Art Behind Religious Belief
ਕਲਾ ਦੇ ਘਾਣ ਓਹਲੇ ਲੁਕਿਆ ਕਲਾਕਾਰ
ਸਿਫ਼ਰਨਾਮਾ ਜਦੋਂ ‘ਅੰਮ੍ਰਿਤ
– ਭਾਵਨਾਵਾਂ ਦੀ ਅਫ਼ਵਾਹ’ ਸਿਰਲੇਖ ਸਿਰਜ ਰਿਹਾ ਸੀ ਉਸਦੀ ਤਸਦੀਕ ਅਫ਼ਵਾਹ ਵਜੋਂ ਤਾਂ ਨਜ਼ਰੀਂ ਆ
ਜਾਂਦੀ ਸੀ, ਪਰ ‘ਅੰਮ੍ਰਿਤ’ ਕਿਧਰੇ ਸਮਝ ਨਹੀਂ ਸੀ ਆ ਰਿਹਾ! ਗੁਲਾਬੀ ਤਾਰੇ ਅੰਦਰ ਜਦੋਂ
ਐਡਵੋਕੇਟ ਅਮਨਪ੍ਰੀਤ ਸਿੰਘ ਦੀ ਧੀ ਦਾ ਨਾਮ ਅੰਮ੍ਰਿਤਬੀਰ ਕੌਰ ਦੇ ਰੂਪ ਅੰਦਰ ਆਇਆ ਤਾਂ ਸਪਸ਼ਟ ਹੋਇਆ
ਕਿ ਕਹਾਣੀ ਅੰਦਰ ਗੱਲ ਕਿਸੇ ਵਜੂਦ ਦੀ ਹੈ, ਪਰ ਗੁੰਝਲ ਹਾਲੇ ਵੀ ਬਰਕਰਾਰ ਹੈ! ਇਹ ਗੱਲ ਸਾਨੂੰ ਆਲੇ
ਦੁਆਲਿਓਂ ਨਜ਼ਰੀਂ ਆ ਜਾਏਗੀ ਕਿ ਸਾਡੀ ਪਰਵਰਿਸ਼ ਦਾ ਆਧਾਰ ਤੇ ਬਾਲਪਣੇ ਨੂੰ ਕਿਵੇਂ ਸਿਰਜ ਰਹੇ ਹਾਂ
ਇਸਦੀ ਦਾਸਤਾਨ ਘਰ ਘਰ ਦੇ ਦੁੱਖ ਦਾ ਕਾਰਨ ਬਣੀ ਹੋਈ ਹੈ. ਪੰਜਾਬ ਵਿਚ ਗੈਂਗਸਟਰ ਕਿਉਂ ਪਲਦੇ ਹਨ?
ਇਹ ਸਵਾਲ ਦੇ ਨਾਲ ਮੇਰਾ ਸਵਾਲ ਆਪਣੇ ਕੋਲ ਸੰਭਾਲ ਕੇ ਰੱਖਿਓ ਕਿ ਪੰਜਾਬੋਂ ਬਾਹਰ ਇਹ ਸਭ ਨਹੀਂ?
ਗੁਰਦੀਪ ਸਿੰਘ ਚੱਢਾ (ਪੌਂਟੀ ਚੱਢੇ) ਦਾ ਸ਼ਰਾਬ ਬਣਾਉਣ ਦਾ ਕਾਰਖਾਨਾ ਉਤਰ ਪ੍ਰਦੇਸ਼ ਵਿਚ ਹੀ ਲੱਗਿਆ
ਸੀ, ਪੰਜਾਬ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੀ ਰਾਜਨੀਤੀ ਅੰਦਰ ਜੇਕਰ ਇਸਦੀ ਪੁੱਛ ਪ੍ਰਤੀਤ ਵਧੇਰੇ ਸੀ
ਤਾਂ ਉਸਦੇ ਬਦਲੇ ਰੀਅਲ ਇਸਟੇਟ, ਵੇਵ ਸਿਨਮੇ, ਮਲਟੀਪਲੇਕਸ ਸਟੋਰ ਬਣੇ ਜਿਨ੍ਹਾਂ ਵਾਸਤੇ ਰਾਜਨੀਤਕ
ਹੀ ਨਹੀਂ, ਸਮਾਜਿਕ ਅਤੇ ਮੀਡੀਆ ਹਾਊਸ ਦਾ ਮਕੜਜਾਲ ਫੈਲਿਆ ਉਸਤੋਂ ਬਾਅਦ ਪੰਥ ਅਤੇ ਪੰਜਾਬੀ ਸਿਨਮੇ
ਅੰਦਰ ਅਜੀਬ ਕਸ਼ਮਕਸ਼ ਚੱਲੀ. 2012 ਨੂੰ ਉਸਦੇ ਕਤਲ ਤੋਂ ਬਾਅਦ ਸਵਾਲ ਨਹੀਂ ਮੁੱਕੇ, ਪਰ ਹਾਂ,
ਪੱਤਰਕਾਰਤਾ ਸਵਾਲ ਵਿਹੂਣੀ ਵੀ ਹੈ ਤੇ ‘ਸ਼ਾਇਦ ਸੱਚਾਈ ਉਹੀ ਹੈ ਜੋ ਲੰਬੀ ਤੋਂ ਨਿਰਧਾਰਿਤ ਹੁੰਦੀ
ਹੈ’, ਹਰ ਗੱਲ ਉੱਡਦਾ ਪੰਜਾਬ ਵਿਚ ਨਹੀਂ ਆਉਣੀ ਤੁਹਾਨੂੰ ਬਾਰੀਕੀ ਨਾਲ ਤੰਦਾਂ ਫਰੋਲਣੀਆਂ
ਪੈਣਗੀਆਂ. ਯਾਦ ਹੋਵੇ ਜੇਕਰ ਕਿਸੇ ਨੂੰ, ਕਿ 2012 ਹੀ ਉਹ ਵਰ੍ਹਾ ਸੀ ਜਦੋਂ ਬਾਦਲ ਸਰਕਾਰ ਨੇ ਨਸ਼ਿਆਂ
ਦੀ ਤਸਕਰੀ ਧਰਪਕੜ ਸ਼ੁਰੂ ਹੋਈ ਓਸ ਵੇਲੇ ਨਸ਼ੇ ਚੋਣ ਵਿਸ਼ਾ ਨਹੀਂ ਸੀ. ਨਕਲੀ ਨੋਟਾਂ ਦੇ ਇੰਤਹਾਈ
ਪ੍ਰਵਾਹ ਨੇ ਮੁਲਕ ਭਰ ਵਿਚ ਪਰੇਸ਼ਾਨੀ ਖੜ੍ਹੀ ਕੀਤੀ ਤੇ ਤੀਸਰੀ ਸਮੱਸਿਆ ਗੁਨਾਹਾਂ ਦਾ ਰਾਹ ਜਿਨ੍ਹਾਂ
ਦਾ ਸੰਤਾਪ ਵੀ ਰਾਜਨੀਤੀਕਰਨ ਦਾ ਸ਼ਿਕਾਰ...ਤਿੰਨੇ ਸਮੱਸਿਆਵਾਂ ਪੰਜਾਬੋਂ ਬਾਹਰਲੇ ਸੂਬਿਆਂ ਦੀ ਪਰ
ਵਿਆਖਿਆ ਵਿੱਚ ਪੰਜਾਬ ਨੂੰ ਇਸ ਸਮੱਸਿਆ ਦਾ ਕਾਰਨ ਹੀ ਬਣਾਇਆ ਗਿਆ. ਅੱਜ ਅਸੀਂ ਜਿਸ ਨੁਕਤੇ ਨਿਗਾਹ
ਤੋਂ ਗੱਲ ਛੋਹਣ ਜਾ ਰਹੇ ਹਾਂ ਇਸਦਾ ਮੂਲ ਵਿੱਦਿਆ ਨਾਲ ਹੈ, ਸਮਾਜਿਕ ਵਿਸ਼ਲੇਸ਼ਣ ਅਤੇ ਸਿਧਾਂਤਕ
ਵਿਸ਼ਲੇਸ਼ਣ ਪੰਥ ਦੀ ਨਿਗਾਹ ਤੋਂ ਬਹੁਤੇਰੇ ਹੋ ਚੁੱਕੇ ਹਨ ਜਿਨ੍ਹਾਂ ਨੂੰ ਪੜ੍ਹਨ ਵਿਚਾਰਨ ਦੀ ਲੋੜ
ਹੈ.
ਕਲਾ
ਜਿੰਨਾ ਸੂਖ਼ਮ ਵਿਸ਼ਾ ਹੈ ਕਲਾਕਾਰ ਓਨਾ ਹੀ ਵਧੇਰੇ ਭਾਵੁਕ ਹੁੰਦਾ ਹੈ ਅਤੇ ਬਦਕਿਸਮਤੀ ਇਹ ਹੈ ਕਿ ਉਸ
ਉਪਭਾਵੁਕ ਸਮਾਜ ਅੰਦਰ ਜੀਅ ਰਹੇ ਹਾਂ ਜਿਹੜਾ ਨਿਸ਼ਚਿਤ ਰੂਪ ਵਿੱਚ ਇੰਨਾ ਵਿਕਰਾਲ ਹੋਇਆ ਪਿਆ ਕਿ
ਜੇਕਰ ਕਲਾ ਦਾ ਸਰਵਕਾਲਿਕ ਪੀਰ ਪ੍ਰਮਾਤਮਾ ਵੀ ਕੋਈ ਕਲਾ ਵਰਤਾ ਕੇ ਧਰਤੀ ’ਤੇ ਆਵੇ ਤਾਂ ਉਪਭਾਵੁਕ
ਸਮਾਜ ਉਸਨੂੰ ਕੋਹ ਕੇ ਮਾਰੇਗਾ. ਧਰਮ ਦੀ ਕਲਾ ਬਾਝ ਕੋਈ ਗਤਿ ਨਹੀਂ ਹੈ, ਬਲਕਿ ਕਲਾ ਹੀ ਅਜਿਹੀ
ਤਰਤੀਬ ਹੈ ਜਿਸ ਉਪਰ ਤੈਰਦੀਆਂ ਧਰਮ ਆਪਣੇ ਸਿਧਾਂਤ ਨਿਰਧਾਰਿਤ ਕਰਦਾ ਹੈ ਅਤੇ ਕਲਾ ਨੂੰ ਬੇਪਰਦਾ,
ਬੇਆਬਰੂ ਹੋ ਕੇ ਵਿਚਰਣ ਤੋਂ ਬਚਾਉਂਦਾ ਹੈ. ਸਮਾਜ ਅੰਦਰ ਕਿਸ ਗੱਲ ਦੀ
ਕਮੀ ਹੈ? ਧਨ ਦੀ ? ਦੌਲਤ ਦੀ? ਜੇਕਰ ਤੁਹਾਨੂੰ ਇਉਂ ਲਗਦਾ ਹੈ ਤਾਂ ਤੁਸੀਂ ਖੁਦ ਨੂੰ ਦੋਬਾਰਾ ਸੋਚਣ
ਲਈ ਮਜਬੂਰ ਕਰ ਸਕਦੇ ਹੋ, ਕਰਨਾ ਚਾਹੀਦਾ ਹੈ ਕਿਉਂਕਿ ਦੌਲਤ ਦੀ ਅਵਿਵਸਥਾ ਹੁੰਦੀ ਹੈ ਨਾ ਕਿ ਕਮੀ.
ਅਸੀਂ ਵਿੱਦਿਆਰਥੀ ਜਦੋਂ ਇਸ ਗੱਲ ਵੱਲੇ ਧਿਆਨ ਦਿਆਂਗੇ ਤਾਂ ਸਾਨੂੰ ਇਕ ਨਵੇਂ ਦ੍ਰਿਸ਼ ਦੀ ਸੋਝੀ
ਹੋਏਗੀ ਕਿ ਤਮਾਮ ਸੰਸਾਧਨ ਅਤੇ ਸੰਸਥਾਨਾਂ ਦੀ ਮੌਜੂਦਗੀ ਵਿੱਚ ਸਿਰਫ ਸੰਤ ਅਤੇ ਦਾਰਸ਼ਨਿਕਾਂ ਦੀ ਹੋਂਦ
ਮੁੱਕੀ ਹੈ, ਭੇਖ ਵੀ ਇਨ੍ਹਾਂ ਦਾ ਸਭ ਤੋਂ ਵਧੀਕ ਵਰਤਿਆ ਜਾਂਦਾ ਹੈ. ਪਰ ਅਫਸੋਸ ਓਦੋਂ ਹੁੰਦਾ ਹੈ
ਜਦੋਂ ਪੜ੍ਹੇ ਲਿਖੇ ਅਖਵਾਉਂਦੇ ਵਰਗ ਕੋਲ ਇਹ ਸ਼ਬਦ ਬੜੀ ਬੇਰਹਿਮੀ ਨਾਲ ਪਏ ਹੁੰਦੇ ਹਨ ਕਿ ਸਮਾਜ
ਨੂੰ ਸੰਤ ਤੇ ਸਿਪਾਹੀ ਦੀ ਰਤਾ ਵੀ ਲੋੜ ਨਹੀਂ, ਇਥੇ ਜਾਂ ਆਗੂ ਆਉਣਗੇ ਜਾਂ ਫੇਰ ਗੁਲਾਮ. ਇਹ
ਰਵਾਇਤ ਦੀ ਸਾਰਥਕਤਾ ਬੇਹੱਦ ਭਿਆਨਕ ਹੈ. ਇਸੇ ਭਿਆਨਕ ਦਾਸਤਾਨ ਦਾ ਪਿਛੋਕੜ ਸਮਾਜ ਅੰਦਰ ਅਸੀਂ ਆਪਣੇ
ਨੇੜੇ ਵਰਤਦਾ ਦੇਖਣਾ ਹੈ, ਆਓ ਸ਼ੁਰੁਆਤ ਕਰੀਏ...
ਨਸ਼ਾ, ਕੋਹੜ ਦਾ ਦੂਸਰਾ ਨਾਂ ਨਸ਼ਾ ਹੈ, ਅਤੇ ਇਸਦੇ ਬਾਰੇ ਪੱਖ ਵਿਰੋਧ ਬਹੁਤ ਵਿਸਤਾਰ ਨਾਲ ਉੱਚ
ਪਾਏਦਾਰ ਚਿੰਤਕ ਵਰਗ ਤੋਂ ਲੈ ਕੇ ਨੀਵੇਂ ਦਰਜੇ ਦੀ ਸੋਝੀ ਵਾਲੇ ਵਿਅਕਤੀ ਦੇ ਵਿਚਾਰ ਤੱਕ ਸਾਰਿਆਂ
ਨੂੰ ਅਸੀਂ ਸੁਣ ਚੁਕੇ ਹਾਂ. ਹੁਣ ਅਸੀਂ ਸਰਲ ਜਿਹੇ ਦ੍ਰਿਸ਼ ਸਮਝਣ ਦੀ ਕੋਸ਼ਿਸ਼ ਕਰਨੀ ਹੈ. ਕੋਈ ਵੀ
ਮਸਲਾ ਮੀਡੀਆ ਯੁੱਗ ਅੰਦਰ ਸਟੇਟ ਦੇ ਭੰਡੀ ਪ੍ਰਚਾਰ ਹਥਕੰਡੇ ਤੋਂ ਬਾਹਰਾ ਨਹੀਂ. ਫੇਰ ਲੇਖਕ,
ਸੰਪਾਦਕ ਤੇ ਖਬਰਨਾਮੇ ਸੁਣਾਉਣ ਵਾਲੇ ਓਸ ਖੇਡ ਦਾ ਹਿੱਸਾ ਕਿਵੇਂ ਨਹੀਂ? ਪੁਲਿਸ ਤੋਂ ਲੈ ਕੇ
ਨਿਆਂਧਿਕਾਰੀ ਤੱਕ ਇਸ ਮਹਿਫ਼ਿਲ ਦੇ ਸ਼ਾਹ ਸਵਾਰ ਹਨ, ਦਸਤਾਵੇਜ਼ ਮੂੰਹ ਬੋਲਦੇ ਨੇ ਇਨ੍ਹਾਂ ਹਕੀਕੀ
ਮਸਲਿਆਂ ਉੱਪਰ, ਚਲੋ...ਅੱਗੇ ਵਧੀਏ ਅਸੀਂ! ਤਸਕਰ ਤੋਂ ਲੈ ਕੇ ਡਾਕਟਰ ਤੱਕ ਡਰੱਗ ਦੀ ਸਪਲਾਈ ਮਰੀਜ਼
ਦੀ ਦੇਹ ਵਿੱਚ ਕਰ ਰਹੇ ਹਨ, ਇਸਦੇ ਬਦਲ ਵਿਚ ਸਾਡੇ ਕੋਲ ਵਿਕਲਪ ਕੋਈ ਨਹੀਂ, ਖਾਣ ਖੁਰਾਕ ਖੁਦ ਸਾਡੀ
ਜੀਭ ਨੂੰ ਇੰਨੀ ਕੁ ਨਿਸ੍ਵਾਦੀ ਕਰ ਰਹੀ ਕਿ ਅਸੀਂ ਕਦੋਂ ਮਹਿੰਗੇ ਪਾਉਡਰ ਦੀ ਤੋੜ ਮਹਿਸੂਸ ਕਰਨ ਲੱਗ
ਗਏ ਸਾਨੂੰ ਖ਼ਬਰ ਹੀ ਨਹੀਂ ਹੋਈ. ਜੇਲ੍ਹ ਵਿਚ ਜਾ ਕੇ ਪਰਤੇ ਕੈਦੀ ਨਸ਼ੇੜੀ ਕਿਉਂ ਹੁੰਦੇ ਹਨ? ਜਿਸ
ਦਿਨ ਤੁਸੀਂ ਇਹ ਸੋਚਣ ਲੱਗਣਾ ਹੈ, ਜਵਾਬ ਨਾਲ ਨਾਲ ਤੈਰਣਗੇ. ਉਹ ਕਿਹੜੀ ਜਮਾਤ ਹੈ ਜਿਥੇ ਇਹ ਗੱਲਾਂ
ਲੁਕ ਜਾਂਦੀਆਂ ਹਨ? ਮੈਂ ਤਾਂ ਅਖਬਾਰਾਂ ਤੋਂ ਲੈ ਕੇ ਸਮਾਜ ਦੇ ਹਰ ਗੁਨਾਹਗਾਰ ਤੱਕ ਦੇ ਜ਼ੁਬਾਨੀਂ ਇਹ
ਸੱਚਾਈਆਂ ਸੁਣੀਆਂ ਨੇ...ਤੁਸੀਂ ਅਣਜਾਣ ਹੋ? ਨਸ਼ਾ ਇਕੱਲਾ ਸਿੰਥੈਟਿਕ ਡਰੱਗ ਜਾਂ ਰਾਜਨੀਤਕ ਡਰੱਗ
ਨਹੀਂ ਹੈ ਸਗੋਂ ਘਰ ਵਿਚ ਸ਼ਰਾਬ ਵੀ ਉਹੀ ਕੁਝ ਹੈ ਤੇ ਜੇਬ੍ਹ ਵਿੱਚੋਂ ਨਿਕਲਦੀ ਤੰਬਾਕੂ ਦੀ ਪੁੜੀ ਅੰਦਰ
ਹੈ. ਰੌਲਾ ਬੱਚਿਆਂ ਨੂੰ ਇਹ ਸਮਝਾਉਣਾ ਨਹੀਂ ਕਿ ਸਿੰਥੈਟਿਕ ਡਰੱਗ ਕਿੰਨੇ ਤਰ੍ਹਾਂ ਦੇ ਹੁੰਦੇ ਹਨ,
ਬਲਕਿ ਇਸ ਗੱਲ ਉੱਪਰ ਗੌਰ ਕਰਨ ਦੀ ਲੋੜ ਹੈ ਕਿ ਚੌਗਿਰਦਾ ਐਨਾ ਗੰਧਲਾ ਕੌਣ, ਕਦੋਂ ਤੇ ਕਿਵੇਂ ਸਾਫ਼
ਕਰੇਗਾ ਕਿ ਬੱਚੇ ਆਪਣੀ ਸਿਹਤਮੰਦ ਪਰਵਰਿਸ਼ ਗ੍ਰਹਿਣ ਕਰਨ. ਅਸੀਂ ਬਹੁਤ ਵਾਰ ਇਸ ਦ੍ਰਿਸ਼ ਦੇ ਗਵਾਹ
ਰਹੇ ਹਾਂ ਕਿ ਸ਼ਰਾਬ ਦੇ ਠੇਕੇ ਘਟਾਉਣ ਅਤੇ ਬੰਦ ਕਰਨ ਦੇ ਨਾਮ ਉੱਤੇ ਵੀ ਲੋਕ ਭੜਕ ਉਠਦੇ ਰਹੇ ਨੇ
ਜਿਨ੍ਹਾਂ ਦੀ ਮੰਗ ਸੀ ਕਿ ਠੇਕੇ ਬੰਦ ਨਹੀਂ ਹੋਣੇ ਚਾਹੀਦੇ. ਅਜਿਹੀ ਸਥਿਤੀ ਵਾਲੇ ਲੋਕ ਵੀ ਤਾਂ ਆਖਰ
ਨਾਗਰਿਕ ਹੀ ਹਨ, ਜ਼ਾਹਿਰ ਹੈ ਵੋਟਰ ਵੀ ਹੋਣਗੇ. ਉਹੀ ਠੇਕਿਆਂ ਦੇ ਮਾਲਕ ਵੱਡੇ ਵੱਡੇ ਸਮਾਗਮ ਗਾਇਕਾਂ
ਦੇ ਆਯੋਜਨ ਕਰਵਾਉਂਦੇ, ਉਨ੍ਹਾਂ ਵਿੱਚ ਪਬ ਕਲੱਬ ਵਾਲੇ ਆਰਕੇਸਟ੍ਰਾ ਟੀਮ ਦੇ ਨਾਲ ਸ਼ਰਾਬੀਆਂ ਦਾ
ਮਨੋਰੰਜਨ ਕਰਦੇ ਹਨ, ਸਿੱਟੇ ਚੰਗੇ ਨਿਕਲਣ ਦੀ ਕਿਹਨਾਂ ਨੂੰ ਆਸ ਹੈ? ਗੱਲ ਇਥੇ ਤਾਂ ਨਹੀਂ ਨਾ
ਮੁੱਕਦੀ, ਕੌਲੇਜ ਯੂਨੀਵਰਸਿਟੀ ਅੰਦਰ ਇਨ੍ਹਾਂ ਦੀ ਆਰਥਿਕ ਭਾਗੀਦਾਰੀ ਉਨ੍ਹਾਂ ਦੇ ਸਿਸਟਮ ਅੰਦਰ
ਜਿਹੜੀ ਸੰਨ੍ਹ ਲਾਉਂਦੀ ਹੈ ਉਸਤੋਂ ਬਚਾਉਣਾ ਕਿਸਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ? ਉਨ੍ਹਾਂ ਮੋਹਤਬਰ ਚਾਂਸਲਰ ਅਤੇ ਪ੍ਰੋਫੈਸਰਾਂ ਹੱਥ ਸਾਹਿਤ ਖੇਤਰ ਵੀ ਹੈ ਜਿਹੜਾ ਸਾਹਿਤ
ਜ਼ਿਹਨੀ ਅੱਯਾਸ਼ੀ ਦਾ ਸਾਧਨ ਬਣਿਆ ਹੋਇਆ ਹੈ, ਅਜਿਹੇ ਸਾਹਿਤ ਖੇਤਰ ਵਿਚ ਸਿਫ਼ਰਨਾਮਾ ਅਲੋਪ
ਨਹੀਂ ਹੋਏਗਾ ਤਾਂ ਹੋਰ ਕੀ ਹੋਏਗਾ?
‘ਇਹ ਜਿਹੜਾ ਮਾਇਆਜਾਲ ਏ ਨਾ? ਸਮਾਜ, ਸਿਆਸਤ
ਤੇ ਉਪਰੀ ਤਲ ’ਤੇ ਦਿਸਦਾ ਤਾਣਾ-ਬਾਣਾ ਇਹਦੇ ਉੱਤੇ ਸਾਡੀ ਤਵੱਜੋਂ ਇਕ ਅਜਿਹੀ ਜ਼ਹਿਰੀ ਸ਼ੈਅ ਹੈ
ਜਿਹੜੀ ਦੰਦਾਂ ਬਗੈਰ, ਬਿਨ੍ਹਾਂ ਚੁੱਭੇ ਇਸ ਲੋਕਾਈ ਨੂੰ ਖਾ ਚੁੱਕੀ ਹੈ, ਖਾਣ ਦਾ ਸਬੂਤ ਇਹ ਕਿ ਮਰੇ
ਪਏ ਨੇ, ਜਿਉਂਦੇ ਹੋਏ ਉਲਝਨ ਵਿਚ ਨੇ, ਇਨ੍ਹਾਂ ਨੂੰ ਇਹ ਸਭ ਹੀ ਜ਼ਿੰਦਗੀ ਲਗਦਾ ਹੈ...ਕਿਉਂ? ਜਿਹੜੇ
ਅਣਜਾਣ ਨੇ ਉਹ ਇਹਦੇ ’ਚ ਰੱਚ ਵੱਸ ਗਏ, ਜਿਹੜੇ ਜਾਗਦੇ ਨੇ ਉਹ ਅਸਲ ਮਕਸਦਾਂ ’ਚ ਰੁੱਝੇ ਪਏ ਨੇ
ਜਿਨ੍ਹਾਂ ਨੂੰ ਲੜੀਵਾਰ ਇਸ ਤਾਣੇ-ਬਾਣੇ ਦੀ ਸਮਝ ਆ ਚੁੱਕੀ ਹੈ. ਹਰ ਇਕ ਚੀਜ਼ ਦਾ ਇਥੇ ਧੰਧਾ ਹੋ
ਚੁੱਕਿਆ...ਧਰਮ, ਸਿੱਖਿਆ, ਸਦਾਚਾਰ, ਨੈਤਿਕਤਾ ਬਿਲਕੁਲ ਵਿਕਾਊ ਹੈ, ਜਿਸਨੂੰ ਜਿਹੜਾ ਲਾਇਸੰਸ ਮਿਲ
ਜਾਂਦਾ ਹੈ ਉਹ ਉਸਦੀ ਲਖਾਇਕ ਹੋ ਜਾਂਦੀ ਹੈ, ਉਹ ਭਾਵੇਂ ਜਿੰਨੇ ਮਰਜੀ ਧ੍ਰੋਹ ਕਮਾਵੇ, ਸਾਰੀ
ਜ਼ਿੰਦਗੀ ਇਹਦੇ ਦੁਆਲੇ ਹੀ ਗੰਵਾਈ ਜਾ ਰਹੀ ਹੈ, ਜਿਸ ਚੀਜ਼ ਵਿੱਚ ਅਸਲ ਸੁਕੂਨ ਹੈ ਉਸਨੂੰ ਮਨ ਦਾ
ਹਿੱਸਾ ਵੀ ਨਹੀਂ ਮੰਨਦੇ! ਇਹ ਅਵਸਥਾ ਉਸੇ ਦੇ ਹਿੱਸੇ ਆਉਣੀ ਹੈ ਜਿਸਨੂੰ ਜਮਾਂਦਰੂ ਗੁਣ ਸਹਿਣਸ਼ੀਲਤਾ
ਦੇ ਮਿਲੇ ਹੋਣਗੇ.’
n ਗੁਲਾਬੀ
ਤਾਰੇ
ਨਾਵਲ ਅੰਦਰ ਇਸ
ਵੇਰਵੇ ਦਾ ਵਿਸਤਾਰ ਬਹੁਤ ਕੁਝ ਹੋਰ ਵੀ ਦੱਸੇਗਾ ਪਰ ਫਿਲਹਾਲ ਅਸੀਂ ਇਸ ਮਾਇਆਜਾਲ ਅੰਦਰ ਘਿਰੇ ਪਏ
ਹਾਂ !
ਕੀ
ਇਸ ਗੱਲ ਉੱਤੇ ਕਦੇ ਭਰੋਸਾ ਬੱਝਿਆ ਸੀ ਕਿ ਤੁਹਾਨੂੰ ਬੇਗੁਨਾਹ ਤੋਂ ਗੁਨਾਹਗਾਰ ਸਮੁੱਚਾ ਢਾਂਚਾ ਬਣਾ
ਰਿਹਾ? ਜਿਹੜਾ ਸਿਸਟਮ ਤੁਹਾਨੂੰ ਵਰਗਲਾ ਰਿਹਾ ਉਹੀ ਆਪਣੀ ਹੋਂਦ ਬਚਾਉਣ ਦੀ ਦੁਹਾਈ ਵੀ ਦੇਂਦੇ
ਨੇ, ਬੇਸ਼ੱਕ ਉਹ ਕਿਸੇ ਯੂਨੀਵਰਸਿਟੀ ਦੇ ਢਾਂਚੇ ਦੀ ਗੱਲ ਹੋਵੀ ਜਾਂ ਕੁਝ ਵੀ, ਸਾਡੇ ਲਈ ਇਹ ਵਿਸ਼ੇ
ਬਹੁਤ ਸੰਭਲ ਕੇ ਕਦਮ ਪੁੱਟਣ ਦੇ ਹਨ. ਕਿਉਂਕਿ ਇਨ੍ਹਾਂ ਯੂਨੀਵਰਸਿਟੀ ਦੇ ਕੈਂਪਸ ਤੋਂ ਲੈ ਕੇ ਪਿੰਡ
ਦੀ ਵੀਹੀਆਂ ਤੱਕ ਜਿਹੜੇ ਖਤਰੇ ਮੰਡਰਾਉਂਦੇ ਨੇ ਇਹ ਬੱਦਲ ਸਿਰਫ ਕਾਬਿਲ, ਸਿਰਕੱਢ ਨੌਜੁਆਨ ਨੂੰ ਹੀ
ਦਿਖ ਸਕਦੇ ਸੀ ਕਿਉਂਕਿ ਖਤਰੇ ਉਨ੍ਹਾਂ ਸਿਰ ਹੀ ਹੁੰਦੇ ਰਹੇ ਨੇ ਅਤੇ ਨਿਸ਼ਾਨਾ ਇੱਕੋ ਈ ਰੱਖਦੇ ਹਨ
ਕਿ ਸਮਾਜ ਨੂੰ ਕੋਈ ਬੇਦਾਗ ਚੇਹਰਾ ਅਜਿਹਾ ਨਾ ਮਿਲ ਜਾਵੇ ਜੋ ਕਿਸੇ ਵੀ ਵੱਡੀ ਰਾਜਨੀਤਕ ਤਬਦੀਲੀ ਦਾ
ਕਾਰਣ ਬਣੇ. ਜੇ ਕੋਈ ਇਹ ਸਮਝਦਾ ਕਿ ਹਕੂਮਤ ਇਕੱਲੇ ਇਕੱਲੇ ਨੂੰ ਨਿਗ੍ਹਾ ਹੇਠ ਨਹੀਂ ਰੱਖਦੀ, ਤਾਂ
ਜ਼ਰਾ ਆਪਣੀ ਸਮਾਜਿਕ ਇਕਾਈਆਂ ਨੂੰ ਗਹੁ ਨਾਲ ਵਾਚਿਓ ਤੁਹਾਨੂੰ ਪੰਜਾਬੀ ਨੌਜੁਆਨੀ ਪੂਰੀ ਅੱਗ ਵਿੱਚ
ਘਿਰੀ ਨਜ਼ਰੀਂ ਆਏਗੀ. ਮੈਂ ਤਾਂ ਸਗੋਂ ਇਹ ਵੀ ਕਹਾਂਗਾ ਕਿ ਇਥੇ ਥੋੜਾ ਸਮਾਂ ਇਨਕਲਾਬ ਦੀ ਆਵਾਜ਼ ਉੱਤੇ
ਗੌਰ ਕਰਨਾ ਬੰਦ ਕਰਨਾ ਪਏਗਾ. ਕਿਉਂਕਿ ਜਿਸ ਰਫ਼ਤਾਰ ਨਾਲ ਅਸੀਂ ਬੀਤੇ ਅੱਸੀ ਸਾਲਾਂ ਵਿੱਚ ਆਪਣੇ
ਖਿੱਤੇ ਵਿੱਚ ਉਠੀਆਂ ਲਹਿਰਾਂ ਦਾ ਅੰਤ ਹੁੰਦੇ ਵੇਖਿਆ ਹੈ ਇਸ ਦੇ ਕਰਕੇ ਜਿਹੜੀ ਕੋਝੀ ਹੀਣੀ ਨੀਤੀ
ਨਾਲ ਜੁਝਾਰੂਆਂ ਦੀ ਕਿਰਦਾਰਕੁਸ਼ੀ ਹੋਈ ਉਸਨੇ ਹੁਣ ਪਹਿਲੋਂ ਇਸ ਗੱਲ ਦੀ ਮੰਗ ਵਧਾ ਦਿੱਤੀ ਹੈ ਕਿ
ਆਪਣਾ ਅਧਿਆਤਮਕ ਪੱਖ ਦੁਬਾਰਾ ਸਥਾਪਿਤ ਕੀਤਾ ਜਾਵੇ ਜਿਸਦੇ ਲਈ ਪੀੜ੍ਹੀਆਂ ਦੀ ਘਾਲਣਾ ਲੱਗੇਗੀ,
ਵਰ੍ਹਿਆਂ ਦੀ ਨਹੀਂ. ਫਲਸਫੇ ਦੇ ਵਿਸ਼ੇ ਨੂੰ ਇੱਕ ਖਿਡੌਣਾ ਬਣਾ ਕੇ ਜਿਵੇਂ ਭਾਰਤੀ ਸਿਸਟਮ ਵਿੱਚ
ਸੁੱਟਿਆ ਗਿਆ ਉਸ ਵਿੱਚੋਂ ਉਸਾਰੂ ਦਾਰਸ਼ਨਿਕਾਂ ਦੇ ਅਕਾਲ ਪੈਣ ਦਾ ਕਿਸੇ ਨੂੰ ਦਰਦ ਤੱਕ ਨਹੀਂ ਜਾਗ
ਰਿਹਾ. ਫੋਕੀ ਨੰਗ ਭੁੱਖ ਅਧਾਰਿਤ ਸਾਹਿਤ ਰਚਨਾ ਨੇ ਸਾਰੀ ਗੱਲ ਦਾ ਨਕਸ਼ਾ ਵਿਗਾੜ ਦਿੱਤਾ ਅਤੇ ਆਮ
ਲੋਕਾਂ ਦੀ ਕਿਉਂਕਿ ਆਤਮਕ ਭੁੱਖ ਬੜੇ ਯੋਜਨਾਬੱਧ ਤਰੀਕੇ ਨਾਲ ਮਾਰੀ ਗਈ ਹੈ ਇਸ ਲਈ ਫਿਲਹਾਲ ਰੇਤ ਦੇ
ਮਹੱਲਾਂ ਵਿੱਚ ਜੁਗਨੂਆਂ ਦੇ ਭੁਲਾਵੇਂ ਸਿਰਫ ਹੋਂਦ ਦੇ ਚਿਰਾਗਾਂ ਨੂੰ ਬੁਝਾਉਣ ਲਈ ਵਰਤਿਆ ਜਾ ਰਿਹਾ
ਹੈ. ਇਸ ਬਾਰੀਕੀ ਦਾ ਕੋਈ ਤੋੜ ਹੈ? ਜਾਂ ਫਿਰ ਤੁਹਾਨੂੰ ਇਹ ਲਗਦਾ ਕਿ ਤੁਸੀਂ ਜੋ ਮਰਜ਼ੀ ਦੁਨੀਆਂ
ਉੱਪਰ ਕਰ ਜਾਓ ਆਪਾਂ ਕੀ ਲੈਣਾ? ਕਿਸੇ ਨੇ ਕਿਹੜਾ ਰੱਬ ਦੇਖਿਆ? ਨਹੀਂ! ਇੰਨੇ ਲਾਪਰਵਾਹ ਹੋ ਕੇ
ਸਮਿਆਂ ਦੇ ਪਾੜੇ ਨਹੀਂ ਮਿਟਣੇ, ਪੈੜਾਂ ਡੂੰਘੀਆਂ ਛੱਡਣ ਲਈ ਧਰਤੀ ਆਪਣੀ ਚਾਹੀਦੀ ਅਤੇ ਓਹਦੇ ਵਿਚ
ਆਪਣੀ ਅਧਿਆਤਮਕ, ਆਰਥਿਕ, ਵਿੱਦਿਅਕ, ਸਮਾਜਿਕ ਪੂੰਜੀ ਲਗਾਉਣੀ ਹੀ ਪਏਗੀ...ਅਤੇ ਠੀਕ ਇਥੇ ਹੀ, ਕਲਾ
ਇਕ ਅਜਿਹਾ ਯੰਤਰ ਹੈ ਜਿਹਦੇ ਨਾਲ ਇਸਨੂੰ ਪੀੜ੍ਹੀਆਂ ਬੀਤਣ ਮਗਰੋਂ ਵੀ ਓਵੇਂ ਹੀ ਸੁਰਜੀਤ ਰੱਖ ਸਕਦੇ
ਹੋ. ਬੱਸ ਹੁਣ ਐਥੇ ਆਣ ਕੇ ਆਪਣੇ ਪਰਿਦ੍ਰਿਸ਼ ਖੋਲ੍ਹਿਓ, ਪਰਿਪੇਖ ਨੂੰ ਵਿਰਾਟ ਰੂਪ ਦਿਓ ਤੇ ਵਿਆਪਕ
ਰੂਪ ਵਿੱਚ ਬ੍ਰਹਿਮੰਡ ਅੰਦਰ ਵਰਤਦੀ ਕਲਾ ਨੂੰ ਸਮਝਣ ਲਈ ਚੌਗਿਰਦੇ ਨਿਗਾਹ ਮਾਰਿਓ... ਜਦੋਂ ਵੱਡੇ
ਦਰਸ਼ਨ ਇਸਲਾਮ, ਇਸਾਈ, ਬੌਧ ਤੇ ਗੁਰਬਾਣੀ ਦਰਸ਼ਨ ਵੱਲ ਵੇਖੀਏ ਅਤੇ ਫੇਰ ਸੁਕਰਾਤ, ਅਰਸਤੂ ਸਮੇਤ ਬਾਕੀ
ਇਕਹਿਰੇ ਦਾਰਸ਼ਨਿਕ ਜਿਹਨਾਂ ਦੇ ਜਾਂ ਤਾਂ ਸਾਹਿਤਕ ਇਨਕਲਾਬ ਅੰਦਰ ਕਾਰਜ ਨੇ ਜਾਂ ਫੇਰ ਰਾਜਨੀਤਿਕ
ਠਹਿਰਾਉ ਦੇ, ਤੁਹਾਨੂੰ ਇਕ ਚੀਜ਼ ਸਮਝਣ ਨੂੰ ਮਿਲੇਗੀ ਕਿ ਆਪਸੀ ਕਲੇਸ਼ ਅਤੇ ਟਕਰਾਅ ਦੇ ਬਾਵਜੂਦ ਇਹ
ਸਾਰੇ ਕਾਰਕ ਅਧਿਐਨ ਲਾਇਕ ਹਨ, ਇਨ੍ਹਾਂ ਅੰਦਰ ਜੀਵਨ ਦੇ ਅਣਮੁੱਲੇ ਰੰਗ ਹਨ. ਮੌਜੂਦਾ ਬੇਰੰਗ ਜਿਹੇ
ਢੰਗ ਵਿਚ ਤਾਂ ਕਿਸੇ ਨਾਲ ਹਮਦਰਦੀ ਵੀ ਸਟੇਟ ਦੇ ਦਿੱਤੇ ਲਹਿਜੇ ਵਿੱਚ ਬੋਲ, ਲਿਖ ਕੇ ਜ਼ਾਹਿਰ ਕੀਤੀ
ਜਾ ਸਕਦੀ ਅਤੇ ਉੱਪਰੋਂ ਆਪਣੀ ਗਲਤੀ ਵੀ ਬੜੀ ਨੀਵੇਂ ਪੱਧਰ ਦੀ ਇਸ ਸਟੇਟ ਅੱਗੇ ਝੁਕਾ ਦਿੰਦੀ ਹੈ. ਸਟੇਟ
ਅੰਦਰ ਤੁਸੀਂ ਅੱਤਵਾਦੀ ਅਤੇ ਗੈਂਗਸਟਰ ਦੀ ਨਾਇਕਮਈ ਵਿਆਖਿਆ ਤੋਂ ਦੁਖੀ ਹੋ ਜਾਂਦੇ ਹੋ ਪਰ ਸਟੇਟ ਦਾ
ਖਲਨਾਇਕ ਰੂਪ ਉੱਤੇ ਬੋਲਣ ਵਾਲਾ ਕੋਈ ਇਕ ਵੀ ਨਹੀਂ, ਕਿਹੜੇ ਦ੍ਰਿਸ਼ਟੀਕੋਣ ਅੰਦਰ ਜੀਅ ਰਹੇ ਹੋ?
ਧਿਆਨ ਰਹੇ..ਸਵਾਲ ਭਾਵੇਂ ਹਜ਼ਾਰਾਂ ਨੇ ਪਰ ਅਸੀਂ ਉਸ ਵਹਿਣ ਵਿੱਚ ਨਹੀਂ ਵਗਣਾ ਕਿਉਂਕਿ ਸਾਡਾ ਕੰਮ
ਜੇਲ੍ਹੀਂ ਗਿਆਂ ਦੀ ਪੈਰਵੀ ਕਰਨਾ ਨਹੀਂ, ਬਲਕਿ ਜਿਹੜੇ ਹਾਲੇ ਨਹੀਂ ਗਏ ਉਹਨਾਂ ਦੀ ਸੰਭਾਲ ਕਰਨੀ
ਹੈ. ਗੁਲਾਬੀ ਤਾਰੇ ਨਾਵਲ ਅੰਦਰ ਬੜੀ ਖੁੱਲ੍ਹਦਿਲੀ ਨਾਲ ਇਹ ਨੁਕਤਾ ਛੋਹਿਆ ਗਿਆ ਹੈ:--
“ਕਾਨੂੰਨ ਦਾ ਜ਼ਾਬਤਾ ਸਾਡੀ ਜ਼ਿੰਦਗੀ ਵਿੱਚ ਇੱਕ ਮਜਬੂਰੀ ਵੀ
ਹੁੰਦਾ ਹੈ ਤੇ ਜਿਉਣ ਦਾ ਕਾਇਦਾ ਵੀ ! ਮੁਲਕ ਦਾ ਕਾਨੂੰਨ ਸਾਡੇ ਰੋਜ਼ ਦੇ ਕਿੱਸਿਆਂ ਕਹਾਣੀਆਂ ਤੇ
ਮੁਸ਼ਕਿਲਾਂ ਦੇ ਹੱਲ ਦਾ ਸਾਮਾਨ ਨਹੀਂ ਹੋ ਸਕਦਾ ਪਰ ਸਾਨੂੰ ਉਹਦੇ ਦਾਇਰੇ ਵਿੱਚ ਰਹਿ ਕੇ ਉਹਦੇ ਹੱਲ
ਲੱਭਣੇ ਜ਼ਰੂਰੀ ਹੁੰਦੇ ਨੇ | ਇਸ ਚਾਰਦੀਵਾਰੀ ਅੰਦਰ ਸਾਡਾ ਮਕਸਦ ਇਹਦੀਆਂ ਕੰਧਾਂ ਦੀ ਇੱਟਾਂ ਗਿਣਨ,
ਮਿੱਟੀ ਮਿਣਨ ਯਾ ਹਉਕੇ ਚਿਣਨ ਦਾ ਨਹੀਂ ਸਗੋਂ ਇਹ ਸਮਝਣ ਦਾ ਹੁੰਦਾ ਹੈ ਕਿ ਕਿਹੜੀ ਗਲਤੀ ਕੀਤੀ ਹੈ,
ਉਸਦਾ ਬਦਲ ਹੋਰ ਕੀ ਕੀ ਹੋ ਸਕਦਾ ਸੀ ? ਇਹ ਗੱਲ ਮਨੋਵਿਗਿਆਨਕ ਹੀ ਨਹੀਂ ਵਾਸਤਵਿਕ ਵੀ ਹੈ, ਇਸਦਾ
ਸਿੱਧਾ ਸੰਬੰਧ ਤੁਹਾਡੇ ਵਰਤਮਾਨ ਦੇ ਸੁਭਾਅ ਅਤੇ ਭਵਿੱਖ ਦੀ ਚੰਗੀ ਸੰਭਾਵਨਾਵਾਂ ਨਾਲ ਹੈ | ੭੦ ਤੋਂ
੮੦ ਫ਼ੀਸਦ ਗੁਨਾਹ ਕਿਸੇ ਨਾ ਕਿਸੇ ਸਵਾਰਥ ਅਧੀਨ ਹੀ ਸਨ, ਤੇ ਜੇਲ ਵਿੱਚ ਆ ਕੇ ਤੁਸੀਂ ਇਹ ਵੇਖਣਾ ਹੈ
ਕਿ ਉਹਨਾਂ ਸਵਾਰਥਾਂ ਦੀ ਮਿਆਦ ਕਿੰਨੀ ਕੁ ਸੀ ? ਕੀ ਉਹ ਸਵਾਰਥ ਤ੍ਰਿਪਤੀ ਅੱਜ ਵੀ ਬਰਕਰਾਰ ਹੈ
ਜਿਹੜੀ ਤ੍ਰਿਪਤੀ ਗੁਨਾਹ ਕਰਨ ਵੇਲ਼ੇ ਕੀਤੀ ਸੀ ? ਤੁਹਾਡੇ ਵਿੱਚੋਂ ਕਿੰਨੇ ਕੁ ਕ਼ਾਤਿਲ ਨੇ ? ਕਿੰਨੇ
ਕੁ ਚੋਰ ਨੇ..? ਸਭ ਤੋਂ ਅਜੀਬ ਗੱਲ...ਕਿੰਨੇ ਕੁ ਬਲਾਤਕਾਰੀ ਨੇ ? ਕੀ ਉਹ ਕੁਝ ਪਲਾਂ ਦੇ ਹਲਕਾਅ
ਦੀ ਸਜ਼ਾ ਭੁਗਤਦਿਆਂ ਇਸ ਗੱਲ ਨਾਲ ਸਹਿਮਤ ਨੇ ਕਿ ਕਸੂਰਵਾਰ ਉਹ ਇਕੱਲੇ ਨਹੀਂ ਸਗੋਂ ਉਸ ਸਮਾਜ ਦਾ
ਦੌਰ ਹੈ ਜਿਹੜਾ ਤੁਹਾਨੂੰ ਇੱਕ ਸੀਮਤ ਭਾਵਨਾ ਵਿੱਚ ਦੱਬ ਰਿਹਾ ਹੈ ! ਇੱਕ ਬੱਚੇ ਦੇ ਜਨਮ ਤੋਂ ਲੈ
ਕੇ ਮਰਨ ਤੱਕ ਰੂਪ, ਰੰਗ ਤੇ ਉਸਦੇ ਰਹਿਣ ਸਹਿਣ ਉੱਤੇ ਜਿਹੜੀਆਂ ਟਿੱਪਣੀਆਂ ਸੰਸਕਾਰਾਂ, ਰਵਾਇਤਾਂ ਦੇ
ਨਾਮ ਥੱਲੇ ਕੀ ਕੀ ਦਬਾਅ ਆਪਣੇ ਮਾਨਸਿਕ ਪੱਧਰ ਉੱਤੇ ਸਹਾਰ ਕੇ ਬੈਠੇ ਓ ਤੁਸੀਂ ਸਾਰੇ... ਸੋਚਿਆ
ਕਦੇ ? ਤੁਹਾਡੀ ਹਰ ਕ੍ਰੋਧ ਭਾਵਨਾ ਦੇ ਪ੍ਰਗਟਾਵੇ ਵਿੱਚ ਕਾਮ ਸੰਬੰਧੀ ਸ਼ਬਦਾਵਲੀ ਸਾਡੀ ਮਾਨਸਿਕਤਾ
ਵਿੱਚ ਕੀਹਨੇ ਪਾਈ ? ਮੁੱਦਾ ਇਥੇ ਔਰਤਾਂ ਦੇ ਸਤਿਕਾਰ ਅਤੇ ਤੌਹੀਨ ਦਾ ਨਹੀਂ...ਸਾਡੇ ਦਿਮਾਗ ਚ ਇਹ
ਗੱਲ ਵਾਰ ਵਾਰ ਬਿਠਾ ਦਿੱਤੀ ਗਈ ਹੈ ਕਿ ਔਰਤਾਂ ਪ੍ਰਤੀ ਖਿੱਚ ਭਰੀ ਉੱਗਰ ਭਾਵਨਾ ਸਿਰਫ਼ ਉਹਨਾਂ ਲਈ
ਨਮੋਸ਼ੀ ਹੈ... ਜਦਕਿ ਇਖਲਾਕ ਮਰਦਾਂ ਦਾ ਨਹੀਂ ਡਿੱਗਦਾ ? ਜ਼ਰਾ ਗੌਰ ਨਾਲ ਵੇਖਿਓ... ਜਿਹੜੇ ਵੀ
ਬਲਾਤਕਾਰੀ ਤੁਹਾਡੇ ਵਿੱਚੋਂ ਇਥੇ ਮੌਜੂਦ ਨੇ ਕੀ ਇਹ ਦੱਸ ਸਕਦੇ ਕਿ ਉਸ ਪੀੜਤ ਔਰਤ ਦਾ ਉਸ ਹਿੰਸਾ
ਨਾਲ ਕੀ ਵਿਗੜਿਆ ? ਸਮਾਜਿਕ ਸ਼ੋਸ਼ਣ ? ਸਮਾਜਿਕ ਸ਼ੋਸ਼ਣ ਦੀ ਜ਼ਿੰਮੇਵਾਰ ਉਹ ਆਪ ਤਾਂ ਹੈ ਹੀ ਨਹੀਂ...
ਸਾਡੀਆਂ ਘੜੀਆਂ ਹੋਈਆਂ ਮਨੌਤਾਂ ਹੀ ਨੇ ! ਜਦਕਿ ਅਸਲੀ ਦਾਇਰਾ ਤਾਂ ਇਹ ਆਖੇ ਕਿ ਜਿਥੇ ਕਿਤੇ ਵੀ
ਗੁਨਾਹ ਹੁੰਦਾ ਹੈ ਓਥੇ ਸਜ਼ਾ ਏ ਮੌਤ, ਯਾ ਹੋਰ ਸਜ਼ਾਵਾਂ ਨਾਲੋਂ ਸਮਾਜਿਕ ਚੇਤਨਾ ਵੱਲ ਵਧਣਾ ਬਿਹਤਰ
ਜਾਪਦੈ... ਵਧੇਗਾ ਕੌਣ ? ਜਿਥੇ ਸਾਡੇ ਵੱਸ ਵਿੱਚ ਬੈਠੀ ਸ਼ਬਦਾਵਲੀ ਉੱਤੋਂ ਹੀ ਅਜਿਹੀ ਮਾਨਸਿਕਤਾ ਦਾ
ਗ੍ਰਹਿਣ ਨਹੀਂ ਹੱਟ ਰਿਹਾ ਹੋਰਨਾਂ ਸਮੱਸਿਆਵਾਂ ਲਈ ਅਸੀਂ ਵਰ੍ਹੇ ਦਰ ਵਰ੍ਹੇ ਪਛੜਦੇ ਜਾ ਰਹੇ ਹਾਂ,
ਗੁਨਾਹਗਾਰਾਂ ਦੀ ਤਾਦਾਦ ਕਦੋਂ ਘਟੇਗੀ ? ਹਾਲੇ ਮੈਂ ਜੇਲ ਵਿੱਚ ਬੈਠੇ ਗੁਨਾਹਗਾਰਾਂ ਦੀ ਗੱਲ ਕੀਤੀ
ਹੈ... ਜਿਹੜੇ ਬੇਗੁਨਾਹ ਸਜ਼ਾਵਾਂ ਕੱਟ ਰਹੇ ਨੇ ਉਹਨਾਂ ਲਈ ਇੰਸਾਫ਼ ਦੀ ਆਵਾਜ਼ ਕੌਣ ਚੱਕ ਸਕੇਗਾ ? ਸਾਡੇ
ਗੁਨਾਹਾਂ ਦੀ ਜੜ੍ਹ ਹਕੂਮਤਾਂ ਦੇ ਰਵਈਏ ਯਾ ਅਦਾਲਤਾਂ ਦੀ ਬੇਇੰਸਾਫੀ ਕਰਕੇ ਨਹੀਂ ਲਗਦੀ ਸਗੋਂ ਉਹ
ਸਮਾਜਿਕ ਵਾਤਾਵਰਣ ਜਿਹੜਾ ਸਾਡੀ ਅਭੋਲਤਾ ਨੂੰ ਆਪਣਾ ਹਥਿਆਰ ਬਣਾ ਕੇ ਸਾਨੂੰ ਹੀ ਗੁਨਾਹਾਂ ਲਈ
ਉਕਸਾਵੇ... ਭਾਵੇਂ ਉਹ ਧਰਮ ਦਾ ਢਾਂਚਾ ਹੋਵੇ ਯਾ ਸਿਆਸਤ ਦਾ... ਸਿੱਖਿਆ ਹੋਵੇ ਯਾ ਬੇਸ਼ੱਕ
ਜਾਤੀਵਾਦ... ਵਖਰੇਵਾਂ ਹਰ ਕਿਸਮ ਦਾ ਸਾਡੀ ਸਮਾਜਿਕ ਪਹੁੰਚ ਵਿੱਚ ਰੋੜਾ ਬਣ ਖੜਿਆ ਹੈ | ਦੰਤ
ਕਥਾਵਾਂ ਵਰਗੀ ਸਾਡੀ ਹਕੀਕੀ ਜ਼ਿੰਦਗੀ ਹੋਈ ਪਈ ਹੈ ਜੀਹਦੇ ਵਿੱਚ ਕਲਪਨਾਤਮਕ ਖ਼ਿਆਲਾਂ ਨੂੰ ਹੀ
ਆਦਰਸ਼ਵਾਦ ਕਹਿੰਦੇ ਆ ਰਹੇ ਹਾਂ ਪਰ ਅਮਲ ਉਲਟੇ ਨੇ |”
“ਪਰ ਪ੍ਰੋਫੈਸਰ ਸਾਹਿਬ ! ਆਹ
ਗੱਲਾਂ ਮੰਨ ਕੌਣ ਰਿਹੈ ? ਬਾਹਰ ਇਹ ਮੁਢਲੀਆਂ ਗੱਲਾਂ ਉੱਤੇ ਗੱਲ ਕਰਦਾ ਹੀ ਕੌਣ ਹੈ ? ਮੰਨ ਲਵੋ ਜੇ
ਤੁਹਾਡੀਆਂ ਇਹਨਾਂ ਗੱਲਾਂ ਨੂੰ ਅਸੀਂ ਸਮਝ ਕੇ ਜੇਲਾਂ ਤੋਂ ਬਾਹਰ ਆਉਣ ਮਗਰੋਂ ਅਮਲ ਕਰਨ ਦੀ ਕੋਸ਼ਿਸ਼
ਵੀ ਕਰੀਏ ਤਾਂ ਸਾਡੇ ਉੱਤੇ “ਸਜ਼ਾਯਾਫਤਾ” ਦਾ ਠੱਪਾ ਲੱਗਿਆ ਕਿਸੇ ਦੇ ਯਕ਼ੀਨ ਨਹੀਂ ਜਿੱਤ ਸਕਦਾ |”
“ਪੁੱਤਰ ਆਹੀ ਤੇ ਅਸਲ ਸੋਚਣ ਵਿਚਾਰਨ ਦੀ ਅਸਲ ਲੋੜ ਹੈ ! ਸਾਡੇ ਵਾਸਤੇ
ਕੁਝ ਵੀ ਸੌਖਾ ਨਹੀਂ ਹੋ ਸਕਦਾ... ਸਿੱਖਿਆ ਮਹਿਕਮੇ ਨੂੰ ਪਤਾ ਹੁੰਦੈ ਕਿੰਨੇ ਪ੍ਰੋਫੈਸਰ ਗੁਰਚਰਨ
ਸਿੰਘ ਉਹਨਾਂ ਅੰਦਰ ਸੱਚ ਦਾ ਜ਼ਹਿਰ ਭਰ ਰਹੇ ਨੇ ਇਸ ਲਈ ਉਹਨਾਂ ਨੂੰ ਜੇਲੀਂ ਬੀੜ ਦੇਂਦੇ ਨੇ,
ਵਿੱਦਿਆਰਥੀ ਜਦੋਂ ਕੁਰਾਹੇ ਪਏ ਟੱਕਰਾਂ ਮਾਰਦੇ ਨੇ ਓਦੋਂ ਇਹੀ ਨਿਜ਼ਾਮ ਸਹਾਈ ਹੋ ਰਿਹਾ ਹੁੰਦੈ ਉਹਦੀ
ਜੇਲ ਦੀ ਰਾਹ ਸੁਖਾਲੀ ਕਰਨ ਨੂੰ | ਨਸ਼ੇ ਤਸ੍ਕਰ ਇੰਨੇ ਜ਼ਿਆਦਾ ਨਹੀਂ ਨੇ ਜਿੰਨੇ ਕਿ ਬੁਜ਼ਦਿਲ ਤੇ
ਕਮੀਣੇ ਲੋਕ, ਆਪਣੀ ਡਰਪੋਕ ਮਾਨਸਿਕਤਾ ਚੜ੍ਹਦੀ ਉਮਰੇ ਜਵਾਕਾਂ ਉੱਤੇ ਥੋਪਦੇ ਨੇ ਤੇ ਜਿਹੜਾ ਡਾਹਢਾ
ਨਿਕਲੇ ਉਹਦੀ ਰਾਹ ਗੁਨਾਹ ਦੀ ਪੈੜ ਛੱਡ ਜਾਂਦੀ ਹੈ... ਗੌਰ ਕਰਿਓ, ਸਾਡੀ ਨੌਜੁਆਨੀ ਹੱਥ ਹਥਿਆਰ ਜੇਕਰ
ਫੜਾਏ ਜਾਂਦੇ ਨੇ ਉਹ ਬੁਜ਼ਦਿਲ ਤਬਕੇ ਵੱਲੋਂ ਨਹੀਂ, ਉਸ ਬਘਿਆੜੀ ਤਬਕੇ ਵੱਲੋਂ ਆਉਂਦੇ ਨੇ ਜਿਹੜੇ
ਸਾਡੀ ਨੌਜੁਆਨੀ ਨੂੰ ਜੇਲਾਂ ਤੱਕ ਪਹੁੰਚਾ ਰਹੇ ਨੇ | ਬੁਜ਼ਦਿਲ ਤਾਂ ਹਥਿਆਰ ਫੜਾਉਣਾ ਦੂਰ ਦੀ ਗੱਲ,
ਆਪਣੇ ਘਰ ਦੀ ਔਲਾਦ ਹੱਥ ਆਈ ਬੰਦੂਕ ਖੋਹ ਕੇ ਸੁੱਟਣ ਜੋਗੇ ਵੀ ਨਹੀਂ... ਨਸ਼ੇ ਕਿਥੋਂ ਛੱਡ ਹੋਣਗੇ ?
ਪਿੰਡਾਂ ਦੀਆਂ ਪੰਚਾਇਤਾਂ ੯੫% ਨਸ਼ੇੜੀਆਂ ਦੀ ਰਹਿਨੁਮਾ ਨੇ, ਉਹਨਾਂ ਕਿਥੋਂ ਸ਼ਰਾਬ ਦੇ ਠੇਕੇ ਬੰਦ
ਕਰਨ ਦੇਣੇ ਨੇ ? ਪਰ ਅਗਲੀ ਗੱਲ ਫੇਰ ਗੌਰ ਰੱਖਣਾ... ਤੁਹਾਡਾ ਕੰਮ ਸਿਰਫ਼ ਤੇ ਸਿਰਫ਼ ਆਪਣੇ ਆਪ ਨੂੰ
ਸਹੀ ਰਾਹ ਸੇਧਣ ਵੱਲ ਹੋਣਾ ਚਾਹੀਦਾ ਹੈ ਕਿਉਂਕਿ ਤੁਹਾਡੇ
ਉੱਤੇ ਹਮੇਸ਼ਾ ਉਸ ਵਰਗ ਦੀ ਨਿਗਾਹ ਰਹਿਣੀ ਜਿਹਨਾਂ ਦਾ ਕਾਰਜ ਸਿਆਸਤ ਦੇ ਨਾਮ ਉੱਤੇ ਮਸ਼ਹੂਰ
ਹੈ ਪਰ ਪੇਸ਼ਾ ਜੱਲਾਦਾਂ ਵਾਲਾ ਹੀ ਹੈ | ਹੁਣ ਇਹ ਤੁਹਾਡੀ ਨੀਤੀ ਤੇ ਨੀਅਤ ਉੱਤੇ ਤੈਅ ਹੋਣੈ ਕਿ
ਤੁਸੀਂ ਅੱਗੇ ਵਧਣਾ ਏ ਯਾ ਵੱਖੋ ਵੱਖਰੇ ਨਾਮਾਂ ਹੇਠ ਚੱਲਦੇ ਬਰਬਾਦੀ ਦੇ ਅੱਡਿਆਂ ਦਾ ਮੋਹਰੀ ਬਣਨਾ
|”
n ਗੁਲਾਬੀ ਤਾਰੇ
ਇਹ ਕਹਾਣੀਆਂ ਨਹੀਂ ਨੇ ਵਿਸ਼ੇ ਹਨ ਜਿਨ੍ਹਾਂ ਨੂੰ ਤੁਸੀਂ ਖੁਦ ਘੋਖ ਕੇ ਤਸਦੀਕ ਜਾਂ ਰੱਦ ਕਰ
ਸਕਦੇ ਹੋ. ਵੈਸੇ ਵੀ ਗੱਲ ਤੁਰੀ ਤਾਂ ਦੂਰ ਤੱਕ ਜਾਣੀ ਹੀ ਹੁੰਦੀ ਹੈ!
ਗੱਲਾਂ ਦੇ ਪੜਾਅ ਹੁੰਦੇ ਹਨ
ਜਿਨ੍ਹਾਂ ਨੂੰ ਤੁਸੀਂ ਜਿਉਣਾ ਹੁੰਦਾ ਹੈ, ਜਾਣਨਾ ਹੁੰਦਾ ਹੈ..ਮੈਂ ਫਿਰ ਤੋਂ ਦੁਹਰਾ ਰਿਹਾਂ ਵੀਰੋ
ਤੇ ਭੈਣੋਂ, ਰਤਾ ਵੀ ਕਾਹਲ ਇਨਕਲਾਬ ਦੀ ਨਾ ਮਚਾਇਓ, ਤੁਹਾਨੂੰ ਆਪਣੇ ਵੈਰੀ ਪਹਿਚਾਣ ਕਰਨ ਨੂੰ ਸਮਾਂ
ਅਤੇ ਉਨ੍ਹਾਂ ਤੋਂ ਪਰ੍ਹੇ ਹੋਣ ਨੂੰ ਜੁਗਤ ਦੀ ਸਖਤ ਲੋੜ ਹੈ ਉਸ ਉਪਰ ਕੰਮ ਵੀ ਕਰਨਾ ਹੈ ਅਤੇ ਦਿਸ਼ਾ
ਸਹੀ ਸਟੀਕ ਹੈ ਜਾਂ ਨਹੀਂ ਇਸਦੇ ਲਈ ਤੁਹਾਡਾ ਸੋਝੀ ਦਾ ਬਲ ਤੇ ਤੀਖਣਤਾ ਗੁਰੂ ਪਾਤਿਸ਼ਾਹ ਦੇ ਸ਼ਬਦ
ਸਰੂਪ ਨਾਲ ਜੁੜੀ ਹੋਣੀ ਚਾਹੀਦੀ ਹੈ. ਨਹੀਂ ਤਾਂ ਕਹਿਆ ਸੁਣਿਆ ਬੇਅਰਥ ਜਾਣਾ. ਕਲਾਕਾਰ ਬਣਨਾ ਹੋਵੇ,
ਸਿਰਫ ਕਲਾਕਾਰ ਹੱਥ ਹੀ ਇਹ ਗੁਣ ਹੈ ਕਿ ਉਹ ਇੱਕੋ ਵੇਲੇ ਹਰ ਪਾਸੇ ਕੋਈ ਵੀ ਕਿਰਦਾਰ ਨਿਭਾਅ ਸਕਦਾ
ਹੈ. ਜਿੰਨਾ ਕਾਇਦੇ ਅੰਦਰ ਕਲਾਕਾਰ ਰਹਿ ਜਾਵੇ ਓਨੀ ਉਸਦੀ ਗੁਣਾਤਮਕ ਪਹੁੰਚ ਸਪਸ਼ਟ ਹੁੰਦੀ, ਸਿੱਖ ਵੀ
ਹਰਫਨਮੌਲਾ ਕਲਾਕਾਰ ਹੈ ਜਿਹੜੇ ਕਲਾ ਦੀ ਮੁਢਲੀ ਪਰਿਭਾਸ਼ਾ ਦਾ ਹਾਮੀ ਹੈ ਕਿ ਇਸ ਸੰਸਾਰ ਦੇ ਤਮਾਸ਼ੇ
ਵਿੱਚ ਉਹ ਸਿਰਫ ਆਪਣਾ ਜੀਵਨ ਹੰਢਾਉਣ ਤੇ ਜ਼ਾਬਤੇ ਅੰਦਰ ਉਸਾਰੂ ਕਾਰਜ ਕਰਨ ਆਇਆ ਹੈ, ਉਸਤੋਂ ਇਲਾਵਾ
ਸੁਖ ਦੁੱਖ, ਮੋਹ ਮਾਇਆ ਸਭ ਬੇਅਰਥ ਹੈ. ਇਸ ਲਈ ਇਥੇ ਝਗੜਾ ਨਹੀਂ ਖੜ੍ਹਾ ਕਰਨਾ ਪਰ ਸੰਘਰਸ਼ ਬਹੁਤ
ਟੇਢ਼ਾ ਹੈ, ਜੋਰਾਵਰੀ ਦਾ ਮਸਲਾ ਪੂਰਾ ਹੈ! ਸਿੱਖੀ ਹੱਥ ਰਬਾਬ ਬੇਵਜ੍ਹਾ ਨਹੀਂ ਆਈ, ਤਾਊਸ ਬਿਨ੍ਹਾਂ
ਵਜ੍ਹਾ ਨਹੀਂ... ਸ਼ਸਤ੍ਰ ਬੇਵਜ੍ਹਾ ਨਹੀਂ ਆਏ, ਸਭ ਚੀਜ਼ਾਂ ਦੇ ਨਾਲ ਸਿੱਖ ਦਾ ਸੁਭਾਅ ਵੀ ਆਮ ਨਹੀਂ
ਹੋਣਾ ਚਾਹੀਦਾ... ਬਾਬਾ ਜੀ ਨੇ ਕਰੜਾ ਸਾਰ ਜਪੁ ਅੰਦਰ ਬਖਸ਼ਿਸ਼ ਕੀਤਾ ਉਹਨੂੰ ਸਮਝਣਾ ਜ਼ਰੂਰ:--
ਕਰਮ ਖੰਡ ਕੀ ਬਾਣੀ ਜੋਰੁ॥ ਤਿਥੈ ਹੋਰ ਨ ਕੋਈ ਹੋਰੁ॥ ਤਿਥੈ ਜੋਧ ਮਹਾਬਲ
ਸੂਰ॥ ਤਿਨ ਮਹਿ ਰਾਮੁ ਰਹਿਆ ਭਰਪੂਰ॥ ਤਿਥੈ ਸੀਤੋ ਸੀਤਾ ਮਹਿਮਾ ਮਾਹਿ॥ ਤਾ ਕੇ ਰੂਪ ਨ ਕਥਨੇ ਜਾਹਿ॥
ਨਾ ਓਹਿ ਮਰਹਿ ਨ ਠਾਗੇ ਜਾਹਿ॥ ਜਿਨ ਕੈ ਰਾਮੁ ਵਸੈ ਮਨ ਮਾਹਿ॥ ਤਿਥੈ ਭਗਤ ਵਸਹਿ ਕੇ ਲੋਅ॥ ਕਰਹਿ
ਅਨੰਦੁ ਸਚਾ ਮਨਿ ਸੋਇ॥ ਸਚ ਖੰਡਿ ਵਸੈ ਨਿਰੰਕਾਰ॥ ਕਰਿ ਕਰਿ ਵੇਖੈ ਨਦਰਿ ਨਿਹਾਲ॥ ਤਿਥੈ ਖੰਡ ਮੰਡਲ
ਵਰਭੰਡ॥ ਜੇ ਕੋ ਕਥੈ ਤ ਅੰਤ ਨ ਅੰਤ॥ ਤਿਥੈ ਲੋਅ ਲੋਅ ਆਕਾਰ॥ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ॥
ਵੇਖੈ ਵਿਗਸੈ ਕਰਿ ਵੀਚਾਰੁ॥ ਨਾਨਕ ਕਥਨਾ ਕਰੜਾ ਸਾਰੁ॥ ੩੭ ॥
ਕਰਮ ਖੰਡ ਭਾਵ ਸਾਡੇ ਜੀਵਨ ਦੀ ਬਾਣੀ ਹੀ ਜੋਰ ਦੱਸੀ ਗਈ ਹੈ, ਜੋਰ ਨੂੰ ਊਰਜਾ ਤਾਂ ਕੁਦਰਤਿ ਦੇ
ਦਏਗੀ ਉਸਨੂੰ ਵਰਤਣਾ ਕਿਵੇ ਹੈ ਇਸਨੂੰ ਤੁਸੀਂ ਨਿਸਚਿਤ ਕਰਦੇ ਰਹੋ. ਧਰਤੀ ਬੜੀ ਕਮਾਲ ਦੀ ਸ਼ੈਅ ਹੈ
ਇਸ ਵਿੱਚ ਜਦੋਂ ਕਲਾ ਵਰਤੇਗੀ ਕਰਾਮਾਤ ਆਪਣੀ ਹੋਂਦ ਪ੍ਰਗਟਾ ਹੀ ਦਏਗੀ. ਫੇਰ ਤੁਹਾਡੇ ਕੋਲ ਅਰਥਚਾਰੇ
ਨੂੰ ਬਦਲਣ ਦੀ ਅਜਿਹੀ ਕੁੰਜੀ ਹੱਥ ਆ ਜਾਣੀ ਜਿਸਦਾ ਕੋਈ ਤੋੜ ਹਾਲੇ ਮਿਲਿਆ ਨਹੀਂ. ਸੋਝੀ ਬਹੁ-ਪੱਖੀ
ਚਾਹੀਦੀ ਹੈ ਠਰੰਮਾ ਵੀ ਦੂਰਦਰਸ਼ਿਤਾ ਵੀ ਅਤੇ ਜੁਨੂੰਨ ਵੀ ਇੰਨਾ ਸਭ ਕੁਝ ਗੁਰੂ ਪਾਤਿਸ਼ਾਹ ਪਾਸੋਂ
ਜਾਂ ਦਾਰਸ਼ਨਿਕ ਨਜ਼ਰੀਏ ਤੋਂ ਇਲਾਵਾ ਸੰਭਵ ਨਹੀਂ ! ਮੌਲਿਕ ਰਹੋ....ਮੌਲਦੇ ਰਹੋ!
ਇਕਵਿੰਦਰ ਪਾਲ ਸਿੰਘ
10 ਜੁਲਾਈ 2021

Comments
Post a Comment