When A Writer Needs to Learn Reading Skill


 

ਕੇਂਦਰ ਬਿੰਦੂ- ਸਿਧਾਂਤ ਦਾ ਕੇਂਦਰ

ਲੇਖਕ- ਪਰਮਿੰਦਰ ਸਿੰਘ ਸ਼ੌਂਕੀ

            ‘ਕੇਂਦਰ ਬਿੰਦੂ’ ਇੱਕ ਜ਼ਿਹਨੀ ਅਵਿਵਸਥਿਤ ਸ਼ਸ਼ੋਪੰਜ ਨੂੰ ਕੇਂਦ੍ਰਿਤ ਹੋ ਕੇ ਇੱਕੋ ਨੁਕਤੇ ਨਾਲ ਚੀਰਣ ਵਾਲੀ ਰਚਨਾ ਦਾ ਨਾਮ ਹੈ। ਜੇ ਮੈਂ ਥੋੜਾ ਕੁ ਪਾਠਕ ਬਿਰਤੀ ਨੂੰ ਇਸ ਕਿਤਾਬ ਦੀ ਤਰਤੀਬ ਦੇ ਨਾਲ ਮੇਚਣ ਦੀ ਕੋਸ਼ਿਸ਼ ਕੀਤਾ ਤਾਂ ਮੇਰੇ ਅੱਗੇ ਕੁਝ ਅਜਿਹੇ ਬਿਖਰੇ ਕਣ ਆਏ ਜਿਸਨੂੰ ਇਕੱਤਰ ਕਰਨ ਲਈ ਸ਼ਾਇਦ ਪੜ੍ਹਣ ਵਾਲਿਆਂ ਨੂੰ ਬਹੁਤ ਬਾਰੀਕ ਤੰਦ ਸਮਝਣ ਦੀ ਲੋੜ ਪਏਗੀ... ਉਮੀਦ ਕਰਾਂਗਾ ਕੋਸ਼ਿਸ਼ ਵਜੋਂ ਹੀ ਸਹੀ ਕੋਈ ਇਸਨੂੰ ਸਮਝਣ ਦੀ ਜ਼ਰੂਰਤ ਸਮਝੇ:

ਸਿਰਲੇਖ ਚੋਣ ਦਾ ਮਨੋਰਥ

ਸਿਰਲੇਖ ਚੋਣ ਅਜਿਹਾ ਸੰਗੀਨ ਮਸਲਾ ਹੈ ਜਿਸਤੋਂ ਸਾਰੀ ਰਚਨਾ ਦਾ ਤੱਤਸਾਰ ਹੀ ਪੇਸ਼ ਨਹੀਂ ਕਰਨਾ ਹੁੰਦਾ ਉਸਦੇ ਨਾਲ ਆਪਣੇ ਅਸਲ ਮਨੋਰਥ ਨੂੰ ਵੀ ਪ੍ਰਗਟ ਕਰਨਾ ਹੁੰਦਾ ਹੈ। ਪਰਮਿੰਦਰ ਸਿੰਘ ਸ਼ੌਂਕੀ ਦੀ ਇਹ ਰਚਨਾ ਵਾਰਤਕ ਦੇ ਸੰਵਾਦੀ ਸੁਰ ਵਿਚ ਸਾਡੇ ਨਾਲ ਸਾਂਝੀ ਕੀਤੀ ਹੈ ਜਿਸਦਾ ਸਿੱਧਾ ਸਰਲ ਅਰਥ ਕੋਈ ਵਿਸ਼ੇਸ਼ ਮਨੋਰਥ ਵਾਲਾ ਹੋ ਸਕਦਾ ਸੀ; ਪਰ ਰਚਨਾ ਸੰਵਾਦ ਦਾ ਪਾਠਕ ਰਿਹਾ ਹੋਣ ਕਰਕੇ ਮੈਂ ਇਹ ਗੱਲ ਸੌਖਿਆਂ ਪਚਾਉਣ ਨੂੰ ਤਿਆਰ ਹੀ ਨਹੀਂ ਸੀ। ਕਿਸੇ ਵੀ ਕਿਤਾਬ, ਬਾਸ਼ਰਤੇ ਉਹ ਯੋਗ ਲਿਖਾਰੀ ਅਤੇ ਉੱਨਤ ਸੋਝੀ ਵਾਲੇ ਵੱਲੋਂ ਲਿਖੀ ਕਿਤਾਬ ਹੋਵੇ, ਉਸਦੇ ਸਿਰਲੇਖ ਉੱਪਰ ਮੁਕੰਮਲ ਬਹਿਸ ਛੇੜੀ ਜਾ ਸਕਦੀ ਹੈ ਕਿ ਆਖ਼ਰ ਇਹ ਨਾਂ ਯੋਗ ਸਮਰੱਥਾ ਰੱਖਦਾ ਹੈ ਜਾਂ ਨਹੀਂ? ਕੇਂਦਰ ਬਿੰਦੂ ਕਿਸੇ ਵੀ ਕਿਸਮ ਦਾ ਹੋ ਸਕਦਾ ਹੈ; ਆਪਣੇ ਸਾਹਿਤਕ ਉੱਦਮ ਨੂੰ ਸ਼ਾਹਕਾਰ ਦੱਸਣ ਦਾ ਦਾਅਵਾ ਕਰਨ ਲਈ ਕਈ ਵਾਰ ਲਿਖਾਰੀ ‘ਉਦਰੇਵੇਂ ਭਰੇ ਸਿਰਲੇਖ’ (Nostalgic Titles) ਵੀ ਦੇਂਦੇ ਆਏ ਹਨ, ਪਰ ਉਹ ਸਭ ਤੋਂ ਪਰ੍ਹੇ ਹਟਣਾ ਅਤੇ ਉਸਦੇ ਬਾਵਜੂਦ ਸ਼ਬਦਾਂ ਦੀ ਸਰਲਤਾ ਅੰਦਰ ਉਸਦੀ ਦਾਰਸ਼ਨਿਕਤਾ ਬਰਕਰਾਰ ਰੱਖਣਾ...ਇਹੀ ਵਿਦਵਤਾ ਦਾ ਅਸਲ ਹਾਸਲ ਹੈ। ਜਿਵੇਂ ਲਿਖਾਰੀ ਨੇ ਖੁਦ ਹੀ ਇਸਦੀ ਭੂਮਿਕਾ ਵਿਚ ਲਿਖਿਆ ਹੈ:-

‘ਮੂਲ ਰੂਪ ਵਿਚ “ਕੇਂਦਰ ਬਿੰਦੂ” ਕੋਈ ਮੌਲਿਕ ਚਿੰਤਨ ਨਾ ਹੋ ਕੇ ਮੇਰੀ ਪੜ੍ਹਤ ਦੇ ਅਨੁਸਰਨ ਦਾ ਇਕ ਨਮੂਨਾ ਮਾਤਰ ਹੈ। ਕਈ ਵਾਰ ਇੰਞ ਹੋਇਆ ਹੈ ਕਿ ਜਦੋਂ ਮੈਂ ਕੁਝ ਪੜ੍ਹਨ ਬੈਠਦਾ ਹਾਂ ਤਾਂ ਪੜ੍ਹਦਿਆਂ ਪੜ੍ਹਦਿਆਂ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਸਾਹਮਣੇ ਆ ਜਾਂਦੀਆਂ ਹਨ, ਜਿਨ੍ਹਾਂ ਬਾਬਤ ਮਨ ਕਰਦਾ ਹੈ ਕਿ ਇਹ ਗੱਲਾਂ ਹੋਰਨਾਂ ਪਾਠਕਾਂ ਤੱਕ ਵੀ ਪਹੁੰਚਾਈਆਂ ਜਾਣ। ਫਿਰ ਮੈਂ ਇੱਕ ਕੋਸ਼ਿਸ਼ ਕਰਦਾ ਹਾਂ ਤੇ ਉਸ ਕੋਸ਼ਿਸ਼ ਦਾ ਇਕ ਪ੍ਰਤੱਖ ਸਬੂਤ “ਕੇਂਦਰ ਬਿੰਦੂ” ਬਣ ਜਾਂਦਾ ਹੈ।’

(ਕੇਂਦਰ ਬਿੰਦੂ)

ਚੱਲਦੇ ਚੱਲਦੇ ਸ਼ਬਦ ਇਜ਼ਾਦਗੀ ਦਾ ਇਕ ਜ਼ਿਕਰ ਵੀ ਕਰ ਦਈਏ, ਭੂਮਿਕਾ ਵਿਚ ਸ਼ਬਦ ਆਇਆ ਹੈ ‘ਮਹਿਸੂਸੀਕਰਨ’ ਜੋ ਕਿ ਸਾਹਿਤਕ ਮਾਹਿਰਾਂ ਵੱਲੋਂ ਅਸ਼ੁੱਧ ਕਰਾਰ ਦਿੱਤਾ ਜਾਏਗਾ, ਉਰਦੂ ਨਾਗਰੀ ਦੇ ਸੁਮੇਲ ਨੂੰ ਪੇਸ਼ ਕਰਨਾ, ਇਹ ਉਦਾਹਰਣ ਹੀ ਹੈ ਇਸੇ ਤੋਂ ਆਪਾਂ ਪਾਠਕ ਗੁਣਾਂ ਦੇ ਕਰੜੇ ਇਮਤਿਹਾਨ ਲੈਂਦੀ ਇਸ ਰਚਨਾ ਨਾਲ ਸੰਵਾਦ ਰਚਾਉਣਾ ਹੈ...ਖ਼ਿਆਲ ਰੱਖਣਾ ਤੁਸੀਂ ਹੁਣ ਨਿਸਚਿਤ ਤੌਰ ’ਤੇ ਗਹਿਨ ਚਿੰਤਨ ਦਾ ਹਿੱਸਾ ਬਣ ਚੁੱਕੇ ਹੋ, ਇਸਤੋਂ ਅਲਹਿਦਾ ਨਹੀਂ ਹੋਇਆ ਜਾ ਸਕਦਾ!

 

ਵਿਸ਼ਾ ਵਸਤੂ – ਮੂਲ ਤੋਂ ਸਿਖ਼ਰ ਤੱਕ!

1 )  ਸੱਚ ਦਾ ਇਕ ਕਣ: ਅਲੈਗਜ਼ੈਂਡਰ ਸੋਲਜ਼ੇਨਿਤਸਨ

            ਇਸਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਮਜਬੂਰ ਹਾਂ ਇਸਦੇ ਆਰੰਭਿਕ ਅੰਸ਼ ਨੂੰ ਤੁਹਾਡੇ ਸਨਮੁੱਖ ਰੱਖਣ ਦੇ, ਕਿਉਂਕਿ ਮੈਂ ਕੇਂਦਰ ਬਿੰਦੂ ਦਾ ਕੇਂਦਰ ਲੇਖਣੀ ਦੀ ਸੰਜੀਦਗੀ ਨੂੰ ਬਣਾਇਆ ਹੈ, ਇਸ ਲਈ ਨਿੱਠ ਕੇ ਠਰੰਮੇ ਨਾਲ ਇਸਨੂੰ ਪੜ੍ਹਿਓ-

 

ਸੋਵੀਅਤ ਸੰਘ!

ਨਵੰਬਰ, 1962

   ਹਰ ਰੋਜ਼ ਦੀ ਤਰ੍ਹਾਂ ਇਹ ਇਕ ਬੇਹੱਦ ਸ਼ਾਨਦਾਰ ਸਵੇਰ ਸੀ। ਮੌਸਮ ਫ਼ਿਲਹਾਲ ਸਾਫ਼-ਸੁਥਰਾ ਹੀ ਸੀ, ਜਿਸ ਦੇ ਕਾਰਨ ਪੰਛੀਆਂ ਦੀ ਚਹਿਚਹਾਟ ਨੂੰ ਬਗ਼ੈਰ ਕਿਸੇ ਵਿਘਨ ਦੇ ਆਸਾਨੀ ਨਾਲ ਸੁਣਿਆ ਜਾ ਸਕਦਾ ਸੀ, ਭਾਵੇਂ ਕਿ ਸੂਰਜ ਨਿਕਲ਼ਣ ਵਿਚ ਰੋਜ਼ਾਨਾ ਦੀ ਤਰ੍ਹਾਂ ਕਾਫ਼ੀ ਵਕ਼ਤ ਪਿਆ ਸੀ, ਪਰ ਲੋਕ ਬੜੀ ਜਲਦੀ ਉੱਠ ਕੇ ਕਿਸੇ ਕਾਹਲ ਜਿਹੀ ‘ਚ ਘਰਾਂ ਤੋਂ ਨਿਕਲ਼ਦੇ ਹੋਏ, ਕਿਤਾਬਾਂ ਦੀਆਂ ਦੁਕਾਨਾਂ ਵੱਲ ਭੱਜ ਵਾਹੋਦਾਹੀ ਭੱਜੇ ਜਾ ਰਹੇ ਸਨ। ਹਾਲਾਂਕਿ ਇਨ੍ਹਾਂ ਦਿਨਾਂ ਦੌਰਾਨ ਸੋਵੀਅਤ ਸੰਘ ਅੰਦਰ ਕਿਸੇ ਪ੍ਰਕਾਰ ਦੀ ਕੋਈ ਦੈਵੀ-ਸੱਤਾ ‘ਹੋਂਦ’ ਵਿਚ ਨਹੀਂ ਮੰਨੀ ਜਾ ਰਹੀ ਸੀ, ਪਰ ਫਿਰ ਵੀ ਲੋਕਾਂ ਨੂੰ ਇਹ ਭਵਿੱਖਬਾਣੀ ਪਤਾ ਨਹੀਂ ਕਿਸ ਪ੍ਰਕਾਰ ਹੋ ਗਈ ਕਿ ਅੱਜ ਕਿਤਾਬਾਂ ਦੀਆਂ ਦੁਕਾਨਾਂ ਉੱਪਰ ਕੁਝ ਅਜਿਹਾ ਵਿਕਣ ਲਈ ਆ ਰਿਹਾ ਹੈ, ਜਿਸ ਨੇ ਇਸ ਸਵੇਰ ਦੀ ਤੋਰ ਨੂੰ ਇਤਿਹਾਸ ਅੰਦਰ ਹਮੇਸ਼ਾ ਲਈ ਚਿਰੰਜੀਵੀ ਬਣਾ ਦੇਣਾ ਸੀ। ਇਸ ਆਸ ਵਿਚ ਹੀ ਲੋਕ ਦੁਕਾਨਾਂ ਅੱਗੇ ਲਾਈਨਾਂ ਲਗਾ ਕੇ ਖੜ੍ਹੇ ਹੋਏ ਸਨ। ਜਿਉਂ ਹੀ ਦੁਕਾਨਾਂ ਦੇ ਬੂਹਿਆਂ ਉੱਪਰੋਂ ਉੱਡਦੀ ਹੋਈ ਧੂੜ ਨੂੰ ਪਰ੍ਹੇ ਕਰਦਿਆਂ, ਦੁਕਾਨਦਾਰਾਂ ਨੇ ਕਿਤਾਬਾਂ ਨੂੰ ਨਿਹਾਰਨਾ ਸ਼ੁਰੂ ਕੀਤਾ, ਲੋਕਾਂ ਨੇ ਇਕ ਦੂਸਰੇ ਤੋਂ ਅੱਗੇ ਵਧਦੇ ਹੋਏ, ਉਸ ਲਿਖਤ ਨੂੰ ਹਾਸਲ ਕਰਨ ਲਈ ਆਪਣੇ ਹੱਥ ਵਧਾ ਦਿੱਤੇ, ਜਿਹੜੀ ਕਿ ਜਨਤਾ ਦੇ ਮਨਾਂ ਅੰਦਰਲੀਆਂ ਡਰਾਉਣੀਆਂ ਸ਼ਕਲਾਂ ਤੋਂ ਪਾਰ ਹੁੰਦੀ ਹੋਈ ਹੁਣ ਪ੍ਰਕਾਸ਼ਿਤ ਰੂਪ ਵਿਚ ਵਿਕਣ ਲਈ ਤਿਆਰ ਬਰ ਤਿਆਰ ਪਈ ਸੀ। ਹਾਲਾਂਕਿ ਇਸ ਲਿਖਤ ਦਾ ਨਾਮ “ਨੋਵੀ ਮੀਰ” ਸੀ, ਪਰ ਲੋਕ ਇਸ ਨੂੰ “ਨੋਵੀ ਮੀਰ” ਨਾਮ ਦੀ ਇਕ ਸੋਵੀਅਤ ਸਾਹਿਤਕ ਪੱਤ੍ਰਿਕਾ ਦੇ ਕਾਰਨ ਹੀ ਨਹੀਂ ਖ਼ਰੀਦਣ ਆਏ ਹੋਏ ਸਨ, ਬਲਕਿ ਉਨ੍ਹਾਂ ਦਾ ਮਕਸਦ ਇਸ ਅੰਦਰ ਛਪੇ ਇਕ ਨਿੱਕੇ ਜਿਹੇ ਨਾਵਲ “ਇਵਾਨ ਡੇਨਿਸੋਵਿਚ ਦੇ ਜੀਵਨ ਦਾ ਇਕ ਦਿਨ” (One Day in the Life of Ivan Denisovich) ਅੰਦਰਲਾ ਉਹ “ਰਹੱਸ” ਪੜ੍ਹਨਾ ਸੀ, ਜਿਹੜਾ ਕਿ ਅੱਜ ਤੱਕ ਲੋਕਾਂ ਨੇ ਜਾਣਿਆ ਤੇ ਮਹਿਸੂਸ ਤਾਂ ਜ਼ਰੂਰ ਕੀਤਾ ਹੋਇਆ ਸੀ, ਪਰ ਜਿਸ ਦੀ ਗੱਲ ਕਰਨ ਦੀ ਉਨ੍ਹਾਂ ਵਿਚੋਂ ਕਿਸੇ ਦੀ ਵੀ ਕਦੀ ਹਿੰਮਤ ਨਹੀਂ ਹੋਈ ਸੀ। ਹੁਣ ਇਹ ਰਹੱਸ ਬਾਹਰ ਆ ਚੁੱਕਾ ਸੀ। ਇਸ ਲਈ ਸ਼ਾਇਦ ਇਹ ਦੁਨੀਆਂ ਦਾ ਪਹਿਲਾ ਤੇ ਹੁਣ ਤੱਕ ਦਾ ਆਖ਼ਰੀ ਦਿਨ ਸੀ, ਜਿਸ ਦੇ ਪਹਿਲੇ ਹੀ ਕੁਝ ਘੰਟਿਆਂ ਅੰਦਰ ਇਕ ਪੱਤ੍ਰਿਕਾ ਦੀਆਂ ਤਕਰੀਬਨ ਇਕ ਲੱਖ ਕਾਪੀਆਂ ਵਿੱਕ ਚੁੱਕੀਆਂ ਸਨ। ਇਨ੍ਹਾਂ ਕਾਪੀਆਂ ਦੇ ਰਾਹੀਂ ਹੀ ਪਹਿਲੀ ਵਾਰ ਲੋਕਾਂ ਨੂੰ ਇਹ ਪਤਾ ਲੱਗਾ ਕਿ “One Day in the Life of Ivan Denisovich ਦਾ ਲੇਖਕ ਕੋਈ ਸਾਬਕਾ ਫ਼ੌਜੀ ਅਤੇ ਕੈਦੀ ਰਿਹਾ ਅਲੈਗਜ਼ੈਂਡਰ ਸੋਲਜ਼ੇਨਿਤਸਿਨ ਨਾਂ ਦਾ ਦਲੇਰ ਬੰਦਾ ਸੀ, ਜਿਸ ਨੇ ਆਪਣੀ ਇਸ ਲਿਖਤ ਅੰਦਰਲੀ ਪੇਸ਼ਕਾਰੀ ਰਾਹੀਂ ਬੜੀ ਤੇਜ਼ੀ ਤੇ ਜਲਦੀ ਨਾਲ ਸੋਵੀਅਤ ਲੋਕਾਂ ਦੇ ਦਿਲਾਂ ਅੰਦਰ ਇਕ ਵਿਸ਼ੇਸ਼ ਥਾਂ ਕਾਇਮ ਕਰ ਲਈ ਸੀ।

(ਕੇਂਦਰ ਬਿੰਦੂ- ਸਫ਼ਾ: 19/20)

 

ਕੇਂਦਰ ਬਿੰਦੂ ਦੀ ਦਿਲਚਸਪੀ ਇਥੋਂ ਹੀ ਬੱਝਣੀ ਸ਼ੁਰੂ ਹੋ ਜਾਂਦੀ ਹੈ, ਸੱਚ ਮੰਨੋ ਤਾਂ ਚਿੰਤਨ ਦੀ ਮਾਰਮਿਕ ਅਵਸਥਾ ਵੀ ਇਥੇ ਹੀ ਹੈ। ਕੋਈ ਲੇਖਕ ਇਸ ਕ਼ਦਰ ਮਸ਼ਹੂਰੀ ਖੱਟੇ, ਮੈਂ ਦਿਲੋਂ ਮੁਆਫ਼ੀ ਚਾਹਾਂਗਾ ਕੁਝ ਦੇਰ ਲਈ ਆਮ ਮਨੌਤਾਂ ਵਾਲੇ ਸ਼ਬਦਾਂ ਵਿਚੋਂ ਇਕ ਨੂੰ ਵਰਤ ਰਿਹਾਂ, ਕਿ ਉਸਦੀ ਲਿਖਤ ਬਾਰੇ ਚਰਚਾ ਹੱਥੋਂ ਹੱਥ ਵਿਕੇ! ਕਿਉਂਕਿ ‘ਸੱਚ ਦਾ ਇਕ ਕਣ’ ਬਹੁਤ ਭਾਰੇ ਕਦਮਾਂ ਨਾਲ ਆਰੰਭ ਹੋ ਰਿਹਾ ਹੈ; ਇਹ ਕਿਉਂ ਹੈ ਇਸਦਾ ਵੇਰਵਾ ਕਿਤਾਬ ਪੜ੍ਹਣ ਵਾਲੇ ਬਾਖ਼ੂਬ ਜਾਣਦੇ ਹੋਣਗੇ। ਚੀਜ਼ ਦੇ ਲੋਕਾਂ ਤੱਕ ਪਹੁੰਚਣ ਦੇ ਸੌ ਮਾਧਿਅਮ ਹੁੰਦੇ ਹੋਣਗੇ ਪਰ ਲਿਖਤ ਇਕ ਅਜਿਹਾ ਮਾਧਿਅਮ ਹੈ ਜੋ ਅਣਸੁਖਾਵੇਂ ਸਿੱਟੇ ਲੈ ਕੇ ਆਪਣੀ ਜੜ੍ਹ ਫੜ੍ਹਦਾ ਹੈ। ਪਾਠਕਾਂ ਦੀ ਦਿਲਚਸਪੀ ਦੇ ਕਾਰਣ ਕਈ ਕਿਸਮ ਦੇ ਹੋ ਸਕਦੇ ਹਨ, ਭਾਵੇਂ ਰਿਆਇਆ ਦੁਖੀ ਹੈ ਉਹ ਕੋਈ ਬਗ਼ਾਵਤ ਸਿਰਜ ਰਹੀ ਹੋਵੇ; ਜਾਂ ਕਿਸੇ ਮਨੋਂ ਚਿਤਵੀ ਬਗ਼ਾਵਤ ਨੂੰ ਕੋਈ ਰੂਪ ਰੰਗ ਮਿਲਦਾ ਵੇਖ ਕੇ ਉਸਦਾ ਸਾਥ ਦੇਣ ਦਾ ਰਸਤਾ ਲੱਭਦੀ ਹੋਵੇ, ਇਹ ਰਿਆਇਆ ਉਸ ਕਲਮ ਦੇ ਬਾਦਸ਼ਾਹ ਦੀ ਬਾਦਸ਼ਾਹਤ ਦੀ ਅਧੀਨਗੀ ਕ਼ਬੂਲਣ ਬਾਰੇ ਜਾਣੇ, ਪਰ ਮੰਡੀ ਦੇ ਰਾਹੀਂ ਆਉਣਾ ਇਸ ਗੱਲ ਦਾ ਸੂਚਕ ਬਣ ਜਾਂਦਾ ਹੈ ਕਿ ਬਗ਼ਾਵਤ ਸ਼ਰਮ ਲਾਹ ਕੇ ਹਲੂਣਾ ਮਾਰਨ ਨੂੰ ਤਿਆਰ ਹੈ। ਸੋਵੀਅਤ ਸੰਘ ਉਸ ਸਮੇਂ ਜਿਹੜੀਆਂ ਅਟੱਲ ਹਕੀਕਤਾਂ ਵਿਚੋਂ ਲੰਘ ਰਿਹਾ ਸੀ ਉਸਨੂੰ ਲਿਖ ਕੇ ਪੇਸ਼ ਕਰਨਾ ਆਪਣੇ ਆਪ ਵਿਚ ਬੇਹੱਦ ਪੇਚੀਦਾ ਮਸਲਾ ਸੀ। ਨਾਗਰਿਕਤਾ ਇਕ ਅਜਿਹਾ ਵਿਸ਼ਾ ਹੈ ਜਿਸਦੇ ਉੱਪਰ ਵਿਆਪਕ ਬਹਿਸ ਵੀ ਛਿੜਦੀ ਹੈ ਪਰ ਲਿਖਾਰੀ ਦੀ ਨਾਗਰਿਕਤਾ ਉਸਦਾ ਕੇਂਦਰ ਬਿੰਦੂ ਹੀ ਹੁੰਦੀ ਹੈ। ਇਸ ਕਿਤਾਬ ਵਿਚ ਪੰਜ ਵਿਅਕਤੀ ਇਕੱਲੇ ਲਿਖਾਰੀ, ਦਾਰਸ਼ਨਿਕ ਜਾਂ ਚਿੰਤਕ ਨਹੀਂ ਬਲਕਿ ਆਪੋ ਆਪਣੇ ਮੁਲਕ ਦੀ ਬਦਕਿਸਮਤੀ ਨੂੰ ਸਮੋ ਕੇ ਉਸਨੂੰ ਸੰਜੋਣ ਵਿਚ ਸਾਰੀ ਉਮਰ ਰੁੱਝੇ ਰਹੇ- ਫਿਲਹਾਲ ਅਲੈਗਜ਼ੈਂਡਰ ਸੋਲਜ਼ੇਨਿਤਸਿਨ ਦੇ ਬਾਰੇ ਇਸ ਕਿਤਾਬ ਦੇ ਆਉਣ ਤੋਂ ਬਾਅਦ ਸੋਵੀਅਤ ਸੰਘ ਵਿਚ ਭੁਚਾਲ ਆਇਆ, ਉਸ ਭੂਚਾਲ ਦਾ ਪਿਛੋਕੜ ਉਸਦੀ ਜੀਵਨੀ ਹੈ, ਉਸਦਾ ਸੰਘਰਸ਼ ਇਕ ਸਿਪਾਹੀ ਤੋਂ ਲੈ ਕੇ ਕੈਦ ਦੇ ਸਫ਼ਰ ਵਿਚ ਕਲਮ ਨਾਲ ਇਮਾਨਦਾਰੀ ਦਾ ਪ੍ਰਯੋਗ...ਭਾਵ ਹਕੀਕਤ ਨੂੰ ਉਸ ਵੇਲੇ ਲਿਖਣਾ ਉਹ ਵੀ ਪੂਰੀ ਰਾਜਨੀਤਕ ਸਮਝ ਦੇ ਨਾਲ। ਅੱਜ ਦੇ ਸਮੇਂ ਵਿਚ ਬਹੁਤ ਸਾਰੇ ਪੱਤਰਕਾਰ ਅਤੇ ਲਿਖਾਰੀ ਹਾਲਾਤ ਨੂੰ ਬਿਆਨ ਕਰਨ ਵਿਚ ਆਪਣੀ ਪੇਤਲੀ ਸਮਝ ਨੂੰ ਪੇਸ਼ ਕਰਨ ਵਿਚ ਹੀ ‘ਪ੍ਰਾਪੇਗੰਡਾ’ ਖੜ੍ਹਾ ਕਰਨ ਨੂੰ ਲੇਖਣੀ ਕਹਿੰਦੇ ਆਏ ਹਨ। ਲੇਖਕ ਸੰਘ ਵਿਚ ਕੀ ਕੀ ਹੁੰਦਾ ਹੈ? ਲੇਖਕਾਂ ਦਾ ਸਰਕਾਰ ਦੀ ਚਾਟੂਕਾਰਿਤਾ ਦਾ ਸਿੱਧਾ ਸਿੱਧਾ ਨੁਕਸਾਨ ਸਾਡੇ ਪੜ੍ਹਤ ਵਿਚ ਆਉਂਦੇ ਅਖ਼ਬਾਰਾਂ ਨੂੰ ਗੰਧਲਾ ਕਰਕੇ ਹੁੰਦਾ ਹੈ ਜਿਨ੍ਹਾਂ ਵਿਚ ਅਹਿਮ ਲੇਖ ਸਾਡੇ ਰੋਜ਼ਾਨਾ ਜੀਵਨ ਦੀ ਚਿਣਗ ਨੂੰ ਖ਼ਤਮ ਕਰਨ ਦਾ ਸਾਮਾਨ ਭਰਿਆ ਜਾਂਦਾ ਹੈ। ਲਿਖਾਰੀ ਦੇ ਸਰਕਾਰਪ੍ਰਸਤ ਹੋਣ ਦਾ ਸਿੱਧਾ ਨੁਕਸਾਨ ਸਾਡੀ ਪੜ੍ਹਤ ਵਿਚ ਅਜਿਹੇ ਅਖ਼ਬਾਰੀ ਲੇਖ ਹੀ ਬੱਚਦੇ ਹਨ ਜਿਨ੍ਹਾਂ ਦਾ ਮਕਸਦ ਸਰਕਾਰ ਦੀ ਸਤਹੀ ਆਲੋਚਨਾ ਬਹਾਨੇ ਸਿਰਫ਼ ਲੋਕ-ਰੋਹ ਨੂੰ ਗੁੰਮਰਾਹ ਕਰਕੇ ਰੱਖਣਾ; ਅਸਲ ਵਿਰੋਧ ਅਤੇ ਹਕੀਕਤ ਬਿਆਨ ਕਰਨੀ ਪ੍ਰਤੀਬੰਦ ਦਾ ਸੱਦਾ ਬਣਿਆ ਰਿਹਾ ਹੈਲੇਖਕਾਂ ਉੱਪਰ ਲੱਗਦੀ ਨਿਗਰਾਨੀ ਦਾ ਨਤੀਜਾ ਹੀ ਪਲਾਇਨ ਹੁੰਦਾ ਹੈ; ਅਤੇ ਅਸੀਂ ਪੰਜਾਬੀ ਪਾਠਕ ਜਿਸ ਪਲਾਇਨ ਦੀ ਮਜਬੂਰੀ ਤੋਂ ਜੂਝ ਰਹੇ ਹਾਂ ਉਸਤੋਂ ਕਿਤੇ ਵੱਧ ਗਹਿਰੀ ਗੱਲ ਸਾਡੇ ਪਲਾਇਨ ਵਿਚ ਜੂਝਦੇ ਪੂੰਜੀਵਾਦ ਦਾ ਵੀ ਆਪਣਾ ਨਾਂ ਹੈ। ਇਸ ਲਈ ਜਦੋਂ ‘ਸੱਚ ਦਾ ਇਕ ਕਣ’ ਲੇਖ ਪੜ੍ਹਨ ਲੱਗੋਗੇ ਤਾਂ ਇਹ ਵਿਚਾਰ ਆਪਣੇ ਦਿਲੋ ਦਿਮਾਗ ਵਿਚ ਰੱਖਿਓ ਕਿ ਲਿਖਾਰੀਆਂ ਨੂੰ ਦਰਅਸਲ ਕਿੰਨੀ ਗੋਪਨੀਅਤਾ ਰੱਖਣੀ ਪੈਂਦੀ ਹੈ; ਖ਼ਾਸਕਰ ਅੱਜ ਇੱਕੀਵੀਂ ਸਦੀ ਦੇ ਤੇਜ਼ ਤਰਾਰ ਅੱਖਰੀ ਸੈਲਾਬ ਵਿਚ ਜਿੱਥੇ ਲਿਖਾਰੀ ਨੂੰ ਹਰ ਪਲ ਦੀ ਸੱਚਾਈ ਦੱਸਣ ਦਾ ਸੱਦਾ ਇਸ ਕਦਰ ਦਿੱਤਾ ਜਾਂਦਾ ਹੈ ਕਿ ਉਹ ਇਕ ਕਿਸਮ ਦਾ ਸਰਕਾਰੀ ਟ੍ਰੈਪ ਹੋ ਨਿੱਬੜਦਾ ਹੈ। ਜਿਵੇਂ ਕਿ ‘The Gulag Archipelago’ ਵਿਚ ਸੋਵੀਅਤ ਸੰਘ ਅੰਦਰ ਸਾਮੂਹਿਕ ਖੇਤੀ ਦੇ ਵਿਸ਼ੇ ਨੂੰ ਕਿਸਾਨਾਂ ਦੀ ਪਲੇਗ ਨਾਂ ਦੇ ਅਧਿਆਏ ਵਿਚ ਸਮੇਟਿਆ.... ਇਸ ਪੂਰੀ ਰਚਨਾ ਦਾ ਖਰੜਾ ਬਿਲਕੁਲ ਖ਼ੂਫ਼ੀਆ ਤੌਰ ਆਪਣੇ ਦੋਸਤ ਕੋਲ ਐਸਟੋਨੀਆ ਭਿਜਵਾ ਦਿੱਤਾ। ਇਨ੍ਹਾਂ ਰਚਨਾਵਾਂ ਦੇ ਅੰਦਰ ਜੋ ਦਿਲ ਕੰਬਾਊ ਸੱਚ ਨੇ ਉਹਦੇ ਵਿਚ ਇੱਕ ਸੰਨ 1973 ਦਰਜ ਹੈ ਇਸ ਕਿਤਾਬ ਦੇ ਪਹਿਲੇ ਪ੍ਰਕਾਸ਼ਨ ਦੀ... ਇਹ ਗੱਲ ਖ਼ਾਸ ਤਵੱਜੋਂ ਅਧੀਨ ਲਿਆਉਣ ਦਾ ਮਨੋਰਥ ਇੰਨਾ ਕੁ ਹੈ ਕਿ ਸੱਚਾਈ ਬਾਹਰ ਆਉਣ ਦਾ ਵਕਫ਼ਾ ਕਿੰਨਾ ਲੰਬਾ ਹੈ...ਪਹਿਲੇ ਵਿਸ਼ਵ ਯੁੱਧ ਨੂੰ ਹੋਈਆਂ ਘਟਨਾਵਾਂ ਜੋਕਿ ਓਸ ਕਾਲਖੰਡ ਵਿਚ ਸੱਚ ਦੱਸਣ ਵਾਲਿਆਂ ਦੇ ਮੌਤ ਦੇ ਫ਼ਤਵੇ ਲੈ ਕੇ ਹੋਰ ਤਸ਼ੱਦੁਦ ਢਾਹਿਆ, ਲੇਖਕ ਦਾ ਸਫ਼ਰ ਉਸਦੀ ਰਚਨਾ ਦੇ ਤੋੜ ਚੜ੍ਹਣ ਦਾ ਮੌਤੋਂ ਪਾਰ ਦਾ ਹੁੰਦਾ ਹੈ...ਕੀ ਅਸੀਂ ਪਠਨ ਮਰਿਆਦਾ ਦੇ ਨਾਲ ਚਿੰਤਨ ਅੰਦਰ ਆਪਣੇ ਗਿਰੇਬਾਨ ਝਾਕਿਆ ਕਦੇ? ਮੈਕਸਿਮ ਗੋਰਕੀ ਵਰਗੇ ਵੱਡੇ ਨਾਂ ਵੀ ਕਿੰਨਾ ਗਹਿਰਾ ਸੰਘਰਸ਼ ਕਰਦੇ ਰਹੇ ਇਹ ਇਸ ਲੇਖ ਅੰਦਰ ਪੜ੍ਹਨ ਨੂੰ ਮਿਲੇਗਾ। ਹੁਣ ਆਪਣੇ ਵਿਸ਼ੇ ਨੂੰ ਹੋਰ ਪ੍ਰਗਟ ਕਰਦਾ ਅੰਸ਼ ਇਸ ਲੇਖ ਦਾ ਸਾਂਝਾ ਕਰਦਾ ਹਾਂ, ਉਸਤੋਂ ਬਾਅਦ ਅਗਲੇ ਲੇਖਾਂ ਬਾਰੇ ਗੱਲ ਕਰਦੇ ਹਾਂ:

ਸਾਲ 1946 ਦੌਰਾਨ ਬਸੰਤ ਦੀ ਇਕ ਸ਼ਾਮ, ਮਾਸਕੋ ਦੇ ਕਾਲੂਗਾ ਗੇਟਸ ਦੇ ਇਕ ਕੈਂਪ ਅੰਦਰ ਤੀਜੀ ਮੰਜ਼ਲ ਦੀ ਖਿੜਕੀ ਵਿਚ ਲੇਟਿਆ ਇਕ ਲੁਟੇਰਾ (ਕੈਦੀ) ਉੱਚੀ ਆਵਾਜ਼ ਵਿਚ ਲੁਟੇਰਿਆਂ ਦੇ ਗੀਤ ਗਾ ਰਿਹਾ ਸੀ। ਉਹ ਆਵਾਜ਼ ਗਾਰਡ-ਘਰ ਤੇ ਕੰਡਿਆਲੀਆਂ ਤਾਰਾਂ ਵਿਚੋਂ ਹੁੰਦੀ ਹੋਈ ਪਾਰਕ ਤੇ ਟਰਾਲੀ ਬੱਸ-ਅੱਡੇ ਤੱਕ ਪਹੁੰਚ ਰਹੀ ਸੀ। ਇਨ੍ਹਾਂ ਗੀਤਾਂ ਵਿਚ ਹਮਲਿਆਂ, ਲੁੱਟਾਂ, ਹੱਤਿਆ ਦੀ ਸਹਿਜ ਜ਼ਿੰਦਗੀ ਨੂੰ ਗਰਿਮਾ-ਮੰਡਿਤ ਕੀਤਾ ਗਿਆ ਸੀ ਤੇ ਜੇਲ੍ਹਰਾਂ, ਗਾਰਡ ਜਾਂ ਵਾਰਡਨਾਂ ਵਿਚੋਂ ਕਿਸੇ ਨੂੰ ਉਸ ਨੂੰ ਚੁੱਪ ਕਰਾਉਣ ਦਾ ਖ਼ਿਆਲ ਨਾ ਆਇਆ, ਕਿਉਂਕਿ ਉਸ ਅੰਦਰ ਉਸ ‘ਲੁਟੇਰੇ-ਦਰਸ਼ਨ’ ਦਾ ਗੁਣ-ਗਾਣ ਸੀ, ਜਿਸ ਕਾਰਨ ਉਨ੍ਹਾਂ ਦੇ ਸਿਸਟਮ ਨੂੰ ਕੋਈ ਖ਼ਤਰਾ ਨਹੀਂ ਸੀ, ਪਰ ਜੋ ਗੀਤ ਮੈਂ ਫ਼ਰੰਟ ‘ਤੇ ਤਬਾਹ ਹੋਏ ਸੈਨਿਕਾਂ ਬਾਰੇ ਲਿਖਿਆ ਸੀ, ਜੇਕਰ ਉਸ ਨੂੰ ਕੋਈ ਏਦਾਂ ਉੱਚੀ ਆਵਾਜ਼ ਗਾਉਂਦਾ ਤਾਂ ਮੇਰਾ ਕੀ ਹੁੰਦਾ? ਤੁਸੀਂ ਕਲਪਨਾ ਕਰ ਸਕਦੇ ਹੋ।

(ਕੇਂਦਰ ਬਿੰਦੂ-ਪੰਨਾ- 61/62)

 

ਕਲਪਨਾ ਸ਼ਕਤੀ ਬਣਾ ਕੇ ਰੱਖੋ! ਬਹੁਤ ਕੁਝ ਹਾਲੇ ਸਮਝਣਾ ਬਾਕੀ ਹੈ...

 

2) ਪਰੰਪਰਾ ਵਿਰੋਧੀ ਸ਼ਖ਼ਸੀਅਤ: ਅਲਬਰਟ ਆਈਂਸਟਾਈਨ

            ਜ਼ਾਹਰ ਤੌਰ ’ਤੇ ਸਾਡੀ ਵਿਗਿਆਨ ਪ੍ਰਤੀ ਪਰੰਪਰਾਗਤ ਸੋਚ, ਜੋਕਿ ਬਹੁਤ ਸਾਰੇ ਭਰਮ, ਮਿੱਥ ਅਤੇ ਪਰੇਸ਼ਾਨੀਆਂ ਨਾਲ ਰਲ਼ ਕੇ ਇਸ ਦਵੰਧ ਵਿਚ ਲੈ ਆਏ ਕਿ ਵਿਗਿਆਨ ਦਾਰਸ਼ਨਿਕ ਸਮਝ ਦਾ ਵਿਰੋਧੀ ਹੈ ਉਸਨੂੰ ਤੋੜਨ ਵਿਚ ਜੇਕਰ ਕਿਸੇ ਵੱਡੇ ਵਿਗਿਆਨਕ ਦਾ ਹੱਥ ਹੈ ਤਾਂ ਉਹ ਨਾਮ ਅਲਬਰਟ ਆਈਂਸਟਾਈਨ ਦਾ ਸੀ। ਪਰ ਕੇਂਦਰ ਬਿੰਦੂ ਵਿਚ ਇਸਦੀ ਆਰੰਭਤਾ ਬੇਹੱਦ ਧਰਾਤਲੀ ਅਹਿਦ ਤੋਂ ਹੋਈ ਜਿਸਨੂੰ ਜਾਣਨਾ ਪਰਖਣਾ ਸੌਖਾ ਨਹੀਂ ਹੈ- ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦਰਕਿਨਾਰ ਕਰਕੇ ਅੱਗੇ ਵਧਣਾ ਪਏਗਾ ਜਿਸਨਾਲ ਸਿਰਫ਼ ਤੇ ਸਿਰਫ਼ ਉਸ ਸ਼ਖ਼ਸੀਅਤ ਨਾਲ ਜੁੜੋਗੇ ਜਿਸਦਾ ਬਿਰਤਾਂਤ ਰਚਿਆ ਗਿਆ ਹੈ। ਜਰਮਨੀ ਦੇ ਮੁਲਕ ਵਿਚ ਉਭਰਣ ਵਾਲਾ ਇਹ ਵਿਗਿਆਨੀ ਦਾ ਕੁਦਰਤ ਪ੍ਰੇਮ ਅਤੇ ਮਾਨਵਵਾਦੀ ਹੋਣ ਉੱਤੇ ਕੋਈ ਵੀ ਸ਼ੱਕ ਨਹੀਂ।

 

ਅਲਬਰਟ ਆਈਨਸਟਾਈਨ ਇਕ ਅਜਿਹੀ ਅਦੁੱਤੀ ਸ਼ਖ਼ਸੀਅਤ ਦਾ ਮਾਲਕ ਸੀ, ਜਿਸ ਨੇ ਆਪਣੇ ਜੀਵਨ, ਖੋਜਾਂ ਅਤੇ ਸਿਧਾਂਤਾਂ ਰਾਹੀਂ ਮਾਨਵਤਾ ਨੂੰ ਵਿਕਾਸ ਦੇ ਨਵੇਂ ਰਾਹਾਂ ਉੱਪਰ ਤੋਰ ਕੇ, ਅਦਭੁਤ ਪ੍ਰਾਪਤੀਆਂ ਦੇ ਸਨਮੁੱਖ ਕਰਵਾਇਆ। ਹਾਲਾਂਕਿ ਉਨ੍ਹਾਂ ਦੀ ਵਧੇਰੇ ਪਹਿਚਾਣ ਅਸੀਂ ਇਕ ਸਾਇੰਸਦਾਨ ਵਜੋਂ ਹੀ ਕਰਦੇ ਹਾਂ, ਪਰ ਉਹ ਇਕ ਵਿਗਿਆਨੀ ਹੋਣ ਦੇ ਨਾਲ਼-ਨਾਲ਼ ਗਣਿਤ, ਬ੍ਰਹਿਮੰਡ, ਧਰਮ ਅਤੇ ਫ਼ਿਲਾਸਫ਼ੀ ਆਦਿ ਦੇ ਖੇਤਰਾਂ ਵਿਚ ਵੀ ਅਹਿਮ ਸਥਾਨ ਰੱਖਦੇ ਸਨ। ਜਿਸ ਦੀ ਬਦੌਲਤ ਹੀ ਉਸ ਨੇ ਆਪਣੇ ਸਮੁੱਚੇ ਜੀਵਨ ਅੰਦਰਲੇ ਘਟਨਾ-ਕ੍ਰਮਾਂ ਦੌਰਾਨ ਵਿਰੋਧਮਈ ਸਥਿਤੀਆਂ ਦਾ ਪ੍ਰਗਟਾਵਾ ਕਰਦੇ ਹੋਏ, ਜ਼ਿੰਦਗਾਨੀ ਦੇ ਰੁਮਾਂਚਾਂ ਨੂੰ ਹਰ-ਪਲ ਤਰੋ-ਤਾਜ਼ਾ ਰੱਖਿਆ ਅਤੇ ਆਖ਼ੀਰ ਉਸ ਦੀ ਇਹੀ ਵਿਸ਼ੇਸ਼ਤਾ ਉਸ ਨੂੰ ਵਿਸ਼ਵ ਭਰ ਦੇ ਪ੍ਰਸਿੱਧ ਸਾਇੰਸਦਾਨਾਂ ਤੋਂ ਵੱਖਰਾ ਪ੍ਰਗਟ ਕਰਨ ਵਿਚ ਮੋਹਰੀ ਰੋਲ ਅਦਾ ਕਰ ਗਈ।

(ਕੇਂਦਰ ਬਿੰਦੂ-ਪੰਨਾ-98)

 

            ਸੰਭਾਵਿਤ ਤੌਰ ‘ਤੇ ਜਦੋਂ ਗੱਲ ਨੂੰ ਕੋਈ ਰੂਪਰੇਖਾ ਦੇਣੀ ਹੋਵੇ, ਤਾਂ ਉਸਦਾ ਸਥਾਈ ਰਹਿਣਾ ਬਹੁਤ ਜ਼ਰੂਰੀ ਹੈ ਅਤੇ ਵਿਗਿਆਨੀ ਉਨ੍ਹਾਂ ਦਾਰਸ਼ਨਿਕ ਸਿਧਾਂਤਾਂ ਦੀ ਕੁਝ ਕਾਲਖੰਡ ਆਰਬਲਾ ਵਧਾਉਣ ਵਾਲੇ ਜੋਗੀ ਨੇ ਜਿਨ੍ਹਾਂ ਦੀ ਬਦੌਲਤ ਅਨੰਤਕਾਲ ਤੱਕ ਚੱਲਣ ਵਾਲੀ ਸ੍ਰਿਸ਼ਟੀ ਨੇ ਕਿਸੇ ਨੁੱਕਰੇ ਆਪਣੀ ਥਾਂ ਬਚਾ ਕੇ ਰੱਖੀ ਹੈ। ਨਹੀਂ ਤਾਂ ਵਾਰ ਵਾਰ ਮਾਰੂਥਲਾਂ ਵਰਗਾ ਹਾਲ ਹੋਵੇ ਜਿੱਥੇ ਆਉਣ ਵਾਲਾ ਹਰ ਬੁੱਲ੍ਹਾ ਸਭ ਕਾਸੇ ਨੂੰ ਬਰਾਬਰ ਕਰ ਜਾਂਦਾ ਹੈ; ਭਾਸ਼ਾ, ਲਿੱਪੀ, ਤਸਵੀਰ, ਮੂਰਤਾਂ, ਪਦਾਰਥ...ਪਦਾਰਥ ਨੂੰ ਪ੍ਰਯੋਗਸ਼ਾਲਾ ਵਿਚ ਕਿਵੇਂ ਕੀ ਕੀ ਬਣਾਉਣਾ ਉਸਦੀ ਸਮਝ ਨੂੰ ਸਿਰਜਣ ਵਾਲਾ ਵਿਗਿਆਨੀ ਜਿਸਨੇ ਅਣੂ ਤੋਂ ਪਰਮਾਣੂ ਤੱਕ ਵਿਕਸਿਤ ਕਰ ਵਿਖਾਇਆ ਪਰ ਇਹ ਸਭ ਵਿਚ ਆਇਨਸਟਾਈਨ ਦਾ ਨਾਂ ਅਜਿਹਾ ਸੀ ਜਿਹੜਾ ਕੁਦਰਤੀ ਵੱਸੋਂ ਦੀ ਦੇਖਭਾਲ ਅਤੇ ਪਰਿਆਵਰਣ ਸੰਬੰਧੀ ਪੂਰੀ ਗੱਲਬਾਤ ਜਾਰੀ ਰੱਖਦਾ ਹੈ। ਤੁਸੀਂ ਇਹ ਗੱਲ ਤਾਂ ਜ਼ਰੂਰ ਸੁਣੀ ਹੋਏਗੀ ਕਿ ‘ਜ਼ਰੂਰਤ ਹੀ ਕਿਸੇ ਕਾਢ ਦੀ ਮਾਂ ਹੈ’, ਤਾਂ ਪਾਠਕ ਇਸ ਲੇਖ ਵਿਚ ਆਇੰਸਟਾਈਨ ਦੇ ਬਹਾਨੇ ਇਕ ਬੁਨਿਆਦੀ ਤੱਥ ਨੂੰ ਸਮਝਣ ਦਾ ਉੱਦਮ ਜ਼ਰੂਰ ਕਰਨ ਕਿ ਇਹ ਪ੍ਰੇਰਣਾ ਲੈਣ ਮਾਤਰ ਕੋਈ ਪਰੀਕਥਾ ਨਹੀਂ ਸਿਰਜੀ ਗਈ, ਯਥਾਰਥ ਦੀ ਦਾਸਤਾਂ ਹੈ ਜੋਕਿ ਬਹੁਤ ਔਕੜ ਭਰੀ ਹੈ। ਇਹ ਵੀ ਵੇਖਣਾ ਅਹਿਮ ਸਵਾਲ ਹੈ ਕਿ ਕਿਧਰੇ ਵੀ ਉਸਦੀ ਕਾਢ ਵਿਚ ਉਸਦਾ ਅਤੀਤ ਨਹੀਂ ਝਲਕਦਾ ਪਰ ਉਸਦੇ ਤਜਰਬੇ ਅਤੇ ਉਹ ਤਮਾਮ ਸੰਵੇਦਨਾਵਾਂ ਜੋ ਉਸਨੇ ਆਪਣੇ ਸਮਿਆਂ ਵਿਚ ਹੰਢਾਈਆਂ ਉਸਨੂੰ ਕਿਵੇਂ ਸਹੀ ਥਾਂਵੇਂ ਵਰਤੋਂ ਵਿਚ ਲਿਆਂਦਾ। ਸਰੀਰਕ ਅਤੇ ਮਾਨਸਿਕ ਰੂਪ ਵਿਚ ਕਮਜ਼ੋਰ ਹੋਣਾ, ਉਸ ਵਿਚ ਪਰਿਵਾਰ ਦੇ ਸੰਘਰਸ਼ ਦੇ ਨਾਲ ਬੱਚੇ ਦਾ ਖ਼ੁਦ ਦਾ ਉੱਬਰਨਾ ਅਤੇ ਅੱਗੇ ਨਿਕਲਣਾ ਬਹੁਤ ਮਾਇਨੇ ਭਰਿਆ ਸਫ਼ਰ ਹੁੰਦਾ ਹੈ ਅਤੇ ਉਸਤੋਂ ਅੱਗੇ, ਯਹੂਦੀ ਹੋਣ ਦਾ ਜਰਮਨੀ ਵਿਚ ਕੀ ਪ੍ਰਭਾਵ ਅਤੇ ਕੈਥੋਲਿਕ ਸਕੂਲਾਂ ਦੀ ਪੜ੍ਹਾਈ ਦੇ ਪ੍ਰਭਾਵ ਬਾਰੇ ਜਾਣਕਾਰੀ ਰੱਖਣ ਵਿਚ ਤੇ ਉਸ ਦੇ ਅਸਲ ਭਾਵ ਨੂੰ ਮਹਿਸੂਸ ਕਰਨ ਨੂੰ ਬਹੁਤ ਵੱਡਾ ਫ਼ਰਕ ਹੈਹਿਟਲਰ ਵਰਗੇ ਦਾ ਸਮਾਂ ਜਿਉਣਾ ਅਤੇ ਆਪਣੀ ਉੱਤਮ ਪ੍ਰਾਪਤੀਆਂ ਨੂੰ ਸਹੇਜ ਕੇ ਵਿਸ਼ਵ ਵਿਚ ਜਿਉਣਾ ਕਿਸੇ ਵੀ ਹਾਲਤ ਵਿਚ ਸੌਖਾ ਨਹੀਂ। ਸਕੂਲੀ ਸਿੱਖਿਆ ਵਿਚ ਚੱਲਦੇ ਉਸ ਸਫ਼ਰ ਨੂੰ ਅਜੋਕੇ ਸਫ਼ਰ ਨਾਲ ਤੁਲਨਾ ਕਰਨੀ ਨਾ ਭੁੱਲਿਓ; ਸ਼ਾਇਦ ਤੁਹਾਨੂੰ ਮਹਿਸੂਸ ਹੋ ਸਕੇ ਕਿ ਕੇਂਦਰ ਬਿੰਦੂ ਦੇ ਧੁਰੇ ਵਿਚ ਲੇਖਣੀ ਨੂੰ ਮੰਨਣ ਪਿੱਛੇ ਦਰੁਸਤ ਸਿੱਖਿਆ ਅਤੇ ਮੌਲਿਕ ਦ੍ਰਿਸ਼ਟੀਕੋਣ ਦਾ ਕਿੰਨਾ ਵੱਧ ਯੋਗਦਾਨ ਹੈ। ਵਿਸ਼ਵ-ਵਿੱਦਿਆਲਿਆਂ ਵਿਚ ਵੱਖਰੀ ਮੌਲਿਕ ਸਿਰਜਣਾ ਵਾਲੇ ਵਿਅਕਤੀ ਨੂੰ ਅਕਾਦਮਿਕ ਅਹੁਦੇਦਾਰੀ ਮਿਲਦੀ ਹੈ, ਉਸ ਅੰਦਰ ਲਾਇਕ ਅਤੇ ਨਾਲਾਇਕ ਵਿਅਕਤੀ ਹਮੇਸ਼ਾ ਹੁੰਦੇ ਹਨ...ਸਮੱਸਿਆ ਸਿਰਫ਼ ਓਦੋਂ ਪੈਦਾ ਹੁੰਦੀ ਹੈ ਜਦੋਂ ਚੰਗਿਆਂ ਦਾ ਸ਼ੋਸ਼ਣ ਕਰਨ ਵਾਲੇ ਖ਼ੁਦ ਨੂੰ ਬਿਲਕੁਲ ਨਿਸ਼ਕੰਟਕ ਸਮਝਣ; ਇਸ ਗੱਲ ਦੀ ਤਾਈਦ ਕਰਨੀ ਕਾਫੀ ਜ਼ਰੂਰੀ ਹੈ ਕਿਉਂਕਿ ਸਾਡੀ ਭਾਰਤੀ ਸਿੱਖਿਆ ਦੇ ਅੰਦਰ ਉਪਜੇ ਬਹੁਤਾਤ ਲਿਖਾਰੀਆਂ ਨੇ ਆਪਣੀ ਰਚਨਾਵਾਂ ਨੂੰ ਇੰਨਾ ਬੌਣਾ ਬਣਾ ਦਿੱਤਾ ਹੈ ਕਿ ਕਿਉਂਕਿ ਕੋਈ ਵੱਡੀ ਸ਼ਖ਼ਸੀਅਤ ਕਿਸੇ ਖਾਸ ਔਕੜ ਵਿਚੋਂ ਲੰਘੀ ਉਨ੍ਹਾਂ ਨੂੰ ਦਰੁਸਤ ਕਰਨ ਦੀ ਬਜਾਏ ਓਸਨੂੰ ਓਵੇਂ ਦਾ ਓਵੇਂ ਰੱਖ ਕੇ ਇਹ ਪ੍ਰਚਾਰਿਆ ਗਿਆ ਕਿ ਫਲਾਣਾ ਜੇਕਰ ਸੜਕ ਉੱਤੇ ਲੱਗੀ ਲਾਲਟੇਨ ਕੋਲ ਬੈਠ ਕੇ ਪੜ੍ਹਿਆ ਤਾਂ ਬਾਕੀ ਪਟਰੀਆਂ ਤੇ ਜਿਉਣ ਵਾਲੇ ਲੋਕ ਕੁੱਲੀਆਂ ਤੋਂ ਮਕਾਨਾਂ ਤੱਕ ਨਾ ਪਹੁੰਚਣ; ਬੱਸ ਇਨ੍ਹਾਂ ਦੀ ਚਾਕਰੀ ਦਾ ਫਿਕਰਾ ਕੱਸ ਕੇ ਰੱਖਣ। ਮੈਂ ਇਸ ਗੱਲ ਦਾ ਇੱਕ ਜ਼ਿਕਰ ਇਸ ਕਿਤਾਬ ਵਿਚੋਂ ਕਰਕੇ ਅਗਲੇ ਵਿਸ਼ੇ ਵੱਲ ਵਧਦਾ ਹਾਂ:

 

ਅਲਬਰਟ ਆਈਨਸਟਾਈਨ ਨੂੰ ਨੋਬਲ ਪੁਰਸਕਾਰ ਪ੍ਰਾਪਤ ਹੋਣ ਦੀ ਖ਼ਬਰ ਨੇ ਇਕ ਹੋਰ ਦਿਲਚਸਪ ਸਮੱਸਿਆ ਉਤਪੰਨ ਕਰ ਦਿੱਤੀ ਸੀ। ਦਰਅਸਲ ਇਸ ਵਾਰ ਜਰਮਨੀ ਦਾਅਵਾ ਕਰ ਰਿਹਾ ਸੀ ਕਿ ਆਈਨਸਟਾਈਨ ਜਰਮਨ ਨਾਗਰਿਕ ਹਨ, ਜਦੋਂਕਿ ਸਵਿਟਜ਼ਰਲੈਂਡ ਉਨ੍ਹਾਂ ਨੂੰ ਆਪਣੇ ਦੇਸ਼ ਦਾ ਨਾਗਰਿਕ ਸਾਬਤ ਕਰ ਰਿਹਾ ਸੀਇਹ ਸਮੱਸਿਆ ਇਸ ਲਈ ਵੀ ਜ਼ਿਆਦਾ ਗੰਭੀਰ ਹੋ ਰਹੀ ਸੀ, ਕਿਉਂਕਿ ਜਿਸ ਦੇਸ਼ ਦੇ ਵਸਨੀਕ ਨੂੰ ਨੋਬਲ ਪ੍ਰਦਾਨ ਕੀਤਾ ਜਾਣਾ ਹੁੰਦਾ ਸੀ, ਉਸ ਦੇਸ਼ ਦੇ ਰਾਜਦੂਤ ਨੂੰ ਇਨਾਮ ਵੰਡ ਸਮਾਰੋਹ ਦੌਰਾਨ ਸ਼ਾਮਲ ਹੋਣਾ ਜ਼ਰੂਰੀ ਸੀ। ਇਸ ਅਜੀਬ ਜਿਹੀ ਸਮੱਸਿਆ ਦਾ ਨਿਪਟਾਰਾ ਅਲਬਰਟ ਆਈਨਸਟਾਈਨ ਦੀ ਮਜਬੂਰੀ ਨੇ ਬੜੇ ਖ਼ੂਬਸੂਰਤ ਅੰਦਾਜ਼ ਵਿਚ ਕਰ ਦਿੱਤਾ। ਆਈਨਸਟਾਈਨ ਉਸ ਸਮੇਂ ਜਾਪਾਨ ਵਿਚ ਸਨ, ਜਦੋਂ ਉਨ੍ਹਾਂ ਨੂੰ ਪੁਰਸਕਾਰ ਪ੍ਰਦਾਨ ਕਰਨ ਦਾ ਸਮਾਂ ਨਜ਼ਦੀਕ ਆਇਆ ਉਹ ਜਾਪਾਨ ਤੋਂ ਹੀ ਰੇਲ ਮਾਰਗ ਰਾਹੀਂ ਸਵੀਡਨ ਲਈ ਚੱਲ ਪਏ, ਪਰ ਸਮਾਰੋਹ ਦੌਰਾਨ ਉਹ ਸਹੀ ਵਕ਼ਤ ‘ਤੇ ਨਾ ਪਹੁੰਚ ਸਕੇ। ਜਿਸ ਕਾਰਨ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਇਹ ਇਨਾਮ ਜਰਮਨੀ ਦੇ ਰਾਜਦੂਤ ਨੂੰ ਪ੍ਰਦਾਨ ਕੀਤਾ ਗਿਆ। ਬਾਅਦ ਵਿਚ ਬਰਲਿਨ ਵਿਖੇ ਇਹ ਇਨਾਮ ਸਵਿਟਜ਼ਰਲੈਂਡ ਦੇ ਰਾਜਦੂਤ ਨੇ ਆਈਨਸਟਾਈਨ ਨੂੰ ਦਿੱਤਾ।

(ਕੇਂਦਰ ਬਿੰਦੂ-ਪੰਨਾ-121)

 

            ...ਉਮੀਦ ਹੈ ਇਹ ਵੀ ਗੱਲ ਕੇਂਦਰੀ ਤੌਰ ‘ਤੇ ਸਮਝਣ ਜੋਗੇ ਹੋਏ ਹੋਵੋਗੇ ਕਿ ਆਖਿਰ ਇੰਨਾ ਸਭ ਕੁਝ ਹੋਣ ਤੋਂ ਬਾਅਦ ਵੀ ਆਪਣੀ ਬੁਨਿਆਦੀ ਹੋਂਦ ਦਾ ਨਾ ਮਿਲਣਾ ਹਰ ਥਾਂਵੇਂ ਬੇਗਾਨਗੀ ਭਰੀ ਜ਼ਲਾਲਤ ਦੇਂਦਾ ਹੈ। ਪਰ ਖੈਰ, ਇਸਤੋਂ ਅੱਗੇ ਵੇਖਦੇ ਹਾਂ।

 

3) ਪਤਿਤ ਪਸ਼ੂ: ਜੀਨ ਯਾੱਕ ਰੂਸੋ

            ਜੇ ਤੁਸੀਂ ਹੁਣ ਤੱਕ ਉਪਰੋਕਤ ਵੇਰਵੇ ਪੜ੍ਹਦੇ ਹੋਏ ਗਹਿਨ ਚਿੰਤਨ ਵਿਚ ਘਿਰਿਆ ਮਹਿਸੂਸ ਕਰਦੇ ਪਏ ਹੋ ਤਾਂ ਯਕੀਨਨ ਤੁਸੀਂ ਰੂਸੋ ਦੀ ਪਰਿਭਾਸ਼ਾ ਦੇ ਸਿਰਜੇ ਸਿਰਲੇਖ ‘ਪਤਿਤ ਪਸ਼ੂ’ ਬਣ ਚੁੱਕੇ ਹੋ। ਚਿੰਤਕ ਨਾਲ ਵਾਹ ਵਾਸਤਾ ਪੈਣ ਤੋਂ ਪਹਿਲਾਂ ਤੱਕ ਚਿੰਤਨ ਦੀ ਬਾਰੀਕੀ ਨਹੀਂ ਸਮਝੀ ਜਾ ਸਕਦੀ। ਦਾਰਸ਼ਨਿਕ ਦੀ ਪਹਿਲੀ ਮਿਲਣੀ ਹੀ ਅਜਿਹੀ ਹੁੰਦੀ ਹੈ ਕਿ ਉਹ ਤੁਹਾਨੂੰ ਝੰਜੋੜ ਦੇਂਦੀ ਹੈ। ਅਜਿਹੀ ਸਥਿਤੀ ਨੂੰ ਜਾਣਨਾ ਵਿਚਾਰਨਾ ਪੈਂਦਾ ਹੈ, ਖਾਸਕਰ ਜਦੋਂ ਕੇਂਦਰ ਬਿੰਦੂ ਪੜ੍ਹਨੀ ਆਰੰਭ ਕਰਕੇ ਅਸੀਂ ਲੇਖਣੀ ਅਤੇ ਸਿੱਖਿਆ ਦੀ ਅਧਿਐਨ ਔਕੜਾਂ ਦੇ ਰੂ ਬ ਰੂ ਹੋਏ ਹਾਂ ਤਾਂ ਰੂਸੋ ਦੀ ਦਾਸਤਾਂ ਨੂੰ ਪੜ੍ਹਣਾ ਪਏਗਾ। ਕਿਤਾਬ ਵਿਚ ਇਕ ਥਾਵੇਂ ਇਹ ਲਿਖਿਆ ਵੇਖੋਗੇ:

 

ਰੂਸੋ ਕਿਉਂਕਿ ਇਕ ਪ੍ਰਕਿਰਤੀਵਾਦੀ ਵਿਚਾਰਕ ਸੀ, ਇਸ ਲਈ ਉਸ ਦਾ ਆਖਣਾ ਸੀ ਕਿ ਬੱਚੇ ਨੂੰ ਹਮੇਸ਼ਾ ਸਮਾਜ ਤੋਂ ਦੂਰਰੱਖ ਕੇ ਹੀ ਸਿੱਖਿਆ ਦੇਣੀ ਚਾਹੀਦੀ ਹੈ। ਉਸ ਦਾ ਮੰਨਣਾ ਸੀ ਕਿ ਮਨੁੱਖ ਜਨਮਜਾਤ ਹਮੇਸ਼ਾ ਚੰਗਾ ਹੀ ਹੁੰਦਾ ਹੈ, ਸਮੱਸਿਆ ਇਹ ਹੈ ਕਿ ਜਿਉਂ ਹੀ ਇਹ ਸਮਾਜ ਦੇ ਸੰਪਰਕ ਵਿਚ ਆਉਂਦਾ ਹੈ, ਇਸ ਅੰਦਰ ਬੁਰਾਈਆਂ ਘਰ ਕਰ ਜਾਂਦੀਆਂ ਹਨ। ਇਸ ਲਈ ਉਹ ਇਹ ਅਲਾਨ ਕਰਦਾ ਹੈ: “ਕੁਦਰਤ ਦੇ ਹੱਥਾਂ ਵਿਚੋਂ ਆਉਣ ਵਾਲੀ ਹਰ ਚੀਜ਼ ਸੋਹਣੀ ਹੁੰਦੀ ਹੈ, ਜਿਉਂ ਹੀ ਮਨੁੱਖੀ ਸਮਾਜ ਉਸ ਅੰਦਰ ਦਖ਼ਲ ਦਿੰਦਾ ਹੈ, ਉਹ ਕਰੂਪ ਹੋ ਜਾਂਦੀ ਹੈ।”

(ਕੇਂਦਰ ਬਿੰਦੂ-ਪੰਨਾ-167)

 

            ਅਜਿਹੇ ਵਿਚਾਰਾਂ ਦਾ ਮੂਲ ਜਿੰਨੇ ਸੂਖ਼ਮ ਹਿਰਦੇ ਵਿਚੋਂ ਨਿਕਲਦਾ ਹੈ ਉਸਦੀ ਪੈੜ ਨੂੰ ਜਾਣਨਾ ਵਿਚਾਰਨਾ ਮੌਲਿਕ ਪੜ੍ਹਤ ਦਾ ਹਿੱਸਾ ਹੋਣਾ ਚਾਹੀਦਾ ਹੈ। ਸਿੱਖਿਆ ਵਿਵਸਥਾ ਉੱਤੇ ਰੂਸੋ ਨੇ ਜਿੰਨੇ ਕਮਾਲ ਦੇ ਤੱਥ ਪੇਸ਼ ਕੀਤੇ ਹਨ ਇਹ ਗੱਲ ਤਾਂ ਲਾਜ਼ਮੀ ਹੋ ਗਈ ਹੈ ਕਿ ਅਸੀਂ ਆਪਣੇ ਪੱਧਰ ਨੂੰ ਜਾਣੀਏ, ਖਾਸਕਰ ਰੂਸੋ ਦੇ ਕੁਦਰਤੀ ਮਨੁੱਖ ਦੇ ਸਿਧਾਂਤ ਨੂੰ ਜਿਨ੍ਹਾਂ ਆਲੋਚਕਾਂ ਨੇ ਯਥਾਰਥ ਤੋਂ ਵਿਹੂਣਾ ਮਹਿਜ਼ ਕਲਪਨਾ ਕਿਹਾ ਹੈ ਉਨ੍ਹਾਂ ਅੱਗੇ ਮੈਂ ਗੁਰਬਾਣੀ ਦੇ ਰੂਪ ਵਿਚ ਸਾਡੇ ਤੱਕ ਪਹੁੰਚੇ ਫ਼ਲਸਫ਼ੇ ਨੇ ਇਹ ਗੱਲ ਸਾਬਿਤ ਕਰ ਦਿੱਤੀ ਸੀ ਕਿ ਕੁਦਰਤਿ ਦੇ ਸਰਪ੍ਰਸਤ ਰਹਿ ਕੇ ਰਾਜਨੀਤਕ ਉਚਾਈਆਂ ਨੂੰ ਹਾਸਲ ਕਰਦਾ ਰਾਜ ਸਿਰਜਿਆ ਜਾਣਾ ਵੀ ਸੰਭਵ ਹੈ ਅਤੇ ਆਧੁਨਿਕ, ਪਰਪੱਕ ਅਤੇ ਮੌਲਿਕ ਸਮਾਜ ਵੀ ਜਿਸ ਵਿਚ ਸਹਿਜ ਵੱਸੇ। ਅਸਫ਼ਲਤਾਵਾਂ ਅਪਵਾਦ ਹਨ, ਘੱਟੋ ਘੱਟ ਅਣਹੋਂਦ ਤੋਂ ਤਾਂ ਬਾਹਰ ਆ ਸਕਦੇ ਹਾਂ। ਰੂਸੋ ਇਕ ਨੂੰ ਪਦਾਰਥਵਾਦੀ ਨਜ਼ਰੀਏ ਨਾਲ ਪੜ੍ਹਣ ਵਾਲੇ ਲੋਕ ਇਕ ਜਟਿਲ ਵਿਅਕਤੀ ਕਹਿਣਗੇ ਪਰ ਮੈਨੂੰ ਉਹ ਸਭ ਤੋਂ ਸਰਲ ਦਾਰਸ਼ਨਿਕ ਪ੍ਰਤੀਤ ਹੋਇਆ ਜਿਸ ਕੋਲ ਆਪਣੀ ਗੱਲ ਨੂੰ ਨਿਰਵਾਹ ਕਰਨ ਦਾ ਮੁਕੰਮਲ ਸਲੀਕਾ ਸੀ। ਵੈਸੇ ਵੀ, ਸ਼ਾਇਦ ਪਤਿਤ ਪਸ਼ੂ ਹੋਣ ਦੀ ਪਹਿਲੀ ਪੌੜੀ ਇਹੀ ਹੋਏਗੀ ਕਿ ਇਕ ਪਤਿਤ ਨੂੰ ਦੂਸਰਾ ਵਿਅਕਤੀ ਚੰਗਾ ਲੱਗੇ.... ਕਿ ਨਹੀਂ?

 

4) ਮਹਾਨ ਸੂਫ਼ੀ ਆਤਮਾ: ਰੂਮੀ

            ਹਾਲਾਂਕਿ ਪਰਮਿੰਦਰ ਸਿੰਘ ਸ਼ੌਂਕੀ ਦੀ ਪਹਿਲੀ ਕਿਤਾਬ ਹੀ ਮੌਲਾਨਾ ਰੂਮੀ ਸੀ, ਜਿਸ ਵਿੱਚੋਂ ਇਹ ਲੇਖ ਸ਼ਾਮਿਲ ਕੀਤਾ ਗਿਆ ਹੈ; ਪਰ ਕਿਉਂਕਿ ਮੈਂ ਇਹ ਕਿਤਾਬ ਪੜ੍ਹਣ ਲੱਗਿਆਂ ਇਸ ਗੱਲ ਉੱਤੇ ਖ਼ਾਸ ਤਵੱਜੋਂ ਦਿੱਤੀ ਹੈ ਕਿ ਸਿਰਲੇਖ ਕੇਂਦਰ ਬਿੰਦੂ ਰੱਖਣ ਦਾ ਮਕਸਦ ਇਹ ਲਾਜ਼ਮੀ ਹੋਏਗਾ ਕਿ ਪਰਮਿੰਦਰ ਸਿੰਘ ਸ਼ੌਂਕੀ ਦੇ ਅਸਲ ਖਾਸੇ ਦਾ ਸਰੂਪ ਜੋ ਵੀ ਹੋਵੇ, ਉਸਦੇ ਅਵਚੇਤਨ ਵਿਚ ਕਿਹੜੀ ਸੋਚ ਸਮਾਧੀ ਸਥਿਤ ਹੋ ਕੇ ਲਗਾਤਾਰ ਉਸਨੂੰ ਨਵੇਂ ਉਭਰ ਰਹੇ ਸਮੁੱਚੇ ਲੇਖਕ ਵਰਗ ਤੋਂ ਪਰ੍ਹੇ ਰੱਖਦੀ ਹੈ, ਉਸਦਾ ਤੱਤ ਇਸ ਵਿੱਚ ਕੇਂਦਰਿਤ ਹੋਏਗਾ, ਇਹ ਗੱਲ ਵਿਚ ਰੂਮੀ ਦਾ ਜ਼ਿਕਰ ਆਪਣੀ ਅਹਿਮ ਥਾਂ ਜ਼ਰੂਰ ਰੱਖਣਯੋਗ ਸੀ। ਮੁਹੰਮਦ ਜਲਾਲ-ਉਦ-ਦੀਨ ਤੋਂ ਰੂਮੀ ਦਾ ਮੁਸੱਵਰ, ਉਸਦੀ ਰਚਨਾ ਮਸਨਵੀ ਨੂੰ ਮੁਕ਼ੱਦਸ ਕੁਰਾਨੇ ਪਾਕ ਨਾਲ ਖ਼ੈਰ ਨਵਾਜ਼ਣਾ, ਅਜਿਹੀ ਰੂਹਾਂ ਦਾ ਚਿਤਰਣ ਕਰਨ ਲਈ ਖ਼ੁਦਾਈ ਆਪ ਵੀ ਕਿੰਨਾ ਤਹੱਈਆ ਕਰਦੀ ਆਈ ਹੋਏਗੀ। ਜਿੰਨਾ ਮੁਸ਼ਕਿਲ ਸਫ਼ਰ ਆਈਂਸਟਾਈਨ ਦੇ ਲਈ ਜਰਮਨੀ ਵਿਚ ਵਿਗਿਆਨੀ ਹੋਣਾ ਰਿਹਾ ਹੋਏਗਾ, ਰੂਮੀ ਲਈ ਬਲਖ ਤੋਂ ਅੱਗੇ ਸਫ਼ਰ ਕਰਨਾ ਕਿੰਨਾ ਮੁਸ਼ਕਿਲ ਸੀ? ਉਸਤਾਦ, ਫ਼ਕੀਰ ਪ੍ਰਸਿੱਧ ਸੂਫ਼ੀ ਸੰਤ ਅੱਤਾਰ ਦੀ ਸ਼ਾਗਿਰਦੀ, ਸੰਤਾਂ ਦੀ ਦੁਨੀਆਂ ਦਾ ਜਲੌ ਸੱਚਮੁਚ ਨਿਮਰਤਾ ਦਾ ਖੂਹ ਗੇੜ ਕੇ ਤਰਸ ਕਰਨ ਦੀ ਫ਼ਰਿਆਦ ਕਰਨੀ ਪੈਂਦੀ ਹੈ, ਮੇਰੇ ਜਿਹੇ ਸਤਹੀ ਪੱਧਰ ਦੇ ਵਿਅਕਤੀ ਲਈ ਇਹ ਸੰਭਵ ਨਹੀਂ ਕਿ ਰੂਮੀ ਅਤੇ ਅੱਤਾਰ ਦੀ ਮਿਲਣੀ ਨੂੰ ਬਿਆਨ ਕੀਤਾ ਜਾਵੇ। ਇਕ ਆਮ ਜਿਹੀ ਧਾਰਨਾ ਸਾਨੂੰ ਇਹ ਜਾਣਨ ਨੂੰ ਮਿਲਦੀ ਹੈ ਕਿ ਫ਼ਕੀਰ ਜਗਿਆਸੂ ਹੁੰਦੇ ਹਨ, ਪਰ ਮੇਰਾ ਮੰਨਣਾ ਹੈ ਕਿ ਜਗਿਆਸਾ ਸਵਾਲਾਂ ਨੂੰ ਜਨਮ ਦੇਂਦੀ ਹੈ ਪਰ ਫ਼ਕੀਰ ਸਵਾਲਾਂ ਤੋਂ ਅੱਗੇ ਵੱਧ ਚੁੱਕਿਆਂ ਦੇ ਰਾਹਦਾਰ ਹੁੰਦੇ ਹਨ। ਉਨ੍ਹਾਂ ਦਾ ਤਰਸ, ਉਨ੍ਹਾਂ ਦੀ ਕੋਮਲਤਾ ਅਤੇ ਉਨ੍ਹਾਂ ਦੇ ਵਿਉਹਾਰ ਵਿਚ ਸੰਵੇਦਨਾ ਦਾ ਸਮੁੰਦਰ ਸਿਰਫ਼ ਇਸ ਆਸ ਨੂੰ ਮੰਗਦਾ ਹੈ ਕਿ ਉਨ੍ਹਾਂ ਦੀ ਨਿਗਾਹ ਵਿਚ ਆਉਂਦਾ ਸਮੁੱਚਾ ਜਗਤ ਸੋਝੀ ਵਾਲਾ ਹੋਵੇ ਤੇ ਕੋਈ ਦੁਖੀ ਨਾ ਹੋਵੇ, ਸੰਤਾਪ ਨਾ ਰਹੇ ਅਤੇ ਅਜਿਹਾ ਆਪਣੇ ਕੀਤਿਆਂ ਨਹੀਂ ਬਲਕਿ ਉਸ ਮੇਹਰਬਾਨ ਖ਼ਾਲਕ ਦੀ ਬਖ਼ਸ਼ੰਦਗੀ ਤੋਂ ਸੰਭਵ ਹੈ ਇਹੀ ਉਨ੍ਹਾਂ ਦੀ ਇਬਾਦਤ ਦਾ ਧੁਰਾ ਹੁੰਦਾ ਹੈ। ਕੇਂਦਰ ਬਿੰਦੂ ਵਿਚ ਰੂਮੀ ਦੇ ਨਾਲ ਮੁਲਾਕਾਤ ਹੋਣ ਵਾਲੇ ਬਾਕੀ ਨਾਮ ਵੀ ਬਹੁਤ ਅਹਿਮੀਅਤ ਰੱਖਦੇ ਹਨ ਜਿਨ੍ਹਾਂ ਅੰਦਰ ਫ਼ਰੀਦ-ਉਦ-ਦੀਂ ‘ਅੱਤਾਰ’ ਹੋਣ ਜਾਂ ਸ਼ੇਖ਼ ਬਹਾ-ਉਦ-ਦੀਨ, ਗੱਜ਼ਾਲੀ ਹੋਵੇ ਜਾਂ ਸ਼ਮਸ ਤਬਰੇਜ਼, ਕਿਉਂਕਿ ਇਨ੍ਹਾਂ ਦੇ ਰੂਹਾਨੀਅਤ ਦੇ ਗੁਣ ਦਾ ਮੁਜੱਸਮਾ ਆਮ ਵਿਅਕਤੀਆਂ ਨਾਲ ਮੁਲਾਕਾਤ ਵਿਚੋਂ ਨਹੀਂ ਮਿਲ ਸਕਦਾ, ਜਿਹੜਾ ਇਨ੍ਹਾਂ ਦੀ ਆਭਾ-ਮੰਡਲੀ ਛੋਹ ਨੂੰ ਜਾਣਦਾ ਤੇ ਜਿਉਂਦਾ ਹੋਵੇ ਉਹੀ ਜਾਣਨਾ ਦਿਲਚਸਪ ਹੁੰਦਾ ਹੈ। ਕਿਉਂਕਿ ਤੁਸੀਂ ਰੂਸੀ ਇਨਕਲਾਬ ਦੇ ਦਹਿਕਦੇ ਅੰਗਿਆਰ ਸੋਲਜ਼ੇਨਿਤਸਿਨ ਦੇ ਲੇਖ ਵਿਚ ਪੜ੍ਹ ਆਏ ਹੋ... ਜਰਮਨ ਦੀ ਤਾਨਾਸ਼ਾਹੀ ਵਿਚ ਸੰਘਰਸ਼ ਕਰਦੇ ਮਹਾਨ ਵਿਗਿਆਨੀ ਨੂੰ ਪਛਾਣ ਆਏ ਹੋ... ਦਰਸ਼ਨ ਸ਼ਾਸਤਰ ਦੇ ਵਿਚ ਆਪਣੇ ਚਿੰਤਕ ਗੁਣ ਨੂੰ ਪਸ਼ੂਆਂ ਤੋਂ ਪਤਿਤ ਹੋ ਕੇ ਮਨੁੱਖ ਹੋਣ ਵੱਲ ਵਧਣ ਦਾ ਖ਼ਿਆਲ ਆ ਹੀ ਗਿਆ ਹੈ ਤਾਂ ਜ਼ਾਹਰ ਹੈ ਫ਼ਕੀਰੀ ਅਤੇ ਵਿਸਮਾਦੀ ਰੰਗਤ ਦੇ ਸੂਫ਼ੀ ਰੂਮੀ ਦਾ ਜ਼ਿਕਰ ਸੁਕੂਨ ਹੀ ਦਏਗਾ।

 

5) ਗਿਆਨੀਆਂ ਦਾ ਗਿਆਨੀ: ਅਰਸਤੂ

            ਕੋਈ ਵਿਅਕਤੀ ਆਪਣੀ ਜ਼ਹੀਨ ਬੁੱਧੀ ਨਾਲ ਸਦੀਆਂ ਨੂੰ ਉਲੀਕ ਸਕਦਾ ? ਕਿਸ ਹੱਦ ਤੱਕ ? ਭਲਾ ਜੇ ਕੋਈ ਇਹ ਕਹੇ ਕਿ ਮੈਂ ਜਿੰਨਾ ਵੀ ਮਰਜ਼ੀ ਵੱਖਰਾ ਕਿਉਂ ਨਾ ਸੋਚਾਂ, ਅਰਸਤੂ ਦੇ ਵੱਲੋਂ ਲਿਖੇ ਜਾ ਚੁੱਕੇ ਬਿਆਨਾਂ ਤੋਂ ਬਾਹਰੇ ਨਹੀਂ! ਉਹ ਵੀ ਓਦੋਂ ਜਦੋਂ ਕਿ ਸਾਰਾ ਸਮਾਜ ਪਹਿਲੋਂ ਹੀ ਅਰਸਤੂ ਦੀ ਪ੍ਰਮਾਣਿਕ ਪੱਧਤੀਆਂ ਦਾ ਸਮਾਜ ਸ਼ਾਸਤਰ ਜਿਉਂ ਰਿਹਾ ਹੈ। ਆਮ ਧਾਰਨਾ ਵਿਚ ਮਕਦੂਨੀਆ ਨੇ ਜੇਕਰ ਸਿਕੰਦਰ ਦਾ ਨਾਂ ਜਾਣਿਆ ਹੈ ਤਾਂ ਉਸਦੇ ਪਿੱਛੇ ਅਸਲ ਬੌਧਿਕ ਊਰਜਾ ਅਰਸਤੂ ਵੀ ਵੇਖਿਆ ਹੈ। ਤੁਹਾਨੂੰ ਤੁਹਾਡੇ ਹੀ ਕਬੀਲੇ ਵਿਚ ਅਰਾਜਕ ਬਣਾ ਕੇ ਓਥੋਂ ਬਾਹਰ ਕਢਵਾਉਣ ਦੇ ਢੰਗ ਤੋਂ ਲੈ ਕੇ ਓਸੇ ਕਬੀਲੇ ਦਾ ਹਰਮਨ ਪਿਆਰਾ ਬਣਾਉਣਾ ਇਸੇ ਅਰਸਤੂ ਦੇ ਰਾਹੀਂ ਸੰਭਵ ਹੈ। ਸੁਕਰਾਤ, ਪਲੈਟੋ ਦੇ ਬਾਅਦ ਦਾ ਵੱਡਾ ਦਾਰਸ਼ਨਿਕ, ਭੌਤਿਕ ਵਿਗਿਆਨੀਆਂ ਦਾ ਨਿਰਮਾਤਾ ਅਤੇ ਕਲਾ ਦਾ ਮਾਅਰਕੇ ਵਾਲਾ ਲੇਖਕ ਵੀ। ਇਹ ਕਿਵੇਂ ਸੰਭਵ ਸੀ ਇਸਦਾ ਜਵਾਬ ਜ਼ਰਾ ਇਸ ਅੰਸ਼ ਨੂੰ ਪਛਾਣ ਕੇ ਲੈਣ ਦੀ ਕੋਸ਼ਿਸ਼ ਕਰਿਓ:

 

ਆਮ ਤੌਰ ‘ਤੇ ਇਹ ਖ਼ਿਆਲ ਕੀਤਾ ਜਾਂਦਾ ਹੈ ਕਿ ਅਰਸਤੂ ਸਿਕੰਦਰ ਦਾ ਇਕ ਅਹਿਮ ਗੁਰੂ ਸੀ, ਪਰ ਵਾਸਤਵਿਕਤਾ ਇਸ ਤੋਂ ਪੂਰੀ ਤਰ੍ਹਾਂ ਉਲਟ ਹੈ। ਅਸਲ ਵਿਚ ਅਰਸਤੂ ਨੂੰ ਰਾਜ ਦਰਬਾਰ ਵਿਚ ਸਿਕੰਦਰ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਬਹਾਨੇ ਨਾਲ ਇਸ ਲਈ ਬੁਲਾਇਆ ਗਿਆ ਸੀ, ਕਿਉਂਕਿ ਬਾਦਸ਼ਾਹ ਫ਼ਿਲਿਪ ਉਸ ਪਾਸੋਂ ਹਰਮਿਯਸ ਨਾਲ ਹੋਈ ਦੁਰਘਟਨਾ ਸੰਬੰਧੀ ਕੁਝ ਮਹੱਤਵਪੂਰਨ ਵੇਰਵੇ ਹਾਸਿਲ ਕਰਨਾ ਚਾਹੁੰਦਾ ਸੀ। ਇਸ ਤੋਂ ਇਲਾਵਾ ਇਸ ਦਾ ਇਕ ਹੋਰ ਕਾਰਨ ਇਹ ਵੀ ਸਮਝਿਆ ਜਾਂਦਾ ਹੈ ਕਿ ਸ਼ਾਇਦ ਸਮਰਾਟ ਫ਼ਿਲਿਪ ਦੇ ਮਨ ਵਿਚ ਅਰਸਤੂ ਪ੍ਰਤੀ ਇਹ ਹਮਦਰਦੀ ਵੀ ਸੀ ਕਿ ਉਹ ਮਕਦੂਨੀਆ ਦੇ ਹਿਤ ਵਿਚ ਸਾਜ਼ਿਸ਼ ਕਰਨ ਵਾਲੇ ਹਰਮਿਯਸ ਦਾ ਕਰੀਬੀ ਸੀ ਤੇ ਉਸੇ ਕਾਰਨ ਉਸਨੂੰ ਦਰ-ਬਦਰ ਹੋਣਾ ਪੈ ਰਿਹਾ ਸੀ। ਇਸ ਲਈ ਜਦੋਂ ਭਵਿੱਖ ਵਿਚ ਵਿਸ਼ਵ ਜੇਤੂ ਬਣਨ ਵਾਲੇ ਮਹਾਨ ਸਿਕੰਦਰ ਲਈ ਉਸ ਦੇ ਪਿਤਾ ਫ਼ਿਲਿਪ ਨੂੰ ਇਕ ਅਧਿਆਪਕ ਦੀ ਜ਼ਰੂਰਤ ਮਹਿਸੂਸ ਹੋਈ ਤਾਂ ਉਸ ਨੇ ਅਰਸਤੂ ਨੂੰ ਇਹ ਕਾਰਜ ਸੌਂਪਣ ਲੱਗਿਆਂ ਇਹ ਢਿੱਲ ਨਾ ਕੀਤੀ, ਹਾਲਾਂਕਿ ਅਰਸਤੂ ਅਤੇ ਸਿਕੰਦਰ ਦੋਵੇਂ ਪੂਰੀ ਤਰ੍ਹਾਂ ਵਿਰੋਧੀ ਧੁਰਿਆਂ ਨਾਲ ਸੰਬੰਧਿਤ ਸਨ, ਕਿਉਂਕਿ ਸਿਕੰਦਰ ਜਿੱਥੇ ਵਿਸ਼ਵ ਰਾਜ ਦੀ ਖ਼ਵਾਹਿਸ਼ ਰੱਖਣ ਵਾਲਾ ਸ਼ਹਿਜ਼ਾਦਾ ਸੀ, ਉੱਥੇ ਹੀ ਅਰਸਤੂ ਦਾ ਵਿਸ਼ੇਸ਼ ਧਿਆਨ ਛੋਟੇ ਨਗਰ-ਰਾਜਾਂ ਦੇ ਉਥਾਨ ਵੱਲ ਰਹਿੰਦਾ ਸੀ। ਇਨ੍ਹਾਂ ਸਾਰੇ ਕਾਰਨਾਂ ਤੋਂ ਇਲਾਵਾ ਇਹ ਵੀ ਮੰਨਿਆ ਜਾਂਦਾ ਹੈ ਕਿ ਸਿਕੰਦਰ ਨੂੰ ਸਿੱਖਿਆ ਦੇਣ ਲਈ ਅਰਸਤੂ ਪਾਸ ਵਧੇਰੇ ਸਮਾਂ ਵੀ ਨਹੀਂ ਸੀ।

(ਕੇਂਦਰ ਬਿੰਦੂ-ਪੰਨਾ-226)

 

            ਜਦੋਂ ਤੁਸੀਂ ਕੁਝ ਹਾਸਲ ਕਰਨਾ ਹੁੰਦਾ ਹੈ ਉਸਦਾ ਅਧਿਐਨ ਕਰਦੇ ਹੋ, ਪਰ ਅਧਿਐਨ ਪੱਧਤੀ ਨੂੰ ਸਿਰਜਣ ਵਾਲਾ ਅਰਸਤੂ ਹੈ। ਜੇਕਰ ਆਪਣੇ ਮੌਲਿਕ ਰਾਜ-ਪ੍ਰਬੰਧਨ ਦੇ ਸਿਧਾਂਤ ਦੇ ਉਲਟ ਕੰਮ ਕਰਦੇ ਸਿਕੰਦਰ ਨਾਲ ਵੀ ਉਸਨੇ ਆਪਣਾ ਸਫ਼ਰ ਨਿਭਾਇਆ ਤਾਂ ਇਸਦੀ ਪੂਰੀ ਤਸਦੀਕ ਹੋ ਜਾਂਦੀ ਹੈ ਕਿ ਰਾਜ ਪ੍ਰਬੰਧਨ ਇਸਤੋਂ ਬੇਹਤਰ ਕੋਈ ਹੋ ਹੀ ਨਹੀਂ ਸਕਦਾ ਕਿ ਤੁਸੀਂ ਆਪਣੇ ਮੌਲਿਕ ਵਿਚਾਰਾਂ ਨੂੰ ਪ੍ਰਭਾਵਿਤ ਨਹੀਂ ਹੋਣ ਦੇਂਦੇ। ਦਿਮਾਗ ਦੀ ਜਟਿਲਤਾ ਜਾਂ ਇਕਾਗਰਤਾ ਦਾ ਕਾਰਗਰ ਪ੍ਰਭਾਵ ਹੀ ਇਸ ਸਫ਼ਰ ਦਾ ਪਾਂਧੀ ਬਣਾਉਂਦਾ ਹੈ। ਯੁਨਾਨੀ ਸੱਭਿਅਤਾ ਦੇ ਇਸ ਦਾਰਸ਼ਨਿਕ, ਤਰਕ-ਵਿਗਿਆਨੀ, ਸਾਹਿਤ ਸ਼ਾਸਤਰੀ, ਨੀਤੀ ਮਾਹਿਰ ਅਤੇ ਰਾਜਨੀਤੀ ਮਾਹਿਰ ਦੀ ਕੇਂਦਰ ਬਿੰਦੂ ਵਿਚ ਸ਼ਮੂਲੀਅਤ ਤੁਹਾਡੇ ਕੋਲ ਪਾਠਕ ਸ਼੍ਰੇਣੀ ਦੇ ਨਾਲ ਲੇਖਣ ਸ਼ੈਲੀ ਨੂੰ ਵਿਕਸਿਤ ਕਰਨ ਦੇ ਤੱਤਾਂ ਵਿਚ ਸੰਪੂਰਣਤਾ ਦੇਂਦੀ ਹੈ। ਦਰਸ਼ਨ ਸ਼ਾਸਤਰ ਸੰਬੰਧੀ ਇਕ ਗੱਲ ਲਿਖ ਕੇ ਮੈਂ ਇਸ ਕਿਤਾਬ ਨੂੰ ਤੁਹਾਡੇ ਵਾਸਤੇ ਲਾਜ਼ਮੀ ਪੜ੍ਹਨ ਦੀ ਅਪੀਲ ਦਾ ਇਕ ਕਾਰਨ ਹੋਰ ਵਧਾ ਰਿਹਾਂ:

 

ਦਰਸ਼ਨ ਰਾਹੀਂ ਪ੍ਰਾਪਤ ਹੋਣ ਵਾਲਾ ਗਿਆਨ ਉੱਚਤਮ ਪੱਧਰ ਦਾ ਗਿਆਨ ਹੁੰਦਾ ਹੈ। ਇਹ ਗਿਆਨ ਹੋ ਜਾਣ ‘ਤੇ ਉਨ੍ਹਾਂ ਸਾਰਿਆਂ ਦ੍ਰਿਸ਼ਟਾਂਤਾਂ ਦਾ ਗਿਆਨ ਹੋ ਜਾਂਦਾ ਹੈ, ਜਿਹੜੇ ਇਸ ਦੁਆਰਾ ਅਨੁਸ਼ਾਸਿਤ ਹੁੰਦੇ ਹਨ। ਇਸ ਗਿਆਨ ਨੂੰ ਉਹ ਸਮੂਹ ਜਾਣਨ ਯੋਗ ਵਸਤੂਆਂ ਵਿਚੋਂ ਸ਼੍ਰੇਸ਼ਠ ਪੱਧਰ ਦਾ ਗਿਆਨ ਆਖਦਾ ਹੈ, ਕਿਉਂਕਿ ਦਰਸ਼ਨ ਦੀ ਜਾਣਨ-ਯੋਗ ਵਸਤੂ ਸਮੁੱਚੇ ਗਿਆਨ ਦੀ ਆਧਾਰ-ਭੂਮੀ ਹੈ ਅਤੇ ਉਸੇ ਅੰਦਰ ਸੰਸਾਰ ਦੇ ਆਦਿ ਕਾਰਨ ਦਾ ਗਿਆਨ ਸ਼ਾਮਿਲ ਹੈ। (ਅਰਸਤੂ)

(ਕੇਂਦਰ ਬਿੰਦੂ-ਪੰਨਾ-246)

 

            ਹੋਰ ਕੁਝ ਨਹੀਂ ਤਾਂ ਇੰਨਾ ਜ਼ਰੂਰ ਅਖੀਰ ਵਿਚ ਕਹਿਣਾ ਪਏਗਾ ਕਿ ਜਦੋਂ ਅਸੀਂ ਨਜ਼ਰੀਏ ਘੜਣ ਦੀ ਗੱਲ ਕਰਦੇ ਹਾਂ, ਤੇ ਖ਼ਾਸਕਰ ਗੁਰਬਾਣੀ ਦੇ ਵਿਸ਼ਵ ਵਿਆਪੀ ਪਸਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਉਸਨੂੰ ਓਵੇਂ ਬਿਆਨ ਨਾ ਕਰ ਪਾਉਣ ਵਿਚ ਜੇਕਰ ਸਾਨੂੰ ਦਿੱਕਤ ਆਉਂਦੀ ਹੈ ਤਾਂ ਉਹ ਸਾਡੀ ਵਿਸ਼ਵ ਪ੍ਰਤੀ ਅਗਿਆਨਤਾ ਹੀ ਹੈ। ਉਸਨੂੰ ਸਮਝ ਕੇ ਜਦੋਂ ਰੂ ਬ ਰੂ ਹੋਵਾਂਗੇ ਤਾਂ ਭਰੋਸਾ ਰੱਖੋ ਇਕ ਨਵੇਂ ਊਰਜਾਤਮਕ ਜਲੌ ਦੇ ਪ੍ਰਕਾਸ਼ ਨਾਲ ਅਸੀਂ ਆਪਣੇ ਸਾਹਿਤਕ ਗੁਣਾਂ ਵਿਚ ਆਈਆਂ ਖੜ੍ਹੋਤਾਂ ਨੂੰ ਸਮਝ ਕੇ ਅਧਿਐਨ ਨੂੰ ਇਕ ਸਟੀਕ ਦਿਸ਼ਾ ਦੇ ਸਕਾਂਗੇ। ਪਾਠਕ ਦਾ ਆਪਣਾ ਨਜ਼ਰੀਆ ਹੈ, ਮੇਰਾ ਵੀ ਆਪਣਾ ਸੀਮਤ ਦਾਇਰਾ... ਪਰਮਿੰਦਰ ਸਿੰਘ ਸ਼ੌਂਕੀ ਦਾ ਵਿਆਪਕ ਪਸਾਰਾ ਹਰ ਵਿਸ਼ੇ ਪ੍ਰਤੀ ਕਾਫੀ ਵੱਡਾ ਹੈ ਤੇ ਮੈਂ ਇੰਨਾ ਕੁ ਮਹਿਸੂਸ ਕਰ ਸਕਦਾਂ ਕਿ ਕੇਂਦਰ ਬਿੰਦੂ ਵਿਚ ਸ਼ਾਮਿਲ ਹੋਈਆਂ ਸ਼ਖ਼ਸੀਅਤਾਂ ਦੇ ਬਹੁਪੱਖੀ ਪਸਾਰੇ ਵਾਂਙ ਪਾਠਕ ਵੀ ਆਪਣੀ ਪਹੁੰਚ ਨੂੰ ਹੋਰ ਵਧਾਉਣਗੇ ਅਤੇ ਸਾਨੂੰ ਇਕੋ ਸਮੇਂ ਪੰਜਾਬੀ ਸਾਹਿਤ ਦੇ ਮੌਲਿਕ ਦਰਸ਼ਨ ਵਿਚ ਵੀ ਸ਼ਾਹਕਾਰ ਅਜਿਹੇ ਮਿਲਣਗੇ ਜੋ ਸਾਡੀ ਸੱਭਿਅਤਾ ਦੀ ਧਰੋਹਰ ਬਣ ਚਿਰਕਾਲੀ ਨਿਸ਼ਾਨ ਸਿਰਜਣਗੇ।

ਇਕਵਿੰਦਰ ਪਾਲ ਸਿੰਘ

7 ਦਿਸੰਬਰ 2021

Comments

Popular posts from this blog

Missionary College's Student became Parmeshar Dwar devotee

Autonomy of The Intellectualism

ਸ਼ੇਖ਼ ਫ਼ਰੀਦ ਸ਼ਕਰਗੰਜ - ਚਿਰਾਗ਼ ਏ ਚਿਸ਼ਤੀਆ