Footprints of Epic
ਘੁਮੱਕੜ ਸ਼ਾਸਤਰ- ਇੱਕੀਵੀਂ ਸਦੀ ਦਾ ਧਰਾਤਲ
ਰਾਹੁਲ ਸਾਂਕਰਤਿਆਯਨ
‘ਇਹ ਦੌਰ
ਮੁਸਾਫ਼ਿਰੀ ਦਾ ਅੰਤਿਮ ਦੌਰ ਹੈ, ਵਿਰਲਾ ਟਾਵਾਂ ਹੀ ਕੋਈ ਸਾਧਕ ਮੁਸਾਫ਼ਿਰ ਬਣ ਸਕੇਗਾ।’ ਇਹ ਟਿੱਪਣੀ
ਸਖ਼ਤ ਹੈ ਪਰ ਰਾਹੁਲ ਸਾਂਕਰਤਿਆਯਨ ਦੀ ਕਿਤਾਬ ਘੁਮੱਕੜ ਸ਼ਾਸਤਰ ਦਾ ਤੱਤ ਵੀ ਹੈ। ਧਰਤੀ
ਉੱਤੇ ਜਦੋਂ ਨੰਗੀ ਤਲ਼ੀਆਂ ਦੀ ਛੋਹ ਲਗਦੀ ਹੈ ਓਦੋਂ ਇੱਕ ਕਸਕ ਜਿਹੀ ਉਭਰ ਕੇ ਆਉਂਦੀ ਹੈ ਕਿ ਜਿਹੜਾ
ਇਹ ਜੁੜਾਅ ਧਰਤ ਨਾਲ ਸ਼ਰੀਰ ਦਾ ਹੋ ਰਿਹਾ ਓਸਨੂੰ ਵੀ ਅੱਖਰਾਂ ਵਿਚ ਪਰੋਇਆ ਜਾਵੇ। ਪਰ ਸਲੀਕੇ ਦੀ
ਜਾਚ ਇਹ ਦੱਸਦੀ ਹੈ ਕਿ ਰੰਗ ਮਾਣੀਦੇ ਹੁੰਦੇ ਨੇ, ਜਾਣੀਦੇ ਨਹੀਂ। ਜਿੰਨੀ ਵੀ ਕਹਾਣੀ ਸਫ਼ਰ ਵਿਚ
ਬੀਤਦੀ ਹੈ ਉਹ ਟਿਕਾਅ ਵਿਚ ਨਹੀਂ। ਜੇਕਰ ਅਜਿਹਾ ਨਾ ਹੁੰਦਾ ਤਾਂ ਅੱਧੇ ਤੋਂ ਵੱਧ ਸ਼ਾਇਰੀ ਮੁਸਾਫ਼ਰੀ
ਦੇ ਵਕ਼ਤ ਦੀ ਨਾ ਸਾਹਮਣੇ ਆਉਂਦੀ। ਪਰ ਖ਼ੈਰ, ਗੱਲ ਲਮਕਾਉਣੀ ਨਹੀਂ ਆਪਾਂ, ਬਹੁਤ ਕੁਝ ਹੈ ਦੱਸਣ
ਨੂੰ। ਆਖ਼ਰ ਲਿਖਾਰੀ ਨੇ ਆਪਣੇ ਇਸ ਲੇਖ ਨੂੰ ‘ਸ਼ਾਸਤਰ’ ਦਾ ਨਾਂ ਦੇਣ ਲੱਗਿਆਂ ਇਸਦੀ ਵਿਸ਼ਾਲਤਾ ਨੂੰ
ਵੀ ਛੋਹਣ ਅੰਦਰ ਕਾਮਿਆਬੀ ਹਾਸਲ ਕਰਦਾ ਹੈ।
ਅਨੁਵਾਦ
ਕਿਤਾਬ ਪੜ੍ਹਣ ਦਾ ਸਭ ਦਾ ਆਪੋ ਆਪਣਾ ਜ਼ਾਇਕਾ ਹੁੰਦਾ ਹੈ, ਮੈਨੂੰ ਅਕਸਰ ਸੁਭਾਅ ਹੈ ਵਿਸ਼ੇ ਵਸਤੂ ਅਤੇ
ਉਸ ਮੌਲਿਕ ਸ਼ਖ਼ਸ ਬਾਰੇ ਹੀ ਗੱਲ ਕਰਨ ਵਿਚ, ਜਿਸਨੂੰ ਸਾਡੇ ਤੱਕ ਪਹੁੰਚਾਉਣ ਲਈ ਅਨੁਵਾਦਕ ਨੇ ਕੋਸ਼ਿਸ਼
ਕੀਤੀ ਹੁੰਦੀ ਹੈ। ਸੰਭਵ ਹੈ ਵੱਡੀਆਂ ਸ਼ਖ਼ਸੀਅਤਾਂ ਦੇ ਬੌਧਿਕ ਮਿਆਰ ਤੱਕ ਪਹੁੰਚ ਪਾਉਣਾ ਕਦੇ ਸੰਭਵ
ਹੋ ਹੀ ਨਾ ਪਾਵੇ। ਹੁਣ ਗੱਲਾਂ ਵੱਡੀਆਂ ਨੇ ਅਤੇ ਬਿਨ੍ਹਾਂ ਸ਼ੱਕ
ਕਿਸੇ ਵਹਿੰਦੀ ਨਦੀ ਦੇ ਹੇਠ ਲੁਕਿਆਂ ਗੱਲ ਨਹੀਂ ਬਣਦੀ, ਪਾਣੀਆਂ ਦੇ ਉੱਪਰ ਤੈਰਨਾ ਪਏਗਾ। ਭਾਸ਼ਾ ਦੇ
ਅਸਤਿਤਵ ਸਥਾਪਨਾ ਤੋਂ ਪਹਿਲੋਂ ਹੀ ਘੁਮੰਤੂ ਜੀਵ ਮਨੁੱਖ ਆਪਣੀ ਖੁਰਾਫ਼ਾਤੀ ਤਬੀਅਤ ਨੂੰ ਉਤਸੁਕਤਾ ਦੀ
ਭਾਵਨਾ ਵਿਚ ਬੰਨ੍ਹਦੇ ਹੋਏ ਕੁਝ ਜਾਣਨਾ ਸਿੱਖਣਾ ਸ਼ੁਰੂ ਕੀਤਾ ਜਿਸਨੂੰ ਸਮਝਣ ਵਿਚਾਰਣ ਦੀ ਬਿਧਿ ਜਿਸ
ਜਿਸ ਮਾਧਿਅਮ ਨਾਲ ਸਾਹਮਣੇ ਆਈ ਉਸਨੇ ਮਨੁੱਖੀ ਵਿਕਾਸ ਦਾ ਮੁੱਢ ਬੰਨ੍ਹਿਆ। ਘੁਮੱਕੜ ਸ਼ਾਸਤਰ ਉਨ੍ਹਾਂ
ਤਰਤੀਬਾਂ ਦੇ ਸਿਰਜਣ ਪੱਖ ਨੂੰ ਛੋਂਹਦਾ ਹੈ ਜਿਸ ਉੱਪਰ ਸਾਡੀ ਮਨੁੱਖੀ ਸੱਭਿਅਤਾ ਇਕ ਆਲਸ ਦੀ ਚਾਦਰ
ਲਪੇਟ ਕੇ ਸੁੱਖ ਸਾਧਨਾਂ ਤੱਕ ਗਵਾਚੀ ਜਿਹੀ ਹੋਈ ਹੈ। ਮੈਨੂੰ ਨਹੀਂ ਪਤਾ ਕਿ ਤੁਹਾਡਾ ਵੈਸੇ ਕਿਸ
ਕਿਸਮ ਦਾ ਸੋਚਣੀ ਦਾ ਪੱਧਰ ਹੈ ਕਿਉਂਕਿ ਰਾਹੁਲ ਸਾਂਕਰਤਿਆਯਨ ਬਿਲਕੁਲ ਪਾਠਕ ਦੇ ਸਨਮੁੱਖ ਵਾਰਤਾਲਾਪ
ਕਰਦੇ ਕਰਦੇ ਇਸ ਰਚਨਾ ਨੂੰ ਪੂਰਾ ਕਰਦੇ ਹਨ। ਅੰਦਰੂਨੀ ਪੱਧਰ ਉੱਤੇ ਨਜ਼ਰ ਮਾਰਣ ਨਾਲ ਇਹ ਪਤਾ ਲਗਦਾ
ਹੈ ਕਿ ਸਾਨੂੰ ਮੁਸ਼ਕਿਲਾਂ ਦਾ ਸਨਮੁੱਖ ਸੰਵਾਦ ਰਚਾਉਣ ਲੱਗੇ ਵੀ ਇਹ ਵੇਖਣਾ ਪਏਗਾ ਕਿ ਅੱਗੇ ਕਰਨਾ
ਕੀ ਕੁਝ ਹੈ।
‘ਸਫ਼ਰ’
ਬਾਰੇ ਕੁਝ ਦੈਵੀ ਅਹਿਸਾਸ ਜ਼ਰੂਰ ਹਨ ਜਿਹੜੇ ਸਮਝਦਾਰੀ ਤੋਂ ਜ਼ਿਆਦਾ ਅਨੁਭਵ ਦਾ ਖੇਤਰ ਮੰਗਦਾ ਹੈ। ਘਾਹ
ਦੀ ਤਿੜਾਂ ਮਿੱਧਦਾ ਪੈਰ ਬਰਫ਼ੀਲੀ ਪਹਾੜੀਆਂ ਤੋਂ ਲੰਘਦਾ ਮਨੁੱਖ ਆਪਣੀ ਰਫ਼ਤਾਰ ਨੂੰ ਥੰਮੇਗਾ ਜਾਂ
ਨਹੀਂ? ਖ਼ਾਸਕਰ ਜਦੋਂ ਅਸੀਂ ਇੰਨਾ ਕੁ ਜਾਣਦੇ ਹਾਂ ਕਿ ਹਰ ਖੇਤਰ ਅੱਜ ਕਿਸੇ ਮਨੁੱਖ ਦੀ ਮਲਕੀਅਤ ਹੈ,
ਕੋਈ ਵੀ ਥਾਂ ਵਿਰਾਨੀ ਨਹੀਂ। ਫੇਰ ਤਾਂ ਮਨੁੱਖੀ ਸੱਭਿਅਤਾ ਅੰਦਰ ਘੁੰਮਣ ਦੇ ਮਾਇਨੇ ਵੀ ਅਜੀਬ
ਖ਼ਤਰਨਾਕ ਅਤੇ ਸਖ਼ਤ ਜਿਹੇ ਹੋਣਗੇ, ਕਿਉਂਕਿ ਜਿੱਥੇ ਮਨੁੱਖੀ ਸੱਭਿਅਤਾ ਦੀ ਗੱਲ ਚੱਲ ਪਵੇ ਓਥੇ ਭਾਸ਼ਾ,
ਰਹਿਣ-ਸਹਿਣ, ਕਾਰ-ਵਿਹਾਰ...ਸਮੱਸਿਆਵਾਂ ਸਹੀ ਮਾਇਨਿਆਂ ਵਿਚ ਅਨੰਤ ਨੇ; ਅਤੇ ਇਸਨੂੰ ਸਹਿਣ ਕਰਨ
ਤੱਕ ਮਨੁੱਖ ਪਹੁੰਚ ਹੀ ਨਹੀਂ ਪਾਉਂਦਾ ਕਿਉਂਕਿ ਅਜੋਕਾ ਮਨੁੱਖ ਸੱਭਿਅਤਾਵਾਂ ਦੀ ਭੱਠੀ ਵਿਚ ਸੜ
ਰਿਹਾ ਹੈ; ਇਹ ਮੱਧ-ਕਾਲੀ ਸੰਸਾਰ ਵਰਗਾ ਨਹੀਂ ਜਦੋਂ ਸੰਸਾਰੀ ਜੀਵਨ ਸਾਧਨ ਜੋੜਦਾ ਹਰ ਇਕ ਪੜਾਅ ਨੂੰ
ਇਕ ਮਹੱਤਵਪੂਰਣ ਅੰਗ ਸਮਝਦਾ ਸੀ। ਤੁਹਾਨੂੰ ਆਪਣੀ ਹਸਤੀ ਸੰਭਾਲਣ ਵਿਚ ਪੂਰੀ ਦੇਰੀ ਲਗਦੀ ਹੈ।
‘ਮੌਲਿਕ
ਸਫ਼ਰ ਕੀ ਦ੍ਰਿਸ਼ ਪੇਸ਼ ਕਰੇਗਾ?’:- ਘੁਮੱਕੜ ਸ਼ਾਸਤਰ ਦੇ ਚਿੰਤਨ ਨੂੰ ਪਹਿਚਾਣਨਾ ਪਏਗਾ, ਜਿਵੇਂ
ਕਿ- ‘ਮੈਂ ਮੰਨਦਾ ਹਾਂ ਕਿ ਕਿਤਾਬਾਂ ਵੀ ਕੁਝ-ਕੁਝ ਘੁਮੱਕੜੀ ਦਾ ਰਸ ਦਿੰਦੀਆਂ ਹਨ, ਪਰ ਜਿਵੇਂ
ਫ਼ੋਟੋ ਵੇਖ ਕੇ ਤੁਸੀਂ ਹਿਮਾਲਿਆ ਅੰਦਰਲੇ ਦੇਵਦਾਰ ਦੇ ਘਣੇ ਜੰਗਲਾਂ ਅਤੇ ਚਿੱਟੇ ਬਰਫ਼ੀਲੇ ਸਿਖ਼ਰਾਂ
ਦੀ ਖ਼ੂਬਸੂਰਤੀ, ਉਨ੍ਹਾਂ ਦੇ ਰੂਪ ਅਤੇ ਉਨ੍ਹਾਂ ਦੀ ਖ਼ੁਸ਼ਬੂ ਦਾ ਅਨੁਭਵ ਨਹੀਂ ਕਰ ਸਕਦੇ, ਓਵੇਂ ਹੀ ਯਾਤਰਾ-ਬਿਰਤਾਂਤ
ਤੋਂ ਤਹਾਡੀ ਉਸ ਬੂੰਦ ਨਾਲ ਭੇਂਟ ਨਹੀਂ ਹੋ ਸਕਦੀ, ਜੋ ਇਕ ਘੁਮੱਕੜ ਨੂੰ ਮਿਲਦੀ ਹੈ।’ ਹੁਣ ਕਹਾਣੀ ਅੱਗੇ ਵਧੇਗੀ, ਗੱਲ
ਪਹਾੜਾਂ ਉੱਤੇ ਨਹੀਂ ਮੁੱਕਣੀ, ਤੁਹਾਨੂੰ ਇਸ ਅਸਲੀਅਤ ਨਾਲ ਜਿਉਣਾ ਪਵੇਗਾ ਕਿ ਇਹ ਕਿਸੇ ਨਾ ਕਿਸੇ
ਵਿਅਕਤੀ, ਸਥਾਨ, ਸੂਬੇ ਜਾਂ ਮੁਲਕ ਦੀ ਜਾਇਦਾਦ ਹੈ ਅਤੇ ਜਾਇਦਾਦਾਂ ਉੱਤੇ ਮੌਲਿਕ ਸੈਰ ਸਪਾਟਾ ਅਤੇ
ਘੋਖ ਸੰਭਵ ਨਹੀਂ। ਤਹਾਨੂੰ ਭੂਗੋਲਿਕ ਜਾਣਕਾਰੀ ਤੋਂ ਵਧੇਰੇ ਵਾਕ਼ਫ਼ੀਅਤ ਕਾਨੂੰਨ ਅਤੇ ਰਾਜਨੀਤੀ ਦੀ
ਰੱਖਣੀ ਪਏਗੀ। ਇਹ ਸਭ ਵੇਖ ਕੇ ਲਗਦਾ ਹੈ ਕਿ ਘੁਮੱਕੜ ਸ਼ਾਸਤਰ ਨੂੰ ਹੋਰ ਗੰਭੀਰਤਾ ਨਾਲ ਘੋਖਣਾ ਪਏਗਾ
ਕਿਉਂਕਿ ਜਿਸ ਵੇਲੇ ਇਹ ਲਿਖੀ ਜਾ ਰਹੀ ਸੀ ਉਸ ਕਾਲਖੰਡ ਤੋਂ ਹੁਣ ਤੱਕ ਜੋ ਤਬਦੀਲੀਆਂ ਆਈਆਂ ਹਨ
ਉਸਤੋਂ ਵਧੇਰੇ ਤਬਦੀਲੀ ਆਉਣ ਵਾਲੇ ਸਮੇਂ ਸਾਰਿਆਂ ਨਾਲ ਸਮੱਸਿਆ ਹੋਏਗੀ। ਕਿਵੇਂ ? ਹੇਠ ਦਿੱਤੇ ਕੁਝ
ਨੁਕਤੇ ਸਮਝੋ:
ੳ) ਪੱਤਰਕਾਰੀ: ਇਹ
ਪੇਸ਼ਾ ਮੁੱਢਲੇ ਤੌਰ ’ਤੇ ਕਈ ਵਰਗਾਂ ਵਿਚ ਵੰਡ ਕੇ ਸ਼ੁਰੂ ਹੋਇਆ ਹੈ, ਮੁੱਢ ਰਿਸ਼ੀਆਂ ਤੋਂ ਭਾਸ਼ਾ-ਲਿੱਪੀ
ਦੇ ਨਿਰਮਾਣ ਦਾ ਕੰਮ ਸੰਭਾਲਣ ਤੋਂ ਲੈ ਕੇ ਉਸਨੂੰ ਵਿਕਸਿਤ ਕਰਨ ਦੇ ਹਜ਼ਾਰਾਂ ਵਰ੍ਹਿਆਂ ਬਾਅਦ,
ਅਨੇਕਾਂ ਭਾਸ਼ਾਵਾਂ ਦੇ ਉਪਜਣ ਤੇ ਤਬਾਹ ਹੋਣ ਤੋਂ ਬਾਅਦ ਹੌਲ਼ੀ ਹੌਲ਼ੀ ਡਾਕ ਵਿਕਸਿਤ ਹੋਣ ਦੇ ਨਾਲ ਨਾਲ
ਇਕ ਪੇਸ਼ੇ ਵਜੋਂ ਆਧਾਰਸ਼ਿਲਾ ਬਣਾਇਆ। ਇਹ ਆਧਾਰ ਨੂੰ ਘੁਮੱਕੜੀ ਨਾਲ ਕਿਵੇਂ ਜੋੜੀਏ? ਉੱਪਰ ਇਸੇ ਗੱਲ
ਦਾ ਇਕ ਅੰਸ਼ ਲਿਖਿਆ ਏ, ਤੁਹਾਡੇ ਅੱਗੇ ਘੁਮੱਕੜ ਹੋਣ ਦਾ ਚਾਅ ਜਾਗਣ ਤੋਂ ਪਹਿਲੋਂ ਹੀ ਵਿਆਪਕ
ਦੁਨੀਆਂ ਦੇ ਬਹੁਤ ਸਾਰੇ ਅੰਸ਼ ਪੇਸ਼ ਹੋ ਚੁੱਕੇ ਹਨ। ਤੁਸੀਂ ਵੱਖ ਵੱਖ ਲਘੂ ਵਿਸ਼ਿਆਂ ਦੇ ਰਾਹੀਂ ਇਕ
ਵੱਡੇ ਭਰਮ ਨੂੰ ਮੁਖਾਤਿਬ ਹੋ ਚੁੱਕੇ ਹੁੰਦੇ ਹੋ, ਜਿਸਨੂੰ ਤੁਸੀਂ ਗਿਆਨ ਮੰਨ ਕੇ ਆਤਮਸਾਤ ਵੀ ਕਰ
ਲੈਂਦੇ ਹੋ, ਉਸਦੇ ਆਧਾਰ ਤੇ ਮਿੱਥ ਬਣਾਉਂਦੇ ਹੋ, ਤੁਹਾਡੀ ਹੋਣੀ ਉਨ੍ਹਾਂ ਮਿੱਥਾਂ ਨੂੰ ਜਿਉਂਦੀ ਹੈ
ਤੇ ਤੁਸੀਂ ਆਪਣੇ ਲੇਖਾਂ ਵਿਚ ਵਰਗ ਚਿਤਰ ਲੈਂਦੇ ਹੋ...ਉਫ਼ਫ਼ਫ਼... ਕੀ ਤੁਹਾਨੂੰ ਓਦੋਂ ਦਰਦਮਈ ਨਾ
ਲੱਗੂ ਜਦੋਂ ਤੁਹਾਨੂੰ ਉਮਰ ਭਰ ਦਾ ਪੈਂਡਾ ਹੰਢਾ ਕੇ ਇਉਂ ਮਹਿਸੂਸ ਹੋਵੇ ਕਿ ਅਸੀਂ ਬਿਲਕੁਲ ਗ਼ਲਤਾਨੇ
ਗਏ? ਪੱਤਰਕਾਰਿਤਾ... ਕੁਝ ਅਜਿਹੀ ਹੀ ਸ਼ੈਅ ਦਾ ਨਾਮ ਹੈ।
ਅ) ਲੇਖਣੀ:
ਪੱਤਰਕਾਰੀ ਦੇ ਆਧਾਰ ਉੱਤੇ ਖੜ੍ਹੀ ਅਜੋਕੀ ਲੇਖਣੀ, ਜੋ ਤੁਹਾਨੂੰ ਇਕ ਮਾਧਿਅਮ ਰਾਹੀਂ ਮਿਲ ਰਹੀ ਹੈ
ਉਸਦਾ ਨਾਮ ਹੈ ‘ਸਾਹਿਤ-ਬਾਜ਼ਾਰ’, ਲੇਖਕ ਹੋਣ ਦੇ ਬਾਵਜੂਦ ਮੈਂ ਗੁਰੇਜ਼ ਨਹੀਂ ਕਰਦਾ ਇਹ ਕਹਿਣ ਨੂੰ
ਇਹ ਨਿਰੋਲ ਮੰਡੀ ਹੈ, ਉਹ ਮੰਡੀ ਜਿਸ ਵਿਚ ਸੂਈ ਤੋਂ ਲੈ ਕੇ ਜਿਸਮੋ-ਆਬਰੂ ਤੱਕ ਵਿੱਕਦੀ ਹੈ, ਉਸ
ਮੰਡੀ ਵਿਚ ਲੇਖਕ ਵੜਿਆ ਹੈ, ਜਾਂ ਮੈਂ ਇਹ ਕਹਿ ਲਵਾਂ ਅਜੋਕਾ ਪਾਠਕ ਇਸ ਮੰਡੀ ਤੋਂ ਬਾਹਰ ਕਿਸੇ ਨੂੰ
ਲੇਖਕ ਮੰਨੇਗਾ ਵੀ ਨਹੀਂ। ਅਖ਼ਬਾਰ ਅੰਦਰ ਲੇਖ ਲਿਖਣੇ ਕੋਈ ਗੁਨਾਹ ਨਹੀਂ ਹਨ, ਪਰ ਉਹ ਅਖਬਾਰ ਲਈ ਹੀ
ਲਿਖੇ ਜਾ ਰਹੇ ਹੋਣ ਉਹ ਗੱਲ ਮਹਿਜ਼ ਮਜ਼ਾਕ ਤੋਂ ਵਧੀਕ ਕੀ ਹੋਏਗੀ? ਪਰ ਇਹ ਮਜ਼ਾਕ ਵੱਡੇ ਪੱਧਰ ਤੇ
ਹੋਇਆ ਹੈ ਅਤੇ ਪਾਠਕ ਸਿਰਫ਼ ਪੜ੍ਹਣ ਮਾਤਰ ਦੇ ਚਸਕੇ ਵਿਚ ਅੱਖਰਾਂ ਉੱਪਰ ਨਜ਼ਰ ਘਿਸਾਉਣ ਤੋਂ ਇਲਾਵਾ
ਕੁਝ ਨਹੀਂ ਵੱਟ ਰਹੇ। ਜੇ ਵੱਟਣ ਤੋਂ ਕੋਈ ਚੀਜ਼ ਵਾਂਞੀ ਰਹੀ ਹੋਵੇ ਤਾਂ ਹਕੂਮਤਾਂ ਤੋਂ ਲੈ ਕੇ ਸਮਾਜ
ਅੰਦਰ ਹੁਣ ਤੱਕ ਹੋਈਆਂ ਸਾਹਿਤਕ ਕ਼ਤਲੇਆਮ ਦੀ ਘਟਨਾਵਾਂ ਦਾ ਬਿਰਤਾਂਤ ਸਮਝਣਾ ਪਏਗਾ... ਜਾਂ ਤਾਂ
ਉਹ ਲੇਖਕ ਨਹੀਂ ਜਾਂ ਇਹ... ਦੋਵੇਂ ਇਕੋ ਪਲੜੇ ਵਿਚ ਰੱਖਣਾ ਨਾਜਾਇਜ਼ ਹੈ।
ਪੱਤਰਕਾਰੀ
ਅਤੇ ਲੇਖਣੀ- ਅੱਜ ਇਹੀ ਦੋ ਚੀਜ਼ਾਂ ਨੇ ਸਾਡੇ ਦਿਲੋ ਦਿਮਾਗ਼ ਨੂੰ ਨਕਾਰਾ ਕੀਤਾ ਹੋਇਆ ਹੈ, ਜਿਸਨੂੰ
ਤੁਸੀਂ ਸਿੱਖਿਆ ਕਹਿੰਦੇ ਹੋ ਉਹ ਬਹੁਪੱਖੀ ਪੱਤਰਕਾਰੀ ਦਾ ਇਕ ਪ੍ਰਤੀਬਿੰਬ ਮਾਤਰ ਹੈ, ਦੂਸਰੇ ਪਾਸੇ
ਜੋ ਸਾਡੀ ਕਲਾ, ਇਤਿਹਾਸ ਅਤੇ ਸਮੁੱਚਾ ਰਾਜਨੀਤਕ ਢਾਂਚਾ ਹੈ ਇਹ ਸਭ ਲੇਖਣੀ ਦਾ ਕਮਾਲ। ਨਿਤਾਰਾ ਕਰਨ
ਵਿਚ ਇੱਕੋ ਇਕ ਕਸਵੱਟੀ ਹੈ ਜਿਸਦਾ ਨਾਮ ਹੈ ਅਨੁਭਵ, ਉਸਨੂੰ ਚੇਤਨਾ ਦੇ ਦੁਆਰ ਤੋਂ ਹਾਸਲ ਕਰਨ ਦੇ
ਸਮੁੱਚੇ ਰਾਹਾਂ ਉੱਤੇ ਧਿਆਨ ਭਟਕਾਉਂਦਾ ਸ਼ੋਰਗੁੱਲ; ਇਹ ਕਿਸੇ ਘੁਮੱਕੜ ਵਿਅਕਤੀ ਦੁਆਰਾ ਹੀ ਸੰਭਵ ਹੈ
ਕਿ ਉਹ ਇਹ ਸਭ ਨੂੰ ਚੀਰ ਕੇ ਫਿਰ ਸਭ ਕਾਸੇ ਨੂੰ ਵੇਖੇ ਕਿ ਆਖ਼ਰ ਕਾਣ ਕਿੱਥੇ ਰਹੀ। ਜਿਸ ਲੇਖਣੀ ਨੇ
ਅੱਖਰਾਂ ਵਾਂਙ ਪੂਰੇ ਸੰਸਾਰ ਨੂੰ ਮਾਲਾ ਵਿਚ ਪਿਰੋਣਾ ਸੀ ਉਹ ਖਿਲਾਰ ਕਿਵੇਂ ਗਈ?
ਇਸ
ਨਾਲ ਅਸਲ ਮਾਇਨਿਆਂ ਵਿਚ ਘੁਮੱਕੜ ਸ਼ਾਸਤਰ ਦੇ ਆਗ਼ਾਜ਼ ਦੀ ਲੜੀ ਹੈ ਅਤੇ ਉਸਤੋਂ ਬਾਅਦ
ਤੁਹਾਨੂੰ ਸਹਿਜੇ ਹੀ ਸਮਝ ਆਉਂਦਾ ਜਾਏਗਾ ਕਿ ਆਖ਼ਰ ਕਿਹੜੇ ਕਿਹੜੇ ਬੰਧਨ ਅਸਲ ਵਿਚ ਸਾਨੂੰ ਮੁੱਢ
ਤੋਂ ਤੰਗ ਕਰਦੇ ਆਏ ਹਨ ਅਤੇ ਅੱਜ ਵੀ ਕਿੰਨੇ ਕਿਸਮ ਦੇ ਫ਼ਾਸਲੇ ਸਮਾਜ ਦਰਮਿਆਨ ਪਏ ਹੋਏ ਹਨ। ਇਸ ਵਿਚ
ਇਕ ਗੱਲ ਬਹੁਤ ਸੁੰਦਰ ਚਿਤਰਣ ਵਿਚ ਪ੍ਰਗਟ ਹੋਈ ਕਿ: ‘ਘੁਮੱਕੜੀ ਦੀ ਦੁਨੀਆ ਵਿਚ ਖ਼ੌਫ਼ ਦਾ ਨਾਮ
ਨਹੀਂ ਹੈ, ਫਿਰ ਮੌਤ ਦੀ ਗੱਲ ਕਹਿਣੀ ਇੱਥੇ ਬੇਕਾਰ ਹੋਵੇਗੀ ਤਾਂ ਵੀ ਮੌਤ ਇਕ ਰਹੱਸ ਹੈ, ਘੁਮੱਕੜ
ਨੂੰ ਵੀ ਉਸ ਦੇ ਬਾਰੇ ਕੁਝ ਜ਼ਿਆਦਾ ਜਾਣਨ ਦੀ ਖ਼ਾਹਿਸ਼ ਹੋ ਸਕਦੀ ਹੈ...’ ਲੇਖਣੀ ਦੇ ਸੰਬੰਧ ਵਿਚ
ਮੇਰੇ ਉਪਰੋਕਤ ਵਿਚਾਰਾਂ ਨਾਲ ਰਾਹੁਲ ਸਾਂਕਰਤਿਆਯਨ ਦੇ ਵਿਚਾਰ ਨਹੀਂ ਰਲਣਗੇ,ਪਰ ਜਦੋਂ ਤੁਸੀਂ ਇਕ
ਵਾਰ ਘੁਮੱਕੜ ਦੀ ਸਮੁੱਚੀ ਤਰਤੀਬ ਨੂੰ ਸਮਝ ਲਵੋਗੇ ਤਾਂ ਫਿਰ ਇੱਕਸਾਰਤਾ ਮਿਲ ਜਾਏਗੀ ਕਿ ਦੋਹਾਂ
ਅੰਦਰ ਅਜੋਕੇ ਸਮੇਂ ਦੀ ਕਲਮਘੜੀਸੀ ਨੂੰ ਲੇਖਕ ਗਿਣਿਆ ਹੀ ਨਹੀਂ ਜਾ ਰਿਹਾ।
ਇਸ
ਬਾਰੇ ਕੁਝ ਹੋਰ ਗੱਲ ਕਰੀਏ ਤਾਂ ਸ਼ਾਇਦ ਹੋਰ ਚੰਗਾ ਰਹੇਗਾ- ਅਧਿਐਨ ਕਾਰਜ ਇਕ ਪੱਕੇ ਸਿਰੜ ਦੀ
ਦਾਸਤਾਂ ਹੁੰਦਾ ਰਿਹਾ ਹੈ...ਮੁੱਢ ਕਦੀਮ ਤੋਂ। ਅੱਜ ਸਿਰੜ ਘਟਿਆ ਨਹੀਂ..ਨਾ ਹੀ ਅਧਿਐਨ ਮੁੱਕਿਆ
ਹੈ, ਪਰ ਲਿਆਕਤ ਦੀ ਪਰਿਭਾਸ਼ਾ ਖ਼ਤਮ ਹੈ। ਗੁਰੂ-ਸਿੱਖਿਆਰਥੀ ਪਰੰਪਰਾ ਜਦੋਂ ਚੱਲਦੀ ਸੀ ਉਦੋਂ ਵੀ
ਵਿਸ਼ਵ-ਵਿੱਦਿਆਲੇ ਹੁੰਦੇ ਸਨ, ਪੁਸਤਕ ਸੰਗ੍ਰਹਿ ਉਦੋਂ ਵੀ ਹੁੰਦੇ ਸਨ ਅਤੇ ਕਿਸੇ ਵੀ ਸੈਲਾਨੀ ਦਾ
ਵਿੱਦਿਅਕ ਕਾਰਜ ਉਥੋਂ ਦੇ ਸਥਾਨਕ ਗੁਰੂਕੁਲ ਅੰਦਰ ਦਰਜ ਹੁੰਦਾ ਸੀ। ਸੰਭਾਵਨਾ ਦੇ ਤੌਰ ਤੇ ਆਪਣੇ ਆਪ
ਨੂੰ ਸਵਾਲ ਕਰਿਓ- ਕੋਈ ਅਣਜਾਣ ਭਾਸ਼ਾ ਵਾਲਾ ਤੁਹਾਡੇ ਇਲਾਕੇ ਵਿਚ ਆਵੇ, ਇੰਟਰਨੈਟ ਤੇ ਕਿਤਾਬੀ ਮਾਧਿਅਮ
ਤੋਂ ਵਿਹੂਣੀ ਜਾਂਚ ਘੋਖ ਕਰਨੀ ਹੋਵੇ...ਕੀ ਕਰੋਗੇ? ਅੱਜ ਹਰ ਥਾਵੇਂ ਹਰ ਭਾਸ਼ਾ ਦੇ ਅਨੁਵਾਦਕ ਦੀ
ਮੰਗ ਹਰ ਹਾਲਤ ਵਿਚ ਰਹਿੰਦੀ ਹੈ...ਇੰਨਾ ਕਾਫ਼ੀ ਹੈ ਇਹ ਸਮਝਣ ਲਈ ਕਿ ਵਿੱਦਿਅਕ ਅਦਾਰਿਆਂ ਦਾ
ਮੁੱਢਲਾ ਦੌਰ ਕਿਸ ਮਿਹਨਤ ਵਿਚ ਲੰਘਿਆ ਹੋਏਗਾ? ਕਾਲੀਦਾਸ ਦੀ ਰਚਨਾ ਕਿਸੇ ਰਾਜ ਦਰਬਾਰ ਵਿਚ ਪੜ੍ਹੀ
ਜਾਣੀ, ਉਸਤੋਂ ਬਾਅਦ ਉਸਨੂੰ ਅੱਗੇ ਵਧਾਇਆ ਜਾਣਾ ਅਤੇ ਠੀਕ ਐਵੇਂ ਮੱਧਕਾਲੀਨ ਯੁੱਗ ਤੱਕ ਵਿਰਲੇ
ਟਾਂਵੇ ਵਿਦਵਤਾ ਦੇ ਦੂਤ ਦਾ ਲੇਖਣੀ ਵਿਚ ਉਤਰਣ ਤੋਂ ਬਾਅਦ ਭਗਤੀ ਲਹਿਰ ਦੇ ਉਭਾਰ ਮਗਰੋਂ ਜਿਸ
ਇਨਕਲਾਬ ਨੇ ਜਨਮ ਲਿਆ ਉਸਨੇ ਸਭਨੂੰ ਸਿੱਖਿਅਤ ਕਰਨ ਲਈ ਰਾਜ ਦਰਬਾਰਾਂ ਨੂੰ ਵੀ ਮਜਬੂਰ ਕੀਤਾ, ਇਹ
ਗੱਲ ਸਾਡੇ ਘੁਮੱਕੜ ਬਾਬਾ ਨਾਨਕ ਜੀ ਦੀ ਰਾਜ ਜੋਗੁ ਨੀਤੀ ਦਾ ਪ੍ਰਤੱਖ ਪ੍ਰਮਾਣ ਹੈ, ਘੱਟੋ ਘੱਟ
ਮੇਰਾ ਵਿਸ਼ਵਾਸ ਅਜਿਹਾ ਮੰਨਦਾ ਹੈ।
ਨਿਰਾਸ਼ਤਾ
ਵਾਲੀ ਕੋਈ ਗੱਲ ਨਹੀਂ, ਸਮਾਂ ਆਪਣੀ ਰਫ਼ਤਾਰ ਵਗਦਾ ਹੀ ਰਹਿਣਾ ਹੈ, ਕਿਤਾਬ ਤੁਹਾਡੇ ਹੱਥਾਂ ਵਿਚ
ਹੈ...ਕਿੰਨਾ ਕੁਝ ਤੇਜ਼ੀ ਨਾਲ ਬਦਲ ਰਿਹਾ ਹੈ ਇਸਦੀ ਵਜ੍ਹਾ ਕਰਕੇ ਇਹ ਸਭ ਵੀ ਸ਼ਾਮਿਲ ਕਰਨਾ ਪਿਆ..ਪਰ
ਖੈਰ, ਸੰਵਾਦੀ ਸੁਰ ਰਾਹੁਲ ਸਾਂਕਰਤਿਆਯਨ ਦਾ ਬੇਹੱਦ ਸਰਲ ਹੈ, ਜਿਵੇਂ ਅਨੁਭਵੀ ਹੱਥ ਸਮੁੱਚੀ ਸੂਖ਼ਮਤਾ
ਨੂੰ ਕਿਸੇ ਸੂਖ਼ਮਦਰਸ਼ੀ ਵਾਂਙ ਉਭਾਰ ਕੇ ਪੇਸ਼ ਕਰ ਦਵੇ। ਤੁਹਾਨੂੰ ਸਿਰਫ਼ ਇਸ ਗੱਲ ਦੀ ਹੀ ਪਰਵਾਹ ਨਹੀਂ
ਕਰਨੀ ਚਾਹੀਦੀ ਕਿ ਇਸਦਾ ਮਕਸਦ ਤੈਅ ਕਰਨ ਲਈ ਕਿ ਘੁਮੱਕੜ ਤੇ ਪਰਿਵਾਰ ਦੋ ਵਿਰੋਧੀ ਧਿਰ ਦੇ ਟਾਕਰੇ
ਦਾ ਸਵਾਲ ਨਾ ਹੋ ਜਾਵੇ; ਬਲਕਿ ਇਹ ਸੋਚਣਾ ਤੇ ਘੋਖਣਾ ਸਿੱਖੋ ਕਿ ਜਿਸ ਵੇਲੇ ਇਹ ਗੱਲ ਲਿਖੀ ਗਈ ਸੀ
ਤਾਂ ਉਦੋਂ ਕੀ ਕੁਝ ਚੱਲ ਰਹੀ ਸੀ ਤਾਂ ਕਿੰਨਾ ਕੁਝ ਬਦਲ ਗਿਆ ਹੈ। ਬਿਨ੍ਹਾਂ ਸ਼ੱਕ ਇਹ ਆਮ ਵਾਰਤਕ
ਨਹੀਂ, ਇਸ ਕਿਤਾਬ ਨੂੰ ਸ਼ਾਸਤਰ ਉਪਾਧੀ ਦਿੱਤੀ ਹੈ ਅਤੇ ਮੈਂ ਵੀ ਇਸ ਨਾਲ ਪੂਰਨ ਸਹਿਮਤੀ ਦਾ
ਪ੍ਰਗਟਾਵਾ ਕਰਦਾ ਹਾਂ ਕਿ ਇਸ ਸ਼ਾਸਤਰ ਦਾ ਸ਼ਾਸਤ੍ਰਾਰਥ ਬੇਹੱਦ ਇਮਾਨਦਾਰੀ ਨਾਲ ਕਰਨਾ ਪਏਗਾ ਕਿਉਂਕਿ ਅਨੁਭਵ
ਵਿਚੋਂ ਨਿਕਲੀ ਲੇਖਣੀ ਕਦੇ ਵੀ ਸੰਭਲਦੀ ਨਹੀਂ, ਸੰਭਾਲਣੀ ਪੈਂਦੀ ਹੈ..ਆਪਣੀ ਓਕ ਨੂੰ ਨਿਮਰਤਾ ਨਾਲ
ਸੰਭਾਲ ਕਿ ਇਹ ਬੂੰਦਾਂ ਨੂੰ ਹਾਸਿਲ ਕਰਿਓ...ਤੁਹਾਨੂੰ ਜੀਵਨ ਰਹੱਸ ਦੇ ਅੰਮ੍ਰਿਤ ਦੀ ਛੋਹ ਪ੍ਰਾਪਤ
ਹੋਵੇ ਇਹੀ ਅਰਦਾਸ ਕਰਾਂਗਾ।
ਸਿਫ਼ਰਨਵੀਸ
ਪ੍ਰਕਾਸ਼ਕ - ਰੀਥਿੰਕ ਫ਼ਾਊਂਡੇਸ਼ਨ
Comments
Post a Comment