਤ ਘੇਰੇ ਨੂੰ ਕੱਟ ਸਕੇ ? ਵਿਗੜੀ ਹੋਈ ਤਾਣੀ ਉੱਤੇ, ਸਾਡੇ ਕਮਜ਼ੋਰ ਪੱਖਾਂ ਉੱਤੇ ਲੂਣ ਛਿੜਕਣ ਵਾਲੇ ਵਾਧੂ ਮਿਲ ਜਾਣਗੇ. ਇਸ ਖੰਡਹਰ ਬਣ ਰਹੇ ਮਾਹੌਲ ਨੂੰ ਸਮਝੋ, ਨਹੀਂ ਤਾਂ ਹੁਣ ਕੁਝ ਵੀ ਲੁਕਵਾਂ ਨਹੀਂ ਸਾਰਾ ਕੁਝ ਸਾਹਮਣੇ ਹੋਈ ਜਾ ਰਿਹਾ ਅਤੇ ਅਸੀਂ ਕੁਝ ਵੀ ਨਹੀਂ ਕਰ ਪਾ ਰਹੇ.
ਜ਼ਮਾਨਾ ਹੋਸ਼ ਭੁੱਲਾ ਏ, ਜਰਾ ਕਰ ਗੌਰ ਤੇ ਉੱਠ ਜਾਗ !
ਕੀ ਸ਼ੈਤਾਨੀ ਰਾਗ ਵੱਜੇ ਨੇ, ਝੂਲੇ ਨੇ ਚੌਰ ਤੇ ਉੱਠ ਜਾਗ !
ਕਿ ਦਮ ਮੈਂ ਹਾਰਿਆ, ਸਭ ਸਹਾਰਿਆ, ਵੇ ਨਹੀਂ ਹਰਦਾ,
ਸਿਫ਼ਰ ਤੋਂ ਬਾਅਦ ਮੱਚੇ ਨੇ,ਉੱਜੜੇ ਲਾਹੌਰ ਤੇ ਉੱਠ ਜਾਗ !
ਸਿਫ਼ਰਨਵੀਸ ਇੱਕਵਿੰਦਰ ਪਾਲ ਸਿੰਘ
੧੭ ਨਵੰਬਰ ੨੦੨੦
contact info- sifarnaama.123@gmail.com
Comments
Post a Comment