 |
ਉੱਜੜੇ ਨਾ ਖੇਤ ਹਾਲੇ, ਦੱਸਦੇ ਨਾ ਭੇਤ ਵੇ... ਕਣੀਆਂ ਦੀ ਅੱਗ ਬੁੱਲ੍ਹੇ ਕਿਰਦੇ ਨੇ ਰੇਤ ਵੇ !
|
ਬੰਦਈ ਖ਼ਾਲਸਾ
ਫਿੱਕੀ ਚਾਹਣੀ ਦੇ ਵਿੱਚ ਘੋਲੇ ਰੱਤ ਬੰਦਾ,
ਜੇ ਪਲੀ ਪਲੀ ਉਡਾਵੇ ਜਿੰਦੂ ਪੱਤ ਬੰਦਾ,
ਮੁੱਖ ਉੱਜਲੇ ਚਿਲਕਣ ਰੰਗਦੇ ਕਾਹਤੋਂ,
ਇਹੋ ਜਹੀ ਗੱਲ ਵਿਸਾਰੇ ਨਾ ਵੱਤ ਬੰਦਾ !
ਫ਼ੇ ਧੂੜਾਂ ਉੱਡੀਆਂ ਕੱਲਰ ਮੱਤ ਦੀਆਂ ਜੀ,
ਕਿਹੜੀ ਜੀਭ ਦੇ ਵਿੱਚ ਸਾਂਭੇ ਸੱਤ ਬੰਦਾ !
ਗੱਲ ਚੌਧਰ ਔਧਰ ਵੰਡ ਮੰਗੇ ਤਾਂ ਸਾਡੇ...
ਗੱਲ ਵਿਕੇ ਜਿਉਂ ਛਲਕੇ ਭੈੜੀ ਗੱਤ ਬੰਦਾ !
ਕਿਹਨੇ ਦਹਿਕਣਾ ਚੜ੍ਹਦੇ ਆਫਤਾਬ ਵਾਂਗੂੰ,
ਡੁੱਬੀ ਬੇੜੀ ਤੋਂ ਰੋਵੇ ਝਈਆਂ ਘੱਤ ਬੰਦਾ !
ਜੇ ਤੂੰ ਸਿਫ਼ਰ ਹੋਵੇਂ ਮੈਕੁੰ ਫਿਕਰ ਹੋਵੇ ਫਿਰ,
ਕਿੱਸੇ ਆਉਂਦੇ ਨਾ ਸੁਣੇ ਲਿਖਦਾ ਖਤ ਬੰਦਾ !
ਬੰਦਾ ਬੰਦੇ ਦੀ ਬਣਦੀ ਨਾ ਜਾਤ ਨੂੰ ਜਾਣੇ,
ਜਾਣੇ ਇੱਕੋ ਗੱਲ ਜੋ ਬਖਸ਼ੇ ਸੁਮੱਤ ਬੰਦਾ !
ਅਰਸੇ ਬਾਅਦ ਕਿਸੇ ਕਾਵਿ ਟੋਟੇ ਦੇ ਨਾਲ ਗੱਲ ਸ਼ੁਰੂ ਕਰਨ ਜਾ ਰਿਹਾ ਹਾਂ, ਵੈਸੇ ਗੱਲ ਬੇਹੱਦ ਸੰਜੀਦਾ ਹੈ, ਕਾਵਿ ਹਾਲੇ ਓਸ ਤਲ ਤੱਕ ਨਹੀਂ ਅੱਪੜਿਆ ਜਾਂ ਮੈਂ ਓਸ ਚੀਜ਼ ਵੱਲ ਜਾਣਾ ਨਹੀਂ ਚਾਹ ਰਿਹਾ ਕਿਉਂਕਿ ਗੱਲਾਂ ਜੇ ਕਾਵਿ ਵਿੱਚ ਹੀ ਸਮਝਣੀਆਂ ਹੁੰਦੀਆਂ ਤਾਂ ਗੁਰਬਾਣੀ ਨਾਲੋਂ ਬਿਹਤਰ ਕੋਈ ਨਹੀਂ ਪੇਸ਼ਕਸ਼ ਹੋ ਸਕੀ ਅੱਜ ਤੱਕ। ਪਰ ਖੈਰ ਇਹ ਸਭ ਲਈ ਫੇਰ ਵਿਚਾਰਾਂ ਸਹੀ, ਹੁਣ ਖਾਲਸਾ ਸ਼ਬਦ ਦੀ ਵਿਸ਼ਾਲਤਾ ਬਾਰੇ ਜੇਕਰ ਅਸੀਂ ਗੱਲ ਕਰਨੀ ਚਾਹੀਏ ਤਾਂ ਮੈਂ ਸਮਝਦਾਂ ਕਿ ਬਹੁਤ ਸਾਰਾ ਸਾਹਿਤ ਰਚਿਆ ਜਾ ਚੁੱਕਾ ਅਤੇ ਹਾਲੇ ਵੀ ਖਾਲਸਾ ਪ੍ਰਕਾਸ਼ਮਾਨ ਨਹੀਂ ਹੋਇਆ ਸਗੋਂ ਸਿੱਖੜੇ ਹੀ ਵਿਚਰ ਰਹੇ ਨੇ ਮੈਂ ਜੇਕਰ ਓਸ ਸਭ ਦੇ ਤਬਸਰਿਆਂ ਬਾਰੇ ਜ਼ਿਕਰ ਕਰਨ ਲੱਗ ਗਿਆ ਤਾਂ ਗੱਲਾਂ ਪਰਾਭੌਤਿਕ ਜਿਹੀਆਂ ਹੋ ਜਾਣਗੀਆਂ, ਖਾਲਸਾ ਸ਼ਬਦ ਕੋਈ ਅਣਹੋਇਆਂ ਦਾ ਬੋਲਾ ਨਹੀਂ ਅਤੇ ਨਾ ਹੀ ਇਸਦੇ ਐਨੇ ਤਸੱਲੀ ਨਾਲ ਵਿਸਤਾਰ ਦਾ ਅਲੋਪ ਹੋਣਾ ਕੋਈ ਆਮ ਗੱਲ ਹੈ। ਇਹੀ ਤਾਂ ਸਾਡੀ ਸਮੱਸਿਆ ਹੈ ਕਿ...
ਇਸ ਦੀਨ ਦੇ ਇਲਹਾਮ ਵਿੱਚ ਅੱਖਰ ਵਤਨ ਬਚਾਏ ਜਾ ਰਹੇ ਨੇ,
ਐਥੇ ਬੰਦਾ ਮਰ ਗਿਆ ਜੀ ਹੁਣ ਬੱਸ ਕਫਨ ਨਚਾਏ ਜਾ ਰਹੇ ਨੇ !
ਕਫਨ ਹੈ ਬੜੇ ਕਮਾਲ ਦਾ, ਇਹਦੇ ਵਿੱਚ ਇਤਰ ਵੀ ਹੈ, ਗੁਲਾਲ ਵੀ ਹੈ, ਕੇਸਰ ਵੀ ਅਤੇ ਨਮਕ ਵੀ...ਸਾਡੀ ਦੇਹ ਨੂੰ ਗਲਣ ਨਹੀਂ ਦੇ ਰਿਹਾ, ਮੈਂ ਤਾਂ ਕਦੇ ਕਦੇ ਸੋਚਦਾਂ ਕਿ ਕਾਸ਼ ਸਾਡੀ ਦੇਹ ਗਲ ਜਾਵੇ, ਸਾਡਾ ਸਰੂਪ ਕਿਧਰੇ ਅਲੋਪ ਜਾਵੇ ਤਾਂ ਘੱਟੋ ਘੱਟ ਦੋਬਾਰਾ ਖਾਲਸਾ ਸੁਰਜੀਤ ਵਿੱਚ ਹੋਣ ਲੱਗਿਆਂ ਥੋੜੀ ਮੁਕੰਮਲ ਖਸਲਤ ਲੈ ਕੇ ਜਨਮੇ ! ਹਾਲੇ ਤਾਂ ਸਾਡੇ ਅੰਦਰ ਜਿਹੜੀ ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮੁ ॥ ਕਿਰਤ ਅਤੇ ਕਰਮ ਨੂੰ ਆਪੋ ਵਿੱਚ ਵਿਛੋੜਿਆ ਅਤੇ ਉਸਨੂੰ ਪ੍ਰਮਾਣ ਦੇ ਕੇ ਇਹਨਾਂ ਨੂੰ ਮਿਲਾਉਣ ਦੀ ਅਰਦਾਸ ਵਿੱਚ ਉਸ ਰਾਮ ਨੂੰ ਸੰਬੋਧਿਤ ਕੀਤਾ ਗਿਆ। ਰਾਮੁ, ਏਕੋ ਹੈ...ਗੁਰਬਾਣੀ ਵਿਆਕਰਣ ਅੰਦਰ ਸ਼ਬਦ ਦੇ ਅਖੀਰ ਵਿੱਚ ਲੱਗੀ ਔਂਕੜ ਦਾ ਅਰਥ ਇੱਕ-ਵਚਨ ਹੁੰਦਾ ਹੈ, ਹੁਣ ਕਿਰਤਿ ਅਤੇ ਕਰਮ ਨੂੰ ਨਿਖੇੜਨਾ ਹੋਵੇ ਤਾਂ ਇਹਨੂੰ ਸਰਲ ਅਰਥਾਂ ਵਿੱਚ ਇਹ ਗੱਲ ਨੂੰ ਸਮਝਣਾ ਸ਼ੁਰੂ ਕਰੀਏ ਜਿਹੜੀ ਮੌਜੂਦਾ ਭਾਸ਼ਾ ਦੀ ਕੋਡਿੰਗ ਰੂਪ ਵਿੱਚ ਦਰਜ ਹੁੰਦੀ ਹੈ। Business & Technical Minded Jobs includes into industrial and corporate viewing pursue for mutual diplomacy, ਇਹ ਖੇਤਰ ਕਿਰਤ ਦੇ ਘੇਰੇ ਵਿੱਚ ਆਉਂਦਾ ਹੈ, ਵੈਸੇ ਜੇ ਮੈਂ ਸ਼ਬਦ ਦੀ ਪੁਰਾਤਨਤਾ ਦੇ ਮੁਤਾਬਿਕ ਗੱਲ ਕਰਾਂ ਤਾਂ "ਕ੍ਰਿਸ਼ੀ" ਜਿਸਨੂੰ ਕਿਰਸਾਣੀ ਕਹਿੰਦੇ ਹਾਂ, ਜਿਸ ਵਿੱਚੋਂ ਸਿਰਜਣਾ ਦੇ ਰਸਤੇ ਖੁੱਲਦੇ ਨੇ, ਉਸਦੀ ਤੰਦ ਮਨੁੱਖ ਦੇ ਕਰਮ ਦਾ ਹਿੱਸਾ ਹੁੰਦੀ ਹੈ ਅਤੇ ਜਦੋਂ ਕਰਮ ਸਿਰਜਣਾ ਤੋਂ ਟੁੱਟ ਜਾਣ ਫੇਰ ਤੁਸੀਂ ਭਾਵੇਂ ਦੁਨੀਆਂ ਭਰ ਦੇ ਰੁਝੇਵੇਂ ਅੰਦਰ ਕੈਦ ਹੋਵੋ ਤੁਹਾਡੀ ਤਾਕਤ ਨਹੀਂ ਵਧਣੀ ! ਵੈਸੇ ਇਹ ਅਜੀਬ ਜਿਹੀ ਗੱਲ ਹੈ ਕਿ ਇੱਕ ਪਾਸੇ ਬਾਜ਼ਾਰਵਾਦ ਹੈ ਦੂਜੇ ਪਾਸੇ ਸਿਰਜਣਾ ਦਾ ਖੇਤਰ, Production & Consumption ਉਤਪਾਦਨ ਨੂੰ ਖਪਤਕਾਰ ਤੱਕ ਪਹੁੰਚਾਉਣ ਤੱਕ ਵਪਾਰੀ ਵਿਭਾਗ ਨੂੰ ਆਖਰ ਤੋੜਿਆ ਕਿਉਂ ਜਾ ਰਿਹਾ ? ਹੁਣ ਖਿਚੜੀ ਜਿਹੀ ਮੈਂ ਖਿਲਾਰੀ ਹੈ, ਚੁੱਕਣ ਲੱਗੇ ਪਹਿਲੋਂ ਵਾਲੀ ਗਲਤੀ ਨਾ ਕਰਿਓ ! ਇੱਕ ਇੱਕ ਕਰਕੇ ਚੁਗਿਓ ਹੁਣ ਇਹ ਕਿਆਰੀ ਵਿੱਚ ਖਿੰਗਰਾਂ ਤੇ ਰੋੜ ਦੇ ਨਾਲ ਫੁੱਲ ਵੀ ਚੁਗਣੇ ਨੇ ਅਤੇ ਸਮੇਂ ਦੀ ਅੱਗ ਵਿੱਚ ਸੜ ਕੇ ਸੁਆਹ ਹੋਈ ਪ੍ਰੰਪਰਾਵਾਂ ਦੀ ਢੇਰੀ ਵਿੱਚੋਂ ਕੁਝ ਮਣੀਆਂ ਜਿਹੇ "ਫੁੱਲ" ਵੀ...
ਅਸੀਂ ਸਾਰੀ ਤਵਾਰੀਖ਼ ਨੂੰ ਆਪੋ ਆਪਣੀ ਥਾਵੇਂ ਕਿਉਂ ਨਹੀਂ ਰੱਖਦੇ ?
"ਗੁਰਬਾਣੀ ਤਿੰਨ ਕਾਲ ਸਤਿ ਹੈ", ਪਰ ਮੇਰਾ ਮੰਨਣਾ ਹੈ ਕਿ ਇਥੇ ਕਹਾਣੀ ਤਿੰਨ ਨਹੀਂ ਚਾਰ ਕਾਲ ਦੀ ਹੈ... ਜਪੁ ਨੀਸਾਣੁ ਵਿੱਚੋਂ ਸਮਝੀਏ ਤਾਂ ਪੜ੍ਹਨ ਵਿੱਚ ਆਉਂਦਾ ਹੈ ਕਿ ਆਦਿ ਵੀ, ਜੁਗਾਦਿ ਵੀ ਹੁਣ ਵੀ ਅਤੇ ਨਿਰੰਤਰ ਧਾਰਾਪ੍ਰਵਾਹ ਭਵਿੱਖ ਅੰਦਰ ਵੀ ਸਤਿ ਹੀ ਰਹਿਣੀ ਹੈ। ਹੁਣ ਤੱਕ ਅਸੀਂ ਇੱਕ ਮੁੱਢਲੀ ਗਲਤੀ ਨਹੀਂ ਦਰੁਸਤ ਕਰ ਸਕੇ ਕਿ ਤਿੰਨ ਕਾਲ ਦਾ ਸਿਧਾਂਤ ਸ਼ਾਸਤਰਾਂ ਦੀ ਵਿਆਖਿਆ ਦਾ ਹਿੱਸਾ ਹੈ, ਗੁਰਬਾਣੀ ਨੇ ਤਿੰਨ ਕਾਲ ਨੂੰ ਮਾਇਆ (Artificial Intelligence) ਦਾ ਦਰਸ਼ਨ ਵਿੱਚ ਆਉਂਦਾ ਦਰਸਾਇਆ ਹੈ, ਗੁਰ-ਦਰਸ਼ਨ ਵਿੱਚ ਚਾਰ ਜੁਗਾਂ ਵਿੱਚ ਵੰਡਿਆ ਜਾਣਾ, ਚਾਰ ਕਾਲ ਵਿੱਚ ਲਿਖਣ ਪਿੱਛੇ ਦਾਰਸ਼ਨਿਕ ਪਰਿਪੇਖ ਆਪਣੇ ਅਲੱਗ ਮਾਇਨੇ ਰੱਖਦਾ ਹੈ, ਪਰ ਸਮਾਜਿਕ ਪਰਿਪੇਖ ਵਿੱਚ ਜਦੋਂ ਚਾਰ ਰੰਗਾਂ ਵਿੱਚ ਵੰਡਣਾ ਹੋਵੇ ਓਦੋਂ ਜ਼ਿੰਦਗੀ ਨੂੰ ਵੀ ਗੁਰਬਾਣੀ ਨੇ ਚਾਰ ਪਹਿਰਾਂ ਵਿੱਚ ਵੰਡਿਆ, ਗੁਰਬਾਣੀ ਅੰਦਰ ਪਹਿਰੇ ਪੜ੍ਹਨ ਵਿੱਚ ਆਉਂਦੇ ਨੇ ਉਹ ਕਿਉਂ ਨੇ ? ਜੁਗਾਦਿ ਦੀ ਗੱਲ ਤਾਂ ਸਾਡੇ ਗਰਭਕਾਲ ਵਰਗੀ ਹੈ ਜਾਂ ਭਵਿੱਖ ਦੀ ਅਨਿਸਚਿਤਤਾ ਬਾਰੇ ਵੀ... ਕਿਉਂਕਿ ਅਕਸਰ ਅਸੀਂ ਇੱਕੋ ਪਾਸੇ ਖੜ੍ਹ ਕੇ ਵੇਖਣ ਵਿੱਚ ਦਿਲਚਸਪੀ ਰੱਖਦੇ ਰਹੇ ਹਾਂ, ਅਤੇ ਗੁਰਬਾਣੀ ਸੰਪੂਰਣਤਾ ਦੀ ਕੁੰਜੀ ਹੈ। ਤੁਹਾਨੂੰ ਤਵਾਰੀਖ਼ ਬਾਰੇ ਵੀ ਦੋ ਗੱਲਾਂ ਜੁਗਾਦਿ ਨਾਲ ਜੋੜ ਕੇ ਰੱਖਣੀਆਂ ਪੈਣਗੀਆਂ... ਇੱਕ ਉਹ ਜੋ ਸੰਭਵ ਨਹੀਂ ਲਗਦਾ ਪਰ ਬੜੀ ਤਰਤੀਬ ਨਾਲ ਸਿਰਜਿਆ ਜਾ ਰਿਹਾ ਅਤੇ ਦੂਸਰੇ ਉਹ ਜਿਹੜੇ ਲੋਕ ਧਾਰਾਵਾਂ ਵਿੱਚ ਵੱਸੇ ਸੰਸਕਾਰ ਸਾਨੂੰ ਸੁਭਾਵਿਕ ਰੂਪ ਵਿੱਚ ਮਿਲਦੇ ਨੇ। ਮਿਥਿਹਾਸ ਅਤੇ ਦੰਤ ਕਥਾਵਾਂ ਦੋਵੇਂ ਸਾਡੇ ਰੋਜ਼ਾਨਾ ਜੀਵਨ ਵਿੱਚ ਵਰਤੀਆਂ ਜਾ ਰਹੀਆਂ ਨੇ ਪਰ ਤਰਕ ਦੀ ਸੀਮਾ ਅਤੇ ਉਸਦੇ ਪਰਿਪੇਖ ਵਿੱਚ ਉਹ ਬੋਲ ਵਿਉਹਾਰ ਤੋਂ ਇਲਾਵਾ ਕੁਝ ਵੀ ਨਹੀਂ। ਇਸ ਗੱਲ ਨੂੰ ਜਦੋਂ ਆਦਿ,ਹੈਭੀ ਅਤੇ ਹੋਸੀ ਭੀ ਤੋਂ ਅਲਹਿਦਾ ਸਿਰਫ ਜੁਗਾਦਿ ਵਿੱਚ ਰੱਖੋ ਤਾਂ ਬਹੁਤ ਸਾਰੀਆਂ ਸਾਹਿਤਕ ਖ਼ਾਮੀਆਂ ਦਾ ਅੰਤ ਹੋ ਜਾਣਾ ਜਿਹੜੀਆਂ ਕਿ ਸਾਡੇ ਜ਼ਿਹਨ ਵਿੱਚੋਂ ਸਨਾਤਨੀ ਵਿਆਖਿਆ ਪ੍ਰਣਾਲੀ ਨੂੰ ਨਿਕਲਣ ਨਹੀਂ ਦੇ ਰਹੀ, ਅਸੀਂ ਮੁੜ ਮੁੜ ਓਸੇ ਦਲਦਲ ਵਿੱਚ ਧੱਸਦੇ ਹਾਂ ਅਤੇ ਆਪਣੀ ਦਾਰਸ਼ਨਿਕ ਸੰਪੱਤੀ ਗੁਰਬਾਣੀ ਅਤੇ ਗ੍ਰੰਥਾਂ ਨੂੰ ਨੱਕਾਲੀ ਹੋਈ ਵਿਆਖਿਆ ਪ੍ਰਣਾਲੀ ਵਿੱਚ ਹੀ ਬੰਨ੍ਹ ਬੰਨ੍ਹ ਸੁੱਟਦੇ ਹਾਂ ! ਇਸ ਲਈ ਸੱਚ ਦੀ ਕਹਾਣੀ ਸਮਝਣ ਤੋਂ ਪਹਿਲੋਂ ਸਟੀਕ ਥਾਵਾਂ ਨਿਸਚਿਤ ਕਰੋ !
ਹੁਣ ਜਿਹੜੀ ਸਮੱਸਿਆ ਹੈ, ਉਹਦਾ ਜ਼ਿਕਰ ਕਰਨ ਲਈ ਹੀ ਜੁਗਾਦਿ ਦਾ ਪਰਿਪੇਖ ਮੂਹਰੇ ਰੱਖਿਆ,ਕਿਉਂਕਿ ਗੱਲ ਜਦੋਂ ਅਸੀਂ ਤਵਾਰੀਖ਼ ਦੀ ਕਰਦੇ ਹਾਂ ਉਸ ਵਿੱਚ ਲੋੜ ਹੁੰਦੀ ਹੈ ਘਟਨਾ,ਕਾਰਕ ਅਤੇ ਕਾਰਨ ਦੀ...ਪਰ ਜਦੋਂ ਸਾਡੇ ਮੂਹਰੇ ਗੱਲ ਚੱਲਦੀ ਹੈ ਬੋਧੀਆਂ ਤੋਂ ਪਹਿਲੋਂ ਦੀ ਸਭਿਅਤਾ ਸਮਝਣ ਦੀ ਅਤੇ ਉਸ ਵਿੱਚ ਜਦੋਂ ਲਿਖਤੀ ਸਰੋਤਾਂ ਦੀ ਪੜਚੋਲ ਦਾ ਵਿਵਾਦ ਚੱਲਦਾ ਓਦੋਂ ਗਲਪ ਲੇਖਣੀ ਦੁਆਰਾ ਮਿਥਿਹਾਸਕ ਰਚਨਾਵਾਂ ਨੇ ਬਹੁਤ ਜਿਆਦਾ ਵਿਵਾਦ ਅਤੇ ਦੁਵਿਧਾਵਾਂ ਸਾਡੇ ਦਰਮਿਆਨ ਖੜੀਆਂ ਕੀਤੀਆਂ...ਜਾਂ ਮੈਂ ਇਹ ਸੰਭਾਵਨਾ ਰੱਖ ਕੇ ਚੱਲਾਂ ਕਿ ਅਸੀਂ ਵਿਸ਼ੇ ਨਾਲੋਂ ਜਿਆਦਾ ਅਹਿਮੀਅਤ ਸਮੇਂ,ਪੁਰਾਤਨਤਾ ਨੂੰ ਦੇਂਦੇ ਹਾਂ...ਆਪਣੇ ਆਪ ਵਿੱਚ ਭਾਵੇਂ ਇਹ ਗੱਲ ਠੀਕ ਹੁੰਦੀ ਹੋਵੇ ਪਰ ਵਿਵਹਾਰਿਕ ਤੌਰ ਤੇ ਵਿਸ਼ਿਆਂ ਨਾਲ ਨਾ ਸਿਰਫ ਨਾਇੰਸਾਫ਼ੀ ਹੁੰਦੀ ਹੈ ਸਗੋਂ ਇਹ ਵੀ ਮੁੱਦਾ ਰਲਗੱਡ ਹੁੰਦਾ ਹੈ ਕਿ ਲੋਕ ਮਾਨਤਾਵਾਂ ਅੰਦਰ ਫਲਸਫਾ ਕਿਹੜਾ ਕੰਮ ਕਰ ਰਿਹਾ ਹੈ ਅਤੇ ਉਸਨੂੰ ਕਿਹਨਾਂ ਸ਼ਬਦਾਂ ਦੀ ਕੁੰਜੀ ਨਾਲ ਸੁਲਝਾਇਆ ਜਾਵੇ.? ਚਲੋ ਇੱਕ ਪ੍ਰਯੋਗ ਕਰਕੇ ਵੇਖੀਏ ? ਮੈਂ ਚਾਰ ਯੁੱਗ ਵੰਡਣ ਦੀ ਹਿਮਾਕਤ ਕਰ ਰਿਹਾਂ ਤੁਸੀਂ ਸਮਝਣ ਦੀ ਖੇਚਲ ਕਰਿਓ...
1.ਸਤਿਜੁਗ - ਦੰਤ ਕਥਾਵਾਂ, ਪਰਿਕਥਾਵਾਂ ਅਤੇ ਅਤੀਤ ਦੇ ਉਹ ਸਮੁੱਚੇ ਲੋਕ ਪ੍ਰਸੰਗ ਜਿਹਨਾਂ ਦਾ ਸੰਬੰਧ ਲੋਕਾਚਾਰੀ ਸੀ !
ਰਾਗੁ ਕੇਦਾਰਾ ਬਾਣੀ ਰਵਿਦਾਸ ਜੀਉ ਕੀ
ੴਸਤਿਗੁਰ ਪ੍ਰਸਾਦਿ॥
ਖਟੁ ਕਰਮ ਕੁਲ ਸੰਜੁਗਤੁ ਹੈ ਹਰਿ ਭਗਤਿ ਹਿਰਦੈ ਨਾਹਿ॥ ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨਿ ॥੧॥ ਰੇ ਚਿਤ ਚੇਤਿ ਚੇਤ ਅਚੇਤ॥ ਕਾਹੇ ਨ ਬਾਲਮੀਕਹਿ ਦੇਖ॥ ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ ਭਗਤਿ ਬਿਸੇਖ ॥੧॥ ਰਹਾਉ॥ ਸੁਆਨ ਸਤ੍ਰੁ ਅਜਾਤੁ ਸਭ ਤੇ ਕ੍ਰਿਸਨ ਲਾਵੈ ਹੇਤੁ॥ ਲੋਗੁ ਬਪੁਰਾ ਕਿਆ ਸਰਾਹੈ ਤੀਨਿ ਲੋਕ ਪ੍ਰਵੇਸ ॥੨॥ ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ ਗਏ ਹਰਿ ਕੈ ਪਾਸਿ॥ ਐਸੇ ਦੁਰਮਤਿ ਨਿਸਤਰੇ ਤੂ ਕਿਉ ਨ ਤਰਹਿ ਰਵਿਦਾਸ ॥੩॥੧॥ (੧੧੨੪)
ਛੇ ਦਰਸ਼ਨਾਂ ਦੇ ਕਰਮ ਇੱਕਰਸ ਹੋ ਕੇ ਵੀ ਜਨਮਾਣਸ ਦੀ ਭਾਵਨਾ ਨੂੰ ਮੁਕਤੀ ਦੇਣ ਦਾ ਵਿਚਾਰ ਹਿਰਦੇ ਵਿੱਚ ਨਹੀਂ, ਓਸ ਕਰਤੇ ਦੀ ਬਿੰਦ ਕੁ ਭਰ ਹੋਂਦ ਨੂੰ ਵੀ ਇਸਦਾ ਬਿਰਤਾਂਤ,ਕਥਾ, ਭਾਉਂਦੀ ਨਹੀਂ ਹੈ ਤੁਸੀਂ ਜਿੰਨੀ ਵੀ ਬੋਲੋ ਇਹ ਤੁੱਛ ਜਿਹੀ ਹੈ। ਹੇ ਮੇਰੀ ਚੇਤਨਾ, ਤੂੰ ਚੇਤੰਨ ਹੋ ਕੇ ਚਿਤਵਨੀ ਅਤੇ ਚੇਤਨਾਹੀਣ ਭਾਵਨਾ ਨੂੰ ਯਾਦ ਕਰ। ਤੂੰ ਬਾਲਮੀਕ ਰਿਸ਼ੀ ਨੂੰ ਕਿਉਂ ਨਹੀਂ ਵੇਖਦਾ, ਕਿਹੜੀ ਜਾਤਿ ਤੋਂ ਕਿਹੜੀ ਅਵਸਥਾ ਤੱਕ ਪਹੁੰਚਿਆ. ਅਜਾਤਸ਼ਤ੍ਰੂ ਜਿਹਨੂੰ ਕੂਕਰ ਮੰਨਿਆ ਜਾ ਰਿਹਾ, ਉਹ ਆਪਣੇ ਰਾਜ ਪਰਿਵਾਰ ਤੋਂ ਨਿਥਾਵਾਂ ਹੋ ਰਹਿਆ ਅਤੇ ਸ੍ਰਿਸਟੀ ਦੇ ਕਰਤੇ,ਚਲਣਹਾਰ ਕ੍ਰਿਸ਼ਨ (ਆਮ੍ਰਪਾਲੀ) ਨਾਲ ਪ੍ਰੇਮ ਕੀਤਾ। ਲੋਕ ਉਸਨੂੰ ਨਹੀਂ ਸਲਾਹੁੰਦੇ, ਕਿਥੋਂ ਸਲਾਹੁਣਗੇ ਓਸ ਰਾਜ-ਨ੍ਰਿਤਕਾ ਨੂੰ, ਜਿਸਨੇ ਤਿੰਨ ਜਹਾਨਾਂ ਵਿੱਚ ਆਪਣਾ ਨਾਮ ਅਮਰ ਕਰ ਲਿਆ। (ਅਜਾਤਸ਼ਤਰੁ, ਬਿੰਬਿਸਾਰ ਦਾ ਪੁੱਤਰ ਸੀ, ਜਿਸਦੇ ਪ੍ਰਸੰਗ ਵਿੱਚ ਵੈਸ਼ਾਲੀ ਰਾਜ ਦੀ ਰਾਜ-ਨਾਚੀ ਆਮ੍ਰਪਾਲੀ ਨਾਲ ਨੇਹੁ ਬੱਝਾ ਉਹਦੇ ਲਈ ਜੀਵਨ-ਸਾਥਣ ਹੋਣ ਦਾ ਪ੍ਰਸ੍ਤਾਵ ਰੱਖਦਾ ਸੀ, ਪਰ ਆਮ੍ਰਪਾਲੀ ਕਿਉਂਕਿ ਉਸਦੇ ਵੱਲੋਂ ਹਮਲੇ ਅਧੀਨ ਲਈ ਗਈ ਵੈਸ਼ਾਲੀ ਗਣਰਾਜ ਦੀ ਸਮਰਪਿਤ ਧੀ ਸੀ, ਲੋਕ ਮਾਨਤਾ ਬੇਸ਼ੱਕ ਉਸਨੂੰ ਨੀਵਾਂ ਗਿਣਦੀ ਹੋਵੇ ਪਰ ਉਹ ਆਪਣੇ ਆਦਿ, ਵਰਤਮਾਨ ਅਤੇ ਗਿਆਤ ਭਵਿੱਖ ਤੱਕ ਜਾਣੀ ਗਈ। ) ਇੱਕ ਹੋਰ ਉਦਾਹਰਣ ਦੀ ਤੁਲਣਾ ਕਰਦਿਆਂ ਲਿਖਿਆ ਹੈ ਕਿ ਅਜਾਮਲ ਬ੍ਰਾਹਮਣ, ਸੋਚ ਪੱਖੋਂ ਪਿੰਗਲਾ, ਮਸਤ ਹਾਥੀ ਵਾਂਗੂੰ ਕਾਮ ਗ੍ਰਸਿਆ, ਇੱਕ ਗਨਿਕਾ ਨਾਲ ਰਹਿੰਦਾ ਹੈ, ਪਰ ਕਿਉਂਕਿ ਉਸ ਨਾਲ ਗ੍ਰਹਸਥੀ ਭੀ ਸਾਂਭੀ ਉਸਦੇ ਕਰਕੇ ਉਸਨੂੰ ਮੁਕਤ ਮੰਨਿਆ ਗਿਆ। ਜੇਕਰ ਅਜਿਹੇ ਦੁਰਮੱਤ ਵਾਲੇ ਲੋਕ ਵੀ ਲੋਕ ਪ੍ਰਵਾਨਗੀ ਹਾਸਿਲ ਕਰ ਗਏ ਅਸੀਂ ਸਾਰੇ ਜਨ ਕਿਉਂ ਨਹੀਂ ਜੀਵਨ ਸਫਲ ਕਰ ਸਕਦੇ ?
ਲੋਕਾਚਾਰੀ ਅੰਦਰ ਲੋਕਾਂ ਨੂੰ ਨਕਾਰਨ ਦਾ ਸੰਦਰਭ ਜਾਣਿਆ ਕਦੇ ? ਹਾਕਮਾਂ ਤੋਂ ਬਾਗੀ ਹੋਣਾ ਬੜੀ ਸਰਲ ਜਿਹੀ ਗੱਲ ਹੈ, ਹਕੂਮਤ ਚੰਦ ਲੋਕਾਂ ਦੇ ਸਮੂਹ ਦੀ ਬੌਧਿਕ ਤਾਕਤ, ਵਿਉਂਤ੍ਬੰਦੀ ਅਤੇ ਭਾਵਨਾਤਮਕ ਕੂਟਨੀਤੀ ਦੇ ਸਿਰ ਤੇ ਸਿਰਜੀ ਹੋਈ ਇੱਕ ਬੇੜੀ ਹੁੰਦੀ ਹੈ ਜਿਹੜੀ ਸਮੇਂ ਸਮੇਂ ਉੱਤੇ ਕਦੇ ਕਿਸੇ ਦੇ ਪੈਰੀਂ ਬੱਝਦੀ ਤੇ ਕਦੇ ਕਿਸੇ ਦੇ ਪੈਰੀਂ ਬੱਝ ਜਾਂਦੀ ! ਲੋਕ ਰਾਜ ਅਤੇ ਸ੍ਵਰਾਜ ਵੀ ਕਦੇ ਅਤੀਤ ਵਿੱਚ ਸੰਭਵ ਨਹੀਂ ਸੀ ਕਿਉਂਕਿ ਜਦੋਂ ਤੱਕ ਤੁਹਾਡੀ ਪਕੜ ਵਿੱਚ ਵੱਡਾ ਘੇਰਾ ਨਹੀਂ ਆਉਂਦਾ ਤੁਸੀਂ ਕੋਈ ਪ੍ਰਾਪਤੀ ਕਿਸ ਤਰ੍ਹਾਂ ਕਰ ਲਓਗੇ ? ਏਕਾਤਮਿਕ ਜਿਹੀ ਪਰਿਭਾਸ਼ਾਵਾਂ (Unitary Definitions) ਸਾਡੇ ਕਿਸੇ ਕੰਮ ਨਹੀਂ ਜਿਵੇਂ ਕਿ ਅਸੀਂ ਅਕਸਰ ਕਥਾਵਾਂ ਸੁਣਾਉਣ ਬਹਿ ਜਾਂਦੇ ਹਾਂ ਕਿ ਸਤਿਜੁਗ ਭਾਵ ਸੱਚਾਈ ਦਾ ਯੁੱਗ ਜਿਥੇ ਸੱਚ ਦਾ ਬੋਲਬਾਲਾ ਸੀ, ਹੁਣ ਓਦੋਂ ਦਾ ਸੱਚ ਕੀ ਸੀ ਇਹ ਤਾਂ ਪਤਾ ਨਹੀਂ ਹੈ ਫੇਰ ਕੀ ਸਮਝੀਏ ਕਿ ਹਰ ਅਣਬੁੱਝ ਚੀਜ਼ ਸੱਚ ਹੈ ? ਏਦਾਂ ਤਾਂ ਬੜੀ ਨਾਇੰਸਾਫ਼ੀ ਹੁੰਦੀ ਚਲੀ ਜਾਏਗੀ ਸੱਚ ਦੇ ਫੈਸਲੇ ਸਮਝਣ ਵਿੱਚ। ਸਤਿ ਅਤੇ ਜੁਗ ਅੱਖਰ ਸੰਧੀ ਵਿਛੇਦ ਕਰਨੇ ਜ਼ਰੂਰੀ ਨੇ ? ਸਧਾਰਨ ਪੱਧਰ ਉੱਤੇ ਜੁਗ ਨੂੰ ਕਾਲਖੰਡ ਮੰਨ ਕੇ ਬੀਤ ਚੁੱਕਿਆ ਯੁੱਗ-ਜੁਗ ਕਿਉਂ ਨਹੀਂ ਮੰਨਦੇ, ਜਿਵੇਂ ਸਾਡੀ ਆਮ ਬੋਲੀ ਹੁੰਦੀ ਸੀ ਕਿ ਫਲਾਣਾ ਹੁਕਮ ਸਤਿ ਹੋ ਗਿਆ, ਬੜੀ ਕਮਾਲ ਦੀ ਗੱਲ ਹੈ ਕਿ ਸਤਿਨਾਮੁ ਦੀ ਪਰਿਭਾਸ਼ਾ ਅੰਦਰ ਸਤਿ ਨੂੰ ਸੱਚ ਮੰਨਣ ਦੀ ਬਚਾਏ ਸਤਿ ਹੀ ਮੰਨਣ ਵਿੱਚ ਅਰਥ ਬੜਾ ਵਿਆਪਕ ਨਿਕਲਦਾ ਹੈ, ਜਾਂ ਇਹ ਮੰਨ ਲਈਏ ਕਿ ਸਤਿ ਵਿਸਤਾਰ ਦਾ ਰੂਪ ਹੈ ਅਤੇ ਵਿਸਤਾਰ ਅਨੰਤ ਹੁੰਦਾ ਹੈ। ਜਿਹੜਾ ਵਿਸਤਾਰ ਤੁਹਾਡੀ ਬਹੁਰੇਖੀ ਸਮਾਜਿਕ ਧਾਰਾ ਦੇ ਵੱਖ ਵੱਖ ਕਬੀਲਿਆਂ ਅੰਦਰ ਵੰਡਿਆ, ਜਿਸਦੇ ਲਿਖਤੀ, ਮੌਖਿਕ ਅਤੇ ਸੰਭਾਵਿਤ ਪ੍ਰਚਲਨ ਅਲੋਪ ਹੋ ਚੁੱਕੇ ਨੇ ਉਹਨੂੰ ਸਤਿਜੁਗ ਕਹੀਏ, ਉਸ ਕਾਲ ਬਾਰੇ ਉੱਡਦੀਆਂ ਉੱਡਦੀਆਂ ਗੱਲਾਂ ਜਾਂ ਦਾਅਵੇ ਮਿਲਣ ਉਹਨੂੰ ਦੰਤ ਕਥਾਵਾਂ, ਜਾਂ ਪਰੀਕਥਾ ਮੰਨ ਕੇ ਸਾਡੇ ਸਾਹਿਤ ਵਿੱਚ ਪ੍ਰਵਾਨਿਆ ਅਤੇ ਪੌਰਾਣਿਕ ਸ਼ਾਸਤਰਾਂ ਦੇ ਉਲੇਖਾਂ ਵਿੱਚ ਜਦੋਂ ਕਲਮ-ਬੱਧ ਕੀਤਾ ਉਹਨਾਂ ਰਿਚਾਵਾਂ ਨੂੰ ਰਚਨਾਵਾਂ ਦੇ ਪਰਿਭਾਸ਼ਿਤ ਰੂਪ ਅੰਦਰ ਸਿਰਫ ਚੋਣਵੀਆਂ ਆਦਰਸ਼ ਕਥਾਵਾਂ ਹੀ ਸ਼ਾਮਿਲ ਹੋਈਆਂ। ਹੁਣ ਨਾਲ ਨਾਲ ਇੱਕ ਗੱਲ ਹੋਰ ਸਪਸ਼ਟ ਲਿਖ ਰਿਹਾਂ ਕਿ ਕਾਲਖੰਡ ਨਾ ਵੰਡ ਲਿਓ ਇਹਦੇ ਨਾਲ, ਕਿਉਂਕਿ ਕਾਲਖੰਡ ਵੰਡਣ ਨਾਲ ਸਾਨੂੰ ਇਹ ਸਾਬਿਤ ਕਰਨਾ ਔਖਾ ਹੋ ਜਾਣਾ ਕਿ ਕੀ ਅਤੀਤ ਵਿੱਚ ਭਵਿੱਖ ਬਾਰੇ ਪਤਾ ਸੀ ? ਕੀ ਰਿਸ਼ੀ ਧਦੀਚੀ ਨੂੰ ਪਤਾ ਸੀ ਕਿ ਉਹਦੀ ਹੱਡੀਆਂ ਦੀ ਬਣੀ ਖੜਗ ਚੰਦਰ-ਹਾਸ ਨਾਲ ਦੈਂਤ ਮਾਰੇ ਜਾਣਗੇ ਤੇ ਧਰਤੀ ਦੈਂਤਾਂ ਤੋਂ ਮੁਕਤ ਹੋ ਜਾਏਗੀ ? ਦੈਂਤ ਤਾਂ ਆਪਣੇ ਆਪ ਵਿੱਚ ਭਾਰਤੀ ਖਿੱਤੇ ਦੇ ਪੁਰਾਤਨ ਨਾਮਾਂ ਅਧੀਨ ਆਉਂਦੇ ਗਣਰਾਜਾਂ ਦੇ ਵਸਨੀਕ ਮਾਤਰ ਸੀ, ਖੁਦ ਨੂੰ ਉੱਤਮ ਦੱਸਣ ਤੇ ਦੂਸਰਿਆਂ ਨੂੰ ਘ੍ਰਿਣਾ ਦੇ ਪਾਤਰ ਬਣਾਉਣ ਦੇ ਮਨੁੱਖੀ ਸੁਭਾਅ ਨੇ ਜਿਹੜਾ ਪਾੜਾ ਪਾਇਆ ਉਸਦੇ ਹੀ ਪੌਰਾਣਿਕ ਹਵਾਲੇ ਨੇ, ਇਹਨੂੰ ਹਜ਼ਾਰਾਂ ਸਾਲ ਪਹਿਲੋਂ ਕਹਿਣਾ ਜਾਂ ਦਾਅਵਾ ਕਰਨਾ ਬੇਹੱਦ ਗੈਰ-ਪ੍ਰਮਾਣਿਕ ਜਿਹੇ ਰੁਤਬੇ ਨੇ ! ਇਸ ਲਈ ਸੰਖੇਪ ਸ਼ਬਦਾਂ ਵਿੱਚ ਸਤਿਜੁਗ ਨੂੰ ਨਾਨਕਨੀਸਾਣੁ ਅਧੀਨ ਸਪਸ਼ਟ ਮੰਨੀਏ ਤਾਂ ਇਹ ਕਹਿ ਸਕਦੇ ਹਾਂ ਕਿ,
"ਸਾਡੀ ਸੁਰਤ ਉਹ ਪੱਖ ਜਿਹੜਾ ਸਾਰਥਕ ਵਿਚਾਰਾਂ ਦੀ ਵਿਵਹਾਰਿਕ ਪਹੁੰਚ ਤਾਂ ਰੱਖਦਾ ਹੈ ਪਰ ਉਸਦੇ ਲਈ ਵਰਤੇ ਜਾਂਦੇ ਕਥਾਨਕ ਬਾਰੇ ਨਿਸਚਿਤ ਬਿਓਰੇ ਨਹੀਂ ਜਾਣਦਾ, ਉਹ ਸਤਿਜੁਗੀ ਹੈ। ਉਸ ਸਾਹਿਤ ਨੂੰ ਵੀ ਅਸੀਂ ਪੁਰਾਤਨ ਨਹੀਂ ਸਿਰਫ ਸਤਿਜੁਗੀ ਮੰਨੀਏ ਤਾਂ ਜੋ ਵਿਆਖਿਆ ਪ੍ਰਣਾਲੀ ਨੂੰ ਥੋੜਾ ਵਿਸ਼ਵ ਵਿਆਪੀ ਕਰਨਾ ਸੁਖਾਲਾ ਜੇਹਾ ਰਹੇ !"
2.ਤ੍ਰੇਤਾ ਯੁੱਗ- ਤ੍ਰਿਭਵਣ ਤ੍ਰੈਗੁਣੀ ਤ੍ਰਿਲੋਕੀ ਨਿਜ਼ਾਮ--- ਆਦਿ ਹੈ ਭੀ ਅਰ ਹੋਸੀ ਭੀ ਕਾ ਨੀਸਾਣੁ !
ਤ੍ਰੇਤਾ ਯੁੱਗ ਸਾਡੀ ਵਿਆਖਿਆ ਉਹ ਹਿੱਸਾ ਹੈ ਜਿੱਥੇ ਆਣ ਕੇ ਵਿਅਕਤੀਆਂ ਦੀ ਪਛਾਣਾਂ ਨਿਸਚਿਤ ਹੋਣੀਆਂ ਸ਼ੁਰੂ ਹੁੰਦੀਆਂ ਹਨ, ਤ੍ਰੇਤੇ ਦਾ ਨਾਇਕ ਰਾਮਾਵਤਾਰ ਦੱਸਿਆ ਜਾਂਦਾ ਹੈ ਪੌਰਾਣਿਕ ਕਥਾਵਾਂ ਵਿੱਚ, ਮਰਿਆਦਾ ਪੁਰਸ਼ੋਤਮ ਉਸਦੀ ਸਿਫ਼ਤ ਕਰਕੇ ਬਣਿਆ ਸ਼ਬਦ ਹੈ, ਜਿਸ ਵਿੱਚ ਸਾਨੂੰ ਇਹ ਸਮਝਣਾ ਪਏਗਾ ਕਿ ਆਖਰ ਉਹ ਮਰਿਆਦਾ ਕਿਸਦੀ ਰਚੀ ਹੋਈ ਸੀ ਜਿਸਦੀ ਪਾਲਣਾ ਕਰਨੇ ਰਾਮਚੰਦਰ ਨੂੰ ਮਰਿਆਦਾ ਪੁਰਸ਼ੋਤਮ ਕਿਹਾ ਗਿਆ, ਬਾਲਮੀਕ ਨੇ ਉਹ ਰਾਮਾਇਣ ਮੂਲ ਰੂਪ ਵਿੱਚ ਲਿਖੀ, ਅਜਿਹਾ ਮੰਨਿਆ ਜਾਂਦਾ ਹੈ, ਉਹ ਬਾਲਮੀਕ ਉਸ ਰਿਸ਼ੀ ਮਨੂੰ ਦੀ ਰਚੀ ਹੋਈ ਜਾਤੀ ਵਿਵਸਥਾ ਤੋਂ ਬਾਹਰਾ ਨਹੀਂ ਹੋ ਸਕਿਆ, ਜਾਂ ਮੈਂ ਇਵੇਂ ਕਹਾਂ ਕਿ ਲਿਖਾਰੀਆਂ ਨੇ ਉਹਨੂੰ ਬਾਹਰ ਆਉਣ ਨਹੀਂ ਦਿੱਤਾ ? ਅਜੋਕੀ ਰਾਮਾਇਣ ਸਵਾਮੀ ਤੁਲਸੀਦਾਸ ਦੀ ਰਚੀ ਹੋਈ ਕਥਾ ਹੈ, ਜਿਸਨੂੰ ਬਾਲਮੀਕ ਦੀ ਰਾਮਾਇਣ ਤੋਂ ਬੇਹੱਦ ਅਲਹਿਦਾ ਰੱਖਣਾ ਪਏਗਾ ! ਇਧਰ ਮਨੂ ਦੀ ਰਿਚਾਵਾਂ ਦਾ ਸੰਦਰਭ ਬੁੱਧ ਤੋਂ ਪੁਰਾਣਾ ਨਹੀਂ, ਇਸ ਲਈ ਜਿਹੜੇ ਤਕਨੀਕੀ ਕਾਰਨ ਨੇ ਉਹ ਮਜਬੂਰ ਕਰਣਗੇ ਇਹ ਸਮਝਣ ਕਿ ਚਾਰ ਜੁਗ ਇੱਕ ਵਿਆਖਿਆ ਪ੍ਰਣਾਲੀ ਦੀ ਭਿੰਨਤਾ ਮੰਗਦਾ ਹੈ, ਐਵੇਂ ਇੱਕੋ ਮੇਚ ਕੁਝ ਨਹੀਂ ! ਤ੍ਰੇਤਾ ਸੰਸਾਰ ਮਾਤਲੋਕ ਹੈ, ਜਿਹਨੂੰ ਮ੍ਰ੍ਤ੍ਯੁਲੋਕ ਕਹਿ ਕੇ ਵਿਆਖਿਆ ਕੀਤੀ ਜਾ ਚੁੱਕੀ ਹੈ, ਜੀਵਨ ਅਤੇ ਮੌਤ ਇਸ ਧਰਤੀ ਅੰਦਰ ਹੀ ਵੱਸਦੀ ਹੈ, ਬਾਹਰ ਤਾਂ ਸਭ ਓਵੇਂ ਹੀ ਘੁੰਮ ਰਿਹਾ ਹੈ ਜਿਹਨੂੰ ਜੀਵੰਤ ਅਤੇ ਮਿਰਤਕ ਕੁਝ ਵੀ ਨਹੀਂ ਕਹਿ ਮੰਨ ਸਕਦੇ...ਪੁਲਾੜ ਨੂੰ ਅਸੀਂ ਤ੍ਰੇਤੇ ਸੰਸਾਰ ਦਾ ਬਿਓਰਾ ਨਹੀਂ ਸਮਝਾ ਸਕਦੇ ਅਤੇ ਸਾਡੀ ਖਿਆਲੀ ਦੁਨੀਆਂ ਦੇ ਹੀ ਆਕਾਸ਼ ਅਤੇ ਪਾਤਾਲ ਲੋਕ, ਆਪਣੀ ਹੋਂਦ ਗੰਵਾ ਬੈਠਦੇ ਨੇ। ਇਸ ਕਿਸਮ ਦੇ ਸਾਹਿਤ ਅਤੇ ਕਥਾਨਕ ਅੰਦਰ ਆਦਰ੍ਸ਼ਵਾਦ ਦੀ ਗੱਲਾਂ ਦੇ ਸੰਗ੍ਰਹਿ ਨਾਲ ਕੀਤੇ ਸਾਹਿਤਕ ਅਤੇ ਸਮਾਜਿਕ ਘੇਰੇ ਨੂੰ ਤ੍ਰੇਤੇ ਯੁੱਗ ਵਿੱਚ ਪਰਿਭਾਸ਼ਿਤ ਕਰੀਏ ਤਾਂ ਇਹ ਗੱਲ ਸਪਸ਼ਟ ਹੋਵੇਗੀ ਕਿ ਅਸੀਂ ਜਦੋਂ ਸਾਰੀ ਸਾਰੀ ਜ਼ਿੰਦਗੀ ਬੱਸ ਮਰਿਆਦਾ, ਪਾਪ ਪੁੰਨ, ਚੰਗਾ ਮਾੜਾ ਇਹ ਸਭ ਚੀਜ਼ਾਂ ਬਿਨ੍ਹਾਂ ਕਿਸੇ ਯਥਾਰਥਕ ਸੱਚਾਈ ਨੂੰ ਕਬੂਲਦਿਆਂ ਹਰ ਇੱਕ ਪਿੱਛੇ ਲਗਾਉਣ ਬੈਠੇ ਰਹੀਏ ਤਾਂ ਤ੍ਰੇਤੇ ਜੁਗੀ ਵਿਚਾਰਾਂ ਦੇ ਧਾਰਨੀ ਹਾਂ, ਸਾਡੇ ਫਲਸਫੇ ਅੰਦਰ ਸਮੁੱਚਤਾ ਅਤੇ ਬਰਾਬਰੀ ਕਦੇ ਨਹੀਂ ਬਲਕਿ ਮਾਣ-ਅਪਮਾਨ ਅਤੇ ਗੈਰਤ-ਹੀਣਤਾ ਦੇ ਆਪਣੀ ਕਿਸਮ ਦੇ ਪੈਮਾਨੇ ਚੱਲਦੇ ਰਹਿਣਗੇ ! ਤ੍ਰੇਤੇ ਯੁੱਗ ਦੇ ਨਾਲ ਸੰਬੰਧਿਤ ਘਟਨਾਵਾਂ ਦੇ ਸੰਦਰਭ ਵੇਖ ਕੇ ਹੁਣ ਤੱਕ ਇਹੀ ਕੁਝ ਸਮਝ ਵਿੱਚ ਆਉਂਦਾ ਹੈ ਕਿ ਸਮਾਜ ਪ੍ਰਤੀ ਰਿਚਾਵਾਂ ਦਾ ਰੁਖ ਅਤੇ ਰਾਜ ਘਰਾਣਿਆਂ ਦੇ ਸੰਦਰਭ ਕੀ ਸਨ ਇਹੀ ਉਹਨਾਂ ਅੰਦਰ ਰੱਖੇ ਗਏ ਨੇ, ਲੋਕਾਚਾਰੀ ਤਾਂ ਸਿਰਫ ਸਿਰ ਸੁੱਟ ਕੇ ਪਾਲਣਾ ਕਰਨ ਵਾਲੀ ਹੈ, ਜਿਹੜੇ ਵਿਰੋਧੀ ਸਨ ਉਹ ਪਾਪੀ ਜਾਂ ਸ਼ੂਦਰ ਰਾਖਸ਼ ! ਇਸ ਹਿਸਾਬ ਨਾਲ, ਇਹ ਗੱਲ ਕਹਿ ਸਕਦੇ ਹਾਂ ਕਿ, "ਤ੍ਰੇਤਾ ਜੁਗ ਇੱਕ ਅਜਿਹਾ ਠਹਿਰਾਅ ਜਿਸ ਵਿੱਚ ਆਇਆ ਮਨੁੱਖ ਆਪਣੀ ਨੈਤਿਕਤਾ ਦਾ ਇਜ਼ਹਾਰ ਕਰਨ ਅਤੇ ਉਸਦੀ ਉਸਤਤਿ ਨਿੰਦਾ ਦੇ ਦੁਆਲੇ ਹੀ ਘੁੰਮਦਾ ਰਹਿੰਦਾ ਹੈ. ਮਨੋਵਿਗਿਆਨ ਦੇ ਪੈਮਾਨੇ ਅੰਦਰ ਜੀਵ ਵਿਗਿਆਨ ਅਤੇ ਖਗੋਲ ਸ਼ਾਸਤਰ ਦੇ ਮਸਲੇ 'ਤੇ ਵਿਚਾਰ ਬੇਹੱਦ ਮੁੱਢਲੇ ਪੱਧਰ ਉੱਤੇ ਪਣਪ ਰਿਹਾ ਹੁੰਦਾ ਹੈ, ਇਹ ਅੱਜ ਹੀ ਨਹੀਂ ਪਿਛਲੇਰੇ ਸਮੇਂ ਵਿੱਚ ਵੀ ਬੇਹੱਦ ਅੱਧ ਅਧੂਰੀ ਗੱਲ ਦਾ ਪਰਿਪੇਖ ਰੱਖ ਕੇ ਉਹਨੂੰ ਦਰਸ਼ਨ ਕਿਹਾ ਮੰਨਿਆ ਜਾਣ ਲੱਗੇ, ਜਾਂ ਹੋਰ ਸੌਖੇ ਸ਼ਬਦਾਂ ਵਿੱਚ ਕਹਾਂ ਕਿ ਜੋ ਗੱਲ ਤੁਹਾਡੀ ਆਦਰਸ਼ਵਾਦੀ ਨੈਤਿਕ ਕਦਰਾਂ ਕੀਮਤਾਂ ਤੋਂ ਸ਼ੁਰੂ ਹੋ ਕੇ ਇਹਨਾਂ ਉੱਤੇ ਹੀ ਜੀਵਨ ਕੇਂਦ੍ਰਿਤ ਰੱਖੇ ਅਤੇ ਜੀਵਨ ਦੇ ਯਥਾਰਥ ਤੋਂ ਇੱਕਤਰਫਾ ਫਲਸਫਾ ਸਿਰਜਣ ਨਾਲ ਜੋੜ ਕੇ ਰੱਖਣਾ ਇਹ ਤ੍ਰੇਤੇ ਜੁਗ ਦਾ ਮੁੱਖ ਸੂਚਕ ਹੈ ਅਤੇ ਇਸ ਵਿੱਚ ਸਦਾ ਆਮ ਲੋਕਾਚਾਰ ਗਾਇਬ ਹੁੰਦਾ ਹੈ- ਕਿਉਂਕਿ ਸਾਰਾ ਜ਼ੋਰ ਦੈਵੀ ਕਿਸਮ ਦਾ ਵਿਆਖਿਆਨ ਕਰ ਦੇਣ ਵਿੱਚ ਲੱਗਿਆ ਜਿਸ ਵਿੱਚ ਵਰਣ-ਵੰਡ ਪ੍ਰਧਾਨ ਹੈ। ਜੇਕਰ ਇਸ ਗੱਲ ਨੂੰ ਧਰਾਤਲ ਤੋਂ ਮਾਨਸਿਕ ਤਲ ਤੇ ਲੈ ਜਾਓ ਤਾਂ ਸਾਰੀ ਗੱਲ ਸਹਿਜੇ ਸਮਝ ਆ ਜਾਣੀ ! ਤ੍ਰੇਤੇ ਜੁਗ ਦਾ ਵਰਤਾਰਾ ਮਨੁੱਖ ਅੰਦਰ ਬਹੁਤਾਤ ਵਿੱਚ ਵਰਤਦਾ ਹੈ।"
3..ਦੁਆਪਰ ਜੁਗ-ਦੋ ਭਾਏ ਭੈਅ ਭਉ ਭਾਉ ਵਿਆਪਕ ਹੋਇ, ਕਰਮ-ਬੰਧਨ ਬਿਹੰਗਮ ਯੋਗ ਯਥਾਰਥ ਹੋਇ!
ਸਤਿਜੁਗ ਦਾ ਲੋਕਾਚਾਰ ਸਮਝਣ ਵਾਲੇ ਵਿਅਕਤੀ ਲਈ ਸਾਰੀਆਂ ਘੁੰਡੀਆਂ ਖੁੱਲ੍ਹਦੀਆਂ ਜਾਣ ਬੇਸ਼ੱਕ, ਪਰ ਫਿਲਹਾਲ ਫੇਰ ਵੀ ਨੁਕਤਾ ਦਰ ਨੁਕਤਾ ਸਮਝਣਾ ਜ਼ਰੂਰੀ ਹੈ ਅਤੇ ਖਾਸਕਰ ਉਹਨਾਂ ਲਈ ਜਿਹੜੇ ਦੁਵਿਧਾ ਅੰਦਰ ਨੇ ਕਿ ਗੁਰਬਾਣੀ ਅੰਦਰ ਅਤੀਤ ਦੇ ਕਥਾਨਕ, ਯੁਗ ਅਵਤਾਰ ਅਤੇ ਵਿਅਕਤੀ-ਪ੍ਰਸੰਗ ਕਿਹੜੇ ਸੰਦਰਭ ਵਿੱਚ ਆਏ ਹੋਣਗੇ ? ਦੁਆਪਰ ਯੁੱਗ ਆਪਣੇ ਆਪ ਵਿੱਚ ਧਾਂਤ ਦੀ ਪਹਿਚਾਣ ਵਿਕਸਿਤ ਹੋਣ ਲੱਗੀ, ਯਾ ਸਰਲਤਾ ਵਿੱਚ ਇਵੇਂ ਕਹਾਂ ਕਿ ਕਪੋਲ ਦੰਤ-ਕਥਾਵਾਂ ਤੋਂ ਅੱਗੇ ਵਧ ਕੇ ਜਦੋਂ ਸਮਾਜਿਕ ਧਰਾਤਲ ਉੱਤੇ ਉਤਰਦੀ ਰਿਚਾਵਾਂ (ਰਚਨਾਵਾਂ) ਸਾਹਮਣੇ ਆਈਆਂ ਤਾਂ ਉਹਦੇ ਅੰਦਰ ਦੋ ਅਹਿਮ ਰਿਚਾਵਾਂ ਨੇ...ਇੱਕ ਤਾਂ ਰਿਸ਼ੀ ਵਿਆਸ ਦਾ ਲਿਖਿਆ ਮਹਾਂਭਾਰਤ ਅਤੇ ਸ੍ਰੀਮਦ ਵਾਸੁਦੇਵ ਕ੍ਰਿਸ਼ਨ ਵੱਲੋਂ ਉਚਾਰੀ ਗਈ ਸ੍ਰੀਮਦ ਭਾਗਵਤ ਗੀਤਾ (ਜੋਕਿ ਗੀਤ ਕਹਿਣਾ ਜਿਆਦਾ ਢੁੱਕਦਾ ਹੈ, ਵੇਦਾਂ ਦੇ ਆਪਣੇ ਅਰਥ ਵੀ ਗੀਤ ਹੀ ਸਨ ) ਇਹਨਾਂ ਦੋਹਾਂ ਦੇ ਵਿਸ਼ੇ ਇੱਕ ਖਾਸੀਅਤ ਹੈ, ਜਿੱਥੇ ਮਹਾਂਭਾਰਤ ਯਦੁਵੰਸ਼ ਅਤੇ ਕੁਰੁਵੰਸ਼ ਦੀ ਆਪਸੀ ਦਵੰਧ ਭਰੀ ਕਹਾਣੀ ਦਾ ਤਿਕੋਣਾ ਭੇੜ ਦੱਸਦੇ ਹੋਏ ਸਮਾਜ ਨੂੰ ਕਾਫੀ ਖੁਲਾਸੇ ਨਾਲ ਪੇਸ਼ ਕਰਦੀ ਹੈ, ਓਥੇ ਭਾਗਵਤ ਗੀਤਾ ਮੈਦਾਨੇ ਜੰਗ ਵਿੱਚ ਮਨੋਵਿਗਿਆਨ ਅਤੇ ਉਪ੍ਭਾਵੁਕਤਾ ਬਾਰੇ ਤੰਦਾਂ ਖੋਲ੍ਹਦਾ ਗ੍ਰੰਥ ਹੈ। ਇਹ ਜੁਗ ਦੁਵਿਧਾਵਾਂ ਦਾ ਸੂਚਕ ਹੈ, ਇਹਦੇ ਵਿੱਚ ਖੁੱਲ ਕੇ ਮਰਿਆਦਾਵਾਂ ਦੇ ਅੰਦਰ ਆਈਆਂ ਕਮਜ਼ੋਰੀਆਂ ਉੱਤੇ ਸਵਾਲ ਉਠਦੇ ਅਤੇ ਕਈ ਪਰਿਪੇਖ ਉੱਸਰਦੇ ਢਹਿੰਦੇ ਰਹਿੰਦੇ ਨੇ ਪ੍ਰਸੰਗ ਵਿੱਚ ਜਦੋਂ ਕੋਈ ਮੋੜ ਆਵੇ ਤਾਂ ਇਸ ਦਵਾਪਰ ਜੁਗ ਦੇ ਸੁਭਾਅ ਨੂੰ ਮੰਨਣਾ ਪੈਂਦਾ ਹੈ। ਇਸ ਜੁਗ ਦੀ ਵਾਦੀ ਇਹ ਹੈ ਕਿ ਇਸ ਵਿੱਚ ਬਹਿਸ ਦੀ ਆਵਾਜ਼ ਬਹੁਤ ਉੱਚੀ ਹੁੰਦੀ ਹੈ, ਜੋਕਿ ਤਕਰੀਬਨ ਜੰਗ ਨਾਲੋਂ ਵੱਧ ਤਣਾਅ-ਪੂਰਨ ਅਤੇ ਬਿਖੜੇ ਰਾਹ ਦੀ ਹੁੰਦੀ ਹੈ। ਇਸਦਾ ਸੰਖੇਪ ਵੀ ਦਿਲਚਸਪ ਜਿਹਾ ਹੈ, ਸਮਝ ਕੇ ਵੇਖੋ... "ਸਮਾਜਿਕ ਜੀਵਨ ਜਾਚ ਦੋ ਪੜਾਵਾਂ ਅੰਦਰ ਵੰਡੀ ਹੋਈ ਹੈ... ਦਿਨ ਰਾਤ ਵਾਂਗੂੰ ਸੂਰਯਵੰਸ਼ੀ ਤੇ ਚੰਦ੍ਰਵੰਸ਼ੀ ਵੰਡੇ ਗਏ... ਪਿਤ੍ਰਿਸੱਤਾ ਅਤੇ ਮਾਤਭੂਮੀ ਦੇ ਪ੍ਰਸੰਗ ਵੰਡੇ ਅਤੇ ਇਸਦੇ ਵਿੱਚ ਆਉਣ ਨਾਲ ਇੱਕ ਗੱਲ ਸਪਸ਼ਟ ਹੋਈ ਕਿ ਖਗੋਲ-ਸ਼ਾਸਤਰ ਦੇ ਨਾਲ ਨਾਲ ਪੁਲਾੜ ਦੀ ਪਕੜ ਮਜਬੂਤੀ ਵੱਲ ਵਧੀ....ਇਸਦੀ ਤਰੱਕੀ ਅਤੇ ਪੈਦਾਇਸ਼ ਕਿਹਨਾਂ ਸਰੋਤਾਂ, ਲਿਖਤਾਂ ਤੋਂ ਹੋਈ ਇਹ ਗੱਲ ਬੜੀ ਜ਼ਰੂਰੀ ਸਮਝਣੀ ਪਏਗੀ, ਜਿਸ ਵਿੱਚ ਤੁਹਾਡੇ ਕੋਲ ਸਹੀ ਗਲਤ ਦੋਹਾਂ ਦੀ ਸੰਭਾਵਨਾ ਹੋਵੇ ਉਹਦੇ ਵਾਸਤੇ ਲੇਖਣੀ ਦਾ ਪੜਾਅ ਦੁਆਪੁਰ ਜੁਗ ਤੋਂ ਅੱਗੇ ਵਧਣਾ ਪਏਗਾ !"
4. ਕਲਜੁਗ- ਕਲ ਕਾਲਖ ਥੀਂ ਕਾਲ੍ਬੱਧ ਕਲ-ਪੁਰਜ਼ੇ ਦੀ ਬੱਧੀ ਲੇਖਣੀ !
ਇਸ ਕਲਜੁਗ ਨੂੰ ਧਿਆਨ ਲਿਆਉਣ ਵੇਲੇ ਜਦੋਂ ਹਾਰਵਰਡ ਯੂਨੀਵਰਸਿਟੀ ਦੇ ਰਿਸਰਚ ਟੇਸਟਾਮੈਂਟ ਬਾਰੇ ਇੱਕ ਵਾਰੀ ਸੁਣਿਆ ਸੀ ਕਿ ਜੈਵਿਕ ਖੇਤੀ ਦੇ ਖਾਦ-ਪਦਾਰਥਾਂ ਤੋਂ ਲੈ ਕੇ ਖਨਿਜ ਪਦਾਰਥਾਂ ਨੂੰ ਏਸ਼ੀਆ ਤੋਂ ਤਸਕਰੀ, ਖਰੀਦ ਅਤੇ ਅਨਮਨੁੱਖੀ ਤਰੀਕੇ ਨਾਲ ਕਰਕੇ ਆਪਣੇ ਮੁਲਕ ਦੀ ਲਖਾਇਕ ਕਰਾਰ ਦੇਣ ਪਿੱਛੇ ਜਦੋਂ ਤਕਨੀਕੀ ਕਾਰਨ ਦੇਖਣ ਲੱਗੇ ਤਾਂ ਤਕਨੀਕ ਤੋਂ ਇਲਾਵਾ ਵੱਡਾ ਪੱਖ ਕੋਈ ਵੀ ਨਹੀਂ ਜਿਸ ਦੇ ਨਾਲ ਝੂਠੇ ਹਵਾਲੇ ਅਤੇ ਉਲੇਖ ਸਿਰਜਨੇ ਅਤੇ ਐਲਗੋਰਿਦਮ ਨਾਮ ਦੀ ਕੰਪਿਉਟਰਾਈਜ਼ ਤਕਨੀਕ ਦੇ ਸਫਰ ਤੋਂ ਪਹਿਲੋਂ ਤੱਕ ਦਾ ਤਮਾਮ ਕਲ-ਪੁਰਜ਼ੇ ਦੀ ਤਹਿਰੀਰ ਅੰਦਰ 14ਵੀਂ - 15ਵੀਂ ਸਦੀ ਤੋਂ ਸ਼ੁਰੂ ਹੋਇਆ ਵਿਆਖਿਆ ਰੂਪ ਉਲੇਖਯੋਗ ਹੈ। ਨਾਨਕਨੀਸਾਣੁ ਭਾਵ ਬਾਬੇ ਨਾਨਕ ਦੇ ਵਿਚਾਰਕ ਪ੍ਰੋੜ੍ਹ ਹੋਣ ਦੇ ਵੇਲੇ ਤੋਂ ਜਦੋਂ ਫਲਸਫਾ ਇਕ ਨਵੀਂ ਹੋਂਦ ਨੂੰ ਗ੍ਰਹਿਣ ਕਰਨ ਲੱਗਿਆ ਓਦੋਂ ਮਸ਼ੀਨੀ ਯੁਗ ਦੀ ਖਾਸਕਰ ਮਕੈਨੀਕਲ ਖੇਤਰ ਵਿਕਸਿਤ ਓ ਚੁੱਕਾ ਸੀ ਅਤੇ ਕਲਜੁਗ ਸੰਬੋਧਨ ਹੁੰਦਾ ਹੈ,ਤਾਂ ਇਹ ਗਲ ਸਮਝਣੀ ਪਏਗੀ ਕਿ ਕਾਲਖੰਡ ਤੋਂ ਬਾਹਰਾ ਕੁਝ ਵਿਆਪਕ ਹੈ। ਗਣਿਤ ਅਤੇ ਵਿਗਿਆਨ ਸਾਂਝੇ ਰੂਪ ਅਤੇ ਭਾਸ਼ਾ ਲਿੱਪੀ ਆਪਣੇ ਵਖਰੇਵੇਂ ਭਰੇ ਰੂਪ ਵਿੱਚ ਕੰਮ ਰਕ ਰਹੀ ਹੈ। ਸਤਿਗੁਰੁ ਨਾਨਕ ਸਾਹਿਬ ਵੱਲੋਂ ਛੇੜੀ ਗਈ ਸਾਹਿਤਕ ਯੁੱਗ ਪਲਟੇ ਦੀ ਦਾਸਤਾਨ ਹਜੇ ਵੀ ਗੁਰੂ ਗ੍ਰੰਥ ਸਾਹਿਬ ਤੋਂ ਅਛੋਹ ਪਈ ਹੈ। ਸਾਡੀ ਸੁਰਤ ਹਜੇ ਲਿਖਤ ਦੇ ਬਾਹਰੀ ਪ੍ਰਭਾਵ ਅਤੇ ਤਬਸਰੇ ਤੱਕ ਸੀਮਿਤ ਹੈ ਉਸਦੇ ਸਿਧਾਂਤਕ ਮਾਣਕਾਂ ਨੂੰ ਸਮਾਜ ਦੀ ਰਗਾਂ ਵਿੱਚ ਦੌੜਦਾ ਕਦੇ ਵੇਖਦੇ ਹੀ ਨਹੀਂ ! ਕਲਜੁਗ ਸੱਚਮੁਚ ਕਲਜੁਗ ਹੈ ਜਿਸ ਵਿੱਚ ਕਲ-ਮਸ਼ੀਨ ਦਾ ਜੋਰ ਚੱਲਦਾ ਹੈ ਇਥੇ ਵਿਅਕਤੀ, ਪਰਿਵਾਰ ਸਮਾਜ ਵਰਗੀ ਜੈਵਿਕ ਇਕਾਈਆਂ ਵੀ ਮਸ਼ੀਨ ਦੇ ਪੁਰਜੇ ਵਾਂਗ ਰਹਿ ਗਈਆਂ ਜਿਸ ਵਿੱਚ ਨਾ ਕੋਈ ਅਨੁਰਾਗ ਰਿਹਾ, ਨਾ ਪ੍ਰੇਮ ਨਾ ਹੀ ਕਿਸੇ ਕਿਸਮ ਦੀ ਮੋਹ ਭਾਵਨਾ ! ਹੁਣ ਤਾਂ ਔਰਤ ਮਰਦ ਦੋ ਸਰੀਰ ਰਹਿ ਗਏ, ਉਹਨਾਂ ਦੇ ਸੰਬੰਧਿਤ ਕਿਰਿਆਵਾਂ ਦੇ ਉਲੇਖ,ਚਰਚੇ ਵਿਉਹਾਰ ਅਤੇ ਸ਼ੰਕੇ ਬੱਸ.... ਕਲਜੁਗ ਦੇ ਜੋਰ ਅੰਦਰ ਇੱਕ ਨੈਤਿਕ ਸਮਝ ਵੀ ਫਿੱਕੀ ਹੁੰਦੀ ਜਾ ਰਹੀ ਹੈ ਕਿ ਵਿਕਾਰਾਂ ਤੋਂ ਪਾਰ ਵੀ ਜਿਉਂਦੇ ਰਹਿ ਸਕਦੇ ਹਾਂ ! ਪ੍ਰਭੁਤਾ ਨੂੰ, ਨਾਮਣੇ ਖੱਟਣ ਨੂੰ ਐਨੀ ਤਵੱਜੋ ਹੈ ਕਿ ਦੁਨੀਆਂ ਉੱਤੇ ਜੇਕਰ ਇੱਕ ਵੀ ਕੰਮ ਅਸੀਂ ਸਾਰਥਕ ਕਰੀਏ ਤਾਂ ਉਹ ਕਿਧਰੇ ਦਰਜ ਹੋਣਾ ਚਾਹੀਦਾ ਹੈ, ਵਰਨਾ ਸਾਡੀ ਭਾਵਨਾ ਅੰਦਰ ਮਨੁੱਖ ਜੀਵਨ ਦਾ ਆਦਰਸ਼ਕ ਭਾਗ ਇਉਂ ਬਣਨ ਦੀ ਸੁਰੂਆਤ ਹੋਈ ਸੀ ਕਿ ਸੰਸਾਰ ਵਿੱਚ ਸੇਵਾ-ਬਿਰਤੀ ਨਾਲ ਨਿਮਰਤਾ ਅਧੀਨ ਜਿਉਣਾ, ਪਰ ਕਲਜੁਗ ਦੇ ਅੰਦਰ ਜਿਵੇਂ ਮਸ਼ੀਨ ਕੋਲ ਦਿਮਾਗ ਨਹੀਂ, ਇੱਕ ਮ੍ਕੈਨਿਜ਼ਮ ਹੈ ਓਵੇਂ ਮਨੁੱਖ ਕਿਸੇ ਦਰਸ਼ਨ ਦੇ ਮ੍ਕੈਨਿਜ਼ਮ ਵਾਲੇ ਚੌਖਟੇ ਬੱਝ ਕੇ ਕੰਮ ਕਰਦਾ ਹੈ। ਸਾਡੇ ਨਾਨਕ-ਪੰਥੀਆਂ ਅਤੇ ਖਾਲਸਾਈ ਸਿੰਘਾਂ ਵਿੱਚ ਵੀ ਤੁਸੀਂ ਇੱਕ ਗੱਲ ਸਾਂਝੀ ਇਉ ਮਿਲੇਗੀ ਕਿ "ਗੁਰ ਨਾਨਕ ਦਾ ਫਲਸਫਾ ਇਉਂ ਨਹੀਂ ਕਹਿੰਦਾ, ਉਸਦਾ ਕਹਿਣਾ ਇਉਂ ਹੈ.." ਇਸ ਤੋਂ ਅੱਗੇ ਜਿਹੜੀ ਵੀ ਗੱਲ ਨੂੰ ਕਰ ਰਹੇ ਹੋਣਗੇ ਉਹ ਦੂਜੇ ਦਰਸ਼ਨ ਦੀ ਦਲੀਲ ਨੂੰ ਕੱਟਣ ਤੱਕ ਸੀਮਿਤ ਹੈ, ਮੌਲਿਕ ਨਾਨਕਨੀਸਾਣੀ ਦਰਸ਼ਨ ਪੇਸ਼ ਕਰਦੀ ਚਰਚਾਵਾਂ ਬੇਹੱਦ ਘੱਟ ਨੇ ਅਤੇ ਜੇਕਰ ਉਹ ਖੁੱਲ੍ਹੀਆਂ ਤਾਂ ਸੰਭਾਵਿਤ ਹੈ ਸਾਡੇ ਝਗੜੇ ਬੀਤੇ ਵਾਲੇ ਘਟਣਗੇ ਪਰ ਨਾਸ੍ਮ੍ਝਾਂ ਨੇ ਕਲੇਸ਼ ਵਧਾਉਣ ਉੱਤੇ ਜੋਰ ਦੇਣਾ ਹੈ, ਕਿਉਂਕਿ ਦਰਸ਼ਨ ਦੀ ਵਾਦੀ ਇਹੋ ਹੈ ਕਿ ਉਹ ਸੋਚ ਦੇ ਗਹਿਰੇ ਮੰਡਲ ਵਿੱਚ ਧੱਸ ਜਾਂਦਾ ਹੈ ਜਿਸਨੂੰ ਧੋਣਾ ਸੌਖਾ ਨਹੀਂ !! ਜਿਵੇਂ ਮਸ਼ੀਨੀ ਪੈਦਾਵਾਰ ਨੇ ਮਨੁੱਖੀ ਸਰੀਰ ਨੂੰ ਨਿੱਸਲ ਕੀਤਾ ਓਵੇਂ ਮਾਨਸਿਕ ਤੌਰ ਉੱਤੇ ਸਾਡੇ ਕੋਲ ਨਿਖੇੜਨ ਦੀ ਸਮਰੱਥਾ ਵੀ ਬੇਹੱਦ ਨਿਗੂਣੀ ਹੁੰਦੀ ਜਾ ਰਹੀ ਹੈ। ਕਲਜੁਗ ਪ੍ਰਤੀ ਖਾਸੀਅਤ ਇੱਕੋ ਹੈ ਕਿ, "ਬੀਤੇ ਸਾਰੇ ਜੁਗਾਂ ਦਾ ਜਨ੍ਮਦਾਤਾ ਇਹੀ ਦੌਰ ਹੈ ਜਿਸ ਵਿੱਚ ਅਗਲੇ ਦੌਰ ਦਾ ਕੋਈ ਅਤਾ ਪਤਾ ਨਹੀਂ ਸਿਰਫ ਬੀਤੇ ਸਾਹਿਤਕ ਪਰਿਪੇਖਾਂ ਨੂੰ ਉਲਝਾ ਕੇ ਅਸੀਂ ਸਾਹਿਤ ਦੇ ਲੰਬੇ ਦੌਰ ਨੂੰ ਪੜ੍ਹ ਨਹੀਂ ਪਾਏ ਅਤੇ ਸ਼ਾਯਦ ਜੇ ਮੈਂ ਇਹ ਕਹਾਂ ਕਿ ਮੇਰੇ ਮੰਨਣ ਅਨੁਸਾਰ ਉਪਰੋਕਤ ਪਰਿਭਾਸ਼ਾ ਤੋਂ ਇਲਾਵਾ ਬਾਕੀ ਪਰਿਭਾਸ਼ਾਵਾਂ ਅਧੀਨ ਆਉਂਦੇ ਚਾਰ ਜੁਗ ਕਿਸੇ ਕਾਲਖੰਡ ਦੇ ਮੁਥਾਜ ਨਹੀਂ, ਲੱਖਾਂ ਵਰ੍ਹਿਆਂ ਦੀ ਗੱਲਾਂ ਸਿਵਾਏ ਕਾਲਪਨਿਕ ਸੰਸਾਰ ਦੇ ਹੋਰ ਕੋਈ ਵੀ ਅਹਿਮੀਅਤ ਨਹੀਂ ਰੱਖਦੀ ਤਾਂ ਸ਼ਾਯਦ ਇਸ ਗੱਲ ਦਾ ਵੱਡਾ ਇਤਰਾਜ਼ ਮੰਨਿਆ ਜਾਏਗਾ ! ਮਸ਼ੀਨੀ ਯੁੱਗ ਦੇ ਵਿਰਤਾਂਤ ਨੂੰ ਜਦੋਂ ਕੋਈ ਵਿਗਿਆਨ ਦਾ ਯੁੱਗ ਕਹਿਣ ਦੀ ਗਲਤੀ ਕਰਦਾ ਹੈ ਤਾਂ ਮੇਰਾ ਕਹਿਣਾ ਇਹੀ ਹੁੰਦਾ ਹੈ ਕਿ "ਵਿਗਿਆਨ" ਦਾ ਅਰਥ ਵਿਸ਼ਵ ਵਿਆਪੀ ਗਿਆਨ ਨਾਲ ਹੈ, ਕੱਚੀ ਕਹਾਣੀਆਂ ਨਾਲ ਗੱਲ ਨਹੀਂ ਬਣਨੀ, "ਕਲ ਆਈ ਕੁਤੇ ਮੁਹੀ ਖਾਜ ਹੋਆ ਸਿਕਦਾਰ" ਇਹਦੇ ਭਾਵ ਜਦੋਂ ਫਰੋਲਣ ਦੀ ਜਾਚ ਆ ਗਈ ਤਾਂ ਬਹੁਤ ਕੁਝ ਉਭਰ ਕੇ ਆਉਣਾ ਸਾਹਮਣੇ !"
ਹੁਣ ਵਿਉਹਾਰ ਇਹ ਕਹਿੰਦਾ ਹੈ ਕਿ ਬੰਦੇ ਨੂੰ ਬੰਦਾ ਕਹਿਣਾ ਹੈ, ਮਜ਼ਹਬ ਮਹਿਜ਼ ਲਿਬਾਸ ਨੇ..ਦੇਹ ਦੇ ਹੋਣ ਭਾਵੇਂ ਫਲਸਫੇ ਦੇ. ਬੰਦਾ ਬਹਾਦਰ, ਮਾਧੋ ਦਾਸ ਦੱਖਣ ਵਿੱਚ ਨਾਨਕਪੰਥੀ ਜਦੋਂ ਸਤਿਗੁਰ ਗੋਬਿੰਦ ਸਿੰਘ ਨੂੰ ਮਿਲਿਆ ਤਾਂ ਗੁਰਬਖਸ਼ ਸਿੰਘ ਥਾਪਿਆ ਗਿਆ ਸੀ, ਬੰਦਾ ਨਾਮ, ਉਪਨਾਮ ਵਜੋਂ ਵਰਤਿਆ ਜਾਣਾ ਨਾਨਕਨੀਸਾਣੁ ਗੁਰਸਿਖੀ ਲਈ ਇੱਕ ਸੇਧ ਸੀ, ਸ਼ਾਯਦ ਇਹ ਵੀ ਇੱਕ ਸੰਭਾਵਨਾ ਜਾਪਦੀ ਹੈ ਕਿ ਇਥੇ ਵੱਸਦੇ ਸਿੱਖ ਤੇ ਭਾਈ ਬਿਨੋਦ ਸਿੰਘ ਜਿਹੇ ਗੁਰਵੰਸੀਏ ਇਹ ਗੱਲ ਨੂੰ ਸਮਝਣ ਤੋਂ ਇਨਕਾਰੀ ਜਾਂ ਈਰਖਾ ਅਧੀਨ ਆ ਗਏ ਕਿ ਬੰਦਾ ਬਹਾਦਰ ਆਪਣੇ ਨਿਸ਼ਾਨੇ ਹੇਠ ਆ ਰਹੀ ਹਰ ਸਲਤਨਤ ਨੂੰ ਰੋਲ ਰਿਹਾ ਹੈ ਅਜਿਹੇ ਤੇਵਰ ਨਾਲ ਗੁਰੂ ਸਾਹਿਬਾਂ ਜੰਗ ਨਹੀਂ ਲਦੀ ਜਿਸ ਵਿੱਚ ਚੜ੍ਹ ਕੇ ਜਾਣਾ ਹੋਵੇ। ਰੱਖਿਆਤਮਕ ਰਹਿ ਕੇ ਪਹਿਲੇ ਪੰਜਾਂ ਦੀ ਘਾਲਣਾ ਮੂਹਰੇ ਅਗਲੇਰੇ ਨਾਨਕਨੀਸਾਣ ਆਗੂਆਂ ਦੀ ਮੀਰੀ ਪੀਰੀ ਜਿਵੇਂ ਸਮਝਣੀ ਔਖੀ ਹੋਈ ਸੀ ਓਵੇਂ ਹੀ ਖਾਲਸਾਈ ਜਲਾਲ ਜਦੋਂ ਜ਼ਾਲਮ ਦੇ ਬਰਾਬਰ ਖੰਡਾ ਲਿਸ਼੍ਕਾਉਂਦਾ ਹੈ ਉਹਨੂੰ ਸੁਣਨਾ ਅਤੇ ਆਪਣੇ ਅੱਖੀ ਵੇਖਣਾ ਸਾਰਾ ਦੌਰ, ਇਸ ਵਿੱਚ ਕਿੰਨਾ ਫਰਕ ਹੈ ਇਹ ਤਵਾਰੀਖ਼ ਅੰਦਰ "ਤੱਤ ਖਾਲਸਾ" ਅਤੇ "ਬੰਦਈ ਖਾਲਸਾ" ਵੰਡ ਕੇ ਦਿਖਾਇਆ ! ਹੁਣ ਤੱਤ ਖਾਲਸਾ ਵਾਲਿਆਂ ਨੂੰ ਕੋਈ ਇੰਨਾ ਸਵਾਲ ਕਰੇ ਕਿ ਬੰਦਾ ਬੰਦੇ ਦੀ ਖਸਲਤ ਨੂੰ ਖਾਸੇ ਅਮਲ ਵਿੱਚ ਲਿਆਉਂਦਾ ਹੈ, ਉਸ ਬੰਦੇ ਨੂੰ ਗੁਰੂਡੰਮ ਚਲਾਉਣ ਵਾਲੇ ਇਲਜ਼ਾਮ ਕਿਥੋਂ ਤੱਕ ਜਾਇਜ਼ ਨੇ ? ਬੰਦੇ ਬਹਾਦਰ ਨੂੰ ਤਾਂ ਦਿੱਲੀ ਖਤਮ ਕਰਨ ਤੱਕ ਭਾਰੇ ਸੰਗਲਾਂ ਵਿੱਚ ਬੰਨ੍ਹ ਕੇ ਰੱਖਿਆ ਸੀ, ਜਿਹੜਾ ਬੰਦਾ ਬਹਾਦਰ ਗੁਰਦਾਸ ਨੰਗਲ ਗੜ੍ਹੀ ਵਿੱਚ ਤੱਤ ਖਾਲਸਾ ਦੇ ਸਿਪਾਹੀ ਵੇਖ ਕੇ ਰੁਕ ਗਿਆ...ਕੀ ਉਹ ਮਾਤਾ ਸੁੰਦਰੀ ਜੀ ਦੇ ਕਿਸੇ ਹੁਕਮਨਾਮੇ ਤੋਂ ਇਨਕਾਰੀ ਹੋ ਸਕਦਾ ਸੀ ? ਇਤਿਹਾਸਿਕ ਪਰਿਪੇਖ ਨੂੰ ਸਮਝੋ ਤਾਂ ਖਾਲਸਾਈ ਦੌਰ ਦਾ ਅਜੋਕਾ ਸਰੂਪ ਤੁਹਾਡਾ ਵੀ ਵਿਗੜੇਗਾ ਜਿਸਨੂੰ ਤਕਰੀਬਨ ਹਰੇਕ ਤੱਤ ਖਾਲਸਾਈ ਸਿੱਖਾਂ ਨੇ ਬੰਦਈ ਖਾਲਸੇ ਨੂੰ ਬਿਲਕੁਲ ਮਿਟਾਇਆ। ਹੁਣ ਫਿਲਹਾਲ ਇੱਕੀਵੀਂ ਸਦੀ ਅੰਦਰ ਇਸ ਬਹਿਸ ਨੂੰ ਨਹੀਂ ਖਿੱਚਿਆ ਜਾ ਸਕਦਾ, ਹੁਣ ਲੋੜ ਹੈ ਖਾਲਸੇ ਰਾਜ ਦੀ ਸਬੱਬ ਭਰੀ ਨੀਤੀ ਨੂੰ ਤੋਰਿਆ ਜਾਵੇ !
ਖਾਲਸਾ ਰਾਜ - ਗੁਰਸਿੱਖ ਸੇਵਾਦਾਰ - ਸਿੰਘ ਜੰਗਜੂ
ਖਾਲਸਾ ਰਾਜ ਕੋਈ ਖ੍ਵਾਬੀ ਰੂਪ ਨਹੀਂ, ਇੱਕ ਮੌਲਿਕ ਸਿਰਜਣਾ ਹੈ ਜਿਸਦੇ ਤਖਤ ਅਨੇਕ ਨੇ, ਜਿਸਦੇ ਖਾਸੇ ਬਹੁਰੂਪ ਅਤੇ ਜਿਸਦੀ ਤਬੀਅਤ ਬਹੁਰੰਗੀ ! ਇੱਕੀਵੀਂ ਸਦੀ ਦੇ ਅੰਦਰ ਮਜਹਬਾਂ ਦੇ ਰੌਲ ਘਚੋਲੇ ਨੂੰ ਕਦੇ ਵੀ ਇਵੇਂ ਨਹੀਂ ਨਜਿੱਠਿਆ ਜਾ ਸਕਦਾ ਕਿ "ਸਿੱਖੀ ਇੱਕ ਵਿਗਿਆਨਿਕ ਧਰਮ ਹੈ", ਇਹ ਇੱਕ ਬਚਕਾਨਾ ਜਿਹੀ ਸੋਚ ਹੈ ਜਿਸਦੇ ਸਿੱਟੇ ਕਦੇ ਵੀ ਮਨਮਾਫਿਕ ਨਹੀਂ ਹੋਣੇ ਅਤੇ ਦਾਰਸ਼ਨਿਕ ਪੱਧਰ ਉਤੇ ਵੀ ਸਾਡੀ ਅਮੀਰੀ ਖੁੱਸਦੀ ਹੋਈ ਕੰਗਾਲੀ ਦਾ ਸਬੂਤ ਪੇਸ਼ ਕਰਦੀ ਰਹੇਗੀ ! ਪਲਾਇਨ ਨੂੰ ਰੋਕਣ ਲਈ ਖਾਲਸਾ ਰਾਜ ਦੀ ਲੋੜ ਹੈ, ਕੇਂਦਰ ਦੀ ਹਕੂਮਤ ਨਾਲ ਬਿਨ੍ਹਾਂ ਟਕਰਾਏ ਮਜ਼ਬੂਤ ਹੋਣ ਲਈ ਖਾਲਸਾ ਰਾਜ ਦੀ ਲੋੜ ਹੈ। ਇਲੈਕ੍ਟੋਰਲ ਸਰਕਾਰ ਦੇ ਅਖੌਤੀ ਜਮਹੂਰੀ ਨਿਜ਼ਾਮ ਨੂੰ ਜੜ੍ਹੋਂ ਪੁੱਟਣ ਲਈ ਭਾਗੀਦਾਰੀ ਪ੍ਰਬੰਧਨ ਜਿਸਦੇ ਸਿਰਲੇਖ ਦਾ ਨਾਮ ਹੀ ਖਾਲਸਾ ਰਾਜ ਹੋਵੇਗਾ, ਜਿਸਦੇ ਹਰ ਖੇਤਰ ਦੇ ਵਸਨੀਕਾਂ ਦੀ ਸ਼ਮੂਲੀਅਤ, ਉਥੋਂ ਦੇ ਮੌਲਿਕ ਜੀਆਂ ਨੂੰ ਉਹਨਾਂ ਦੇ ਹੱਥਾਂ ਵਿੱਚ ਪ੍ਰਬੰਧਨ ਜਦੋਂ ਮਿਲੇਗਾ ਤਾਂ ਲਾਜ਼ਮੀ ਤੌਰ ਤੇ ਕਾਰਪੋਰੇਟ ਘਰਾਣਿਆਂ ਦੀ ਗੁਲਾਮ ਹਕੂਮਤਾਂ ਦੇ ਦੰਭ ਮੱਧਰੇ ਕੱਦ ਵਿੱਚ ਆਉਣੇ ਸ਼ੁਰੂ ਹੋ ਜਾਣਗੇ। ਸਿਰਫ ਇੰਨਾ ਹੀ ਨਹੀਂ, ਸਥਾਨਕ ਕਾਰਪੋਰੇਟ ਘਰਾਣਿਆਂ ਨੂੰ ਲੋਕਾਂ ਦੀ ਲੋੜ ਹੈ, ਓਸ ਲੋੜ ਨੂੰ ਆਪਣੇ ਹੱਕ ਵਿੱਚ ਕਿਵੇਂ ਭੁਗਤਾਉਣਾ ਇਸਨੂੰ ਸਿੱਖ ਲਵੋ ਤਾਂ ਅਗਲੇਰੀਆਂ ਗੱਲਾਂ ਸੁਲਝ ਜਾਣਗੀਆਂ, ਕਾਰਪੋਰੇਟ ਤੁਹਾਡੇ ਹੱਕ ਚ ਆਏ ਤਾਂ ਤੁਹਾਡੀ ਜੈਵਿਕਤਾ ਨੂੰ ਕੋਈ ਖਤਰਾ ਨਹੀਂ ਰਹਿਣਾ ਸਗੋਂ ਕਾਰਪੋਰੇਟ ਵੱਡੇ ਕਾਰਪੋਰੇਟਾਂ ਨੂੰ ਧੱਕਣ ਵਿੱਚ ਪੂਰਾ ਜੋਰ ਲਗਾਉਣਗੇ ਅਤੇ ਖਾਲਸੇ ਰਾਜ ਦੀਆਂ ਕੰਧਾਂ ਮਜ਼ਬੂਤ ਹੋਣਗੀਆਂ। ਨਿਹੰਗ ਸਿੰਘਾਂ ਨੂੰ ਗ੍ਰਹਿਸਥ ਵਿੱਚ ਲੈ ਆਓ ਤਾਂ ਜੋ ਜਥੇਬੰਦਕ ਨਿਵਾਣਾਂ ਦਾ ਦੌਰ ਖਤਮ ਹੋਵੇ ਅਤੇ ਮਨੁ ਦੀ ਵਰਣ-ਆਸ਼੍ਰਮ ਵਾਲੀ ਕਾਣੀ ਵੰਡ ਮਿੱਟੀ ਚ ਰੋਲੀ ਜਾ ਸਕੇ। ਖੰਡੇ ਦੀ ਪਾਹੁਲ ਨੂੰ ਜੇਕਰ ਨਾਨਕਨੀਸਾਣੀ ਗੁਰਸਿਖੀ ਦੀ ਸਿੱਖਿਆ ਪ੍ਰਾਪਤ ਕਰਕੇ ਉਸਨੂੰ ਅੱਗੇ ਸਿਖਾਉਣ ਲਈ ਅਧਿਆਪਨ, ਪ੍ਰਬੰਧਨ, ਫੌਜ ਅਤੇ ਗੁਰਦੁਆਰੀ ਦੇਖ ਸੰਭਾਲ ਅਤੇ ਟਹਿਲ ਸੇਵਾ ਨਿਭਾਉਣ ਦਾ ਅਹਿਦਨਾਮਾ ਮੰਨੀਏ ਤਾਂ ਬੜੇ ਸੁਖਾਲੇ ਰੂਪ ਵਿੱਚ ਅਸੀਂ ਸਮਾਜਿਕ ਢਾਂਚੇ ਅੰਦਰ ਖਾਲਸੇ ਰਾਜ ਦੀ ਸਹੀ ਸਹੀ ਹੋਂਦ ਸਥਾਪਿਤ ਕਰ ਦੇਣ ਦੇ ਹਾਮੀ ਹੋਵਾਂਗੇ ! ਇਹ ਗੱਲ ਇੱਕੀਵੀਂ ਸਦੀ ਦਾ ਸਿੱਖ ਰਾਜ ਦਾ ਖਵਾਬ ਦੇਖਣ ਵਾਲਿਆਂ ਨੂੰ ਚੰਗੀ ਤਰ੍ਹਾਂ ਸਮਝਾਉਣੀ ਚਾਹੀਦੀ ਹੈ ਕਿ "ਖਾਲਿਸਤਾਨ" ਨਾਲੋਂ ਬੇਹਤਰ ਭਾਰਤੀ ਫੈਡਰਲ ਢਾਂਚਾ ਹੈ ਇਹਨੂੰ ਮਜ਼ਬੂਤ ਕਰਨ ਲਈ ਪੂਰੇ ਭਾਰਤ ਵਿੱਚ ਫੈਲੋ, ਆਹ ਜਿਹੜੇ ਸਿੱਖ ਮਿਸ਼ਨਰੀ ਮਿਸ਼ਨ ਗੁਰਦੁਆਰੀ ਗੋਲਕ ਵਧਾਉਣ ਨੂੰ ਵਹੀਰ ਤੁਰੀ ਫਿਰਦੀ ਕਥਾ ਸਮਾਗਮ ਕਰਵਾਉਂਦੀ, ਇਹਨਾਂ ਦੀ ਮੱਤ ਨੂੰ ਕੋਈ ਕਿਧਰੋਂ ਮਾੜੀ ਜਿਹੀ ਚਾਨਣ ਦੀ ਛਿੱਟ ਵੱਜੇ ਤੇ ਥੋੜਾ ਕੁ ਹੋਸ਼ ਸੰਭਾਲਣ, ਮਿਸ਼ਨ ਇਸ ਦਿਸ਼ਾ ਵੱਲ ਤੋਰਨ। ਇਹਨਾਂ ਤੋਂ ਅੱਗੇ ਹਰ ਪੜ੍ਹਨ ਸੁਣਨ ਦੇ ਮਾਇਨੇ ਵਾਲੇ ਵਿਅਕਤੀ ਨੂੰ ਇਹ ਗੱਲ ਸਮਝ ਆਉਣੀ ਚਾਹੀਦੀ ਹੈ ਕਿ ਆਖਰ ਪੜ੍ਹਨਾ ਕਿਉਂ ਜ਼ਰੂਰੀ ਹੈ, ਸਿੱਖਣਾ ਕਿਵੇਂ ਹੈ, ਕੀ ਸਿੱਖਣਾ ਹੈ ਨਾਨਕਨੀਸਾਣੁ ਦਾ ਕੇਂਦਰ ਕਿਵੇਂ ਏਕੋ ਹੈ ਅਤੇ ਉਸਦੇ ਪਸਾਰੇ ਅੰਦਰ ਪੂਰਾ ਸੰਸਾਰ ਕਿਵੇਂ ਆਉਂਦਾ ਹੈ। ਜੇ ਆਦਮ ਦੀ ਖਸਲਤ ਸਮਝਦੇ ਹੋਏ, ਆਦਮੀਅਤ ਦਾ ਰਸੂਖ ਅਸੀਂ ਸਮਝਿਆ ਹੋਵੇ ਤਾਂ ਗੁਰਸਿਖੀ ਇੱਕ ਫਿਰਕਾ ਕਦੇ ਵੀ ਨਹੀ ਰਹਿਣੀ, ਗੁਰੂ ਗ੍ਰੰਥ ਸਾਹਿਬ ਸਮੇਤ ਤਮਾਮ ਗ੍ਰੰਥ ਕਿਤਾਬਾਂ ਅਤੇ ਸਾਹਿਤ ਇੱਕ ਵਿਸ਼ਵ ਵਿੱਦਿਆਲੇ ਦੀ ਪ੍ਰਕਾਸ਼ਮਾਨਤਾ ਨੂੰ ਵਿਕਸਿਤ ਕਰਕੇ ਭਾਰਤੀ ਉਪਮਹਾਂਦੀਪ ਅੰਦਰ ਇੱਕ ਸੋਹਣਾ ਮੁਲੰਮਾ ਸਿਰਜ ਸਕਦਾ ਹੈ, ਜਿਸਦੇ ਵਿੱਚ ਸਾਡੀ ਖਾਲਸਾਈ ਸੋਚ ਦਾ ਸੋਮਾ ਅੰਮ੍ਰਿਤਸਰ, ਤੇ ਆਨੰਦਪੁਰ ਅਤੇ ਸਰਹੰਦ ਵਿੱਚ ਵਿਕਸਿਤ ਰੱਖਣ ਲਈ ਫੈਡਰਲ ਢਾਂਚੇ ਦੀ ਜੰਗ ਲੜਨੀ ਪਏਗੀ ! ਓਸੇ ਫੈਡਰਲ ਢਾਂਚੇ ਅੰਦਰ ਸਮਾਈ ਸਾਡੀ ਹੋਂਦ ਘੱਟੋ ਘੱਟ ਅਗਲੀ ਇੱਕ ਸਦੀ ਤੱਕ ਮਜਬੂਤੀ ਗ੍ਰਹਿਣ ਕਰੇ, ਬੰਦਈ ਖਾਲਸਾ ਓਸ ਤੋਂ ਬਾਅਦ ਉਭਰੇਗਾ ! ਫਿਲਹਾਲ ਤਾਂ ਤੱਤ ਖਾਲਸਾ ਨੂੰ ਸਮਝਣ ਬੁੱਝਣ ਦੇ ਨਾਲ ਇਸ ਵਿੱਚੋਂ ਫਿਰਕਾਪ੍ਰਸਤ ਅਮਲਾਂ ਨੂੰ ਦੂਰ ਕਰਕੇ ਭਾਈਚਾਰਕ ਘੇਰੇ ਵਿੱਚ ਬੁਲੰਦ ਕਰਨ ਵਿੱਚ ਲੰਬਾ ਸਮਾਂ ਲੱਗੇਗਾ ! ਸਾਰਾ ਕੁਝ ਰਾਤੋ ਰਾਤ ਨਹੀਂ ਬਦਲਣਾ ! ਉਸਦੇ ਲਈ ਉਪਰੋਕਤ ਸਾਰੇ ਵੇਰਵੇ ਨੂੰ ਜੇ ਮੈਂ ਸੰਖੇਪ ਵਿੱਚ ਨੁਕਤੇ ਵੰਡਾਂ ਤਾਂ ਇਉਂ ਬਣੇਗੀ ਗੱਲ ਕਿ...
- ਸਾਹਿਤ ਦਾ ਕਾਲਖੰਡ ਵਿਗਿਆਨਕ ਪੜਚੋਲ ਮੁਤਾਬਿਕ ਬਹੁਤੇ ਹਜ਼ਾਰ ਵਰ੍ਹੇ ਪੁਰਾਣਾ ਨਹੀਂ, ਇਸ ਲਈ ਕੋਈ ਵੀ ਗ੍ਰੰਥ ਜੁਗਾਂ ਜੁਗਾਂਤਰ ਦੀ ਗੱਲ ਕਰਦਾ ਹੋਵੇ ਉਹਦਾ ਪਰਿਪੇਖ ਸਮਝ ਵਿਚਾਰ ਲੈਣਾ।
- ਕੈਲੰਡਰ ਵਰ੍ਹਿਆਂ ਦੀ ਖੋਜ ਵਿੱਚ ਜਿੰਨੀਆਂ ਵਿਗਿਆਨਕ ਪੱਧਤੀਆਂ ਲੱਗੀਆਂ ਨੇ ਉਸ ਨੂੰ ਧਿਆਨ ਵਿੱਚ ਰੱਖ ਕੇ ਹੀ ਕਾਲਖੰਡ ਵੰਡੇ ਜਾ ਸਕਦੇ ਨੇ।
- ਸਾਹਿਤ ਦੇ ਵਿੱਚ ਨਾਇਕ ਨਾਇਕਾਵਾਂ ਨੂੰ ਆਦਰ੍ਸ਼ਵਾਦ ਦੀ ਪੱਟੀ ਲਾਹ ਕੇ ਪੜ੍ਹੀਏ ਤਾਂ ਦੇਵੀ ਦੇਵਾ ਪੂਜ ਕਰਹਿ ਵਾਲੀ ਗੱਲ ਨਹੀਂ ਹੋਊਗੀ, ਵਿੱਦਿਅਕ ਮਠ, ਮੰਦਿਰ, ਗੁਰਦੁਆਰੇ, ਮਸੀਤਾਂ ਨੂੰ ਪੂਜਾਧਾਨ ਦਾ ਸਰੋਤ ਨਹੀਂ ਮੰਨਿਆ ਜਾਏਗਾ।
- ਕਰਮ ਖੰਡ ਵਿੱਚ ਵਣਜ-ਵਪਾਰ-ਕਿਰਸਾਨ ਦੀ ਸਾਂਝ ਨੂੰ ਸਮਾਜਿਕ ਤੌਰ ਤੇ ਇੰਨਾ ਅੱਗੇ ਵਧਾਉਣ ਦੀ ਲੋੜ ਹੈ ਕਿ ਹਕੂਮਤ ਇਹਨਾਂ ਦੀ ਪੈਰੀਂ ਪਵੇ, ਅਤੇ ਅਜੋਕੇ ਮਸ਼ੀਨੀ ਯੁੱਗ ਵਿੱਚ ਤਾਂ ਖਾਸਕਰ ਹਕੂਮਤ ਇਸ ਹਾਲਤ ਵਿੱਚ ਨਹੀਂ ਕਿ ਲੋਕਾਂ ਨੂੰ ਬਰਦਾਸ਼ਤ ਕਰ ਸਕੇ, ਜਿਸ ਦਿਨ ਰਾਸ਼ਟਰਵਾਦ ਦਾ ਕੀੜਾ ਨਿਕਲ ਕੇ ਸਭੋ ਸ੍ਰਿਸਟਿ ਖਾਲਸਾ ਰੂਪ ਸਮਝ ਆਉਣ ਲੱਗੀ, ਕਿਸੇ ਸਰਹੱਦ ਨੇ ਵੈਰ ਨਹੀਂ ਜੇ ਰੱਖਣਾ। ਇਹ ਤੰਦ ਨੂੰ ਖੋਲ੍ਹ ਖੋਲ੍ਹ ਲੋਕਾਂ ਅੱਗੇ ਰੱਖੋ, ਨਾ ਕਿ ਕਿਸੇ ਬਾਬੇ, ਪ੍ਰਚਾਰਕ, ਸਾਧ, ਬੁੱਧੀਜੀਵੀ ਜਾਂ ਮੀਡੀਆ ਅਦਾਰਿਆਂ ਦੇ ਪਿੱਛੇ ਲੱਗ ਕੇ ਖੁਦ ਨੂੰ ਫਿਰਕੂ ਬੰਧਨ ਵਿੱਚ ਪਾਈ ਫਿਰੋ।
- ਵੇਲਾ ਜਾਗਦਾ ਹੈ ਤੁਸੀਂ ਵੀ ਜਾਗੋ ਇਤਿਹਾਸ ਨੂੰ ਇਤਿਹਾਸ ਤੱਕ ਛੱਡ ਕੇ ਹੀ ਨਵੇਂ ਵਰਤਮਾਨ ਦਾ ਭਵਿੱਖ ਸੋਹਣੇ ਇਤਿਹਾਸ ਦਏਗਾ ! ਸਿੱਖੀ ਸਿੱਖਿਆ ਗੁਰ ਵੀਚਾਰੁ...ਇਸਦੇ ਨਾਲ ਨਦਰੀ, ਫ਼ਾਰਸੀ ਵਿੱਚ ਜ਼ ਦਾ ਉਚਾਰਨ ਦ ਵੀ ਹੈ। ਇਸ ਵਿਸ਼ਲੇਸ਼ਣ ਉੱਤੇ ਫੇਰ ਹੋਰ ਵਿਸਤਾਰ ਦਿਆਂਗੇ ਪਰ ਅਰਥਾਂ ਵਿੱਚ ਨਦਰਿ ਦਾ ਅਰਥ ਐਨਾ ਵਿਆਪਕ ਹੈ ਜਿਵੇਂ ਰੌਸ਼ਨੀ ਗਿਆਤ ਅਗਿਆਤ ਹਰ ਪਦਾਰਥ ਉੱਤੇ ਬਰਾਬਰ ਪਹੁੰਚਦੀ।
"ਇਹਨਾਂ ਬੰਦਿਆਂ ਨੂੰ ਆਖੋ ਬੰਦੇ ਦੀ ਜਾਤ ਸਮਝਣ, ਜਿਹੜਾ ਵਾਦੀ ਸੰਵਾਦੀ ਦੀਦਾਰ ਬਖਸ਼ੇ ਖਾਲਸਾਈ ਜਲਾਲ ਅੰਦਰ ਬੁਲੰਦ ਹੋਵਣ, ਨੀਂਦਾਂ ਆਉਂਦੀਆਂ ਨਹੀਂ ਬੰਦੇ ਘੂਕਣ ਨਾ, ਮੇਰੀ ਤਾਗੀਦ ਹੈ ਮਖਮਲੀ ਬੰਦੇ ਕੂਕਣ ਨਾ, ਇਸ ਅਰਾਜਕ ਮਾਹੌਲ ਦਾ ਅੰਜਾਮ ਇੱਕੋ...ਲੋਕ ਵਿਗਾਸ ਅੰਦਰ ਆ ਕੇ ਸਾਂਝੀਵਾਲ ਹੋਵਣ. ਅੰਜਾਮ ਹਸ਼ਰ ਨਾ ਬਣੇ, ਨਾ ਹੋਵੇ ਤਕਰਾਰ ਵਾਧੂ, ਸਬਰ ਸਬੂਰੀ ਦਾ ਮਹਿਰਮ ਨਾਲ ਨਾਲ ਚੱਲੇ. ਗੱਲਾਂ ਸਪਸ਼ਟ ਨੇ ਕਿ ਜਦੋਂ ਇਤਿਹਾਸ ਵਿੱਚੋਂ ਪ੍ਰਸੰਗ ਲੈਣ ਦੀ ਗੱਲ ਆ ਹੀ ਜਾਵੇ ਤਾਂ ਬੰਦਈ ਖਾਲਸੇ ਜਿਹੇ ਦੁਰਕਾਰੇ ਗਏ ਸਿੱਖੀ ਪਰਿਪੇਖ ਨੂੰ ਵੀ ਬਰੋਬਰ ਆਪਣੇ ਨਾਲ ਨਾਲ ਤੋਰਨ ਦੀ ਦਾਰਸ਼ਨਿਕ ਪਹੁੰਚ ਰੱਖੀਏ ! ਅਰਸਤੂ ਦੇ ਦਰਸ਼ਨ ਨੂੰ ਟੱਕਰ ਦੇਣ ਬਰੋਬਰ ਹੋਣ ਲਈ ਭਾਰਤ ਦੇ ਛੇ ਦਰਸ਼ਨਾਂ ਤੋਂ ਅੱਗੇ ਸੱਤਵਾਂ ਦਰਸ਼ਨ ਨਾਨਕਨੀਸਾਣੀ ਗੁਰਦਰਸ਼ਨ ਨੂੰ ਪ੍ਰਕਾਸ਼ਮਾਨ ਕਰੀਏ, ਸਤਿਜੁਗ ਇਸੇ ਵਰਤਮਾਨ ਅੰਦਰ ਜਾਗੇਗਾ ! ਫੇਰ ਸ਼ਾਯਦ ਉਹ ਸਤਿਜੁਗ ਜੇਹਾ ਅਲੋਪ ਨਹੀਂ, ਦ੍ਰਿਸ਼ਟਮਾਨ "ਹਸਤਾਖਰਯੁੱਗ" ਹੋਏਗਾ !"
ਸਿਫ਼ਰਨਵੀਸ ਇੱਕਵਿੰਦਰ ਪਾਲ ਸਿੰਘ
੦੯ ਦਿਸੰਬਰ, ੨੦੨੦
Contact Info - sifarnaama.123@gmail.com
Comments
Post a Comment